ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1091 ਸਲੋਕੁ ਮਃ ੧ ॥ ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀਡੁ ॥ ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀਡੁ ॥੧॥ {ਪੰਨਾ 1091} ਪਦ ਅਰਥ: ਭੋਲਤਣਿ = ਭੋਲਾ-ਪਨ ਦੇ ਕਾਰਨ। ਭੈ = (ਰੱਬ ਦੇ) ਡਰ ਦੀ ਰਾਹੀਂ। ਹੇਕੈ = ਇਹੀ ਇਕ। ਪਾਧਰ = ਪੱਧਰਾ, ਸਰਲ। ਹੀਡੁ = ਹਿਰਦਾ। ਡਾਹਪਣਿ = {ਡਾਹ = ਸਾੜਾ} ਸਾੜੇ ਈਰਖਾ ਦੇ ਕਾਰਨ। ਤੀਨੇ ਥਾਵ = ਤਿੰਨੇ ਥਾਂ (ਮਨ, ਬਾਣੀ, ਸਰੀਰ) । ਭਰੀਡੁ = ਭਰਿਸ਼ਟ। ਅਰਥ: ਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ। ਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ।1। ਮਃ ੧ ॥ ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥ ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥੨॥ {ਪੰਨਾ 1091} ਪਦ ਅਰਥ: ਮਾਂਦਲੁ = ਢੋਲ। ਬੇਦਿ = ਬੇਦ ਨੇ। ਸਿ = ਉਸ (ਮਾਂਦਲ) ਨੂੰ। ਬਾਜਣੋ = ਵਜਾਇਆ। ਘਣੋ ਧੜੀਐ = ਘਣਾ ਧੜਾ, ਬਹੁਤ ਲੁਕਾਈ। ਜੋਇ = ਤੱਕਦਾ ਹੈ {ਨੋਟ: ਇਹ ਲਫ਼ਜ਼ "ਜੋਇ" ਪਉੜੀ ਨੰ: 12, 13 ਤੇ 14 ਦੇ ਨਾਲ ਵਰਤੇ ਹੋਏ ਸ਼ਲੋਕਾਂ ਵਿਚ ਆਇਆ ਹੈ ਸ਼ਲੋਕ ਤਿੰਨੇ ਹੀ ਗੁਰੂ ਨਾਨਕ ਦੇਵ ਜੀ ਦੇ ਹਨ। 'ਬੋਲੀ' ਭੀ ਹਰੇਕ ਵਿਚ 'ਲਹਿੰਦੀ' ਹੈ। ਸੋ, ਹਰੇਕ ਸ਼ਲੋਕ ਵਿਚ ਇਸ ਲਫ਼ਜ਼ ਦਾ ਅਰਥ ਇਕੋ ਹੀ ਚਾਹੀਦਾ ਹੈ}। ਬੀਜਉ = ਦੂਜਾ। ਅਰਥ: ਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}। ਹੇ ਨਾਨਕ! ਤੂੰ 'ਨਾਮ' ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ।2। {ਨੋਟ: ਵੇਖੋ, ਸਲੋਕ ਕਬੀਰ ਜੀ ਨੰ: 165: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥165॥} ਮਃ ੧ ॥ ਸਾਗਰੁ ਗੁਣੀ ਅਥਾਹੁ ਕਿਨਿ ਹਾਥਾਲਾ ਦੇਖੀਐ ॥ ਵਡਾ ਵੇਪਰਵਾਹੁ ਸਤਿਗੁਰੁ ਮਿਲੈ ਤ ਪਾਰਿ ਪਵਾ ॥ ਮਝ ਭਰਿ ਦੁਖ ਬਦੁਖ ॥ ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥੩॥ {ਪੰਨਾ 1091} ਪਦ ਅਰਥ: ਗੁਣੀ = ਤ੍ਰੈਗੁਣੀ, ਮਾਇਆ ਦੇ ਤਿੰਨ ਗੁਣਾਂ ਵਾਲਾ। ਕਿਨਿ = ਕਿਸ ਨੇ? ਕਿਸੇ ਵਿਰਲੇ ਨੇ। ਹਾਥਾਲਾ = ਹਾਥ, ਥਾਹ। ਮਝ = ਵਿਚਲਾ ਹਿੱਸਾ, (ਭਾਵ,) ਸਾਰਾ। ਭਰਿ = ਭਰਿਆ। ਅਰਥ: (ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ? ਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ। ਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ। ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ।3। ਪਉੜੀ ॥ ਜਿਨੀ ਅੰਦਰੁ ਭਾਲਿਆ ਗੁਰ ਸਬਦਿ ਸੁਹਾਵੈ ॥ ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥ ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥ ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥੧੪॥ {ਪੰਨਾ 1091} ਪਦ ਅਰਥ: ਸੁਹਾਵੈ ਸਬਦਿ = ਸੋਹਣੇ ਸ਼ਬਦ ਦੀ ਰਾਹੀਂ। ਜਮ ਮਗਿ = ਜਮ ਦੇ ਰਾਹ ਤੇ। ਨ ਪਾਵੈ = ਨਹੀਂ ਤੋਰਦਾ। ਅੰਦਰੁ = ਅੰਦਰਲਾ, ਮਨ। ਅਰਥ: ਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ ਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ। ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ। ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ; ਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ।14। ਸਲੋਕੁ ਮਃ ੧ ॥ ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥ ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥ ਕਉਣੁ ਮੂਆ ਕਉਣੁ ਮਾਰਸੀ ਕਉਣੁ ਆਵੈ ਕਉਣੁ ਜਾਇ ॥ ਕਉਣੁ ਰਹਸੀ ਨਾਨਕਾ ਕਿਸ ਕੀ ਸੁਰਤਿ ਸਮਾਇ ॥੧॥ {ਪੰਨਾ 1091} ਪਦ ਅਰਥ: ਸੁਰਗਿ = ਸੁਰਗ ਵਿਚ। ਮਿਰਤਿ = ਧਰਤੀ ਤੇ। ਪਇਆਲਿ = ਪਾਤਾਲ ਵਿਚ। ਰਹਸੀ = ਆਨੰਦ ਮਾਣਦਾ ਹੈ। ਕਉਣੁ = (ਪ੍ਰਭੂ ਤੋਂ ਬਿਨਾ ਹੋਰ) ਕੌਣ? ਪ੍ਰਭੂ ਆਪ ਹੀ। ਅਰਥ: ਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ, ਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ। (ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ। ਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤਿ (ਆਪਣੇ ਆਪ ਵਿਚ) ਟਿਕੀ ਹੋਈ ਹੈ।1। ਮਃ ੧ ॥ ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥ ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥ ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ ॥ ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ ॥ ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥੨॥ {ਪੰਨਾ 1091} ਪਦ ਅਰਥ: ਹਉ ਮੁਆ = 'ਹਉ' ਵਿਚ ਮੋਇਆ ਹੋਇਆ, ਇਸ ਖ਼ਿਆਲ ਵਿਚ ਮਰਿਆ ਪਿਆ ਕਿ ਮੈਂ ਵੱਡਾ ਹਾਂ। ਮੈ ਮਾਰਿਆ = 'ਮੈਂ' ਦਾ ਮਾਰਿਆ ਹੋਇਆ। ਪਉਣੁ = ਹਵਾ, ਤ੍ਰਿਸ਼ਨਾ। ਨਾਇ = ਨਾਮ ਵਿਚ। ਲੋਇਣ = ਅੱਖਾਂ। ਲੋਇਣੀ = ਅੱਖਾਂ ਵਿਚ ਹੀ, (ਭਾਵ,) ਆਪਣੇ ਆਪ ਵਿਚ ਹੀ (ਬਾਹਰਲੇ ਰੂਪ ਵਲ ਤੱਕਣ ਦੀ ਤਾਂਘ ਨਹੀਂ ਰਹੀ) । ਸੁਰਤਿ = (ਨਿੰਦਾ ਆਦਿਕ) ਸੁਣਨ ਦੀ ਤਾਂਘ। ਰਸਾਇਣਿ = ਰਸਾਂ ਦੇ ਘਰ (-ਨਾਮ) ਵਿਚ। ਚੂਨੜੀ = ਸੋਹਣਾ ਹੀਰਾ। ਲਵਾਇ = ਉੱਚਾਰ ਕੇ। ਮੁਸਕਿ = ਮਹਕ ਕੇ। ਝਕੋਲਿਆ = ਲਪਟਾਂ ਦੇ ਰਿਹਾ ਹੈ। ਅਰਥ: ਜਿਤਨਾ ਚਿਰ ਜੀਵ 'ਹਉਮੈ' ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ। ਪਰ, ਹੇ ਨਾਨਕ! ਜਦੋਂ ਮਨ 'ਨਾਮ' ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ, ਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ, ਜੀਭ 'ਨਾਮ' ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ, ਮਨ ('ਨਾਮ' ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ।2। ਪਉੜੀ ॥ ਇਸੁ ਜੁਗ ਮਹਿ ਨਾਮੁ ਨਿਧਾਨੁ ਹੈ ਨਾਮੋ ਨਾਲਿ ਚਲੈ ॥ ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥ ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥ ਸੇ ਸਾਹ ਸਚੇ ਵਣਜਾਰਿਆ ਜਿਨ ਹਰਿ ਧਨੁ ਪਲੈ ॥ ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥੧੫॥ {ਪੰਨਾ 1091} ਪਦ ਅਰਥ: ਜਮ ਕੰਕਰ = ਜਮ ਦਾ ਸੇਵਕ ਜਮ-ਦੂਤ। ਜਮਕਲੈ = ਜਮ ਕਾਲ। ਅਰਥ: ਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, 'ਨਾਮ' ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ, ਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ; (ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ। ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ। ਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ।15। ਸਲੋਕੁ ਮਃ ੩ ॥ ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥ ਬਾਹਰਹੁ ਪੰਡਿਤ ਸਦਾਇਦੇ ਮਨਹੁ ਮੂਰਖ ਗਾਵਾਰ ॥ ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥ ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥ ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥੧॥ ਪਦ ਅਰਥ: ਸਾਰ = ਕਦਰ। ਬਿਖੁ = ਜ਼ਹਿਰ, ਮਾਇਆ। ਸੰਗ੍ਰਹਹਿ = ਇਕੱਠਾ ਕਰਦੇ ਹਨ, ਜੋੜਦੇ ਹਨ। ਵਾਦੀ = ਝਗੜਿਆਂ ਵਿਚ, ਮਜ਼ਹਬੀ ਬਹਿਸਾਂ ਵਿਚ। ਆਹਾਰੁ = ਖ਼ੁਰਾਕ, ਭੋਜਨ। ਆਕਾਰੁ = ਦਿੱਸਦਾ ਜਗਤ। ਮੈਲਾ = ਮੈਲ ਪੈਦਾ ਕਰਨ ਵਾਲਾ। ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ; ਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ, (ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ, ਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ। (ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ। ਹੇ ਨਾਨਕ! ਜੋ 'ਨਾਮ' ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ।1। ਮਃ ੩ ॥ ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥ ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥ ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥੨॥ {ਪੰਨਾ 1091} ਪਦ ਅਰਥ: ਬਿਨੁ ਸੇਵਿਐ = (ਪ੍ਰਭੂ ਦੀ) ਸੇਵਾ ਕਰਨ ਤੋਂ ਬਿਨਾ, ਸਿਮਰਨ ਕਰਨ ਤੋਂ ਬਿਨਾ। ਆਪੇ = ਆਪ ਹੀ। ਸਜਾਇ = ਸਜ਼ਾ, ਦੰਡ। ਏਵੈ = ਇਸੇ ਤਰ੍ਹਾਂ ਹੀ, (ਭਾਵ,) ਹੁਕਮ ਮੰਨਣ ਨਾਲ ਹੀ। ਅਰਥ: (ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ (ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ। ਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ।2। ਪਉੜੀ ॥ ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥ ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥ ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥ ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥ ਆਪਿ ਕਰੈ ਕਿਸੁ ਆਖੀਐ ਦੂਜਾ ਕੋ ਨਾਹੀ ॥੧੬॥ {ਪੰਨਾ 1091} ਪਦ ਅਰਥ: ਨਿਰਧਨੁ = ਕੰਗਾਲ। ਤ੍ਰਿਪਤਿ = ਸੰਤੋਖ। ਦੂਜੈ = ਮਾਇਆ ਦੇ ਮੋਹ ਦੇ ਕਾਰਨ। ਭਰਮਿ = ਭੁਲੇਖੇ ਵਿਚ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ। ਅਰਥ: ਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ; ਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ। ਪਰ ਭਾਵੇਂ ਕਿਤਨੀ ਹੀ ਲਾਲਸਾ ਕਰਨ ਪ੍ਰਭੂ ਦੀ ਮਿਹਰ ਤੋਂ ਬਿਨਾ ਨਾਮ ਨਹੀਂ ਮਿਲਦਾ। (ਸੋ, ਇਸ ਮੋਹ ਵਿਚ ਹੀ) ਜਗਤ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ। (ਇਸ ਗੇੜ ਵਿਚੋਂ) ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬਚ ਸਕਦੇ ਹਨ। ਪਰ ਇਹ ਸਾਰੀ ਖੇਡ ਪ੍ਰਭੂ ਆਪ ਕਰ ਰਿਹਾ ਹੈ, ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪ੍ਰਭੂ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ। 16। |
Sri Guru Granth Darpan, by Professor Sahib Singh |