ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1092

ਸਲੋਕੁ ਮਃ ੩ ॥ ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥ ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥ ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥ ਜਿੰਨ੍ਹ੍ਹਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥ ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥ ਅਨਦਿਨੁ ਫਿਰਦਾ ਸਦਾ ਰਹੈ ਭੁਖ ਨ ਕਦੇ ਜਾਇ ॥ ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥ ਸਦਾ ਚਿੰਤ ਚਿਤਵਦਾ ਰਹੈ ਸਹਸਾ ਕਦੇ ਨ ਜਾਇ ॥ ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥ ਸਦਾ ਸਦਾ ਸੁਖ ਮਹਿ ਰਹੈ ਸਚੇ ਮਾਹਿ ਸਮਾਇ ॥੧॥ {ਪੰਨਾ 1092}

ਪਦ ਅਰਥ: ਸੰਤੀ = ਸੰਤਾਂ ਨੇ। ਸਤਿਗੁਰਿ = ਸਤਿਗੁਰ ਨੇ। ਦ੍ਰਿੜਾਇਆ = ਮਨ ਵਿਚ ਪੱਕਾ ਕਰ ਦਿੱਤਾ। ਇਤੁ = {'ਇਸੁ' ਤੋਂ ਅਧਿਕਰਣ ਕਾਰਕ, ਇਕ-ਵਚਨ}। ਧਨਿ = {'ਧਨ' ਤੋਂ ਅਧਿਕਰਣ ਕਾਰਕ, ਇਕ-ਵਚਨ}। ਪਾਇਐ = {'ਪਾਇਆ' ਤੋਂ ਅਧਿਕਾਰਣ ਕਾਰਕ, ਇਕ-ਵਚਨ}। ਇਤੁ ਧਨਿ ਪਾਇਐ = {ਇਸ ਸਾਰੇ 'ਵਾਕਾਂਸ਼' (phrase) ਦਾ ਹਰੇਕ ਲਫ਼ਜ਼ ਅਧਿਕਰਣ ਕਾਰਕ ਵਿਚ ਹੈ, ਇਹ 'ਵਾਕਾਂਸ਼' ਆਪਣੇ ਆਪ ਵਿਚ ਮੁਕੰਮਲ ਹੈ, ਭਾਵ, ਵਿਆਕਰਣ-ਅਨੁਸਾਰ ਇਸ ਨੂੰ ਕਿਸੇ ਹੋਰ ਲਫ਼ਜ਼ ਦੀ ਮੁਥਾਜੀ ਨਹੀਂ, ਸੋ, ਅੰਗਰੇਜ਼ੀ ਵਿਚ ਇਸ ਨੂੰ Locative Absolute ਆਖਦੇ ਹਨ, ਪੰਜਾਬੀ ਵਿਆਕਰਣ ਵਿਚ ਇਸ ਨੂੰ ਅਸੀਂ 'ਪੂਰਬ ਪੂਰਣ ਕਾਰਦੰਤਕ' ਆਖਾਂਗੇ} ਇਹ ਧਨ ਹਾਸਲ ਕੀਤਿਆਂ। ਚਿੰਤ ਚਿਤਵਦਾ = ਸੋਚਾਂ ਸੋਚਦਾ। ਸਹਸਾ = ਤੌਖ਼ਲਾ।

ਅਰਥ: ਇਸ ਜਗਤ ਵਿਚ ਸੰਤਾਂ ਨੇ (ਹੀ) ਨਾਮ-ਧਨ ਕਮਾਇਆ ਹੈ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਰਾਹੀਂ) ਪ੍ਰਭੂ ਮਿਲਿਆ ਹੈ, (ਕਿਉਂਕਿ) ਗੁਰੂ ਨੇ ਉਹਨਾਂ ਦੇ ਮਨ ਵਿਚ ਸਿਮਰਨ ਪੱਕਾ ਕਰ ਦਿੱਤਾ ਹੈ (ਭਾਵ, ਸਿਮਰਨ ਦੀ ਪੱਕੀ ਗੰਢ ਬੰਨ੍ਹ ਦਿੱਤੀ ਹੈ) । ਇਹ ਨਾਮ-ਧਨ ਇਤਨਾ ਅਮੋਲਕ ਹੈ ਕਿ ਇਸ ਦਾ ਮੁੱਲ ਨਹੀਂ ਪੈ ਸਕਦਾ। ਜੇ ਇਹ ਨਾਮ-ਧਨ ਮਿਲ ਜਾਏ ਤਾਂ (ਮਾਇਆ ਦੀ) ਭੁੱਖ ਲਹਿ ਜਾਂਦੀ ਹੈ, ਮਨ ਵਿਚ ਸੁਖ ਆ ਵਸਦਾ ਹੈ, ਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹੋਂ ਲਿਖਿਆ ਹੋਵੇ (ਭਾਵ, ਜਿਨ੍ਹਾਂ ਉੱਤੇ ਮੇਹਰ ਹੋਵੇ) ।

ਮਨ ਦੇ ਪਿੱਛੇ ਤੁਰਨ ਵਾਲਾ ਜਗਤ ਸਦਾ ਕੰਗਾਲ ਹੈ ਮਾਇਆ ਲਈ ਹੀ ਵਿਲਕਦਾ ਹੈ, ਹਰ ਰੋਜ਼ ਸਦਾ ਭਟਕਦਾ ਫਿਰਦਾ ਹੈ, ਇਸ ਦੀ (ਮਾਇਆ ਵਾਲੀ) ਭੁੱਖ ਮਿਟਦੀ ਨਹੀਂ, ਕਦੇ ਇਸ ਦੇ ਅੰਦਰ ਠੰਢ ਨਹੀਂ ਪੈਂਦੀ, ਕਦੇ ਇਸ ਦੇ ਮਨ ਵਿਚ ਸੁਖ ਨਹੀਂ ਹੁੰਦਾ, ਕਦੇ ਇਸ ਦਾ ਤੌਖ਼ਲਾ ਦੂਰ ਨਹੀਂ ਹੁੰਦਾ, ਸਦਾ ਸੋਚਾਂ ਸੋਚਦਾ ਰਹਿੰਦਾ ਹੈ; ਹੇ ਨਾਨਕ! ਗੁਰੂ ਤੋਂ ਵਾਂਜੇ ਰਹਿਣ ਕਰਕੇ ਇਸ ਦੀ ਬੁੱਧੀ ਨੂੰ ਚੱਕ੍ਰ ਆਇਆ ਹੋਇਆ ਹੈ।

ਜੇ ਮਨਮੁਖ ਭੀ ਗੁਰੂ ਨੂੰ ਮਿਲ ਪਏ ਤਾਂ ਸ਼ਬਦ ਦੀ ਕਮਾਈ ਕਰਦਾ ਹੈ, (ਸ਼ਬਦ ਦੀ ਬਰਕਤਿ ਨਾਲ) ਫਿਰ ਸਦਾ ਹੀ ਸੁਖ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ।1।

ਮਃ ੩ ॥ ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥ ਏਕੋ ਸਿਮਰਹੁ ਭਾਇਰਹੁ ਤਿਸੁ ਬਿਨੁ ਅਵਰੁ ਨ ਕੋਇ ॥ ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥ ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥ ਸਹਜੇ ਸਚੁ ਧਨੁ ਖਟਿਆ ਥੋੜਾ ਕਦੇ ਨ ਹੋਇ ॥ ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥੨॥ {ਪੰਨਾ 1092}

ਪਦ ਅਰਥ: ਮੇਦਨੀ = ਧਰਤੀ, ਸ੍ਰਿਸ਼ਟੀ। ਸਾਰ = ਸੰਭਾਲ। ਭਾਇਰਹੁ = ਹੇ ਭਰਾਵੋ! ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਦੇ ਖਾਣ ਨਾਲ। ਤ੍ਰਿਪਤਿ = ਸੰਤੋਖ। ਸਨਾਇ = {ਅਰਬੀ, Ônw} ਵਡਿਆਈ। ਦੇਹੀ = ਸਰੀਰ।

ਅਰਥ: ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ, ਹੇ ਭਰਾਵੋ! ਉਸ ਇਕ ਨੂੰ ਸਿਮਰੋ, ਉਸ ਤੋਂ ਬਿਨਾ ਹੋਰ ਕੋਈ (ਸੰਭਾਲ ਕਰਨ ਵਾਲਾ) ਨਹੀਂ ਹੈ। (ਹੇ ਭਰਾਵੋ!) ਪ੍ਰਭੂ ਦੇ ਗੁਣਾਂ ਨੂੰ ਗੁਰੂ ਦੇ ਸ਼ਬਦ ਨੂੰ ਭੋਜਨ ਬਣਾਓ (ਭਾਵ, ਜੀਵਨ ਦਾ ਆਸਰਾ ਬਣਾਓ) , ਇਹ ਭੋਜਨ ਖਾਧਿਆਂ ਸਦਾ ਰੱਜੇ ਰਹੀਦਾ ਹੈ (ਮਨ ਵਿਚ ਸਦਾ ਸੰਤੋਖ ਰਹਿੰਦਾ ਹੈ) ; ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਵਡਿਆਈਆਂ ਨੂੰ (ਆਪਣਾ) ਪੁਸ਼ਾਕਾ ਬਣਾਓ, ਉਹ ਪੁਸ਼ਾਕਾ ਸਦਾ ਸਾਫ਼ ਰਹਿੰਦਾ ਹੈ ਤੇ ਕਦੇ ਮੈਲਾ ਨਹੀਂ ਹੁੰਦਾ।

ਆਤਮਕ ਅਡੋਲਤਾ ਵਿਚ (ਰਹਿ ਕੇ) ਖੱਟਿਆ ਹੋਇਆ ਨਾਮ-ਧਨ ਕਦੇ ਘਟਦਾ ਨਹੀਂ। ਮਨੁੱਖਾ ਸਰੀਰ ਲਈ ਗੁਰੂ ਦਾ ਸ਼ਬਦ (ਮਾਨੋ) ਗਹਣਾ ਹੈ, ਇਸ (ਗਹਣੇ ਦੀ ਬਰਕਤਿ) ਨਾਲ ਸਦਾ ਹੀ ਸੁਖ ਮਿਲਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਸੋਝੀ ਪਾਏ ਉਹ ਗੁਰੂ ਦੀ ਰਾਹੀਂ ਇਹ (ਜੀਵਨ-ਭੇਤ) ਸਮਝਦਾ ਹੈ।2।

ਪਉੜੀ ॥ ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥ ਹਰਿ ਹਰਿ ਨਾਮੁ ਧਿਆਈਐ ਹਉਮੈ ਅਗਿਆਨੁ ਗਵਾਪੈ ॥ ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥ ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥ ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥੧੭॥ {ਪੰਨਾ 1092}

ਪਦ ਅਰਥ: ਅੰਤਰਿ = ਅੰਦਰ ਵਲ ਪਰਤਣਾ, ਮਨ ਦੇ ਅੰਦਰ ਹੀ ਟਿਕਣਾ। ਸੰਜਮੋ = ਇੰਦ੍ਰਿਆਂ ਤੇ ਮਨ ਨੂੰ ਰੋਕਣ ਦਾ ਉੱਦਮ। ਅੰਦਰੁ = ਅੰਦਰਲਾ, ਹਿਰਦਾ। ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਧ੍ਰਾਪੈ = ਰੱਜ ਜਾਂਦੇ ਹਨ। ਵਿਆਪੈ = ਦਬਾ ਪਾਂਦਾ ਹੈ।

ਅਰਥ: ('ਦੂਜੇ ਭਰਮ' ਵਲੋਂ ਹਟ ਕੇ) ਮਨ ਦੇ ਅੰਦਰ ਹੀ ਟਿਕਣਾ = ਇਹੀ ਜਪ ਹੈ ਇਹੀ ਤਪ ਹੈ ਇਹੀ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਸਾਧਨ ਹੈ; ਪਰ ਇਹ ਸਮਝ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਆਉਂਦੀ ਹੈ; ਜੇ ('ਦੂਜੇ ਭਰਮ' ਨੂੰ ਛੱਡ ਕੇ) ਪ੍ਰਭੂ ਦਾ ਨਾਮ ਸਿਮਰੀਏ ਤਾਂ ਹਉਮੈ ਤੇ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ।

(ਉਂਞ ਤਾਂ ਸਦਾ ਹੀ) ਹਿਰਦਾ ਨਾਮ-ਅੰਮ੍ਰਿਤ ਨਾਲ ਨਕਾ-ਨਕ ਭਰਿਆ ਹੋਇਆ ਹੈ (ਭਾਵ, ਪਰਮਾਤਮਾ ਅੰਦਰ ਹੀ ਰੋਮ ਰੋਮ ਵਿਚ ਵੱਸਦਾ ਹੈ) , (ਗੁਰ-ਸ਼ਬਦ ਦੀ ਰਾਹੀਂ ਨਾਮ-ਰਸ) ਚੱਖਿਆਂ ਸੁਆਦ ਆਉਂਦਾ ਹੈ। ਜਿਨ੍ਹਾਂ ਨੇ ਇਹ ਨਾਮ-ਰਸ ਚੱਖਿਆ ਹੈ ਉਹ ਨਿਰਭਉ (ਪ੍ਰਭੂ ਦਾ ਰੂਪ) ਹੋ ਜਾਂਦੇ ਹਨ, ਉਹ ਨਾਮ ਦੇ ਰਸ ਨਾਲ ਰੱਜ ਜਾਂਦੇ ਹਨ। ਜਿਨ੍ਹਾਂ ਨੂੰ ਪ੍ਰਭੂ ਨੇ ਮਿਹਰ ਕਰ ਕੇ ਇਹ ਰਸ ਪਿਲਾਇਆ ਹੈ ਉਹਨਾਂ ਨੂੰ ਮੁੜ ਮੌਤ ਦਾ ਡਰ ਦਬਾ ਨਹੀਂ ਸਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ) । 17।

ਸਲੋਕੁ ਮਃ ੩ ॥ ਲੋਕੁ ਅਵਗਣਾ ਕੀ ਬੰਨ੍ਹ੍ਹੈ ਗੰਠੜੀ ਗੁਣ ਨ ਵਿਹਾਝੈ ਕੋਇ ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥ ਗੁਰ ਪਰਸਾਦੀ ਗੁਣ ਪਾਈਅਨ੍ਹ੍ਹਿ ਜਿਸ ਨੋ ਨਦਰਿ ਕਰੇਇ ॥੧॥ {ਪੰਨਾ 1092}

ਅਰਥ: ਜਗਤ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਿਹਾ ਹੈ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ। ਹੇ ਨਾਨਕ! ਗੁਣ ਖ਼ਰੀਦਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਗੁਣ ਮਿਲਦੇ ਹਨ, (ਪਰ ਮਿਲਦੇ ਉਸ ਨੂੰ ਹਨ) ਜਿਸ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ।1।

ਮਃ ੩ ॥ ਗੁਣ ਅਵਗੁਣ ਸਮਾਨਿ ਹਹਿ ਜਿ ਆਪਿ ਕੀਤੇ ਕਰਤਾਰਿ ॥ ਨਾਨਕ ਹੁਕਮਿ ਮੰਨਿਐ ਸੁਖੁ ਪਾਈਐ ਗੁਰ ਸਬਦੀ ਵੀਚਾਰਿ ॥੨॥ {ਪੰਨਾ 1092}

ਅਰਥ: ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰਵਾਨ ਹੋ ਕੇ ਪ੍ਰਭੂ ਦਾ ਹੁਕਮ ਮੰਨਿਆਂ ਸੁਖ ਮਿਲਦਾ ਹੈ, (ਜਿਸ ਨੇ ਹੁਕਮ ਮੰਨਿਆ ਹੈ ਉਸ ਨੂੰ ਲੋਕਾਂ ਵਲੋਂ ਕੀਤੇ) ਗੁਣ ਤੇ ਔਗੁਣ (ਭਾਵ, ਨੇਕੀ ਤੇ ਬਦੀ ਦਾ ਸਲੂਕ) ਇਕੋ ਜਿਹੇ ਜਾਪਦੇ ਹਨ (ਕਿਉਂਕਿ 'ਹੁਕਮ' ਵਿਚ ਤੁਰਨ ਦੇ ਕਾਰਨ ਸਮਝਦਾ ਹੈ ਕਿ) ਇਹ (ਗੁਣ ਤੇ ਔਗੁਣ) ਕਰਤਾਰ ਨੇ ਆਪ ਪੈਦਾ ਕੀਤੇ ਹਨ।2।

ਪਉੜੀ ॥ ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥੧੮॥ {ਪੰਨਾ 1092}

ਅਰਥ: (ਜੀਵ ਦੇ) ਅੰਦਰ ਹੀ (ਜੀਆਂ ਦਾ) ਮਾਲਕ (ਬੈਠਾ) ਹੈ, (ਜੀਵ ਦੇ) ਅੰਦਰ ਹੀ (ਉਸ ਦਾ) ਤਖ਼ਤ ਹੈ, ਉਹ ਆਪ ਹੀ (ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਕਰਮਾਂ ਦਾ) ਨਿਆਂ ਕਰੀ ਜਾਂਦਾ ਹੈ; (ਜੀਵ ਦੇ) ਅੰਦਰ ਹੀ (ਉਸ ਦਾ) ਮਹਲ ਹੈ, (ਜੀਵ ਦੇ) ਅੰਦਰ ਹੀ (ਬੈਠਾ ਜੀਵ ਨੂੰ) ਆਸਰਾ (ਦੇਈ ਜਾ ਰਿਹਾ) ਹੈ, ਪਰ ਉਸ ਦੇ ਮਹਲ ਦਾ ਬੂਹਾ ਗੁਰੂ ਦੇ ਸ਼ਬਦ ਦੀ ਰਾਹੀਂ ਲੱਭਦਾ ਹੈ।

(ਜੀਵ ਦੇ ਅੰਦਰ ਹੀ ਬੈਠੇ ਹੋਏ ਦੀ ਹਜ਼ੂਰੀ ਵਿਚ) ਖਰੇ ਜੀਵ ਪਰਖ ਕੇ ਖ਼ਜ਼ਾਨੇ ਵਿਚ ਰੱਖੇ ਜਾਂਦੇ ਹਨ (ਭਾਵ, ਅੰਦਰ ਬੈਠਾ ਹੋਇਆ ਹੀ ਖਰੇ ਜੀਵਾਂ ਦੀ ਆਪ ਸੰਭਾਲ ਕਰੀ ਜਾਂਦਾ ਹੈ) , ਖੋਟਿਆਂ ਨੂੰ ਥਾਂ ਨਹੀਂ ਮਿਲਦੀ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਮੌਜੂਦ ਹੈ, ਉਸ ਦਾ ਨਿਆਂ ਸਦਾ ਅਟੱਲ ਹੈ; ਉਨ੍ਹਾਂ ਨੂੰ ਉਸ ਦੇ ਨਾਮ-ਅੰਮ੍ਰਿਤ ਦਾ ਸੁਆਦ ਆਉਂਦਾ ਹੈ ਜਿਨ੍ਹਾਂ ਦੇ ਮਨ ਵਿਚ ਨਾਮ ਵੱਸਦਾ ਹੈ। 18।

TOP OF PAGE

Sri Guru Granth Darpan, by Professor Sahib Singh