ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1093 ਸਲੋਕ ਮਃ ੧ ॥ ਹਉ ਮੈ ਕਰੀ ਤਾਂ ਤੂ ਨਾਹੀ ਤੂ ਹੋਵਹਿ ਹਉ ਨਾਹਿ ॥ ਬੂਝਹੁ ਗਿਆਨੀ ਬੂਝਣਾ ਏਹ ਅਕਥ ਕਥਾ ਮਨ ਮਾਹਿ ॥ ਬਿਨੁ ਗੁਰ ਤਤੁ ਨ ਪਾਈਐ ਅਲਖੁ ਵਸੈ ਸਭ ਮਾਹਿ ॥ ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥ ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥ ਗੁਰਮਤਿ ਅਲਖੁ ਲਖਾਈਐ ਊਤਮ ਮਤਿ ਤਰਾਹਿ ॥ ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥੧॥ {ਪੰਨਾ 1093} ਪਦ ਅਰਥ: ਗਿਆਨੀ = ਹੇ ਗਿਆਨਵਾਨ! ਬੂਝਣਾ = ਬੁਝਾਰਤ, ਡੂੰਘੀ ਗੱਲ। ਅਕਥ ਕਥਾ = ਉਸ ਪ੍ਰਭੂ ਦੀ ਗੱਲ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ। ਅਲਖੁ = ਜਿਸ ਦਾ ਕੋਈ ਖ਼ਾਸ ਨਿਸ਼ਾਨ ਨਹੀਂ ਦਿੱਸਦਾ। ਆਪੁ = ਆਪਾ-ਭਾਵ, ਹਉਮੈ। ਭ੍ਰਮੁ = ਭਟਕਣਾ। ਜਨਮ ਮਰਨ ਦੁਖ = ਜੰਮਣ ਤੋਂ ਲੈ ਕੇ ਮੌਤ ਤਕ ਦੇ ਸਾਰੇ ਦੁੱਖ, ਸਾਰੀ ਉਮਰ ਦੇ ਦੁੱਖ। ਊਤਮ ਮਤਿ = ਉੱਜਲ ਬੁੱਧ ਵਾਲੇ। ਸੋਹੰ = (soshਂ) ਉਹ ਮੈਂ ਹਾਂ। ਹੰਸਾ = (Ahz s:) ਮੈਂ ਉਹ ਹਾਂ। ਸੋਹੰ ਹੰਸਾ ਜਪੁ = ਉਹ ਜਪ ਜਿਸ ਨਾਲ 'ਉਹ ਮੈਂ' ਤੇ 'ਮੈਂ ਉਹ' ਹੋ ਜਾਏ, ਉਹ ਸਿਮਰਨ ਜਿਸ ਨਾਲ ਜੀਵ ਤੇ ਪ੍ਰਭੂ ਇਕ-ਰੂਪ ਹੋ ਜਾਣ। ਅਰਥ: ਹੇ ਪ੍ਰਭੂ! ਜਦੋਂ ਮੈਂ 'ਹਉਂ, ਹਉਂ' ਕਰਦਾ ਹਾਂ ਤਦੋਂ ਤੂੰ (ਮੇਰੇ ਅੰਦਰ ਪਰਗਟ) ਨਹੀਂ ਹੁੰਦਾ, ਪਰ ਜਦੋਂ ਤੂੰ ਆ ਵੱਸਦਾ ਹੈਂ ਮੇਰੀ 'ਹਉਂ' ਮੁਕ ਜਾਂਦੀ ਹੈ। ਹੇ ਗਿਆਨਵਾਨ! ਅਕੱਥ ਪ੍ਰਭੂ ਦੀ ਇਹ ਡੂੰਘੀ ਰਾਜ਼ ਵਾਲੀ ਗੱਲ ਆਪਣੇ ਮਨ ਵਿਚ ਸਮਝ। ਅਲੱਖ ਪ੍ਰਭੂ ਵੱਸਦਾ ਤਾਂ ਸਭ ਦੇ ਅੰਦਰ ਹੈ, ਪਰ ਇਹ ਅਸਲੀਅਤ ਗੁਰੂ ਤੋਂ ਬਿਨਾ ਨਹੀਂ ਲੱਭਦੀ, ਜਦੋਂ ਗੁਰੂ ਮਿਲ ਪਏ ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸੇ ਤਾਂ ਇਹ ਸਮਝ ਪੈਂਦੀ ਹੈ। ਜਿਸ ਮਨੁੱਖ ਦੀ 'ਹਉਂ' ਦੂਰ ਹੋ ਜਾਂਦੀ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮਿਟ ਜਾਂਦੀ ਹੈ (ਮੌਤ ਆਦਿਕ ਦਾ) ਡਰ ਮੁੱਕ ਜਾਂਦਾ ਹੈ, ਉਸ ਦੇ ਸਾਰੀ ਉਮਰ ਦੇ ਦੁੱਖ ਨਾਸ ਹੋ ਜਾਂਦੇ ਹਨ (ਕਿਉਂਕਿ ਜੀਵਨ ਵਿਚ ਦੁੱਖ ਹੁੰਦੇ ਹੀ ਇਹੀ ਹਨ) ; ਜਿਨ੍ਹਾਂ ਨੂੰ ਗੁਰੂ ਦੀ ਮਤਿ ਲਿਆਂ ਰੱਬ ਦਿੱਸ ਪੈਂਦਾ ਹੈ, ਜਿਨ੍ਹਾਂ ਦੀ ਬੁੱਧ ਉੱਜਲ ਹੋ ਜਾਂਦੀ ਹੈ ਉਹ (ਇਹਨਾਂ ਦੁੱਖਾਂ ਦੇ ਸਮੁੰਦਰ ਤੋਂ) ਤਰ ਜਾਂਦੇ ਹਨ। (ਸੋ,) ਹੇ ਨਾਨਕ! (ਤੂੰ ਭੀ) ਸਿਮਰਨ ਕਰ ਜਿਸ ਨਾਲ ਤੇਰੀ ਆਤਮਾ ਪ੍ਰਭੂ ਨਾਲ ਇਕ-ਰੂਪ ਹੋ ਜਾਏ, (ਵੇਖ!) ਤ੍ਰਿਲੋਕੀ ਦੇ ਹੀ ਜੀਵ ਉਸੇ ਵਿਚ ਟਿਕੇ ਹੋਏ ਹਨ (ਉਸੇ ਦੇ ਆਸਰੇ ਹਨ) ।1। ਮਃ ੩ ॥ ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥ ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥ ਆਪੈ ਨੋ ਆਪੁ ਮਿਲਿ ਰਹਿਆ ਹਉਮੈ ਦੁਬਿਧਾ ਮਾਰਿ ॥ ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥੨॥ {ਪੰਨਾ 1093} ਪਦ ਅਰਥ: ਮਾਣਕੁ = ਸੁੱਚਾ ਮੋਤੀ। ਜਿਨਿ = ਜਿਸ ਨੇ। ਸੰਸਾਰਿ = ਸੰਸਾਰ ਵਿਚ। ਜੁਗ = ਸਮਾ, ਪਹਿਰਾ। ਕਲ = ਕਲੇਸ਼, ਝਗੜੇ, ਵਿਕਾਰ। ਕਲਜੁਗ = ਜਿਥੇ ਵਿਕਾਰਾਂ ਦਾ ਪਹਿਰਾ ਹੈ। ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ। ਦੁਤਰੁ = ਜਿਸ ਨੂੰ ਤਰਨਾ ਔਖਾ ਹੈ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ, ਡਰਾਉਣਾ। ਅਰਥ: ਇਹ ਮਨ ਸੁੱਚਾ ਮੋਤੀ ਹੈ, ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ (ਇਸ ਸੁੱਚੇ ਮੋਤੀ ਨੂੰ) ਪਰਖ ਲਿਆ ਹੈ, ਉਸ ਦਾ ਆਪਾ ਹਉਮੈ ਤੇ ਮੇਰ-ਤੇਰ ਨੂੰ ਮਾਰ ਕੇ 'ਆਪੇ' ਨਾਲ ਮਿਲਿਆ ਰਹਿੰਦਾ ਹੈ। ਪਰ ਇਸ ਸੰਸਾਰ ਵਿਚ ਜਿੱਥੇ ਵਿਕਾਰਾਂ ਦਾ ਪਹਿਰਾ ਹੈ ਅਜੇਹੇ ਬੰਦੇ ਬੜੇ ਘੱਟ ਵੇਖੀਦੇ ਹਨ। ਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ਇਸ ਡਰਾਉਣੇ ਸੰਸਾਰ-ਸਮੁੰਦਰ ਤੋਂ ਲੰਘ ਜਾਂਦੇ ਹਨ ਜਿਸ ਨੂੰ ਤਰਨਾ ਬੜਾ ਔਖਾ ਹੈ।2। ਪਉੜੀ ॥ ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥ ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥ ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥ ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ ॥ ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥੧੯॥ ਪਦ ਅਰਥ: ਅੰਦਰੁ = ਅੰਦਰਲਾ, ਭਾਵ, ਮਨ {ਦੂਜੀ ਤੁਕ ਦੇ ਲਫ਼ਜ਼ 'ਅੰਦਰਿ' ਤੇ ਇਸ ਲਫ਼ਜ਼ ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ}। ਅੰਦਰਿ = (ਮਨ) ਵਿਚ। ਅਹੰਮਤੇ = ਹਉਮੈ ਦੇ ਕਾਰਨ। ਤਿਖ = ਮਾਇਆ ਦੀ ਤ੍ਰਿਸ਼ਨਾ। ਤਤੇ = ਸੜੇ ਹੋਏ। ਵਿਗੁਤੇ = ਖ਼ੁਆਰ ਹੁੰਦੇ ਹਨ। ਸਤੇ = ਸਤਿ, ਸਦਾ ਰਹਿਣ ਵਾਲਾ। ਗਤੇ = ਗਤਿ। ਅਰਥ: ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਠੱਗੇ ਹੋਏ ਆਪਣਾ ਮਨ ਨਹੀਂ ਖੋਜਦੇ, ਅੰਦਰੋਂ ਤ੍ਰਿਸ਼ਨਾ ਨਾਲ ਸੜੇ ਹੋਏ (ਹੋਣ ਕਰਕੇ) (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ ਭਟਕ ਭਟਕ ਕੇ ਥੱਕ ਜਾਂਦੇ ਹਨ; ਸਿੰਮ੍ਰਿਤੀਆਂ ਸ਼ਾਸਤ੍ਰਾਂ (ਭਾਵ, ਆਪਣੇ ਧਰਮ-ਪੁਸਤਕਾਂ) ਨੂੰ ਗਹੁ ਨਾਲ ਨਹੀਂ ਖੋਜਦੇ ਤੇ (ਧਰਮ-ਪੁਸਤਕਾਂ ਦੇ ਥਾਂ ਆਪਣੇ) ਮਨ ਦੇ ਪਿੱਛੇ ਤੁਰ ਕੋ ਖ਼ੁਆਰ ਹੁੰਦੇ ਹਨ। ਸਦਾ-ਥਿਰ ਰਹਿਣ ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਆਉਣ ਤੋਂ ਬਿਨਾ ਕਿਸੇ ਨੇ ਭੀ ਨਹੀਂ ਲੱਭਾ। ਅਸਾਂ ਅਸਲ ਵਿਚਾਰ ਦੀ ਇਹ ਗੱਲ ਲੱਭੀ ਹੈ ਕਿ ਪਰਮਾਤਮਾ ਦਾ ਨਾਮ ਜਪਿਆਂ ਹੀ ਮਨੁੱਖ ਦੀ ਆਤਮਕ ਹਾਲਤ ਸੁਧਰਦੀ ਹੈ। 19। ਸਲੋਕ ਮਃ ੨ ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥੧॥ {ਪੰਨਾ 1093} ਪਦ ਅਰਥ: ਆਪੇ = ਆਪ ਹੀ। ਕਰੇ = ਪੈਦਾ ਕਰਦਾ ਹੈ। ਆਣੈ = ਲਿਆਉਂਦਾ ਹੈ। ਆਣੈ ਰਾਸਿ = ਰਾਸਿ ਲਿਆਉਂਦਾ ਹੈ, ਸਿਰੇ ਚਾੜ੍ਹਦਾ ਹੈ। ਤਿਸੈ = ਤਿਸ ਹੀ। ਖਲਿਇ = ਖਲੋ ਕੇ, ਧਿਆਨ ਨਾਲ, ਅਦਬ-ਸਰਧਾ ਨਾਲ। ਅਰਥ: ਪ੍ਰਭੂ ਆਪ ਹੀ (ਜੀਵਾਂ ਦੇ ਦਿਲਾਂ ਦੀ) ਜਾਣਦਾ ਹੈ (ਕਿਉਂਕਿ) ਉਹ ਆਪ ਹੀ (ਇਹਨਾਂ ਨੂੰ) ਪੈਦਾ ਕਰਦਾ ਹੈ, ਆਪ ਹੀ (ਜੀਵਾਂ ਦੇ ਕਾਰਜ) ਸਿਰੇ ਚਾੜ੍ਹਦਾ ਹੈ; (ਇਸ ਲਈ) ਹੇ ਨਾਨਕ! ਉਸ ਪ੍ਰਭੂ ਅੱਗੇ ਹੀ ਅਦਬ ਸਰਧਾ ਨਾਲ ਅਰਜ਼ੋਈ ਕਰਨੀ ਚਾਹੀਦੀ ਹੈ।1। ਮਃ ੧ ॥ ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥ ਕਿਸ ਨੋ ਕਹੀਐ ਨਾਨਕਾ ਜਾ ਘਰਿ ਵਰਤੈ ਸਭੁ ਕੋਇ ॥੨॥ {ਪੰਨਾ 1093} ਪਦ ਅਰਥ: ਜਿਨਿ = ਜਿਸ ਪ੍ਰਭੂ ਨੇ। ਕੀਆ = ਜਗਤ ਪੈਦਾ ਕੀਤਾ ਹੈ। ਤਿਨਿ = ਉਸ ਪ੍ਰਭੂ ਨੇ। ਦੇਖਿਆ = ਇਸ ਜਗਤ ਦੀ ਸੰਭਾਲ ਕੀਤੀ ਹੈ। ਕਿਸ ਨੋ = ਉਸ ਪ੍ਰਭੂ ਤੋਂ ਬਿਨਾ ਹੋਰ ਕਿਸ ਨੂੰ? ਘਰਿ = ਹਿਰਦੇ-ਘਰ ਵਿਚ। ਵਰਤੈ = ਮੌਜੂਦ ਹੈ। ਸਭੁ ਕੋਇ = ਹਰੇਕ ਜੀਵ। ਕਿਸ ਨੋ ਕਹੀਐ = ਕਿਸੇ ਹੋਰ ਨੂੰ ਆਖਣਾ ਵਿਅਰਥ ਹੈ। ਅਰਥ: ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ, ਉਸ ਨੇ ਹੀ ਇਸ ਦੀ ਸੰਭਾਲ ਕੀਤੀ ਹੋਈ ਹੈ, ਉਹ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ। ਹੇ ਨਾਨਕ! ਜਦੋਂ ਹਰੇਕ ਜੀਵ (ਉਸ ਪਰਮਾਤਮਾ ਦੇ ਘਰ ਤੋਂ ਹਰੇਕ ਲੋੜ ਪੂਰੀ ਕਰਦਾ ਹੈ ਜੋ) ਹਰੇਕ ਦੇ ਹਿਰਦੇ-ਘਰ ਵਿਚ ਮੌਜੂਦ ਹੈ, ਤਾਂ ਉਸ ਤੋਂ ਬਿਨਾ ਕਿਸੇ ਹੋਰ ਅੱਗੇ ਅਰਜ਼ੋਈ ਕਰਨੀ ਵਿਅਰਥ ਹੈ।2। ਪਉੜੀ ॥ ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥ ਮਨੁ ਤਨੁ ਹੋਇ ਨਿਹਾਲੁ ਪਾਪਾ ਦਹੈ ਹਰਿ ॥ ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥ ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥ ਨਾਨਕ ਨਾਮੁ ਨਿਧਾਨੁ ਮਨ ਮਹਿ ਸੰਜਿ ਧਰਿ ॥੨੦॥ {ਪੰਨਾ 1093} ਪਦ ਅਰਥ: ਥੋਕ = ਚੀਜ਼ਾਂ। ਨਿਹਾਲੁ = ਖਿੜਿਆ ਹੋਇਆ। ਦਹੈ– ਸਾੜ ਦੇਂਦਾ ਹੈ। ਚੁਕੈ = ਮੁੱਕ ਜਾਂਦਾ ਹੈ। ਜਨਮਿ = ਜਨਮ ਕੇ, ਜੰਮ ਕੇ। ਆਧਾਰੁ = ਆਸਰਾ। ਸੋਗਿ = ਸੋਗ ਵਿਚ, ਚਿੰਤਾ ਵਿਚ। ਜਰਿ = ਸੜ। ਸੰਜਿ ਧਰਿ = ਸੰਚ ਲੈ, ਇਕੱਠਾ ਕਰ। ਅਰਥ: ਹੋਰ ਸਭ ਚੀਜ਼ਾਂ (ਦਾ ਮੋਹ) ਵਿਸਾਰ ਕੇ ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ, ਤੇਰਾ ਮਨ ਖਿੜ ਆਵੇਗਾ ਤੇਰਾ ਸਰੀਰ ਹੌਲਾ-ਫੁੱਲ ਹੋ ਜਾਇਗਾ (ਕਿਉਂਕਿ) ਪਰਮਾਤਮਾ ਸਾਰੇ ਪਾਪ ਸਾੜ ਦੇਂਦਾ ਹੈ, (ਜਗਤ ਵਿਚ ਤੇਰਾ) ਜੰਮਣਾ ਮਰਨਾ ਮੁੱਕ ਜਾਇਗਾ, ਤੂੰ ਮੁੜ ਮੁੜ ਨਹੀਂ ਜੰਮੇ ਮਰੇਂਗਾ। ਪ੍ਰਭੂ ਦੇ ਨਾਮ ਨੂੰ ਆਸਰਾ ਬਣਾ, ਤੂੰ ਚਿੰਤਾ ਵਿਚ ਤੇ ਮੋਹ ਵਿਚ ਨਹੀਂ ਸੜੇਂਗਾ। ਹੇ ਨਾਨਕ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਆਪਣੇ ਮਨ ਵਿਚ ਇਕੱਠਾ ਕਰ ਰੱਖ। 20। ਸਲੋਕ ਮਃ ੫ ॥ ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾ ਦੰਮ ॥ ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥੧॥ {ਪੰਨਾ 1093} ਪਦ ਅਰਥ: {ਨੋਟ: ਇਹ ਸਲੋਕ "ਵਾਰਾਂ ਤੇ ਵਧੀਕ ਸਲੋਕ ਮ: 5" ਵਿਚ ਭੀ ਨੰ: 19 ਤੇ ਦਰਜ ਹੈ। ਇਥੇ ਲਫ਼ਜ਼ 'ਕਰੰਮ' ਹੈ, ਓਥੇ 'ਕਰੰਮਿ ਹੈ। } ਦੰਮਾ ਦੰਮ = ਦਮ-ਬ-ਦਮ, ਸੁਆਸ ਸੁਆਸ। ਚਿਤਿ = ਚਿੱਤ ਵਿਚ। ਆਵਈ = ਆਵਏ, ਆਵੈ, ਆਉਂਦਾ। ਕਰੰਮ = ਚੰਗੇ ਭਾਗ। ਅਰਥ: ਹੇ ਨਾਨਕ! ਜਿਸ ਮਨੁੱਖ ਨੂੰ ਮਨੋਂ ਮਾਇਆ ਨਹੀਂ ਭੁੱਲਦੀ, ਜੋ (ਨਾਮ ਦੀ ਦਾਤਿ ਮੰਗਣ ਦੇ ਥਾਂ) ਸੁਆਸ-ਸੁਆਸ (ਮਾਇਆ ਹੀ) ਮੰਗਦਾ ਹੈ, ਜਿਸ ਨੂੰ ਉਹ ਪਰਮਾਤਮਾ ਕਦੇ ਚੇਤੇ ਨਹੀਂ ਆਉਂਦਾ (ਇਹ ਜਾਣੋ ਕਿ) ਉਸ ਦੇ ਭਾਗ ਚੰਗੇ ਨਹੀਂ ਹਨ।1। ਮਃ ੫ ॥ ਮਾਇਆ ਸਾਥਿ ਨ ਚਲਈ ਕਿਆ ਲਪਟਾਵਹਿ ਅੰਧ ॥ ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥੨॥ {ਪੰਨਾ 1093} ਅਰਥ: ਹੇ ਅੰਨ੍ਹੇ (ਜੀਵ) ! ਤੂੰ (ਮੁੜ ਮੁੜ) ਮਾਇਆ ਨੂੰ ਕਿਉਂ ਚੰਬੜਦਾ ਹੈਂ? ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ; ਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਹਉਮੈ ਛੱਡ ਕੇ ਗੁਰੂ ਦਾ ਆਸਰਾ ਲੈ) (ਤਾਂ ਜੁ) ਤੇਰੀਆਂ ਇਹ ਮੁਸ਼ਕਾਂ ਜੋ ਮਾਇਆ ਨੇ ਕੱਸੀਆਂ ਹੋਈਆਂ ਹਨ ਟੁੱਟ ਜਾਣ।2। ਪਉੜੀ ॥ ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥ ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥ ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥ ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥੨੧॥ {ਪੰਨਾ 1093} ਪਦ ਅਰਥ: ਭਾਣੈ = ਰਜ਼ਾ ਵਿਚ। ਮਨਾਇਓਨੁ = ਮਨਾਇਆ ਉਸ (ਪ੍ਰਭੂ) ਨੇ। ਮੇਲਿਓਨੁ = ਮਿਲਾਇਆ ਉਸ (ਪ੍ਰਭੂ) ਨੇ। ਸਚੁ = ਸਦਾ-ਥਿਰ ਰਹਿਣ ਵਾਲੇ ਦਾ ਨਾਮ। ਦਾਤਿ = ਬਖ਼ਸ਼ਸ਼। ਸਚੁ ਆਖਿ = ਨਾਮ (ਆਪ) ਸਿਮਰ ਕੇ। ਸੁਣਾਇਆ = (ਹੋਰਨਾਂ ਨੂੰ 'ਨਾਮ') ਸੁਣਾਇਆ ਹੈ। ਪੂਰਬਿ = ਮੁੱਢ ਤੋਂ, ਪਹਿਲਾਂ ਤੋਂ। ਜਿਨ ਕਉ = ਜਿਨ੍ਹਾਂ ਦੇ ਭਾਗਾਂ ਵਿਚ, ਜਿਨ੍ਹਾਂ ਵਾਸਤੇ। ਅਰਥ: ਉਸ ਪਰਮਾਤਮਾ ਨੇ (ਜਿਸ ਮਨੁੱਖ ਤੋਂ) ਆਪਣੀ ਰਜ਼ਾ ਵਿਚ ਆਪਣਾ ਹੁਕਮ ਮਨਾਇਆ ਹੈ ਉਸ ਮਨੁੱਖ ਨੇ ਰਜ਼ਾ ਵਿਚ ਰਹਿ ਕੇ ਸੁਖ ਲੱਭਾ ਹੈ। ਉਸ ਪ੍ਰਭੂ ਨੇ ਆਪਣੀ ਰਜ਼ਾ ਵਿਚ ਜਿਸ ਮਨੁੱਖ ਨੂੰ ਗੁਰੂ ਮਿਲਾਇਆ ਹੈ ਉਹ ਮਨੁੱਖ ਰਜ਼ਾ ਵਿਚ ਰਹਿ ਕੇ 'ਨਾਮ' ਸਿਮਰਦਾ ਹੈ; ਜਿਸ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਸਭ ਤੋਂ ਵੱਡੀ ਰੱਬੀ ਬਖ਼ਸ਼ਸ਼ ਪ੍ਰਤੀਤ ਹੁੰਦੀ ਹੈ ਉਹ ਆਪ 'ਨਾਮ' ਸਿਮਰਦਾ ਹੈ ਤੇ ਹੋਰਨਾਂ ਨੂੰ ਸੁਣਾਂਦਾ ਹੈ; ਪਰ 'ਨਾਮ' ਸਿਮਰਦੇ ਉਹੀ ਹਨ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਮੁੱਢ ਤੋਂ ਲਿਖਿਆ ਹੋਇਆ ਹੈ (ਭਾਵ, ਜਿਨ੍ਹਾਂ ਦੇ ਅੰਦਰ ਪੂਰਬਲੇ ਕਰਮਾਂ ਅਨੁਸਾਰ ਸਿਮਰਨ ਦੇ ਸੰਸਕਾਰ ਮੌਜੂਦ ਹਨ) । (ਸੋ,) ਹੇ ਨਾਨਕ! ਉਸ ਪ੍ਰਭੂ ਦੀ ਸਰਨ ਵਿਚ ਰਹੁ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ। 21। ਸਲੋਕ ਮਃ ੩ ॥ ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥ ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥੧॥ {ਪੰਨਾ 1093} ਅਰਥ: ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਰਤਾ ਭਰ ਭੀ ਡਰ ਨਹੀਂ, ਤੇ ਜਿਨ੍ਹਾਂ ਨੂੰ ਪ੍ਰਭੂ ਨਾਲ ਜਾਣ-ਪਛਾਣ ਪ੍ਰਾਪਤ ਨਹੀਂ ਹੋਈ, ਹੇ ਨਾਨਕ! ਉਹ (ਆਤਮਕ ਮੌਤੇ) ਮੋਏ ਹੋਏ ਹਨ, ਉਹਨਾਂ ਨੂੰ (ਮਾਨੋ) ਰੱਬ ਨੇ ਆਪ ਮਾਰ ਦਿੱਤਾ ਹੈ, ਇਹਨਾਂ ਮੁਇਆਂ ਨੂੰ (ਏਦੂੰ ਵਧੀਕ) ਕਿਸੇ ਹੋਰ ਨੇ ਕੀਹ ਮਾਰਨਾ ਹੈ?।1। ਮਃ ੩ ॥ ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ ॥ ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥ ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ ॥ ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ ॥ ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ ॥ ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥ ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥ {ਪੰਨਾ 1093-1094} ਪਦ ਅਰਥ: ਪਤ੍ਰੀ = ਉਹ ਪੋਥੀ ਜਿਸ ਵਿਚੋਂ ਬ੍ਰਾਹਮਣ ਆਪਣੇ ਜਜਮਾਨ ਆਦਿਕਾਂ ਨੂੰ ਥਿੱਤਾਂ ਦੱਸਦੇ ਹਨ। ਵਾਚਣੀ = ਪੜ੍ਹਨੀ। ਉਧਾਰੁ = ਪਾਰ-ਉਤਾਰਾ। ਸਾਰੁ = ਸ੍ਰੇਸ਼ਟ। ਬਿਖਿਆ = ਮਾਇਆ। ਹੇਤਿ = ਪਿਆਰ ਨਾਲ। ਅਪਾਰਿ ਹੇਤਿ = ਬੇਅੰਤ ਪਿਆਰ ਨਾਲ। ਅਰਥ: (ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। (ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ। ਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ (ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ। ਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, ਓਥੇ ਤਾਂ (ਸਿਫ਼ਤਿ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸ੍ਰੇਸ਼ਟ ਕਰਨੀ (ਮਿਥੀ ਜਾਂਦੀ) ਹੈ, (ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ (ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ। ਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ('ਬਿਖਿਆ' ਦੇ ਅਸਰ ਤੋਂ) ਬਚ ਜਾਂਦੇ ਹਨ।2। |
Sri Guru Granth Darpan, by Professor Sahib Singh |