ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1094 ਪਉੜੀ ॥ ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥ ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥ ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥ ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ ॥ ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥ ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥ {ਪੰਨਾ 1094} ਪਦ ਅਰਥ: ਆਪੇ = ਆਪ ਹੀ। ਸਭੁ = ਹਰ ਥਾਂ। ਸਚਾ = ਅਟੱਲ। ਕਚਾ = ਡੋਲਣ ਵਾਲਾ। ਹੁਕਮੁ = ਰਜ਼ਾ। ਗੁਰਮੁਖਿ = ਗੁਰੂ ਦੇ ਸਨਮੁਖ ਮਨੁੱਖ। ਰਚਾ = ਰਚਿਆ ਜਾ ਸਕਦਾ ਹੈ, ਮਿਲ ਸਕੀਦਾ ਹੈ। ਜਚਾ = ਚੋਜ, ਤਮਾਸ਼ੇ। ਅਰਥ: ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ (ਮੌਜੂਦ) ਹੈ। ਪਰ ਜੋ ਮਨੁੱਖ (ਪ੍ਰਭੂ ਦੀ ਇਸ ਹਰ ਥਾਂ ਮੌਜੂਦ ਹੋਣ ਦੀ) ਰਜ਼ਾ ਨੂੰ ਨਹੀਂ ਸਮਝਦਾ, ਉਹ ਮਨੁੱਖ ਡੋਲਦਾ ਰਹਿੰਦਾ ਹੈ। ਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸੇ ਪਾਸੇ (ਹਰੇਕ ਜੀਵ ਨੂੰ) ਲਾਂਦਾ ਹੈ, ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। (ਉਂਞ ਤਾਂ) ਸਭ ਜੀਵਾਂ ਦਾ ਮਾਲਕ ਇਕ ਪਰਮਾਤਮਾ ਹੀ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਵਿਚ) ਜੁੜਿਆ ਜਾ ਸਕਦਾ ਹੈ; (ਸੋ) ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਜਗਤ ਦੇ ਇਹ) ਸਾਰੇ ਕੌਤਕ ਉਸ ਮਾਲਕ ਦੇ ਹੀ ਹਨ; ਹੇ ਨਾਨਕ! ਜਿਵੇਂ ਉਹ ਆਪ ਜੀਵ ਨੂੰ ਨਚਾਂਦਾ ਹੈ ਤਿਵੇਂ ਜੀਵ ਨੱਚਦਾ ਹੈ। 22।1। ਸੁਧੁ। ਮਾਰੂ ਵਾਰ ਮਹਲਾ 5 ਡਖਣੇ ਮਃ 5 ੴ ਸਤਿਗੁਰ ਪ੍ਰਸਾਦਿ ॥ {ਪੰਨਾ 1094} ਮਾਰੂ ਵਾਰ ਮਹਲਾ 5 ਦਾ ਭਾਵ: ਪਉੜੀ-ਵਾਰ: 1. ਪਰਮਾਤਮਾ ਨੇ ਇਹ ਜਗਤ ਆਪ ਹੀ ਪੈਦਾ ਕੀਤਾ ਹੈ, ਤ੍ਰੈ-ਗੁਣੀ ਮਾਇਆ ਭੀ ਉਸ ਨੇ ਆਪ ਹੀ ਬਣਾਈ ਹੈ, ਸਾਰੇ ਜੀਵ ਭੀ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਉਸ ਦੀ ਰਜ਼ਾ ਅਨੁਸਾਰ ਹੀ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਇਹ ਨਿਯਮ ਭੀ ਉਸੇ ਨੇ ਬਣਾਇਆ ਹੋਇਆ ਹੈ ਕਿ ਜੀਵ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਮਾਇਆ ਦੇ ਮੋਹ ਤੋਂ ਬਚਣ। 2. ਸਿਰਜਣਹਾਰ ਨੂੰ ਭੁਲਾ ਕੇ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਉਹ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ। ਸਿਰਫ਼ ਇਹੀ ਰਸਤਾ ਹੈ ਮਾਇਆ ਦੇ ਮੋਹ ਵਿਚੋਂ ਨਿਕਲਣ ਦਾ। 3. ਮਾਇਆ ਨਾਲ ਤਾਂ ਮਨੁੱਖ ਨੂੰ ਹਰ ਵੇਲੇ ਵਾਹ ਪੈਂਦਾ ਹੈ, ਇਸ ਵਾਸਤੇ ਉਸ ਦੇ ਮੋਹ ਵਿਚ ਸੁਭਾਵਿਕ ਹੀ ਫਸ ਜਾਂਦਾ ਹੈ। ਪਰ ਪਰਮਾਤਮਾ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ, ਉਸ ਨਾਲ ਪਿਆਰ ਬਣਨਾ ਬੜੀ ਔਖੀ ਗੱਲ ਹੈ। ਸੋ, ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਦੀ ਸਰਨ ਪੈ ਕੇ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ। 4. ਮਾਇਆ ਰਚਣ ਵਾਲਾ ਭੀ ਤੇ ਜੀਵ ਪੈਦਾ ਕਰਨ ਵਾਲਾ ਭੀ ਪਰਮਾਤਮਾ ਆਪ ਹੀ ਹੈ। ਉਸ ਦੀ ਆਪਣੀ ਹੀ ਰਚੀ ਇਹ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਜੀਵਾਂ ਦੇ ਵੱਸ ਦੀ ਗੱਲ ਨਹੀਂ। 5. ਪਰਮਾਤਮਾ ਹਰ ਥਾਂ ਵਿਆਪਕ ਹੁੰਦਾ ਹੋਇਆ ਭੀ ਮਨੁੱਖ ਨੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। ਮਨੁੱਖ ਦੇ ਭਾਣੇ ਉਹ ਕਿਤੇ ਦੂਰ-ਦੁਰੇਡੇ ਥਾਂ ਵੱਸ ਰਿਹਾ ਹੈ। ਫਿਰ, ਮਨੁੱਖ ਉਸ ਦੀ ਯਾਦ ਵਿਚ ਕਿਵੇਂ ਜੁੜੇ? ਜਿਸ ਉਤੇ ਉਹ ਆਪ ਮਿਹਰ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ। ਗੁਰੂ ਨੂੰ ਮਿਲ ਕੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ। 6. ਮਨੁੱਖ ਹਉਮੈ ਦੇ ਕਾਰਨ ਕਾਮਾਦਿਕ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ, ਤੇ, ਮਨੁੱਖਾ ਜਨਮ ਦੀ ਬਾਜ਼ੀ ਹਾਰੀ ਜਾਂਦਾ ਹੈ। ਉਸ ਦੀ ਰਜ਼ਾ ਇਉਂ ਹੀ ਹੈ। ਜਿਸ ਮਨੁੱਖ ਨੂੰ ਆਪਣੀ ਮਿਹਰ ਨਾਲ ਸਤਸੰਗ ਵਿਚ ਰਹਿਣ ਦਾ ਅਵਸਰ ਬਖ਼ਸ਼ਦਾ ਹੈ, ਉਸ ਨੂੰ ਮਾਇਆ ਦੇ ਪੰਜੇ ਵਿਚੋਂ ਕੱਢ ਕੇ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ। 7. ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦੇ ਅੰਦਰ ਕਿਸੇ ਵਾਸਤੇ ਵੈਰ-ਭਾਵਨਾ ਨਹੀਂ ਰਹਿ ਜਾਂਦੀ। ਗੁਰੂ ਦੀ ਸਰਨ ਪੈ ਕੇ ਉਸ ਦੇ ਮਨ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਕੋਈ ਵਿਕਾਰ ਉਸ ਨੂੰ ਆਪਣੇ ਵਲ ਖਿੱਚ ਨਹੀਂ ਪਾ ਸਕਦਾ। 8. ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਕੋਈ ਪਾਪ-ਵਿਕਾਰ ਉਸ ਦੇ ਨੇੜੇ ਨਹੀਂ ਢੁਕਦਾ। ਸਾਰਾ ਜਗਤ ਉਸ ਦੀ ਸੋਭਾ ਕਰਦਾ ਹੈ। ਕੋਈ ਦੁੱਖ-ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ। 9. ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜਦਾ ਹੈ, ਉਸ ਦੇ ਅੰਦਰੋਂ ਮਾਇਆ ਵਾਲੀ ਭੁੱਖ ਮੁੱਕ ਜਾਂਦੀ ਹੈ। ਜਿੱਥੇ ਮਾਇਆ ਦੀ ਭੁੱਖ ਨਾਹ ਰਹੇ, ਉਥੇ ਹੋਰ ਦੁੱਖ ਕਿਹੜਾ? 10. ਜਗਤ, ਮਾਨੋ, ਇਕ ਅਖਾੜਾ ਹੈ। ਇਸ ਵਿਚ ਕਾਮਾਦਿਕ ਠੱਗ ਸਾਰੇ ਜੀਵਾਂ ਨੂੰ ਠੱਗ ਰਹੇ ਹਨ। ਪਰ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਯਾਦ ਵਿਚ ਟਿਕਦਾ ਹੈ, ਉਸ ਦਾ ਮਨ ਵਿਕਾਰਾਂ ਵਲੋਂ ਪਰਤ ਪੈਂਦਾ ਹੈ। ਕਾਮਾਦਿਕ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। 11. ਪਰਮਾਤਮਾ ਦੀ ਮਿਹਰ ਤੋਂ ਬਿਨਾ ਮਨੁੱਖ ਨੂੰ ਗੁਰੂ ਦਾ ਮਿਲਾਪ ਹਾਸਲ ਨਹੀਂ ਹੁੰਦਾ। ਤੇ, ਗੁਰੂ ਦੀ ਸੰਗਤਿ ਤੋਂ ਬਿਨਾ ਮਨੁੱਖ ਦੇ ਅੰਦਰੋਂ ਅਹੰਕਾਰ ਦੂਰ ਨਹੀਂ ਹੁੰਦਾ, ਹਉਮੈ ਨਹੀਂ ਮਿਟਦੀ। ਹਉਮੈ ਅਤੇ ਪ੍ਰਭੂ-ਮਿਲਾਪ = ਇਹ ਦੋਵੇਂ ਇਕੋ ਹਿਰਦੇ ਵਿਚ ਨਹੀਂ ਟਿਕ ਸਕਦੇ। ਸੋ, ਗੁਰੂ ਦੀ ਸਰਨ ਪੈ ਕੇ ਸਾਧ ਸੰਗਤਿ ਦੀ ਬਰਕਤਿ ਨਾਲ ਪਰਮਾਤਮਾ ਦਾ ਸਿਮਰਨ ਹੋ ਸਕਦਾ ਹੈ, ਤੇ ਆਤਮਕ ਆਨੰਦ ਮਿਲਦਾ ਹੈ। 12. ਸਾਧ ਸੰਗਤਿ ਵਿਚੋਂ ਇਹ ਸੂਝ ਮਿਲਦੀ ਹੈ ਕਿ ਆਪਣੇ ਅੰਦਰੋਂ ਹਉਮੈ-ਅਹੰਕਾਰ ਦੂਰ ਕਰ ਕੇ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ। 13. ਧਾਰਮਿਕ ਪਹਿਰਾਵੇ, ਵਰਤ, ਧਾਰਮਿਕ ਪੁਸਤਕਾਂ ਦੇ ਨਿਰੇ ਪਾਠ, ਤਿਲਕ = ਇਹਨਾਂ ਦੇ ਆਸਰੇ ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ ਜੀਵਨ ਦਾ ਸਹੀ ਰਸਤਾ ਲੱਭਦਾ ਹੈ। 14. ਬਾਹਰਲੇ ਧਾਰਮਿਕ ਪਹਿਰਾਵਿਆਂ ਦੀ ਰਾਹੀਂ ਪਰਮਾਤਮਾ ਨਹੀਂ ਮਿਲਦਾ, ਕਿਉਂਕਿ ਉਹ ਤਾਂ ਹਰੇਕ ਦੇ ਦਿਲ ਨੂੰ ਜਾਣਦਾ ਹੈ। ਦੂਜੇ ਪਾਸੇ, ਧਨ ਆਦਿਕ ਦਾ ਮਾਣ ਕਰਨਾ ਭੀ ਮੂਰਖਤਾ ਹੈ, ਇਹ ਤਾਂ ਜਗਤ ਤੋਂ ਤੁਰਨ ਵੇਲੇ ਇਥੇ ਹੀ ਰਹਿ ਜਾਂਦਾ ਹੈ। ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਦਾ ਦਰਵਾਜ਼ਾ ਖੁਲ੍ਹਦਾ ਹੈ ਉਸ ਨੂੰ ਗੁਰੂ ਮਿਲਦਾ ਹੈ, ਤੇ ਗੁਰੂ ਦੀ ਰਾਹੀਂ ਉਹ ਮਨੁੱਖ ਪ੍ਰਭੂ ਚਰਨਾਂ ਵਿਚ ਜੁੜਦਾ ਹੈ। 15. ਮਾਇਆ ਦੇ ਮੋਹ ਵਿਚ ਫਸਿਆ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝਿਆ ਰਹਿੰਦਾ ਹੈ। ਮਾਇਆ ਦੀ ਖ਼ਾਤਰ ਉਹ ਜ਼ਬਾਨ ਦਾ ਭੀ ਕੱਚਾ ਹੁੰਦਾ ਹੈ। ਅਜਿਹਾ ਮਨੁੱਖ ਆਤਮਕ ਮੌਤੇ ਮਰਿਆ ਰਹਿੰਦਾ ਹੈ, ਲੋਕ ਪਰਲੋਕ ਦੋਵੇਂ ਗਵਾ ਲੈਂਦਾ ਹੈ। 16. ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਜਪਦਾ ਹੈ ਉਹ ਆਪ ਵਿਕਾਰ-ਲਹਿਰਾਂ ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਸਾਥੀਆਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ। ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਉਹ ਦੁਨੀਆ ਦੇ ਲਾਲਚਾਂ ਵਿਚ ਨਹੀਂ ਫਸਦਾ। 17. ਇਹ ਸਾਰਾ ਦਿੱਸਦਾ ਜਗਤ ਨਾਸਵੰਤ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਉਸ ਦਾ ਜੀਵਨ ਸਦਾ ਲਈ ਅਟੱਲ ਹੋ ਜਾਂਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ। 18. ਤੀਰਥ-ਇਸ਼ਨਾਨੀ, ਧਰਮ-ਪੁਸਤਕਾਂ ਦੇ ਵਿਦਵਾਨ ਪਾਠੀ, ਛੇ ਭੇਖਾਂ ਦੇ ਸਾਧੂ, ਕਵੀ, ਜਤੀ ਸਤੀ ਸੰਨਿਆਸੀ = ਇਹ ਸਾਰੇ ਵਿਅਰਥ ਜੀਵਨ ਗੁਜ਼ਾਰ ਕੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਭਾਗਾਂ ਵਾਲਾ ਜੀਵਨ ਹੁੰਦਾ ਹੈ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦਾ। 19. ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਕੀਤੀ ਹੋਈ ਸਿਫ਼ਤਿ-ਸਾਲਾਹ ਹੀ ਇਕ ਐਸਾ ਖ਼ਜ਼ਾਨਾ ਹੈ ਜੋ ਸਦਾ ਅਟੱਲ ਰਹਿੰਦਾ ਹੈ। ਪੂਰਬਲੇ ਜਨਮ ਵਿਚ ਕੀਤੇ ਭਲੇ ਕਰਮਾਂ ਦਾ ਲੇਖ ਜਿਸ ਦੇ ਮੱਥੇ ਉਤੇ ਉੱਘੜਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਇਹ ਨਾਮ-ਖ਼ਜ਼ਾਨਾ ਇਕੱਠਾ ਕਰਦਾ ਹੈ। 20. ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਧਨ ਬਖ਼ਸ਼ਦਾ ਹੈ ਉਸ ਦਾ ਆਚਰਨ ਪਵਿੱਤਰ ਹੋ ਜਾਂਦਾ ਹੈ, ਉਸ ਦਾ ਮਨ ਵਿਕਾਰਾਂ ਵਾਲੇ ਪਾਸੇ ਨਹੀਂ ਡੋਲਦਾ, ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ। 21. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਨਾਮ ਸਿਮਰਨ ਦੀ ਦਾਤਿ ਬਖ਼ਸ਼ਦਾ ਹੈ। ਉਸ ਦੀਆਂ ਮੂੰਹ-ਮੰਗੀਆਂ ਮੁਰਾਦਾਂ ਪੂਰੀਆਂ ਕਰਦਾ ਹੈ। ਸਾਰੇ ਸੁਖ ਉਸ ਦੇ ਦਾਸ ਬਣ ਜਾਂਦੇ ਹਨ। 22. ਪਰਮਾਤਮਾ ਨੇ ਜਿਸ ਮਨੁੱਖ ਨੂੰ ਗੁਰੂ ਦੀ ਸਰਨ ਬਖ਼ਸ਼ੀ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ। ਉਹ ਪਰਮਾਤਮਾ ਦੀ ਮਿਹਰ ਦਾ ਪਾਤਰ ਬਣ ਗਿਆ । ਦੁਨੀਆ ਵਾਲੇ ਸਾਰੇ ਡਰ-ਸਹਿਮ ਉਸ ਦੇ ਅੰਦਰੋਂ ਮੁੱਕ ਗਏ। ਗੂਰੂ-ਜਹਾਜ਼ ਵਿਚ ਬੈਠ ਕੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ। 23. ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ। ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਸੇ ਨੂੰ ਆਪਣੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ। ਲੜੀ-ਵਾਰ ਭਾਵ: (1 ਤੋਂ 5) ਜਗਤ, ਜਗਤ ਦੀ ਤ੍ਰੈ-ਗੁਣੀ ਮਾਇਆ, ਜਗਤ ਦੇ ਸਾਰੇ ਜੀਵ ਪਰਮਾਤਮਾ ਨੇ ਆਪ ਹੀ ਰਚੇ ਹਨ, ਤੇ, ਜਗਤ ਵਿਚ ਹਰ ਥਾਂ ਉਹ ਵਿਆਪਕ ਹੈ। ਪਰ ਜੀਵ ਨੂੰ ਉਹ ਇਨ੍ਹਾਂ ਅੱਖਾਂ ਨਾਲ ਨਹੀਂ ਦਿੱਸਦਾ। ਪਰਮਾਤਮਾ ਨੂੰ ਭੁਲਾ ਕੇ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਸ ਦੀ ਆਪਣੀ ਹੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਜਪਦਾ ਹੈ ਉਹ ਵਿਕਾਰਾਂ ਦੇ ਢਹੇ ਚੜ੍ਹਨੋਂ ਬਚ ਜਾਂਦਾ ਹੈ। ਇਹ ਮਰਯਾਦਾ ਪਰਮਾਤਮਾ ਨੇ ਆਪ ਹੀ ਬਣਾਈ ਹੈ। ਇਹੀ ਹੈ ਇਕੋ ਇਕ ਰਸਤਾ ਮਾਇਆ ਦੇ ਮੋਹ ਤੋਂ ਬਚਣ ਦਾ। (6 ਤੋਂ 10) ਇਹ ਜਗਤ ਇਕ ਅਖਾੜਾ ਹੈ। ਇਸ ਵਿਚ ਕਾਮਾਦਿਕ ਠੱਗ ਜੀਵਾਂ ਦੇ ਆਤਮਕ ਜੀਵਨ ਨੂੰ ਲੁੱਟੀ ਜਾ ਰਹੇ ਹਨ। ਮਨੁੱਖ ਜੀਵਨ ਦੀ ਬਾਜ਼ੀ ਹਾਰਦਾ ਜਾਂਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਇਹਨਾਂ ਦੇ ਢਹੇ ਨਹੀਂ ਚੜ੍ਹਦਾ। (11 ਤੋਂ 15) ਧਾਰਮਿਕ ਪਹਿਰਾਵੇ, ਵਰਤ, ਤਿਲਕ-ਇਸ਼ਨਾਨ ਆਦਿਕ ਮਨੁੱਖ ਨੂੰ ਵਿਕਾਰਾਂ ਦੀ ਮਾਰ ਤੋਂ ਬਚਾ ਨਹੀਂ ਸਕਦੇ। ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਦਾ ਦਰਵਾਜ਼ਾ ਖੁਲ੍ਹਦਾ ਹੈ ਉਹ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਮਾਇਆ ਦੇ ਹੱਲਿਆਂ ਤੋਂ ਬਚਿਆ ਰਹਿੰਦਾ ਹੈ। (16 ਤੋਂ 23) ਜਗਤ ਨਾਸਵੰਤ ਹੈ। ਜੋ ਇਥੇ ਆਇਆ ਉਹ ਆਖ਼ਰ ਕੂਚ ਕਰ ਗਿਆ। ਇਥੇ ਕਾਮਯਾਬ ਜੀਵਨ ਵਾਲਾ ਸਿਰਫ਼ ਉਹੀ ਬਣਿਆ ਜਿਸ ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆ। ਪਰ ਇਹ ਗੱਲ ਮਨੁੱਖ ਦੇ ਆਪਣੇ ਵੱਸ ਦੀ ਨਹੀਂ। ਪਰਮਾਤਮਾ ਆਪ ਹੀ ਮਿਹਰ ਕਰ ਕੇ ਮਨੁੱਖ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਵਿਚ ਜੋੜਦਾ ਹੈ। ਮੁੱਖ-ਭਾਵ: ਪਰਮਾਤਮਾ ਇਹ ਜਗਤ-ਰਚਨਾ ਕਰ ਕੇ ਇਸ ਵਿਚ ਹਰ ਥਾਂ ਮੌਜੂਦ ਹੈ। ਪਰ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ। ਉਸ ਦੀ ਯਾਦ ਭੁਲਾ ਕੇ ਜੀਵ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ। ਜਗਤ ਦਾ ਅਖੌਤੀ ਤਿਆਗ, ਤੀਰਥ-ਇਸ਼ਨਾਨ, ਧਾਰਮਿਕ ਪਹਿਰਾਵੇ = ਅਜੇਹੇ ਕੋਈ ਭੀ ਉੱਦਮ ਮਨੁੱਖ ਨੂੰ ਮਾਇਆ ਦੀ ਮਾਰ ਤੋਂ ਨਹੀਂ ਬਚਾ ਸਕਦੇ। ਜਿਸ ਉਤੇ ਉਸ ਦੀ ਆਪਣੀ ਹੀ ਮਿਹਰ ਹੋਵੇ, ਉਹ ਗੁਰੂ ਦੀ ਸਰਨ ਪੈ ਕੇ ਉਸ ਦਾ ਨਾਮ ਜਪਦਾ ਹੈ ਆਪਣਾ ਜੀਵਨ ਕਾਮਯਾਬ ਬਣਾਂਦਾ ਹੈ। 'ਵਾਰ ਦੀ ਬਣਤਰ' ਇਸ 'ਵਾਰ' ਵਿਚ 23 ਪਉੜੀਆਂ ਹਨ। ਹਰੇਕ ਪਉੜੀ ਦੀਆਂ ਅੱਠ ਅੱਠ ਤੁਕਾਂ ਹਨ। ਹਰੇਕ ਪਉੜੀ ਦੇ ਨਾਲ ਤਿੰਨ ਤਿੰਨ ਸ਼ਲੋਕ ਹਨ। ਹਰੇਕ ਸ਼ਲੋਕ ਦੀਆਂ ਦੋ ਦੋ ਤੁਕਾਂ ਹਨ। ਸਿਰਫ਼ ਪਉੜੀ ਨੰ: 21 ਅਤੇ 22 ਦੇ ਨਾਲ ਤੀਜਾ ਸ਼ਲੋਕ ਤਿੰਨ ਤਿੰਨ ਤੁਕਾਂ ਵਾਲਾ ਹੈ। ਇਹਨਾਂ ਪਉੜੀਆਂ ਵਿਚ ਲਫ਼ਜ਼ 'ਨਾਨਕ' ਹੇਠ-ਲਿਖੀਆਂ ਪਉੜੀਆਂ ਦੇ ਅਖ਼ੀਰ ਵਿਚ ਹੈ– ਨੰ: 5, 10, 15, 22 ਅਤੇ 23। ਲਫ਼ਜ਼ 'ਨਾਨਕ' ਦੀ ਵਰਤੋਂ ਨੂੰ ਸਾਹਮਣੇ ਰੱਖ ਕੇ ਸਾਰੀ 'ਵਾਰ' ਨੂੰ ਪੜ੍ਹਿਆਂ ਇਹ ਸਮਝ ਪੈ ਜਾਂਦੀ ਹੈ ਕਿ ਇਸ 'ਵਾਰ' ਦਾ ਲੜੀ ਵਾਰ ਭਾਵ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਹੁਣ ਵੇਖੋ ਪਉੜੀਆਂ ਦੀ ਅਤੇ ਸ਼ਲੋਕਾਂ ਦੀ ਬੋਲੀ। ਸਾਰੇ ਹੀ ਸ਼ਲੋਕ ਲਹਿੰਦੀ ਬੋਲੀ ਦੇ ਹਨ। ਸਿਰਲੇਖ 'ਸਲੋਕ ਡਖਣੇ' ਭੀ ਇਹੀ ਦੱਸਦਾ ਹੈ। ਸਾਰੇ ਸਲੋਕ ਧਿਆਨ ਨਾਲ ਪੜ੍ਹ ਵੇਖੋ। ਆਪੋ ਵਿਚ ਇਹਨਾਂ ਦੇ ਕਈ ਲਫ਼ਜ਼ ਮਿਲਦੇ ਹਨ। ਇਹ ਸਾਂਝ ਇਹ ਜ਼ਾਹਰ ਕਰਦੀ ਹੈ ਕਿ ਸ਼ਲੋਕ ਇਕੋ ਵਕਤ ਦੇ ਲਿਖੇ ਹੋਏ ਹਨ। ਪਉੜੀਆਂ ਦੀ ਬੋਲੀ ਨਾਲ ਇਹਨਾਂ ਸ਼ਲੋਕਾਂ ਦੀ ਬੋਲੀ ਉੱਕਾ ਹੀ ਨਹੀਂ ਮਿਲਦੀ। ਸਾਰੀ 'ਵਾਰ' ਦੀਆਂ ਪਉੜੀਆਂ ਪਹਿਲਾਂ ਵੱਖ ਲਿਖੀਆਂ ਗਈਆਂ ਹਨ। ਜੈਤਸਰੀ ਕੀ ਵਾਰ ਅਤੇ ਮਾਰੂ ਕੀ ਵਾਰ ਦਾ ਟਾਕਰਾ ਜੈਤਸਰੀ ਕੀ ਵਾਰ ਭੀ ਗੁਰੂ ਅਰਜਨ ਸਾਹਿਬ ਦੀ ਹੈ ਜਿਵੇਂ ਮਾਰੂ ਕੀ ਵਾਰ। ਉਸ 'ਵਾਰ' ਵਿਚ 20 ਪਉੜੀਆਂ ਹਨ। ਪਉੜੀ ਨੰ: 5, 10, 15 ਅਤੇ 20 ਦੇ ਅਖ਼ੀਰ ਵਿਚ ਲਫ਼ਜ਼ 'ਨਾਨਕ' ਵਰਤਿਆ ਹੋਇਆ ਹੈ। ਇਸ ਦਾ ਭਾਵ ਇਹ ਹੈ ਕਿ ਇਸ 'ਵਾਰ' ਦਾ ਲੜੀ-ਵਾਰ ਭਾਵ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ। ਹੁਣ ਵੇਖੋ ਸ਼ਲੋਕਾਂ ਅਤੇ ਪਉੜੀਆਂ ਦੀ ਬੋਲੀ। ਸਾਰੇ ਸ਼ਲੋਕ ਸਹਸਕ੍ਰਿਤੀ ਬੋਲੀ ਵਿਚ ਹਨ, ਤੇ ਪਉੜੀਆਂ ਠੇਠ ਪੰਜਾਬੀ ਵਿਚ। ਪਰ ਮਾਰੂ ਕੀ ਵਾਰ ਵਾਂਗ ਇਥੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਉੜੀਆਂ ਵੱਖ ਲਿਖੀਆਂ ਹਨ ਤੇ ਸ਼ਲੋਕ ਵੱਖ। ਧਿਆਨ ਨਾਲ ਪੜ੍ਹ ਕੇ ਵੇਖੋ। ਜੋ ਲਫ਼ਜ਼ ਸ਼ਲੋਕਾਂ ਵਿਚ ਵਰਤੇ ਹਨ, ਜੋ ਖ਼ਿਆਲ ਸ਼ਲੋਕਾਂ ਵਿਚ ਦਿੱਤੇ ਹਨ, ਉਹੀ ਖ਼ਿਆਲ ਪਉੜੀ ਵਿਚ ਦੁਹਰਾਏ ਹਨ, ਉਹੀ ਲਫ਼ਜ਼ ਪਉੜੀ ਵਿਚ ਆਏ ਹਨ। ਹਾਂ, ਬੋਲੀ ਬਦਲ ਗਈ ਹੈ। ਸੋ, 'ਜੈਤਸਰੀ ਕੀ ਵਾਰ' ਬਾਰੇ ਯਕੀਨੀ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਹਰੇਕ ਸ਼ਲੋਕ-ਜੁੱਟ ਅਤੇ ਉਹਨਾਂ ਦੇ ਨਾਲ ਦੀ ਪਉੜੀ ਨਾਲੋ ਨਾਲ ਹੀ ਲਿਖੇ ਗਏ ਹਨ। 'ਜੈਤਸਰੀ ਕੀ ਵਾਰ' ਦੀ ਹਰੇਕ ਪਉੜੀ ਵਿਚ ਪੰਜ ਪੰਜ ਤੁਕਾਂ ਹਨ। ਹਰੇਕ ਪਉੜੀ ਦੇ ਨਾਲ ਦੋ ਦੋ ਸ਼ਲੋਕ ਹਨ। ਹਰੇਕ ਸ਼ਲੋਕ ਵਿਚ ਦੋ ਦੋ ਤੁਕਾਂ ਹਨ। ਪਰ ਪਉੜੀ ਨੰ: 11 ਦੇ ਪਹਿਲੇ ਸ਼ਲੋਕ ਦੀਆਂ ਤਿੰਨ ਤੁਕਾਂ ਹਨ। ਨੋਟ: ਪਾਠਕਾਂ ਦੀ ਸਹੂਲਤ ਵਾਸਤੇ ਇਥੇ ਜੈਤਸਰੀ ਦੀ ਵਾਰ ਦਾ ਭੀ ਪਉੜੀ-ਵਾਰ, ਲੜੀ-ਵਾਰ ਅਤੇ ਮੁੱਖ ਭਾਵ ਦਿੱਤਾ ਜਾਂਦਾ ਹੈ। ਉਸ 'ਵਾਰ' ਦੇ ਟੀਕੇ ਨਾਲ ਨਹੀਂ ਸੀ ਦਿੱਤਾ ਗਿਆ। ਜੈਤਸਰੀ ਕੀ ਵਾਰ ਮ: 5 ਪਉੜੀ-ਵਾਰ ਭਾਵ: 1. ਸਭ ਤਾਕਤਾਂ ਦਾ ਮਾਲਕ ਪਰਮਾਤਮਾ ਇਹ ਸਾਰੀ ਜਗਤ-ਰਚਨਾ ਰਚ ਕੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ। ਇਹ ਸੂਝ ਪਰਮਾਤਮਾ ਆਪ ਹੀ ਜੀਵ ਨੂੰ ਬਖ਼ਸ਼ਦਾ ਹੈ। ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਮਨੁੱਖ ਦਾ ਜੀਵਨ-ਮਨੋਰਥ ਹੈ। 2. ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਕੇ ਮਨੁੱਖ ਦੀ ਜ਼ਿੰਦਗੀ ਸੁਖੀ ਨਹੀਂ ਹੋ ਸਕਦੀ। ਇਸ ਤਰ੍ਹਾਂ ਮਨੁੱਖ ਜੀਵਨ-ਬਾਜ਼ੀ ਹਾਰ ਕੇ ਇਥੋਂ ਜਾਂਦਾ ਹੈ। 3. ਜਿੰਦ, ਪ੍ਰਾਣ, ਸਰੀਰ, ਧਨ, ਸੁਆਦਲੇ ਪਦਾਰਥ, ਘਰ, ਇਸਤ੍ਰੀ, ਪੁੱਤਰ = ਇਹ ਸਭ ਕੁਝ ਦੇਣ ਵਾਲੇ ਪਰਮਾਤਮਾ ਨੂੰ ਮਨੋਂ ਕਦੇ ਭੁਲਾਣਾ ਨਹੀਂ ਚਾਹੀਦਾ। ਉਸ ਦਾ ਸਿਮਰਨ ਕੀਤਿਆਂ ਜੀਵਨ ਸੁਖੀ ਗੁਜ਼ਰਦਾ ਹੈ। 4. ਇਹ ਸਭ ਕੁਝ ਦੇਣ ਵਾਲੇ ਪਰਮਾਤਮਾ ਨੂੰ ਭੁਲਾ ਦੇਣਾ ਅਕਿਰਤਘਣਾਂ ਵਾਲਾ ਜੀਵਨ ਹੈ। ਇਹਨਾਂ ਪਦਾਰਥਾਂ ਦਾ ਕੀਹ ਮਾਣ? ਜਿੰਦ ਨਿਕਲਦਿਆਂ ਹੀ ਇਹ ਸਰੀਰ ਸੁਆਹ ਦੀ ਢੇਰੀ ਹੋ ਜਾਂਦਾ ਹੈ। ਦੁਨੀਆ ਵਾਲੇ ਪਦਾਰਥ ਇਥੇ ਹੀ ਰਹਿ ਜਾਂਦੇ ਹਨ। 5. ਦੁਨੀਆ ਦੇ ਪਦਾਰਥਾਂ ਦਾ ਮੋਹ ਤਾਂ ਸਹਿਮ ਦਾ ਕਾਰਨ ਬਣਦਾ ਹੈ। ਪਰਮਾਤਮਾ ਦਾ ਨਾਮ ਹੀ ਦੁੱਖਾਂ ਸਹਿਮਾਂ ਦਾ ਨਾਸ ਕਰਨ ਵਾਲਾ ਹੈ, ਤੇ ਸਦਾ ਦਾ ਸਾਥੀ ਹੈ। ਪਰਮਾਤਮਾ ਪਾਸੋਂ ਉਸ ਦੇ ਨਾਮ ਦੀ ਦਾਤਿ ਹੀ ਮੰਗਿਆ ਕਰੋ। 6. ਦੁਨੀਆ ਦੇ ਸਾਰੇ ਭੋਗ-ਪਦਾਰਥ ਮਨੁੱਖ ਨੂੰ ਮਿਲੇ ਹੋਏ ਹੋਣ, ਪਰ ਜੇ ਉਹ ਇਹ ਪਦਾਰਥ ਦੇਣ ਵਾਲੇ ਪਰਮਾਤਮਾ ਨੂੰ ਭੁਲਾ ਰਿਹਾ ਹੈ, ਤਾਂ ਉਸ ਨੂੰ ਗੰਦ ਦਾ ਕੀੜਾ ਹੀ ਸਮਝੋ। ਨਾਮ ਤੋਂ ਬਿਨਾ ਆਤਮਕ ਸੁਖ ਨਹੀਂ ਹੈ। 7. ਪਰ ਦੂਜੇ ਪਾਸੇ, ਜੇ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਪਾਟੇ ਹੋਏ ਹੋਣ, ਪੱਲੇ ਧਨ ਨਾਹ ਹੋਵੇ, ਕੋਈ ਸਾਕ-ਸੈਣ ਭੀ ਨਾਹ ਹੋਣ, ਪਰ ਜੇ ਉਹ ਪਰਮਾਤਮਾ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਧਰਤੀ ਦਾ ਰਾਜਾ ਸਮਝੋ। ਉਸ ਦੇ ਚਰਨਾਂ ਦੀ ਧੂੜ ਨਾਲ ਮਨ ਵਿਕਾਰਾਂ ਤੋਂ ਬਚਦਾ ਹੈ। 8. ਦੁਨੀਆ ਦੇ ਮੌਜ-ਮੇਲਿਆਂ ਵਿਚ ਪਰਮਾਤਮਾ ਨੂੰ ਭੁਲਾ ਦੇਣ ਨਾਲ ਸਾਰੀ ਉਮਰ ਅਜਾਈਂ ਹੀ ਜਾਂਦੀ ਹੈ। 9. ਇਹ ਸਭ ਪਦਾਰਥ ਨਾਸਵੰਤ ਹਨ। ਇਹਨਾਂ ਨੂੰ ਸਦਾ ਟਿਕੇ ਰਹਿਣ ਵਾਲੇ ਨਾਹ ਸਮਝੋ। ਇਹਨਾਂ ਦੀ ਖ਼ਾਤਰ ਕਾਮਾਦਿਕ ਵਿਕਾਰਾਂ ਵਿਚ ਝੱਲੇ ਨਾਹ ਹੋਏ ਫਿਰੋ। 10. ਇਹ ਇਕੱਠੀ ਕੀਤੀ ਹੋਈ ਮਾਇਆ ਜਗਤ ਤੋਂ ਤੁਰਨ ਵੇਲੇ ਮਨੁੱਖ ਦੇ ਨਾਲ ਨਹੀਂ ਜਾਂਦੀ। ਪਰਮਾਤਮਾ ਨੂੰ ਵਿਸਾਰਿਆਂ ਨਿਰੀ ਮਾਇਆ ਨਾਲ ਮਨੁੱਖ ਰੱਜਦਾ ਭੀ ਨਹੀਂ। 11. ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਨੂੰ ਨਾਮ ਦੇ ਟਾਕਰੇ ਤੇ ਦੁਨੀਆ ਦੇ ਸਾਰੇ ਪਦਾਰਥ ਬੇ-ਸੁਆਦੇ ਜਾਪਦੇ ਹਨ। ਗੁਰੂ ਦੀ ਕਿਰਪਾ ਨਾਲ ਉਹਨਾਂ ਦੇ ਅੰਦਰੋਂ ਆਤਮਕ ਜੀਵਨ ਵਲੋਂ ਹਨੇਰਾ ਦੂਰ ਹੋ ਜਾਂਦਾ ਹੈ। ਉਹਨਾਂ ਦਾ ਮਨ ਪ੍ਰਭੂ-ਚਰਨਾਂ ਵਿਚ ਪ੍ਰੋਤਾ ਰਹਿੰਦਾ ਹੈ । 12. ਜਿਵੇਂ ਮੱਛੀ ਪਾਣੀ ਤੋਂ ਬਿਨਾ, ਚਾਤ੍ਰਿਕ ਮੀਂਹ ਦੀ ਬੂੰਦ ਤੋਂ ਬਿਨਾ, ਭੌਰਾ ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਸੰਤ ਜਨ ਪ੍ਰਭੂ ਦੀ ਯਾਦ ਤੋਂ ਬਿਨਾ ਨਹੀਂ ਰਹਿ ਸਕਦੇ। 13. ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੇ ਦਰਸਨ ਵਾਸਤੇ ਹੀ ਅਰਜ਼ੋਈਆਂ ਕਰਦੇ ਹਨ। 14. ਭਾਗਾਂ ਵਾਲੇ ਹਨ ਉਹ ਮਨੁੱਖ ਜੋ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਜਿਨ੍ਹਾਂ ਦੇ ਹੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ, ਜਿਨ੍ਹਾਂ ਦੇ ਪੈਰ ਸਾਧ-ਸੰਗਤਿ ਵਾਲੇ ਪਾਸੇ ਤੁਰਦੇ ਹਨ। 15. ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਨੂੰ ਜ਼ਿੰਦਗੀ ਦਾ ਉਹੀ ਸਮਾ ਭਾਗਾਂ ਵਾਲਾ ਜਾਪਦਾ ਹੈ ਜਦੋਂ ਉਹ ਪ੍ਰਭੂ ਦੀ ਯਾਦ ਵਿਚ ਜੁੜਦੇ ਹਨ। ਉਹ ਜਾਣਦੇ ਹਨ ਕਿ ਚੰਗੇ ਭਾਗਾਂ ਨਾਲ ਹੀ ਸਾਧ ਸੰਗਤਿ ਦਾ ਮਿਲਾਪ ਹੁੰਦਾ ਹੈ ਜਿਥੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਸਕੀਦਾ ਹੈ। 16. ਭਗਤੀ ਕਰਨ ਵਾਲਿਆਂ ਨਾਲ ਪਿਆਰ ਕਰਨਾ, ਤੇ ਵਿਕਾਰਾਂ ਵਿਚ ਡਿੱਗਿਆਂ ਨੂੰ ਬਚਾਣਾ = ਪਰਮਾਤਮਾ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ। 17. ਪਰਮਾਤਮਾ ਦਾ ਨਾਮ ਸਿਮਰਿਆਂ ਮਨੁੱਖ ਦਾ ਮਨ ਸ਼ਾਂਤ ਰਹਿੰਦਾ ਹੈ, ਮਾਇਆ ਦੀ ਤਪਸ਼ ਤੋਂ ਬਚਿਆ ਰਹਿੰਦਾ ਹੈ। 18. ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮਨੁੱਖ ਉਤੇ ਮਾਇਆ ਜ਼ੋਰ ਨਹੀਂ ਪਾ ਸਕਦੀ। 19. ਗੁਰੂ ਦੀ ਸਰਨ ਵਿਚ ਰਹਿ ਕੇ ਪਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ। ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ। 20. ਸਿਮਰਨ ਦੀ ਦਾਤਿ ਵਾਸਤੇ ਸਦਾ ਪਰਮਾਤਮਾ ਦੇ ਦਰ ਤੇ ਅਰਦਾਸ ਕਰਦੇ ਰਹੋ। ਲੜੀ-ਵਾਰ ਭਾਵ: 1. (1 ਤੋਂ 5) ਦੁਨੀਆ ਦੇ ਸਾਰੇ ਪਦਾਰਥ ਦੇਣ ਵਾਲੇ ਪਰਮਾਤਮਾ ਦੀ ਯਾਦ ਭੁਲਾਣੀ ਅਕਿਰਤਘਣਾਂ ਵਾਲਾ ਜੀਵਨ ਹੈ। 2. (6 ਤੋਂ 10) ਦੁਨੀਆ ਦੇ ਮੌਜ-ਮੇਲਿਆਂ ਵਿਚ ਪਰਮਾਤਮਾ ਨੂੰ ਭੁਲਾਇਆਂ ਜੀਵਨ ਅਜਾਈਂ ਚਲਾ ਜਾਂਦਾ ਹੈ। 3. (11 ਤੋਂ 15) ਪਰਮਾਤਮਾ ਦੇ ਭਗਤ ਨੂੰ ਨਾਮ ਦੇ ਟਾਕਰੇ ਤੇ ਦੁਨੀਆ ਦੇ ਪਦਾਰਥ ਬੇ-ਸੁਆਦੇ ਜਾਪਦੇ ਹਨ। 4. (16 ਤੋਂ 20) ਨਾਮ ਸਿਮਰਿਆਂ ਮਨ ਵਿਕਾਰਾਂ ਦੇ ਹੱਲਿਆਂ ਤੋਂ ਬਚਿਆ ਰਹਿੰਦਾ ਹੈ; ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲਦਾ ਹੈ। ਮੁੱਖ-ਭਾਵ: ਪਰਮਾਤਮਾ ਦਾ ਨਾਮ ਸਿਮਰਨਾ ਹੀ ਮਨੁੱਖਾ ਜੀਵਨ ਦਾ ਅਸਲ ਮਨੋਰਥ ਹੈ। ਇਹ ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ। 'ਮਾਰੂ ਕੀ ਵਾਰ' ਬਾਰੇ ਜ਼ਰੂਰੀ ਨੋਟ: ਪਾਠਕ ਸੱਜਣ ਇਹ ਚੇਤੇ ਰੱਖਣ ਕਿ ਗੁਰੂ ਅਰਜਨ ਸਾਹਿਬ ਦੀ ਇਹ 'ਵਾਰ' ਮਾਰੂ ਰਾਗ ਵਿਚ ਦਰਜ 'ਮਾਰੂ ਕੀ ਵਾਰ' ਹੈ 'ਡੱਖਣੇ ਕੀ ਵਾਰ' ਨਹੀਂ ਹੈ। 'ਡਖਣੇ' ਤਾਂ ਸਿਰਫ਼ ਸ਼ਲੋਕ ਹਨ, 'ਲਹਿੰਦੀ' ਬੋਲੀ ਵਿਚ ਸ਼ਲੋਕ। ਮਾਰੂ ਵਾਰ ਮਹਲਾ ੫ ਡਖਣੇ ਮਃ ੫ ੴ ਸਤਿਗੁਰ ਪ੍ਰਸਾਦਿ ॥ ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥੧॥ {ਪੰਨਾ 1094} ਪਦ ਅਰਥ: ਚਉ = ਕਹੁ, ਦੱਸ। ਸਜਣ ਮੈਡਿਆ = ਹੇ ਮੇਰੇ ਸੱਜਣ! ਡੇਈ = ਡੇਈਂ, ਮੈਂ ਦਿਆਂ। ਸਿਸੁ = ਸੀਸ, ਸਿਰ। ਮਹਿੰਜੇ = ਮੇਰੇ। ਪਸੀ = ਪੱਸੀਂ, ਮੈਂ ਵੇਖਾਂ। ਅਰਥ: ਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ, ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ।1। ਮਃ ੫ ॥ ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥ ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥੨॥ {ਪੰਨਾ 1094} ਪਦ ਅਰਥ: ਨੀਹ = ਪ੍ਰੇਮ। ਤਊ ਨਾਲਿ = ਤੇਰੇ ਨਾਲ। ਬਿਆ = ਦੂਜੇ। ਕੂੜਾਵੇ = ਝੂਠੇ। ਡੇਖੁ = ਮੈਂ ਵੇਖ ਲਏ ਹਨ। ਪਿਰੀ = ਖਸਮ-ਪ੍ਰਭੂ। ਅਰਥ: ਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ) । ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ।2। ਮਃ ੫ ॥ ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥ ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥੩॥ {ਪੰਨਾ 1094} ਪਦ ਅਰਥ: ਉਠੀ = ਉੱਠੀਂ, ਮੈਂ ਉੱਠਾਂ। ਝਾਲੂ = ਝਲਾਂਗੇ, ਸਵੇਰੇ। ਕੰਤੜੇ = ਹੇ ਸੋਹਣੇ ਕੰਤ! ਹਉ = ਮੈਂ। ਪਸੀ = ਪੱਸੀਂ, ਵੇਖਾਂ। ਕਾਜਲੁ = ਕੱਜਲ, ਸੁਰਮਾ। ਤਮੋਲ = ਪਾਨ। ਹਭਿ = ਸਾਰੇ। ਛਾਰੁ = ਸੁਆਹ। ਅਰਥ: ਹੇ ਸੋਹਣੇ ਕੰਤ! ਸਵੇਰੇ ਉੱਠਾਂ ਤੇ (ਪਹਿਲਾਂ) ਤੇਰਾ ਦਰਸਨ ਕਰਾਂ। ਤੇਰਾ ਦਰਸਨ ਕਰਨ ਤੋਂ ਬਿਨਾ ਕੱਜਲ ਹਾਰ ਪਾਨ ਦਾ ਰਸ = ਇਹ ਸਾਰੇ ਹੀ ਰਸ ਸੁਆਹ ਸਮਾਨ ਹਨ।3। ਪਉੜੀ ॥ ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥ ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥ ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥ ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥ ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥ ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥ ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥ ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥੧॥ {ਪੰਨਾ 1094} ਪਦ ਅਰਥ: ਸਚਾ = ਸਦਾ-ਥਿਰ ਰਹਿਣ ਵਾਲਾ। ਧਾਰਿਆ = ਟਿਕਾਇਆ ਹੋਇਆ, ਪੈਦਾ ਕੀਤਾ। ਗੁਰਮੁਖਿ = ਗੁਰੂ ਦੇ ਸਨਮੁਖ। ਗੁਰਮੁਖਿ ਥਾਟੁ = ਗੁਰੂ ਦੇ ਰਾਹ ਤੇ ਤੁਰਨ ਦਾ ਨਿਯਮ। ਸਿਰਜਿ = ਪੈਦਾ ਕਰ ਕੇ। ਨਵ = ਨੌ। ਸਾਜਿ = ਸਾਜ ਕੇ। ਵੇਕੀ = ਰੰਗਾ ਰੰਗ ਦੇ। ਅੰਤਰਿ = (ਉਹ ਜੀਵਾਂ ਦੇ) ਅੰਦਰ। ਕਲ = ਸੱਤਿਆ। ਅਰਥ: ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਅਤੇ ਤੂੰ ਆਪਣਾ ਅਟੱਲ ਨਿਯਮ ਹੀ ਹਰ ਥਾਂ ਕਾਇਮ ਕੀਤਾ ਹੋਇਆ ਹੈ। ਜਗਤ ਪੈਦਾ ਕਰ ਕੇ ਤੂੰ ਇਹ ਨਿਯਮ ਭੀ ਬਣਾ ਦਿੱਤਾ ਕਿ (ਜੀਵਾਂ ਨੂੰ) ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ। ਹੇ ਹਰੀ! ਤੇਰੀ ਹੀ ਆਗਿਆ ਅਨੁਸਾਰ ਵੇਦ (ਆਦਿਕ ਧਰਮ-ਪੁਸਤਕਾਂ ਪਰਗਟ) ਹੋਏ, ਜਿਨ੍ਹਾਂ ਨੇ (ਜਗਤ ਵਿਚ) ਪਾਪ ਤੇ ਪੁੰਨ ਨੂੰ ਨਿਖੇੜਿਆ ਹੈ, ਤੂੰ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਨੂੰ ਪੈਦਾ ਕੀਤਾ, ਤੂੰ ਹੀ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ-ਰੂਪ ਜਗਤ ਬਣਾਇਆ ਹੈ। ਹੇ ਹਰੀ! ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਇਸ ਵਿਚ ਅਨੇਕਾਂ ਰੰਗ ਸਜਾਏ ਹਨ। ਵਖ ਵਖ ਭਾਂਤ ਦੇ ਜੀਵ ਪੈਦਾ ਕਰ ਕੇ ਤੂੰ (ਜੀਵਾਂ ਦੇ ਅੰਦਰ) ਆਪਣੀ ਸੱਤਿਆ ਕਾਇਮ ਕੀਤੀ ਹੈ। ਹੇ ਸਦਾ-ਥਿਰ ਸਿਰਜਣਹਾਰ! ਕੋਈ ਜੀਵ (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣ ਸਕਦਾ। ਸਭ ਤਰ੍ਹਾਂ ਦੇ ਭੇਤ ਤੂੰ ਆਪ ਹੀ ਜਾਣਦਾ ਹੈਂ, ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉਤੇ ਤੋਰ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦਾ ਹੈਂ।1। ਡਖਣੇ ਮਃ ੫ ॥ ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥ ਜੀਉ ਮਹਿੰਜਾ ਤਉ ਮੋਹਿਆ ਕਦਿ ਪਸੀ ਜਾਨੀ ਤੋਹਿ ॥੧॥ {ਪੰਨਾ 1094} ਪਦ ਅਰਥ: ਹਿਕ = ਇੱਕ। ਭੋਰੀ = ਰਤਾ ਭਰ। ਮਹਿੰਜਾ = ਮੇਰਾ। ਜਾਨੀ = ਹੇ ਪਿਆਰੇ! ਤੋਹਿ = ਤੈਨੂੰ। ਪਸੀ = ਪੱਸੀਂ, ਮੈਂ ਵੇਖਾਂ। ਅਰਥ: ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ। ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ।1। ਮਃ ੫ ॥ ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥ ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥੨॥ {ਪੰਨਾ 1094} ਪਦ ਅਰਥ: ਜਲੁ = ਸੜ ਜਾ। ਭਾਹੜੀ = ਅੱਗ ਵਿਚ। ਮੈਡਾ = ਮੇਰਾ। ਉਲਾਹਿ = ਲਾਹ ਦੇ, ਦੂਰ ਕਰ ਦੇ। ਅਰਥ: ਹੇ ਦੁਰਜਨ! ਤੂੰ ਅੱਗ ਵਿਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ। ਹੇ (ਮੇਰੇ) ਕੰਤ! ਤੂੰ ਨੋਟ: ਅਗਲੇ ਸ਼ਲੋਕ ਵਿਚ ਸਾਹਿਬ ਲਿਖਦੇ ਹਨ ਕਿ 'ਦੁਰਜਨ' ਤੇ 'ਵਿਛੋੜਾ' ਕੌਣ ਹਨ। ਮਃ ੫ ॥ ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥ ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥੩॥ {ਪੰਨਾ 1094} ਪਦ ਅਰਥ: ਦੂਜਾ ਭਾਉ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦਾ ਪਿਆਰ। ਜਿਸੁ ਮਿਲਿ = ਜਿਸ ਨੂੰ ਮਿਲ ਕੇ। ਕੀਚੈ = ਕਰ ਸਕੀਦਾ ਹੈ। ਭੋਗੁ = ਆਨੰਦ। ਦੁਰਜਨੁ = ਦੁਸ਼ਮਨ। ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ। ਅਰਥ: (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਣ ਵਾਲਾ) ਹੈ। ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ੍ਰ ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ।3। ਪਉੜੀ ॥ ਤੂ ਅਗਮ ਦਇਆਲੁ ਬੇਅੰਤੁ ਤੇਰੀ ਕੀਮਤਿ ਕਹੈ ਕਉਣੁ ॥ ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥ ਤੇਰੀ ਕੁਦਰਤਿ ਕੋਇ ਨ ਜਾਣੈ ਮੇਰੇ ਠਾਕੁਰ ਸਗਲ ਰਉਣ ॥ ਤੁਧੁ ਅਪੜਿ ਕੋਇ ਨ ਸਕੈ ਤੂ ਅਬਿਨਾਸੀ ਜਗ ਉਧਰਣ ॥ ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥ ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥ ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥ {ਪੰਨਾ 1094-1095} ਪਦ ਅਰਥ: ਅਗਮ = ਅਪਹੁੰਚ। ਸਿਰਜਿਆ = ਪੈਦਾ ਕੀਤਾ। ਨਾਇਕੁ = ਮਾਲਕ। ਸਗਲ ਭਉਣ = ਸਾਰੇ ਭਵਨਾਂ ਦਾ। ਸਗਲ ਰਉਣ = ਹੇ ਸਰਬ ਵਿਆਪਕ! ਜਗ ਉਧਰਣ = ਜਗਤ ਦਾ ਬੇੜਾ ਪਾਰ ਕਰਨ ਵਾਲਾ। ਧਰਣੀ = ਧਰਤੀਆਂ। ਆਵਣ ਜਾਣਾ = ਜੰਮਣਾ ਮਰਨਾ। ਲੇਪੁ = ਅਸਰ, ਪ੍ਰਭਾਵ। ਤ੍ਰਿਣ = ਤੀਲੇ ਜਿਤਨਾ ਭੀ। ਹੋਰਤੁ = ਹੋਰ ਦੀ ਰਾਹੀਂ। ਉਪਾਇ = ਉਪਾਵ ਦੀ ਰਾਹੀਂ। ਹੋਰਤੁ ਉਪਾਇ = ਕਿਸੇ ਹੋਰ ਉਪਾਵ ਦੀ ਰਾਹੀਂ। ਅਰਥ: ਹੇ ਪ੍ਰਭੂ! ਤੂੰ ਅਪਹੁੰਚ ਹੈਂ ਦਇਆਲ ਤੇ ਬੇਅੰਤ ਹੈਂ, ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ। ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈਂ। ਹੇ ਮੇਰੇ ਸਰਬ-ਵਿਆਪਕ ਮਾਲਕ! ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ। ਹੇ ਜਗਤ ਉੱਧਾਰਣ ਵਾਲੇ ਅਬਿਨਾਸੀ ਪ੍ਰਭੂ! ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ। ਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ (ਸਮਾ ਬਣਾਣ ਵਾਲਾ ਤੇ ਸਮੇ ਦੀ ਵੰਡ ਕਰਨ ਵਾਲਾ ਤੂੰ ਹੀ ਹੈਂ) । (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੈ, (ਜਨਮ ਮਰਨ ਦੇ ਗੇੜ ਦਾ) ਰਤਾ ਭੀ ਪ੍ਰਭਾਵ ਤੇਰੇ ਉਤੇ ਨਹੀਂੰ ਪੈਂਦਾ। ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਦਿਆਲ ਹੁੰਦਾ ਹੈਂ ਉਸ ਨੂੰ ਗੁਰੂ ਦੀ ਚਰਨੀਂ ਲਾਂਦਾ ਹੈਂ (ਕਿਉਂਕਿ) ਹੇ ਸ੍ਰਿਸ਼ਟੀ-ਕਰਤਾ ਅਬਿਨਾਸ਼ੀ ਪ੍ਰਭੂ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕਿਸੇ ਭੀ ਉਪਾਵ ਨਾਲ ਤੂੰ ਮਿਲ ਨਹੀਂ ਸਕਦਾ।2। |
Sri Guru Granth Darpan, by Professor Sahib Singh |