ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1095 ਡਖਣੇ ਮਃ ੫ ॥ ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥ ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥ {ਪੰਨਾ 1095} ਪਦ ਅਰਥ: ਵਤਹਿ = ਆ ਜਾਏਂ। ਅੰਙਣੇ = (ਹਿਰਦੇ-) ਵੇਹੜੇ ਵਿਚ। ਹਭ = ਸਾਰੀ। ਧਰਤਿ = (ਭਾਵ,) ਸਰੀਰ। ਵਾਤ = ਗੱਲ, ਖ਼ਬਰ। ਅਰਥ: ਹੇ ਪ੍ਰਭੂ-ਕੰਤ! ਜੇ ਤੂੰ ਮੇਰੇ (ਹਿਰਦੇ-) ਵੇਹੜੇ ਵਿਚ ਆ ਜਾਏਂ, ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ। ਪਰ ਇਕ ਖਸਮ-ਪ੍ਰਭੂ ਤੋਂ ਬਿਨਾ ਕੋਈ ਮੇਰੀ ਖ਼ਬਰ-ਸੁਰਤਿ ਹੀ ਨਹੀਂ ਪੁੱਛਦਾ (ਭਾਵ, ਜੇ ਪ੍ਰਭੂ ਹਿਰਦੇ ਵਿਚ ਵੱਸ ਪਏ, ਤਾਂ ਸਾਰੇ ਸ਼ੁਭ ਗੁਣਾਂ ਨਾਲ ਗਿਆਨ ਇੰਦ੍ਰੇ ਚਮਕ ਉਠਦੇ ਹਨ। ਜੇ ਪ੍ਰਭੂ ਤੋਂ ਵਿਛੋੜਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਢੁਕਦਾ) ।1। ਮਃ ੫ ॥ ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥ ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥ {ਪੰਨਾ 1095} ਪਦ ਅਰਥ: ਟੋਲ = ਪਦਾਰਥ। ਮਲਿ = ਮੱਲ ਕੇ। ਪਹੀ = ਜੀਵ-ਰਾਹੀ। ਬਿਰਥੜਾ = ਖ਼ਾਲੀ-ਹੱਥ। ਜੋ = ਜੇਹੜਾ ਜੀਵ-ਰਾਹੀ। ਘਰਿ = ਘਰ ਵਿਚ, ਹਿਰਦੇ-ਘਰ ਵਿਚ। ਅਰਥ: ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ (ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ।2। ਮਃ ੫ ॥ ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥ ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥ {ਪੰਨਾ 1095} ਪਦ ਅਰਥ: ਕੰਤ ਕੂ = ਕੰਤ ਦੀ ਖ਼ਾਤਰ। ਹਭੁ = ਸਾਰਾ। ਇਤੀ = ਇਤਨੀ ਭੀ। ਮੰਝਿ = ਵਿਚਕਾਰ, ਮੇਰੇ ਤੇ ਪਤੀ ਦੇ ਵਿਚਕਾਰ। ਨ ਸਮਾਵਈ = ਨਹੀਂ ਟਿਕ ਸਕਦੀ, ਟਿਕੀ ਹੋਈ ਚੰਗੀ ਨਹੀਂ ਲੱਗਦੀ। ਗਲਿ = ਗਲ ਵਿਚ। ਅਰਥ: ਮੈਂ ਪਤੀ ਨੂੰ ਮਿਲਣ ਵਾਸਤੇ ਸੇਜ ਵਿਛਾਈ ਤੇ ਹੋਰ ਸਾਰਾ ਹਾਰ-ਸਿੰਗਾਰ ਕੀਤਾ (ਹਿਰਦਾ-ਸੇਜ ਸਜਾਣ ਵਾਸਤੇ ਕਈ ਧਾਰਮਿਕ ਸਾਧਨ ਕੀਤੇ) , ਪਰ ਹੁਣ (ਜਦੋਂ ਉਹ ਮਿਲ ਪਿਆ ਹੈ ਤਾਂ) ਜੇ ਮੈਂ (ਆਪਣੇ ਗਲ ਵਿਚ) ਇਕ ਹਾਰ ਭੀ ਪਹਿਨ ਲਵਾਂ (ਤਾਂ ਇਹ ਹਾਰ ਪਤੀ-ਮਿਲਾਪ ਦੇ ਰਸਤੇ ਵਿਚ ਵਿੱਥ ਪਾਂਦਾ ਹੈ, ਤੇ) ਪਤੀ ਤੇ ਮੇਰੇ ਵਿਚਕਾਰ ਇਤਨੀ ਵਿੱਥ ਨੂੰ ਭੀ ਸਮਾਈ ਨਹੀਂ ਹੈ (ਭਾਵ, ਲੋਕਾਚਾਰੀ ਧਾਰਮਿਕ ਸਾਧਨ ਪਤੀ-ਮਿਲਾਪ ਦੇ ਰਸਤੇ ਵਿਚ ਰੁਕਾਵਟ ਹਨ) ।3। ਪਉੜੀ ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥ ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥ ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥ ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥ ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥ {ਪੰਨਾ 1095} ਪਦ ਅਰਥ: ਸਮਾਵਹੀ = ਤੂੰ ਵਿਆਪਕ ਹੈਂ। ਕਿਉ = ਕਿਸ ਤਰੀਕੇ ਨਾਲ? ਭੰਡਾਰ = ਖ਼ਜ਼ਾਨੇ। ਤੋਟਿ = ਘਾਟ, ਕਮੀ। ਏਹਿ = ਇਹ ਸਾਰੇ। ਕੀਮ = ਮੁੱਲ। ਅਰਥ: ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ। ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ। ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ? ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ। (ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ, ਤੇਰੇ ਗੁਣਾਂ ਦੇ ਖ਼ਜ਼ਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੇ ਇਵਜ਼ ਵਿਚ ਗੁਣਾਂ ਦੇ ਖ਼ਜ਼ਾਨੇ ਮਿਲ ਸਕਣ) । ਜਿਸ ਜੀਵ ਉਤੇ ਤੂੰ ਦਇਆ ਕਰਦਾ ਹੈਂ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਜੋੜਦਾ ਹੈਂ। (ਗੁਰੂ ਦੀ ਸਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ।3। ਡਖਣੇ ਮਃ ੫ ॥ ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥ ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥ {ਪੰਨਾ 1095} ਪਦ ਅਰਥ: ਮੂ = ਮੈਂ। ਪਸੀ = ਪੱਸੀਂ, ਮੈਂ ਵੇਖਦਾ ਹਾਂ। ਹਠ ਮੈ = ਹਿਰਦੇ ਵਿਚ। ਮਹਿਜੈ = ਮੇਰੇ। ਉਲਾਹਿਅਮੁ = ਉਸ ਨੇ ਮੇਰੇ (ਦੁੱਖ) ਲਾਹ ਦਿੱਤੇ ਹਨ। ਨਦਰਿ = ਮਿਹਰ ਦੀ ਨਿਗਾਹ। ਨਿਹਾਲਿ = ਵੇਖ ਕੇ। ਅਰਥ: ਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ। ਹੇ ਨਾਨਕ! ਮਿਹਰ ਦੀ ਨਿਗਾਹ ਕਰ ਕੇ ਉਸ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ।1। ਮਃ ੫ ॥ ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥ ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥ {ਪੰਨਾ 1095} ਪਦ ਅਰਥ: ਭਖੇ ਵਾਉ = ਤੇਰੀ ਵਾ ਭਖ ਰਿਹਾ ਹੈ, ਤੇਰੀ ਸੋਇ ਸੁਣ ਰਿਹਾ ਹੈ। ਲੰਮੇ = ਬੇਅੰਤ ਜੀਵ। ਸੇਵਹਿ = ਸੇਂਵਦੇ ਹਨ, ਮੱਲੀ ਬੈਠੇ ਹਨ। ਪਿਰੀਏ = ਹੇ ਪਤੀ! ਸਾਉ = ਸੁਆਉ, ਮਨੋਰਥ। ਜੋਈ = ਜੋਈਂ, ਮੈਂ ਤੱਕ ਰਿਹਾ ਹਾਂ। ਸਾਈ = ਹੇ ਸਾਈਂ! ਅਰਥ: ਹੇ ਪ੍ਰਭੂ! ਬੇਅੰਤ ਜੀਵ ਖੜੇ ਤੇਰਾ ਦਰ ਸੇਂਵਦੇ ਹਨ, ਮੈਂ ਨਾਨਕ ਭੀ (ਤੇਰੇ ਦਰ ਤੇ ਖੜਾ) ਤੇਰੀ ਸੋਇ ਸੁਣ ਰਿਹਾ ਹਾਂ। ਹੇ ਪਤੀ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ।2। ਮਃ ੫ ॥ ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥ ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥ {ਪੰਨਾ 1095} ਪਦ ਅਰਥ: ਗਾਲਾਇਓ = ਬੋਲ ਰਿਹਾ ਹੈਂ। ਭੂਛ = ਮਤਿ-ਹੀਣੇ, ਨਾਪਾਕ। ਵੇਲਿ = ਇਸਤ੍ਰੀ {ਵੇਲਿ ਰੁੱਖ ਦੇ ਆਸਰੇ ਵਧਦੀ ਫੁੱਲਦੀ ਹੈ, ਇਸਤ੍ਰੀ ਪਤੀ ਦੇ ਆਸਰੇ ਸੁਖੀ ਰਹਿ ਸਕਦੀ ਹੈ। ਇਸਤ੍ਰੀ ਨੂੰ ਵੇਲਿ ਨਾਲ ਉਪਮਾ ਦਿੱਤੀ ਗਈ ਹੈ। ਜਗਤ-ਫੁਲਵਾੜੀ ਵਿਚ ਇਸਤ੍ਰੀ ਵੇਲਿ ਸਮਾਨ ਹੈ}। ਨ ਜੋਹੇ = ਨਾਹ ਤੱਕ। ਜਿਉ ਫੁਲਾ ਸੰਦੀ ਵਾੜਿ = ਜਿਵੇਂ ਫੁਲਵਾੜੀ (ਖਿੜੀ ਹੋਈ) ਹੈ। ਸੰਦੀ = ਦੀ। ਵਾੜਿ = ਵਾੜੀ, ਬਗ਼ੀਚੀ। ਕੰਤ ਤੂ = ਤੂੰ (ਹਰ ਥਾਂ) ਕੰਤ ਨੂੰ (ਵੇਖ) । ਅਰਥ: (ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮਤਿ-ਹੀਣੇ ਨਾਪਾਕ ਬੋਲ ਨਾਹ ਬੋਲ। ਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ।3। ਪਉੜੀ ॥ ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥ ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥ ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥ ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥ ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥ ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥ ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥ ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥ {ਪੰਨਾ 1095} ਪਦ ਅਰਥ: ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ। ਸਰੂਪੁ = ਸੁੰਦਰ। ਮਹਿ = ਵਿਚ। ਪੂਜੰਤਾ = ਪੂਜਾ ਕਰਦਾ। ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ। ਸਤਵੰਤਾ = ਸ਼ੁਭ ਆਚਰਨ ਵਾਲਾ। ਚੋਜ = ਤਮਾਸ਼ੇ। ਬਾਹੁੜਿ = ਮੁੜ, ਫਿਰ। ਗਰਭਿ = ਗਰਭ ਵਿਚ, ਜੂਨ ਵਿਚ। ਮੰਤਾ = ਉਪਦੇਸ਼। ਵਸਿ = ਇਖ਼ਤਿਆਰ ਵਿਚ। ਅਰਥ: ਹੇ ਪ੍ਰਭੂ! ਤੂੰ ਸੁਚੱਜਾ ਸਿਆਣਾ ਤੇ ਸੋਹਣਾ ਹੈਂ, ਸਭ ਜੀਵਾਂ ਵਿਚ ਤੂੰ ਹੀ ਮੌਜੂਦ ਹੈਂ, (ਸੋ) ਤੂੰ ਆਪ ਹੀ ਮਾਲਕ ਹੈਂ ਆਪ ਹੀ ਸੇਵਕ ਹੈਂ ਆਪ ਹੀ ਆਪਣੀ ਪੂਜਾ ਕਰ ਰਿਹਾ ਹੈਂ (ਹਰੇਕ ਜੀ ਦੇ ਅੰਦਰ ਵਿਆਪਕ ਹੋਣ ਕਰਕੇ) ਤੂੰ ਆਪ ਹੀ (ਜੀਵਾਂ ਦੇ ਕੰਮਾਂ ਨੂੰ) ਜਾਣਦਾ ਹੈਂ ਵੇਖਦਾ ਹੈਂ, ਤੂੰ ਆਪ ਹੀ ਚੰਗੇ ਆਚਰਨ ਵਾਲਾ ਹੈਂ। ਹੇ ਮੇਰੇ ਹਰੀ ਭਗਵਾਨ! ਤੂੰ ਆਪ ਹੀ ਜਤੀ ਹੈਂ, ਆਪ ਹੀ ਪਵਿਤ੍ਰ ਆਚਰਨ ਵਾਲਾ ਹੈਂ। ਇਹ ਸਾਰਾ ਜਗਤ-ਖਿਲਾਰਾ ਤੂੰ ਆਪ ਹੀ ਖਿਲਾਰਿਆ ਹੋਇਆ ਹੈ, ਤੂੰ ਆਪ ਹੀ ਇਹ ਜਗਤ-ਖੇਡ ਖੇਡ ਰਿਹਾ ਹੈਂ। (ਜੀਵਾਂ ਦੇ) ਜੰਮਣ ਮਰਨ ਦਾ ਤਮਾਸ਼ਾ ਤੂੰ ਆਪ ਹੀ ਰਚਾਇਆ ਹੋਇਆ ਹੈ, ਇਹ ਤਮਾਸ਼ੇ ਰਚ ਕੇ ਤੂੰ ਆਪ ਹੀ ਵੇਖ ਰਿਹਾ ਹੈਂ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਉਪਦੇਸ਼ ਦੀ ਦਾਤਿ ਦੇਂਦਾ ਹੈਂ, ਉਸ ਨੂੰ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਾਂਦਾ। (ਤੇਰੇ ਪੈਦਾ ਕੀਤੇ ਇਹਨਾਂ) ਜੀਵਾਂ ਦੇ ਇਖ਼ਤਿਆਰ ਵਿਚ ਕੁਝ ਨਹੀਂ ਹੈ, ਜਿਵੇਂ ਤੂੰ ਆਪ ਜੀਵਾਂ ਨੂੰ ਤੋਰ ਰਿਹਾ ਹੈਂ, ਤਿਵੇਂ ਤੁਰ ਰਹੇ ਹਨ।4। ਡਖਣੇ ਮਃ ੫ ॥ ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥ ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥ {ਪੰਨਾ 1095} ਪਦ ਅਰਥ: ਕੁਰੀਏ ਕੁਰੀਏ = ਨਦੀ ਦੇ ਕੰਢੇ ਕੰਢੇ। ਵੈਦਿਆ = ਹੇ ਜਾਣ ਵਾਲਿਆ! ਤਲਿ = (ਤੇਰੇ ਪੈਰਾਂ ਦੇ) ਹੇਠ। ਮਹਰੇਰੁ = ਢਾਹ, ਮਿੱਟੀ ਦਾ ਕਿਰਨਾ। ਗਾੜਾ ਮਹਰੇਰੁ = ਬੜੀ ਢਾਹ। ਵੇਖੇ = ਵੇਖੀਂ, ਧਿਆਨ ਰੱਖੀਂ। ਛਿਟੜਿ ਥੀਵਦੋ = ਲਿੱਬੜ ਜਾਏਂਗਾ। ਜਾਮਿ = ਜਦੋਂ। ਖਿਸੰਦੋ = ਤਿਲਕ ਗਿਆ। ਪੇਰੁ = ਪੈਰ। ਅਰਥ: ਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ। ਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ।1। ਮਃ ੫ ॥ ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥ ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥ {ਪੰਨਾ 1095} ਪਦ ਅਰਥ: ਵੈਦਿਓ = ਨਾਸਵੰਤ, ਚਲੇ ਜਾਣ ਵਾਲਾ। ਆਘੂ ਆਘੇ = ਅਗਾਂਹ ਅਗਾਂਹ। ਸਲਵੇ = (ਤੂੰ) ਇਕੱਤ੍ਰ ਕਰਦਾ ਹੈਂ। ਆਤਸੜੀ = ਅੱਗ। ਨੈਣੂ = ਮੱਖਣ। ਬਿਆ = ਦੂਜੀ ਗੱਲ, ਦੂਜਾ। ਢਲਿ = ਢਲ ਕੇ (ਪਾਣੀ ਦੇ ਢਲ ਜਾਣ ਨਾਲ) , ਡਿੱਗ ਕੇ। ਪਬਣਿ = ਚੁਪੱਤੀ। ਜੁੰਮਿਓ = ਨਾਸ ਹੋ ਜਾਂਦੀ ਹੈ। ਅਰਥ: (ਹੇ ਜੀਵ!) ਨਾਸਵੰਤ ਕੱਚ (-ਰੂਪ ਮਾਇਆ) ਨੂੰ ਤੂੰ ਸਦਾ-ਥਿਰ ਜਾਣਦਾ ਹੈਂ, ਤੇ ਹੋਰ ਹੋਰ ਇਕੱਠੀ ਕਰਦਾ ਹੈਂ। ਪਰ ਹੇ ਨਾਨਕ! (ਆਖ– ਇਹ ਮਾਇਆ ਇਉਂ ਹੈ) ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ (ਪੱਘਰ ਜਾਂਦਾ ਹੈ) , ਜਾਂ, ਜਿਵੇਂ (ਪਾਣੀ ਦੇ ਢਲ ਜਾਣ ਨਾਲ) ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ।2। ਮਃ ੫ ॥ ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥ ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈ ਰੁਤਿ ॥੩॥ {ਪੰਨਾ 1095} ਪਦ ਅਰਥ: ਭੋਰੇ ਰੂਹੜੇ = ਹੇ ਭੋਲੀਏ ਜਿੰਦੇ! ਹੇ ਭੋਲੀ ਰੂਹ! ਆਲਕੁ = ਆਲਸ। ਚਿਰਾਣੀਆ ਮੁਦਤਿ = ਢੇਰ ਸਮਾ। ਕਡੂ = ਕਦੋਂ? ਅਰਥ: ਹੇ ਭੋਲੀਏ ਜਿੰਦੇ! ਪਰਮਾਤਮਾ ਨੂੰ ਸਿਮਰਦਿਆਂ ਤੂੰ ਆਲਸ ਕਰਦੀ ਹੈਂ। ਲੰਮੀਆਂ ਮੁੱਦਤਾਂ ਪਿਛੋਂ (ਇਹ ਮਨੁੱਖਾ ਜਨਮ ਮਿਲਿਆ ਹੈ, ਜੇ ਸਿਮਰਨ ਤੋਂ ਸੱਖਣਾ ਬੀਤ ਗਿਆ) ਤਾਂ ਮੁੜ (ਕੀਹ ਪਤਾ ਹੈ?) ਕਦੋਂ (ਮਨੁੱਖਾ ਜਨਮ ਦੀ) ਰੁੱਤ ਆਵੇ।3। |
Sri Guru Granth Darpan, by Professor Sahib Singh |