ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1096 ਪਉੜੀ ॥ ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥ ਏ ਮਾਣਸ ਜਾਣਹਿ ਦੂਰਿ ਤੂ ਵਰਤਹਿ ਜਾਹਰਾ ॥ ਤੂ ਸਭਿ ਘਟ ਭੋਗਹਿ ਆਪਿ ਤੁਧੁ ਲੇਪੁ ਨ ਲਾਹਰਾ ॥ ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥ ਤੂ ਸਭ ਦੇਵਾ ਮਹਿ ਦੇਵ ਬਿਧਾਤੇ ਨਰਹਰਾ ॥ ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥ ਜਿਸੁ ਮੇਲਹਿ ਸਤਿਗੁਰੁ ਆਪਿ ਤਿਸ ਕੇ ਸਭਿ ਕੁਲ ਤਰਾ ॥ ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥੫॥ {ਪੰਨਾ 1096} ਪਦ ਅਰਥ: ਰੇਖਿਆ = ਰੇਖ, ਚਿਹਨ-ਚੱਕ੍ਰ। ਵਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਮਾਣਸ = ਮਨੁੱਖ। ਏ = ਇਹ। ਜਾਹਰਾ = ਪਰਗਟ, ਪਰੱਤਖ। ਲੇਪੁ = ਅਸਰ, ਪ੍ਰਭਾਵ। ਨ ਲਾਹਰਾ = ਨਹੀਂ ਲੱਗਦਾ। ਅਨੰਦੀ = ਅਨੰਦ ਮਾਣਨ ਵਾਲਾ। ਸਮਾਹਰਾ = ਸਮਾਈ ਹੋਈ ਹੈ, ਵਿਆਪਕ। ਬਿਧਾਤੇ = ਹੇ ਸਿਰਜਣਹਾਰ! ਨਰਹਰਾ = ਹੇ ਪਰਮਾਤਮਾ! ਅਪਰਪਰਾ = ਪਰੇ ਤੋਂ ਪਰੇ। ਦਰਿ = ਦਰ ਉਤੇ। ਅਰਥ: ਹੇ ਪ੍ਰਭੂ! ਤੇਰਾ ਕੋਈ (ਖ਼ਾਸ) ਰੂਪ ਨਹੀਂ ਕੋਈ ਚਿਹਨ-ਚੱਕ੍ਰ ਨਹੀਂ। ਤੇਰੀ ਕੋਈ (ਖ਼ਾਸ) ਜਾਤਿ ਨਹੀਂ, (ਬ੍ਰਾਹਮਣ ਖਤ੍ਰੀ ਆਦਿ) ਤੇਰਾ ਕੋਈ (ਖ਼ਾਸ) ਵਰਨ ਨਹੀਂ ਹੈ। ਇਹ ਮਨੁੱਖ ਤੈਨੂੰ ਕਿਤੇ ਦੂਰ ਥਾਂ ਵੱਸਦਾ ਸਮਝਦੇ ਹਨ, ਤੂੰ ਹਰ ਥਾਂ ਮੌਜੂਦ ਹੈਂ, ਸਭ ਜੀਵਾਂ ਵਿਚ ਵਿਆਪਕ ਹੋ ਕੇ ਪਦਾਰਥ ਭੋਗ ਰਿਹਾ ਹੈਂ, (ਫਿਰ ਭੀ) ਤੈਨੂੰ ਮਾਇਆ ਦਾ ਅਸਰ ਪੋਹ ਨਹੀਂ ਸਕਦਾ। ਤੂੰ ਸਦਾ ਅਨੰਦ ਰਹਿਣ ਵਾਲਾ ਹੈਂ, ਬੇਅੰਤ ਹੈਂ, ਸਭ ਵਿਚ ਵਿਆਪਕ ਹੈਂ, ਸਭਨਾਂ ਵਿਚ ਤੇਰੀ ਜੋਤਿ ਟਿਕੀ ਹੋਈ ਹੈ। ਹੇ ਸਿਰਜਣਹਾਰ! ਹੇ ਪਰਮਾਤਮਾ! ਸਾਰੇ ਦੇਵਤਿਆਂ ਵਿਚ ਤੂੰ ਆਪ ਹੀ ਦੇਵਤਾ (ਪ੍ਰਕਾਸ਼ ਕਰਨ ਵਾਲਾ) ਹੈਂ। ਤੂੰ ਪਰੇ ਤੋਂ ਪਰੇ ਹੈਂ, ਤੂੰ ਨਾਸ-ਰਹਿਤ ਹੈਂ, ਮੇਰੀ ਇਕ ਜੀਭ ਤੇਰੀ ਅਰਾਧਨਾ ਕਰਨ ਦੇ ਸਮਰੱਥ ਨਹੀਂ ਹੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਮਿਲਾ ਦੇਂਦਾ ਹੈਂ, ਉਸ ਦੀਆਂ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ, ਤੇਰੇ ਸਾਰੇ ਸੇਵਕ ਤੇਰੀ ਸੇਵਾ ਕਰਦੇ ਹਨ, ਮੈਂ ਤੇਰਾ ਦਾਸ ਨਾਨਕ (ਭੀ ਤੇਰੇ ਹੀ) ਦਰ ਤੇ (ਪਿਆ ਹਾਂ) ।5। ਡਖਣੇ ਮਃ ੫ ॥ ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥ ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥੧॥ {ਪੰਨਾ 1096} ਪਦ ਅਰਥ: ਗਹਡੜੜਾ = (ਸਰੀਰ-) ਛੱਪਰ। ਤ੍ਰਿਣਿ = ਕੱਖ ਨਾਲ। ਛਾਇਆ = ਬਣਿਆ ਹੋਇਆ। ਗਾਫਲ = ਗ਼ਾਫ਼ਲ ਮਨੁੱਖ ਦਾ। ਭਾਹਿ = ਅੱਗ ਵਿਚ, ਤ੍ਰਿਸ਼ਨਾ-ਅੱਗ ਵਿਚ। ਉਸਤਾਦ = ਗੁਰੂ। ਪਨਾਹਿ = ਓਟ, ਆਸਰਾ, ਸਹਾਰਾ। ਅਰਥ: ਗ਼ਾਫ਼ਲ ਮਨੁੱਖ ਦਾ ਘਾਹ ਨਾਲ ਬਣਿਆ ਹੋਇਆ ਸਰੀਰ-ਛੱਪਰ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ। ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਭਾਗ ਜਾਗਦੇ ਹਨ, ਉਹਨਾਂ ਨੂੰ ਗੁਰੂ ਦਾ ਸਹਾਰਾ ਮਿਲ ਜਾਂਦਾ ਹੈ (ਤੇ ਉਹ ਤ੍ਰਿਸ਼ਨਾ ਅੱਗ ਤੋਂ ਬਚ ਜਾਂਦੇ ਹਨ) ।1। ਮਃ ੫ ॥ ਨਾਨਕ ਪੀਠਾ ਪਕਾ ਸਾਜਿਆ ਧਰਿਆ ਆਣਿ ਮਉਜੂਦੁ ॥ ਬਾਝਹੁ ਸਤਿਗੁਰ ਆਪਣੇ ਬੈਠਾ ਝਾਕੁ ਦਰੂਦ ॥੨॥ {ਪੰਨਾ 1096} ਪਦ ਅਰਥ: ਆਣਿ = ਲਿਆ ਕੇ। ਮਉਜੂਦ = (ਖਾਣ ਲਈ) ਤਿਆਰ। ਦਰੂਦ = ਦੁਆ, ਅਰਦਾਸ {ਮੁਸਲਮਾਨ ਈਦ ਆਦਿਕ ਪਵਿਤ੍ਰ ਦਿਹਾੜੇ ਅੱਲਾ-ਨਿਮਿਤ ਆਪਣੇ ਕਾਜ਼ੀ ਨੂੰ ਚੰਗਾ-ਚੋਖਾ ਖਾਣਾ ਪਕਾ ਕੇ ਭੇਟਾ ਕਰਦੇ ਹਨ। ਕਾਜ਼ੀ ਆ ਕੇ ਪਹਿਲਾਂ ਦਰੂਦ ਪੜ੍ਹਦਾ ਹੈ, ਫਿਰ ਉਹ ਖਾਣਾ ਸ੍ਵੀਕਾਰ ਕਰਦਾ ਹੈ। ਉਸ ਤੋਂ ਪਿਛੋਂ ਘਰ ਵਾਲਿਆਂ ਨੂੰ ਖਾਣ ਨੂੰ ਮਿਲਦਾ ਹੈ। ਜਿਤਨਾ ਚਿਰ ਕਾਜ਼ੀ ਨਾਹ ਆਵੇ, ਘਰ ਦੇ ਅੰਞਾਣੇ-ਸਿਆਣੇ ਪਏ ਝਾਕਦੇ ਹਨ ਤੇ ਉਡੀਕਦੇ ਹਨ। ਤਿਆਰ ਹੋਏ ਖਾਣੇ ਉਹਨਾਂ ਦੇ ਸਾਹਮਣੇ ਪਏ ਰਹਿੰਦੇ ਹਨ, ਪਰ ਉਹਨਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਜੀਵ ਕਈ ਸਾਧਨ ਪਿਆ ਕਰੇ, ਪਰ ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ ਦੀ ਮੇਹਰ ਦਾ ਦਰ ਨਹੀਂ ਖੁਲ੍ਹਦਾ}। ਅਰਥ: ਹੇ ਨਾਨਕ! (ਨਿਆਜ਼ ਆਦਿਕ ਦੇਣ ਲਈ ਸਰਧਾਲੂ ਮੁਸਲਮਾਨ ਆਟਾ) ਪਿਹਾ ਕੇ ਪਕਾ ਕੇ ਖਾਣਾ ਸੰਵਾਰ ਕੇ ਤਿਆਰ ਲਿਆ ਰੱਖਦਾ ਹੈ, (ਪਰ ਜਦ ਤਕ ਪੀਰ ਆ ਕੇ) ਦੁਆ (ਨਾ ਪੜ੍ਹੇ, ਉਹ) ਬੈਠਾ ਝਾਕਦਾ ਹੈ। (ਤਿਵੇਂ ਮਨੁੱਖ ਅਨੇਕਾਂ ਧਾਰਮਿਕ ਸਾਧਨ ਕਰਦਾ ਹੈ, ਪਰ) ਜਦ ਤਕ ਗੁਰੂ ਨਾਹ ਮਿਲੇ ਮਨੁੱਖ ਰੱਬ ਦੀ ਰਹਿਮਤ ਨੂੰ ਬੈਠਾ ਉਡੀਕਦਾ ਹੈ।2। ਮਃ ੫ ॥ ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥ ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥੩॥ {ਪੰਨਾ 1096} ਪਦ ਅਰਥ: ਭੁਸਰੀ = ਗੁੜ ਵਾਲੀ ਰੋਟੀ, ਰੋਟ, ਮੰਨ, ਧਰਤੀ ਤੇ ਪਕਾਈ ਹੋਈ ਰੋਟੀ। {Bu-iœq [ Bu = ਭੂ, ਧਰਤੀ। iœq = ਸ਼੍ਰਿਤ, employed, used। ਭੂਸ਼੍ਰਿਤ = ਧਰਤੀ ਦਾ ਆਸਰਾ ਲੈ ਕੇ ਤਿਆਰ ਕੀਤੀ ਹੋਈ} ਨੋਟ: ਗਰੀਬ ਟੱਪਰੀ-ਵਾਸ ਲੋਕ ਇੱਟ ਆਦਿਕ ਜਾਂ ਬੱਬਰ ਆਦਿਕ ਨੂੰ ਤਪਾ ਕੇ ਹੀ ਰੋਟੀ ਪਕਾ ਲੈਂਦੇ ਹਨ। ਰਜਿ ਰਜਿ = ਰੱਜ ਰੱਜ ਕੇ, ਸੁਆਦ ਨਾਲ। ਅਰਥ: ਹੇ ਨਾਨਕ! (ਜੇ ਕੋਈ ਮਨੁੱਖ ਇਤਨੇ ਹੀ ਗ਼ਰੀਬ ਹਨ ਕਿ ਰਸੋਈ ਚੌਂਕਾ ਆਦਿਕ ਵਰਤਣ ਦੇ ਥਾਂ) ਧਰਤੀ ਉਤੇ ਹੀ ਮੰਨ ਪਕਾ ਲੈਂਦੇ ਹਨ ਤੇ ਥਾਲ ਵਿਚ ਪਾ ਲੈਂਦੇ ਹਨ, ਜੇ ਉਹਨਾਂ ਨੇ (ਆਪਣੇ) ਗੁਰੂ ਨੂੰ ਖ਼ੁਸ਼ ਕਰ ਲਿਆ ਹੈ (ਜੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਉਹਨਾਂ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ ਹੈ) ਤਾਂ ਉਹ ਉਹਨਾਂ ਭੁਸਰੀਆਂ ਨੂੰ ਧਰਤੀ ਉਤੇ ਪਕਾਈਆਂ ਰੋਟੀਆਂ ਨੂੰ ਹੀ ਸੁਆਦ ਨਾਲ ਖਾਂਦੇ ਹਨ (ਭਾਵ, ਗ਼ਰੀਬ ਮਨੁੱਖਾਂ ਨੂੰ ਗ਼ਰੀਬੀ ਵਿਚ ਹੀ ਸੁਖੀ ਜੀਵਨ ਅਨੁਭਵ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦੇ ਹਨ) ।3। ਪਉੜੀ ॥ ਤੁਧੁ ਜਗ ਮਹਿ ਖੇਲੁ ਰਚਾਇਆ ਵਿਚਿ ਹਉਮੈ ਪਾਈਆ ॥ ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥ ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋੁਭਾਈਆ ॥ ਏਨਿ ਮਾਇਆ ਮੋਹਣੀ ਮੋਹੀਆ ਨਿਤ ਫਿਰਹਿ ਭਰਮਾਈਆ ॥ ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥ ਇਕਿ ਵਿਚਹੁ ਹੀ ਤੁਧੁ ਰਖਿਆ ਜੋ ਸਤਸੰਗਿ ਮਿਲਾਈਆ ॥ ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥੬॥ {ਪੰਨਾ 1096} ਪਦ ਅਰਥ: ਵਿਚਿ = (ਜੀਵਾਂ ਦੇ) ਅੰਦਰ। ਮੰਦਰੁ = ਮਨੁੱਖਾ ਸਰੀਰ। ਪੰਚ ਚੋਰ = ਕਾਮਾਦਿਕ ਪੰਜੇ। ਕਰਹਿ = ਕਰਦੇ ਹਨ। ਦਰ ਨਾਰੀ = ਦਸ ਇੰਦ੍ਰੀਆਂ। ਪੁਰਖੁ = ਮਨ। ਸਾਦਿ = ਸੁਆਦ ਵਿਚ। ਏਨਿ ਮਾਇਆ = ਇਸ ਮਾਇਆ ਨੇ। ਫਿਰਹਿ = (ਦਸ ਨਾਰੀ) ਫਿਰਦੀਆਂ ਹਨ। ਹਾਠਾ = ਤਰਫ਼ਾਂ। ਸਿਵ = ਜੀਵ। ਸਕਤਿ = ਮਾਇਆ। ਭਾਈਆ = ਚੰਗੀ ਲੱਗੀ। ਇਕਿ = ਕਈ ਜੀਵ। ਬਿੰਬੁ = ਬੁਲਬੁਲਾ। ਅਰਥ: ਹੇ ਪ੍ਰਭੂ! ਤੂੰ ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਹੈ, (ਤੇ ਇਸ ਤਰ੍ਹਾਂ) ਜਗਤ ਵਿਚ ਇਕ ਤਮਾਸ਼ਾ ਰਚ ਦਿੱਤਾ ਹੈ। ਇਹ ਮਨੁੱਖਾ ਸਰੀਰ ਇਕ ਹੈ (ਇਸ ਵਿਚ) ਕਾਮਾਦਿਕ ਪੰਜ ਚੋਰ ਹਨ ਜੋ ਸਦਾ ਹੀ ਭੈੜ ਕਰਦੇ ਰਹਿੰਦੇ ਹਨ। (ਇਕ ਪਾਸੇ) ਮਨ ਇਕੱਲਾ ਹੈ, (ਇਸ ਦੇ ਨਾਲ) ਦਸ ਇੰਦ੍ਰੀਆਂ ਹਨ, ਇਹ ਦਸੇ ਹੀ (ਮਾਇਆ ਦੇ) ਸੁਆਦ ਵਿਚ ਫਸੀਆਂ ਹੋਈਆਂ ਹਨ। ਇਸ ਮੋਹਣੀ ਮਾਇਆ ਨੇ ਇਹਨਾਂ ਨੂੰ ਮੋਹਿਆ ਹੋਇਆ ਹੈ (ਇਸ ਵਾਸਤੇ ਇਹ) ਸਦਾ ਭਟਕਦੀਆਂ ਫਿਰਦੀਆਂ ਹਨ। (ਪਰ) ਇਹ ਦੋਵੇਂ ਪਾਸੇ ਤੂੰ ਆਪ ਹੀ ਬਣਾਏ ਹਨ, ਜੀਵਾਤਮਾ ਤੇ ਮਾਇਆ ਦੀ ਖੇਡ ਤੂੰ ਹੀ ਰਚੀ ਹੈ। ਹੇ ਹਰੀ! ਤੈਨੂੰ ਇਉਂ ਹੀ ਚੰਗਾ ਲੱਗਾ ਹੈ ਕਿ ਜੀਵਾਤਮਾ ਮਾਇਆ ਦੇ ਟਾਕਰੇ ਤੇ ਹਾਰ ਰਿਹਾ ਹੈ। ਪਰ ਜਿਨ੍ਹਾਂ ਨੂੰ ਤੂੰ ਸਤਸੰਗ ਵਿਚ ਜੋੜਿਆ ਹੈ ਉਹਨਾਂ ਨੂੰ ਤੂੰ ਮਾਇਆ ਵਿਚੋਂ ਬਚਾ ਲਿਆ ਹੈ (ਤੇ ਆਪਣੇ ਚਰਨਾਂ ਵਿਚ ਲੀਨ ਕਰ ਰੱਖਿਆ ਹੈ) ਜਿਵੇਂ ਪਾਣੀ ਵਿਚੋਂ ਬੁਲਬੁਲਾ ਪੈਦਾ ਹੁੰਦਾ ਹੈ ਤੇ ਪਾਣੀ ਵਿਚ ਹੀ ਲੀਨ ਹੋ ਜਾਂਦਾ ਹੈ (ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ) ।6। ਡਖਣੇ ਮਃ ੫ ॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ {ਪੰਨਾ 1096} ਪਦ ਅਰਥ: ਤ੍ਰਾਘਿ = ਤਾਂਘ ਕਰ। ਸਿਝਿ = ਸਫਲ ਹੋ, ਕਾਮਯਾਬ ਹੋ। ਇਵੇਹਾ ਵਾਰ = ਇਸੇ ਵਾਰੀ, ਇਸੇ ਜਨਮ ਵਿਚ। ਬਹੁੜਿ = ਮੁੜ, ਫਿਰ। ਅਰਥ: (ਹੇ ਭਾਈ!) ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ (ਜੀਵਨ ਨੂੰ ਹੋਰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ) । ਹੇ ਨਾਨਕ! ਇਸੇ ਜਨਮ ਵਿਚ ਕਾਮਯਾਬ ਹੋ (ਜੀਵਨ-ਖੇਡ ਜਿੱਤ) ਤਾਕਿ ਮੁੜ ਜਨਮ ਨਾਹ ਲੈਣਾ ਪਏ।1। ਮਃ ੫ ॥ ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥ ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥੨॥ ਪਦ ਅਰਥ: ਸਜਣੁ = ਮਿਤ੍ਰ-ਪ੍ਰਭੂ। ਮੈਡਾ = ਮੇਰਾ। ਚਾਈਆ = ਚਾ ਵਾਲਾ, ਪਿਆਰ-ਭਰੇ ਦਿਲ ਵਾਲਾ। ਹਭ ਕਹੀ ਦਾ = ਹਰ ਕਿਸੇ ਦਾ। ਹਭੇ = ਸਾਰੇ ਜੀਵ। ਜਾਣਨਿ = ਜਾਣਦੇ ਹਨ। ਕਹੀ ਚਿਤੁ = ਕਿਸੇ ਦਾ ਭੀ ਦਿਲ। ਨ ਠਾਹੇ = ਨਹੀਂ ਢਾਹੁੰਦਾ, ਨਹੀਂ ਤੋੜਦਾ। ਅਰਥ: ਮੇਰਾ ਮਿਤ੍ਰ-ਪ੍ਰਭੂ ਪਿਆਰ-ਭਰੇ ਦਿਲ ਵਾਲਾ ਹੈ, ਹਰ ਕਿਸੇ ਦਾ ਮਿੱਤਰ ਹੈ (ਹਰੇਕ ਨਾਲ ਪਿਆਰ ਕਰਦਾ ਹੈ) । ਸਾਰੇ ਹੀ ਜੀਵ ਉਸ ਪ੍ਰਭੂ ਨੂੰ ਆਪਣਾ (ਮਿਤ੍ਰ) ਜਾਣਦੇ ਹਨ, ਉਹ ਕਿਸੇ ਦਾ ਦਿਲ ਤੋੜਦਾ ਨਹੀਂ।2। ਮਃ ੫ ॥ ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥ ਸੋਈ ਸੁਹਾਵਾ ਥਾਨੁ ਜਿਥੈ ਪਿਰੀਏ ਨਾਨਕ ਜੀ ਤੂ ਵੁਠਿਆ ॥੩॥ {ਪੰਨਾ 1096} ਪਦ ਅਰਥ: ਗੁਝੜਾ = (ਅੰਦਰ) ਲੁਕਿਆ ਹੋਇਆ। ਲਧਮੁ = ਮੈਂ ਲੱਭਾ। ਮਥੈ = ਮੱਥੇ ਉਤੇ। ਥਿਆ = ਹੋ ਗਿਆ। ਸੁਹਾਵਾ = ਸੋਹਣਾ। ਪਿਰੀਏ ਜੀ = ਹੇ ਪਿਰ ਜੀ! ਹੇ ਪਤੀ-ਪ੍ਰਭੂ ਜੀ। ਨਾਨਕ = ਹੇ ਨਾਨਕ! (ਆਖ) । ਵੁਠਿਆ = ਆ ਵੱਸਿਆ। ਅਰਥ: (ਪ੍ਰਭੂ-ਪਤੀ ਦੀ ਮਿਹਰ ਹੋਈ, ਤਾਂ ਉਹ ਪ੍ਰਭੂ-) ਲਾਲ ਮੇਰੇ ਅੰਦਰ ਲੁਕਿਆ ਹੋਇਆ ਹੀ ਮੈਨੂੰ ਲੱਭ ਪਿਆ, (ਇਸ ਦੀ ਬਰਕਤਿ ਨਾਲ) ਮੇਰੇ ਮੱਥੇ ਉਤੇ ਪਰਕਾਸ਼ ਹੋ ਗਿਆ (ਭਾਵ, ਮੇਰਾ ਮਨ ਤਨ ਖਿੜ ਪਿਆ) । ਹੇ ਨਾਨਕ! (ਆਖ-) ਹੇ ਪ੍ਰਭੂ-ਪਤੀ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਹ ਹਿਰਦਾ ਸੋਹਣਾ ਹੋ ਜਾਂਦਾ ਹੈ।3। ਪਉੜੀ ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥ ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥੭॥ {ਪੰਨਾ 1096} ਪਦ ਅਰਥ: ਮੁਹਛੰਦਾ = ਮੁਥਾਜੀ। ਬੰਦਾ = ਸੇਵਕ, ਗ਼ੁਲਾਮ। ਲਖਮੀ = ਮਾਇਆ। ਤੋਟਿ = ਕਮੀ। ਰਹੰਦਾ = ਰੱਖਦਾ। ਮੇਦਨੀ = ਧਰਤੀ। ਸਭਿ = ਸਾਰੇ। ਮੰਗਹਿ = ਚਿਤਵਦੇ। ਮਿਲਿ = ਮਿਲ ਕੇ। ਤੁਧੁ ਭਾਵੰਦਾ = ਤੈਨੂੰ ਭਾਵੇ। ਅਰਥ: ਹੇ ਪ੍ਰਭੂ! ਜਦੋਂ ਤੂੰ ਮੇਰੀ ਸਹਾਇਤਾ ਤੇ ਹੋਵੇਂ, ਤਾਂ ਮੈਨੂੰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਜਦੋਂ ਮੈਂ ਤੇਰਾ ਸੇਵਕ ਬਣਦਾ ਹਾਂ, ਤਾਂ ਤੂੰ ਮੈਨੂੰ ਸਭ ਕੁਝ ਦੇ ਦੇਂਦਾ ਹੈਂ। ਮੈਨੂੰ ਧਨ-ਪਦਾਰਥ ਦੀ ਕੋਈ ਕਮੀ ਨਹੀਂ ਰਹਿੰਦੀ ਮੈਂ (ਤੇਰਾ ਇਹ ਨਾਮ-ਧਨ) ਵਰਤਦਾ ਹਾਂ ਵੰਡਦਾ ਹਾਂ ਤੇ ਇਕੱਠਾ ਭੀ ਕਰਦਾ ਹਾਂ। ਧਰਤੀ ਦੇ ਚੌਰਾਸੀ ਲੱਖ ਜੀਵ ਹੀ ਮੇਰੀ ਸੇਵਾ ਕਰਨ ਲੱਗ ਪੈਂਦੇ ਹਨ। ਤੂੰ ਵੈਰੀਆਂ ਨੂੰ ਭੀ ਮੇਰੇ ਮਿਤ੍ਰ ਬਣਾ ਦੇਂਦਾ ਹੈਂ, ਕੋਈ ਭੀ ਮੇਰਾ ਬੁਰਾ ਨਹੀਂ ਚਿਤਵਦੇ। ਹੇ ਹਰੀ! ਜਦੋਂ ਤੂੰ ਮੈਨੂੰ ਬਖ਼ਸ਼ਣ ਵਾਲਾ ਹੋਵੇਂ, ਤਾਂ ਕੋਈ ਭੀ ਮੈਨੂੰ ਮੇਰੇ ਕੀਤੇ ਕਰਮਾਂ ਦਾ ਹਿਸਾਬ ਨਹੀਂ ਪੁੱਛਦਾ, ਕਿਉਂਕਿ ਗੋਵਿੰਦ-ਰੂਪ ਗੁਰੂ ਨੂੰ ਮਿਲ ਕੇ ਮੇਰੇ ਅੰਦਰ ਠੰਢ ਪੈ ਜਾਂਦੀ ਹੈ ਮੈਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੇਰੀ ਰਜ਼ਾ ਹੋਵੇ, ਤਾਂ ਮੇਰੇ ਸਾਰੇ ਕੰਮ ਸੰਵਰ ਜਾਂਦੇ ਹਨ।7। ਡਖਣੇ ਮਃ ੫ ॥ ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥ ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ ॥੧॥ {ਪੰਨਾ 1096} ਪਦ ਅਰਥ: ਕੂ = ਵਾਸਤੇ। ਮੁਸਤਾਕੁ = ਉਤਾਵਲਾ, ਚਾਹਵਾਨ। ਕਿਜੇਹਾ = ਕਿਹੋ ਜੇਹਾ? ਤਉ = ਤੇਰਾ। ਧਣੀ = ਹੇ ਮਾਲਕ! ਕਿਤੈ ਹਾਲਿ = ਕਿਸੇ (ਭੈੜੇ) ਹਾਲ ਵਿਚ। ਜਾ = ਜਦੋਂ। ਡਿਠਮੁ = ਮੈਂ ਵੇਖ ਲਿਆ। ਧ੍ਰਾਪਿਆ = ਰੱਜ ਗਿਆ। ਅਰਥ: ਹੇ (ਮੇਰੇ) ਮਾਲਕ! ਤੇਰਾ ਮੂੰਹ ਕਿਹੋ ਜਿਹਾ ਹੈ? ਮੈਂ ਤੇਰਾ ਮੁਖ ਦੇਖਣ ਦਾ ਬੜਾ ਚਾਹਵਾਨ ਸਾਂ, (ਮਾਇਆ-ਵੱਸ ਹੋ ਕੇ) ਮੈਂ ਕਿਸੇ ਭੈੜੇ ਹਾਲ ਵਿਚ ਭਟਕਦਾ ਫਿਰਦਾ ਸਾਂ, ਪਰ ਜਦੋਂ ਤੇਰਾ ਮੂੰਹ ਮੈਂ ਵੇਖ ਲਿਆ, ਤਾਂ ਮੇਰਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਗਿਆ।1। |
Sri Guru Granth Darpan, by Professor Sahib Singh |