ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1097 ਮਃ ੫ ॥ ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥ ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥੨॥ {ਪੰਨਾ 1097} ਪਦ ਅਰਥ: ਧਣੀ = ਹੇ ਮਾਲਕ! ਵੇਦਨ = ਪੀੜਾਂ, ਦੁੱਖ। ਭਵੇ = ਭਾਵੇਂ। ਜਾਣਾ ਲਖ = ਮੈਂ ਲੱਖ ਵਾਰੀ ਜਾਣਦਾ ਹੋਵਾਂ। ਪਿਰੀ ਡਿਖੰਦੋ = ਖਸਮ-ਪ੍ਰਭੂ ਨੂੰ ਵੇਖਾਂ। ਜੀਵਸਾ = ਮੈਂ ਜੀਊ ਸਕਦੀ ਹਾਂ, ਮੇਰੇ ਵਿਚ ਜਿੰਦ ਪੈਂਦੀ ਹੈ, ਮੈਨੂੰ ਸੁਖ ਦਾ ਸਾਹ ਆਉਂਦਾ ਹੈ। ਅਰਥ: (ਪ੍ਰਭੂ ਦੇ ਦਰਸਨ ਖੁਣੋਂ) ਮੈਂ ਦੁਖੀ ਹਾਂ, ਮੇਰੇ ਅੰਦਰ ਅਨੇਕਾਂ ਪੀੜਾਂ ਹਨ। ਹੇ ਖਸਮ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਪਰ ਭਾਵੇਂ ਮੈਨੂੰ ਲੱਖ ਪਤਾ ਹੋਵੇ (ਕਿ ਤੂੰ ਮੇਰੀ ਵੇਦਨ ਜਾਣਦਾ ਹੈਂ, ਫਿਰ ਭੀ) ਮੈਨੂੰ ਸੁਖ ਦਾ ਸਾਹ ਤਦੋਂ ਹੀ ਆਉਂਦਾ ਹੈ ਜਦੋਂ ਮੈਂ ਤੇਰਾ ਦਰਸਨ ਕਰਾਂ।2। ਮਃ ੫ ॥ ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥ ਸੇਈ ਰਹੇ ਅਮਾਣ ਜਿਨਾ ਸਤਿਗੁਰੁ ਭੇਟਿਆ ॥੩॥ {ਪੰਨਾ 1097} ਪਦ ਅਰਥ: ਕਰਾਰਿ = (ਸੰਸਾਰ-ਨਦੀ ਦਾ) ਕਿਨਾਰਾ। ਵਹਣਿ = ਵਹਣ ਵਿਚ, ਨਦੀ ਦੇ ਰੋਹੜ ਵਿਚ। ਵਹੰਦੇ = ਰੁੜ੍ਹਦੇ। ਸੇਈ = ਉਹੀ ਬੰਦੇ। ਅਮਾਣ = ਸਹੀ-ਸਲਾਮਤ। ਭੇਟਿਆ = ਮਿਲਿਆ। ਅਰਥ: (ਸੰਸਾਰ-ਨਦੀ ਵਿਚ ਵਿਕਾਰਾਂ ਨੇ ਢਾਹ ਲਾਈ ਹੋਈ ਹੈ, ਨਦੀ ਦਾ) ਕੰਢਾ ਢਹਿੰਦਾ ਜਾ ਰਿਹਾ ਹੈ, (ਵਿਕਾਰਾਂ ਦੇ) ਰੋੜ੍ਹ ਵਿਚ ਅਨੇਕਾਂ ਬੰਦੇ ਰੁੜ੍ਹਦੇ ਮੈਂ (ਆਪ) ਵੇਖੇ ਹਨ। ਉਹੀ ਸਹੀ-ਸਲਾਮਤ ਰਹਿੰਦੇ ਹਨ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ।3। ਪਉੜੀ ॥ ਜਿਸੁ ਜਨ ਤੇਰੀ ਭੁਖ ਹੈ ਤਿਸੁ ਦੁਖੁ ਨ ਵਿਆਪੈ ॥ ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥ ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥ ਜਨਮ ਜਨਮ ਕੀ ਮਲੁ ਉਤਰੈ ਗੁਰ ਧੂੜੀ ਨਾਪੈ ॥ ਜਿਨਿ ਹਰਿ ਭਾਣਾ ਮੰਨਿਆ ਤਿਸੁ ਸੋਗੁ ਨ ਸੰਤਾਪੈ ॥ ਹਰਿ ਜੀਉ ਤੂ ਸਭਨਾ ਕਾ ਮਿਤੁ ਹੈ ਸਭਿ ਜਾਣਹਿ ਆਪੈ ॥ ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥ ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥੮॥ {ਪੰਨਾ 1097} ਪਦ ਅਰਥ: ਨ ਵਿਆਪੈ = ਪੋਂਹਦਾ ਨਹੀਂ। ਜਿਨਿ ਜਨਿ = ਜਿਸ ਜਨ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਚਹੁ ਕੁੰਡੀ = ਚਾਰੇ ਪਾਸੀਂ, ਸਾਰੇ ਜਗਤ ਵਿਚ। ਜਾਪੈ = ਪਰਗਟ ਹੋ ਜਾਂਦਾ ਹੈ। ਤਿਸੁ ਕੰਬਹਿ ਪਾਪੈ = ਪਾਪ ਉਸ ਤੋਂ ਕੰਬਦੇ ਹਨ, ਪਾਪ ਉਸ ਦੇ ਨੇੜੇ ਨਹੀਂ ਢੁਕਦੇ। ਨਾਪੈ = ਇਸ਼ਨਾਨ ਕਰਦਾ ਹੈ। ਜਿਨਿ = ਜਿਸ ਮਨੁੱਖ ਨੇ। ਨ ਸੰਤਾਪੈ = ਦੁੱਖ ਨਹੀਂ ਦੇਂਦਾ। ਸਭਿ ਜਾਣਹਿ ਆਪੈ = ਸਭ ਨੂੰ ਤੂੰ ਆਪਣਾ ਸਮਝਦਾ ਹੈਂ। ਜਨ ਵਰਤਾਇਆ = ਸੇਵਕ ਦੀ ਸੋਭਾ ਟਿਕਾ ਦਿੱਤੀ। ਜਨ ਤੇ = ਸੇਵਕ ਤੋਂ। ਜਾਪੈ = ਪਛਾਣਿਆ ਜਾਂਦਾ ਹੈ। ਅਰਥ: ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰੇ ਨਾਮ ਦੀ ਤਾਂਘ ਹੈ ਉਸ ਮਨੁੱਖ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਜਿਸ ਸੇਵਕ ਨੇ ਗੁਰੂ ਦੀ ਸਰਨ ਪੈ ਕੇ ਤੇਰੇ ਨਾਲ ਸਾਂਝ ਪਾਈ ਹੈ ਉਹ ਸਾਰੇ ਜਗਤ ਵਿਚ ਪਰਗਟ ਹੋ ਜਾਂਦਾ ਹੈ। (ਫਿਰ) ਜੋ ਮਨੁੱਖ ਉਸ ਸੇਵਕ ਦੀ ਸਰਨ ਪੈਂਦਾ ਹੈ, ਉਸ ਦੇ ਭੀ ਨੇੜੇ ਕੋਈ ਪਾਪ ਨਹੀਂ ਢੁਕਦੇ। ਗੁਰੂ ਦੀ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰ ਕੇ ਉਸ ਦੀ ਕਈ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨ ਲਿਆ ਹੈ ਉਸ ਨੂੰ ਕੋਈ ਚਿੰਤਾ-ਫ਼ਿਕਰ ਦੁੱਖ ਨਹੀਂ ਦੇ ਸਕਦਾ। ਹੇ ਪ੍ਰਭੂ ਜੀ! ਤੂੰ ਸਾਰੇ ਜੀਵਾਂ ਦਾ ਮਿੱਤਰ ਹੈਂ, ਸਾਰੇ ਜੀਵਾਂ ਨੂੰ ਤੂੰ ਆਪਣੇ ਸਮਝਦਾ ਹੈਂ। ਪ੍ਰਭੂ ਦੇ ਸੇਵਕ ਦੀ ਸੋਭਾ ਉਤਨੀ ਹੀ ਵੱਡੀ ਹੋ ਜਾਂਦੀ ਹੈ ਜਿਤਨਾ ਵੱਡਾ ਪ੍ਰਭੂ ਦਾ ਆਪਣਾ ਤੇਜ-ਪਰਤਾਪ ਹੈ। ਪ੍ਰਭੂ ਆਪਣੇ ਸੇਵਕ ਦੀ ਵਡਿਆਈ ਸਭ ਜੀਵਾਂ ਦੇ ਅੰਦਰ ਟਿਕਾ ਦੇਂਦਾ ਹੈ। ਪ੍ਰਭੂ ਆਪਣੇ ਸੇਵਕ ਤੋਂ ਹੀ ਪਛਾਣਿਆ ਜਾਂਦਾ ਹੈ।8। ਡਖਣੇ ਮਃ ੫ ॥ ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥ ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥੧॥ {ਪੰਨਾ 1097} ਪਦ ਅਰਥ: ਹਉ = ਮੈਂ। ਸੇ ਭੀ = ਉਹ ਭੀ। ਮੈ ਪਿਛੈ = ਮੇਰੇ ਪਿਛੇ ਪਿਛੇ। ਰਵਿਆਸੁ = ਤੁਰੇ ਫਿਰਦੇ ਹਨ {rm` = ਜਾਣਾ}। ਆਸੜੀ = ਮਾੜੀ ਮਾੜੀ ਆਸ। ਮਹਿਜੀ = ਮੇਰੀ। ਅਰਥ: (ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ) ਜਿਨ੍ਹਾਂ ਬੰਦਿਆਂ ਦੇ ਪਿਛੇ ਮੈਂ ਜਾਂਦਾ ਹਾਂ (ਜਿਨ੍ਹਾਂ ਦੀ ਮੁਥਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵਲ ਤੱਕਦਾ ਹਾਂ, ਤਾਂ) ਉਹ ਭੀ ਮੇਰੇ ਪਿਛੇ ਪਿਛੇ ਤੁਰੇ ਫਿਰਦੇ ਹਨ। ਜਿਨ੍ਹਾਂ ਦੀ ਸਹੈਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ, ਉਹ ਮੈਥੋਂ ਆਸ ਬਣਾਈ ਬੈਠੇ ਹਨ।1। ਮਃ ੫ ॥ ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥ ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥੨॥ {ਪੰਨਾ 1097} ਪਦ ਅਰਥ: ਗਿਲੀ ਗਿਲੀ = ਚਿਪ-ਚਿਪ ਕਰਦੀ। ਰੋਡੜੀ = ਗੁੜ ਦੀ ਰੋੜੀ। ਭਉਦੀ = ਮੱਖੀ। ਭਵਿ ਭਵਿ = ਮੁੜ ਮੁੜ ਉੱਡ ਉੱਡ ਕੇ। ਮਥਾਇ = ਮੱਥੇ ਉਤੇ। ਅਰਥ: ਚਿਪ-ਚਿਪ ਕਰਦੀ ਗੁੜ ਦੀ ਰੌੜੀ ਉੱਤੇ ਮੱਖੀ ਮੁੜ ਮੁੜ ਉੱਡ ਕੇ ਆ ਬੈਠਦੀ ਹੈ (ਤੇ ਆਖ਼ਰ ਗੁੜ ਨਾਲ ਹੀ ਚੰਬੜ ਜਾਂਦੀ ਹੈ ਤੇ ਉਥੇ ਹੀ ਮਰ ਜਾਂਦੀ ਹੈ, ਇਹੀ ਹਾਲ ਹੈ ਮਾਇਆ ਦਾ,) ਜੇਹੜੇ ਜੇਹੜੇ ਬੰਦੇ (ਮਾਇਆ ਦੇ ਨੇੜੇ ਹੋ ਹੋ) ਬੈਠਦੇ ਹਨ ਉਹ (ਇਸ ਦੇ ਮੋਹ ਵਿਚ) ਫਸ ਜਾਂਦੇ ਹਨ, (ਸਿਰਫ਼) ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਦੇ ਭਾਗ (ਜਾਗਦੇ ਹਨ) ।2। ਮਃ ੫ ॥ ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥ ਤੈ ਸਖੀ ਭਾਗ ਮਥਾਹਿ ਜਿਨੀ ਮੇਰਾ ਸਜਣੁ ਰਾਵਿਆ ॥੩॥ {ਪੰਨਾ 1097} ਪਦ ਅਰਥ: ਹਭ ਮਝਾਹਿ = ਸਭ ਜੀਵਾਂ ਵਿਚ। ਤੈ ਮਥਾਹਿ = ਉਹਨਾਂ ਦੇ ਹੀ ਮੱਥੇ ਉਤੇ। ਰਾਵਿਆ = ਮਿਲਾਪ ਦਾ ਰਸ ਮਾਣਿਆ ਹੈ। ਅਰਥ: (ਇਹ ਅਸਚਰਜ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ। ਕੀ ਇਹਨਾਂ ਦੇ ਅੰਦਰ ਰੱਬ ਨਹੀਂ ਵੱਸਦਾ, ਜੋ ਇਹਨਾਂ ਨੂੰ ਬਚਾ ਲਏ? ਪਰਮਾਤਮਾ ਨੂੰ ਤਾਂ ਮੈਂ) ਹਰੇਕ ਦੇ ਅੰਦਰ ਵੱਸਦਾ ਵੇਖਿਆ ਹੈ, ਕੋਈ ਭੀ ਜੀਵ ਐਸਾ ਨਹੀਂ ਜਿਸ ਵਿਚ ਉਹ ਨਹੀਂ ਵੱਸਦਾ। ਪਰ ਸਿਰਫ਼ ਉਹਨਾਂ (ਸਤ ਸੰਗਣ) ਸਹੇਲੀਆਂ ਦੇ ਮੱਥੇ ਦੇ ਭਾਗ ਜਾਗਦੇ ਹਨ (ਤੇ ਉਹੀ ਮਾਇਆ ਦੇ ਪ੍ਰਭਾਵ ਤੋਂ ਬਚਦੀਆਂ ਹਨ) ਜਿਨ੍ਹਾਂ ਨੇ ਪਿਆਰੇ ਮਿਤ੍ਰ-ਪ੍ਰਭੂ ਦਾ ਮਿਲਾਪ ਪ੍ਰਾਪਤ ਕੀਤਾ ਹੈ।3। ਪਉੜੀ ॥ ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ ॥ ਪ੍ਰਭੁ ਮੇਰਾ ਥਿਰ ਥਾਵਰੀ ਹੋਰ ਆਵੈ ਜਾਵੈ ॥ ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥ ਪ੍ਰਭ ਜੀਉ ਦੇਵਹੁ ਦਰਸਨੁ ਆਪਣਾ ਜਿਤੁ ਢਾਢੀ ਤ੍ਰਿਪਤਾਵੈ ॥ ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥ ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥ ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥੯॥ {ਪੰਨਾ 1097} ਪਦ ਅਰਥ: ਹਉ = ਮੈਂ। ਦਰਿ = ਦਰ ਤੇ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗੇ। ਥਾਵਰੀ = ਟਿਕਾਣੇ ਵਾਲਾ। ਜਿਤੁ = ਜਿਸ ਦੀ ਰਾਹੀਂ। ਤ੍ਰਿਪਤਾਵੈ = ਰੱਜ ਜਾਏ। ਦਾਤਾਰਿ = ਦਾਤਾਰ ਨੇ। ਪ੍ਰਭਿ = ਪ੍ਰਭੂ ਨੇ। ਮਹਲਿ = ਮਹਲ ਵਿਚ। ਪਾਵੈ = ਪੈਰੀਂ। ਨਿਰਗੁਣ = ਗੁਣ-ਹੀਨ। ਬਖਸਿਓਨੁ = ਉਸ ਨੇ ਬਖ਼ਸ਼ ਲਿਆ। ਪ੍ਰਭਿ ਪੁਰਖਿ = ਪ੍ਰਭੂ ਪੁਰਖ ਨੇ। ਵੇਦਾਵੈ = ਨਿਮਾਣੇ ਨੂੰ। ਅਰਥ: ਜੇ ਹਰੀ ਪ੍ਰਭੂ ਨੂੰ ਚੰਗਾ ਲੱਗੇ (ਜੇ ਪ੍ਰਭੂ ਦੀ ਰਜ਼ਾ ਹੋਵੇ, ਮੇਹਰ ਹੋਵੇ) ਤਾਂ ਮੈਂ ਢਾਢੀ (ਉਸ ਦੇ) ਦਰ ਤੇ (ਉਸ ਦੇ) ਗੁਣ ਗਾਂਦਾ ਹਾਂ। ਮੇਰਾ ਪ੍ਰਭੂ ਸਦਾ-ਥਿਰ ਟਿਕਾਣੇ ਵਾਲਾ ਹੈ, ਹੋਰ (ਸ੍ਰਿਸ਼ਟੀ) ਜੰਮਦੀ ਮਰਦੀ ਹੈ। ਹੇ ਧਰਤੀ ਦੇ ਸਾਂਈ! ਮੈਂ (ਤੈਥੋਂ) ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ (ਮਾਇਆ ਦੀ) ਭੁੱਖ ਦੂਰ ਹੋ ਜਾਏ। ਹੇ ਪ੍ਰਭੂ ਜੀ! ਮੈਨੂੰ ਆਪਣਾ ਦਰਸਨ ਦਿਉ ਜਿਸ ਨਾਲ ਮੈਂ ਢਾਢੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਵਾਂ। ਦਾਤਾਰ ਪ੍ਰਭੂ ਨੇ (ਮੇਰੀ) ਅਰਦਾਸ ਸੁਣ ਲਈ ਤੇ (ਮੈਨੂੰ) ਢਾਢੀ ਨੂੰ ਆਪਣੇ ਮਹਲ ਵਿਚ ਬੁਲਾ ਲਿਆ (ਬੁਲਾਉਂਦਾ ਹੈ) ; ਪ੍ਰਭੂ ਦਾ ਦੀਦਾਰ ਕਰਦਿਆਂ ਹੀ ਮੇਰੀ (ਮਾਇਆ ਵਾਲੀ) ਭੁੱਖ ਤੇ ਹੋਰ ਦੁੱਖ ਦੂਰ ਹੋ ਗਏ, ਮੈਨੂੰ ਢਾਢੀ ਨੂੰ ਇਹ ਚੇਤੇ ਹੀ ਨਾਹ ਰਿਹਾ ਕਿ ਮੈਂ ਕੁਝ ਮੰਗਾਂ, ਪ੍ਰਭੂ ਦੀ ਚਰਨੀਂ ਲੱਗ ਕੇ ਮੇਰੀਆਂ ਸਾਰੀਆਂ ਹੀ ਕਾਮਨਾਂ ਪੂਰੀਆਂ ਹੋ ਗਈਆਂ (ਮੇਰੀ ਕੋਈ ਵਾਸਨਾ ਰਹਿ ਹੀ ਨ ਗਈ) । ਉਸ ਪ੍ਰਭੂ-ਪੁਰਖ ਨੇ ਮੈਨੂੰ ਨਿਮਾਣੇ ਗੁਣ-ਹੀਨ ਢਾਢੀ ਨੂੰ ਬਖ਼ਸ਼ ਲਿਆ।9। ਡਖਣੇ ਮਃ ੫ ॥ ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥ ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥੧॥ {ਪੰਨਾ 1097} ਪਦ ਅਰਥ: ਜਾ = ਜਦੋਂ। ਛੁਟੇ = (ਤੇਰਾ ਤੇ ਜਿੰਦ ਦਾ ਸੰਬੰਧ) ਮੁੱਕ ਜਾਇਗਾ। ਸੁੰਞੀ = ਜਿੰਦ ਤੋਂ ਸੱਖਣੀ। ਨ ਜਾਣਹੀ = ਨਹੀਂ ਜਾਣ ਸਕੇਂਗੀ। ਦੁਰਜਨ ਸੇਤੀ = ਭੈੜਿਆਂ ਨਾਲ, ਵਿਕਾਰਾਂ ਨਾਲ। ਕੈ ਗੁਣਿ = ਕਿਸ ਗੁਣ ਦੀ ਰਾਹੀਂ? ਅਰਥ: (ਹੇ ਮੇਰੀ ਕਾਇਆ!) ਜਦੋਂ (ਤੇਰਾ ਤੇ ਇਸ ਜਿੰਦ ਦਾ ਸੰਬੰਧ) ਮੁੱਕ ਜਾਇਗਾ, ਤਦੋਂ ਤੂੰ ਮਿੱਟੀ ਹੋ ਜਾਇਂਗੀ, (ਉਸ ਵੇਲੇ) ਜਿੰਦ ਤੋਂ ਸੱਖਣੀ ਤੂੰ ਖਸਮ-ਪ੍ਰਭੂ ਨਾਲ ਸਾਂਝ ਨਹੀਂ ਪਾ ਸਕੇਂਗੀ। (ਹੁਣ) ਤੇਰਾ ਪਿਆਰ ਵਿਕਾਰਾਂ ਨਾਲ ਹੈ, (ਦੱਸ!) ਤੂੰ ਕਿਸ ਗੁਣ ਦੀ ਬਰਕਤਿ ਨਾਲ ਹਰੀ (ਦੇ ਮਿਲਾਪ) ਦਾ ਆਨੰਦ ਮਾਣ ਸਕਦੀ ਹੈਂ?।1। ਮਃ ੫ ॥ ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥ ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥੨॥ {ਪੰਨਾ 1097} ਪਦ ਅਰਥ: ਨ ਜੀਵਣਾ = ਜੀਊ ਨਹੀਂ ਸਕੀਦਾ, ਸੁਖ ਦਾ ਸਾਹ ਨਹੀਂ ਆ ਸਕਦਾ। ਨ ਸਰੈ = ਨਹੀਂ ਨਿਭਦੀ, ਨਿਰਬਾਹ ਨਹੀਂ ਹੁੰਦਾ। ਮਨ = ਹੇ ਮਨ! ਚਿੰਦ = ਫ਼ਿਕਰ। ਅਰਥ: ਹੇ ਨਾਨਕ! ਜਿਸ (ਪ੍ਰਭੂ ਦੀ ਯਾਦ) ਤੋਂ ਬਿਨਾ ਇਕ ਘੜੀ ਭੀ ਸੁਖ ਦਾ ਸਾਹ ਨਹੀਂ ਆਉਂਦਾ (ਦੁਨੀਆ ਦੇ ਚਿੰਤਾ-ਫ਼ਿਕਰ ਹੀ ਜਾਨ ਖਾ ਜਾਂਦੇ ਹਨ) , ਜਿਸ ਨੂੰ ਵਿਸਾਰਿਆਂ ਇਕ ਪਲ ਭਰ ਭੀ ਜੀਵਨ-ਨਿਰਬਾਹ ਨਹੀਂ ਹੋ ਸਕਦਾ, (ਫਿਰ) ਹੇ ਮਨ! ਜਿਸ ਪ੍ਰਭੂ ਨੂੰ (ਹਰ ਵੇਲੇ) ਸਾਡਾ ਫ਼ਿਕਰ ਹੈ, ਉਸ ਨਾਲ ਰੁੱਸਣਾ ਠੀਕ ਨਹੀਂ ਹੈ।2। ਮਃ ੫ ॥ ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥ ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥੩॥ {ਪੰਨਾ 1097} ਪਦ ਅਰਥ: ਕੈ ਰੰਗਿ = ਦੇ ਰੰਗ ਵਿਚ। ਪਾਰਬ੍ਰਹਮ = ਪਰਮ ਜੋਤਿ ਪ੍ਰਭੂ। ਅਤਿ ਗੁਲਾਲੁ = ਗੂੜ੍ਹਾ ਲਾਲ। ਆਲੂਦਿਆ = ਮਲੀਨ। ਜਿਤੀ = ਜਿਤਨਾ ਭੀ। ਅਰਥ: ਹੇ ਨਾਨਕ! ਜੇਹੜੇ ਬੰਦੇ ਪਰਮ ਜੋਤਿ-ਪ੍ਰਭੂ ਦੇ ਪਿਆਰ ਵਿਚ ਰੰਗੇ ਜਾਂਦੇ ਹਨ, ਉਹਨਾਂ ਦਾ ਤਨ ਮਨ (ਪਿਆਰ ਵਿਚ) ਗੂੜ੍ਹਾ ਲਾਲ ਹੋ ਜਾਂਦਾ ਹੈ। (ਪ੍ਰਭੂ ਦੇ ਪਿਆਰ ਨੂੰ ਘਟਾਣ ਵਾਲਾ) ਜਿਤਨਾ ਭੀ ਹੋਰ ਹੋਰ ਧਿਆਨ ਹੈ, ਉਹ ਪ੍ਰਭੂ ਦੇ ਨਾਮ ਦੀ ਯਾਦ ਤੋਂ ਵਾਂਜਿਆਂ ਰੱਖਦਾ ਹੈ ਤੇ (ਮਨ ਨੂੰ) ਮੈਲਾ ਕਰਦਾ ਹੈ।3। ਪਵੜੀ ॥ ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥ ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥ ਗੁਰਿ ਭਉਜਲੁ ਪਾਰਿ ਲੰਘਾਇਆ ਜਿਤਾ ਪਾਵਾੜਾ ॥ ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥ ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥ ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥ ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥ ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥ {ਪੰਨਾ 1097-1098} ਪਦ ਅਰਥ: ਕਾੜਾ = ਧੋਖਾ, ਫ਼ਿਕਰ। ਜਿਨੀ ਠਗੀ = ਜਿਨ੍ਹਾਂ (ਕਾਮਾਦਿਕ) ਠੱਗਾਂ ਨੇ। ਨਿਵਾੜਾ = ਨਿਵਾਰੇ, ਭਜਾ ਦਿੱਤੇ। ਗੁਰਿ = ਗੁਰੂ ਦੀ ਰਾਹੀਂ। ਭਉਜਲੁ = ਸੰਸਾਰ-ਸਮੁੰਦਰ। ਜਿਤਾ = ਜਿੱਤ ਲਿਆ। ਪਾਵਾੜਾ = ਧੰਧੇ, ਜੰਜਾਲ। ਸਭਿ = ਸਾਰੇ। ਸਤਵੰਤਾ = ਉੱਚੇ ਆਚਰਨ ਵਾਲਾ। ਸਾੜਾ = ਸਾਡਾ। ਜਿਤੁ = ਜਿਸ ਪਾਸੇ। ਲਾਈਅਨਿ = ਲਾਈ ਦੀਆਂ ਹਨ। ਖਿੰਜੋਤਾੜਾ = ਖਿੱਚੋਤਾਣ। ਇਛੀ = ਮੈਂ ਇੱਛਾ ਕਰਦਾ ਹਾਂ। ਗੁਰਿ = ਗੁਰੂ ਨੇ। ਅੰਦਰਿ ਵਾੜਾ = ਅੰਦਰਲੇ ਪਾਸੇ (ਮਨ ਨੂੰ) ਪਰਤਾ ਦਿੱਤਾ। ਭਾਇਰਹੁ = ਹੇ ਭਰਾਵੋ! ਅਰਥ: ਹੇ ਹਰੀ ਜੀ! ਜਦੋਂ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿ ਸਕਦਾ, (ਕਿਉਂਕਿ) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ ਉਹ ਤੂੰ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ, ਗੁਰੂ ਦੀ ਰਾਹੀਂ ਤੂੰ ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਮੈਂ ਮਾਇਆ ਦੇ ਜੰਜਾਲ ਜਿੱਤ ਲਏ ਹਨ। ਹੁਣ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਮਾਣਦਾ ਹਾਂ, ਮੈਂ ਇਸ ਵੱਡੇ ਜਗਤ-ਅਖਾੜੇ (ਨੂੰ ਜਿੱਤ ਲਿਆ ਹੈ) । ਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿਚ ਕਰ ਦਿੱਤੀਆਂ ਹਨ, ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ) । ਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈਂ ਜੋ ਕੁਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ। ਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ।10। |
Sri Guru Granth Darpan, by Professor Sahib Singh |