ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1098 ਡਖਣੇ ਮਃ ੫ ॥ ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥ ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥ {ਪੰਨਾ 1098} ਪਦ ਅਰਥ: ਮੂੰ = ਮੈਨੂੰ। ਚਿਤਿ = ਚਿੱਤ ਵਿਚ। ਮੂੰ ਚਿਤਿ = ਮੇਰੇ ਚਿੱਤ ਵਿਚ। ਲਹਾਉ = ਮੈਂ ਲੈ ਲੈਂਦਾ ਹਾਂ, ਪ੍ਰਾਪਤ ਕਰ ਲੈਂਦਾ ਹਾਂ। ਨਾਨਕ = ਹੇ ਨਾਨਕ! (ਆਖ-) । ਰੰਗਾਵਲਾ = ਰੰਗ ਪੈਦਾ ਕਰਨ ਵਾਲਾ, ਸੁਹਾਵਣਾ, ਪਿਆਰਾ। ਪਿਰੀ = ਹੇ ਪਿਰ! ਤਹਿਜਾ = ਤੇਰਾ। ਅਰਥ: ਹੇ ਨਾਨਕ! (ਆਖ-) ਹੇ ਪਤੀ-ਪ੍ਰਭੂ! ਜਦੋਂ ਤੂੰ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ, ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ।1। ਮਃ ੫ ॥ ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥ ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥ {ਪੰਨਾ 1098} ਪਦ ਅਰਥ: ਕਪੜ ਭੋਗ = (ਨਿਰੇ) ਭੋਗ ਕੱਪੜ, ਨਿਰੇ ਖਾਣ-ਹੰਢਾਣ। ਛਾਰ = ਸੁਆਹ। ਲੋੁੜੇਦਾ = ਮੈਂ ਲੋੜਦਾ ਹਾਂ, ਮੈਂ ਚਾਹੁੰਦਾ ਹਾਂ {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ, ੋ ਅਤੇ ੁ । ਅਸਲ ਲਫ਼ਜ਼ 'ਲੋੜੇਦਾ' ਹੈ, ਇਥੇ 'ਲੁੜੇਦਾ' ਪੜ੍ਹਨਾ ਹੈ}। ਤੰਨਿ ਖੇ = ਤਿਨ੍ਹਾਂ ਦੀ। ਖਾਕੁ = ਚਰਨ-ਧੂੜ। ਅਰਥ: (ਪ੍ਰਭੂ ਦੀ ਯਾਦ ਤੋਂ ਵਿਰਵੇ ਰਹਿ ਕੇ ਨਿਰੇ) ਖਾਣ-ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ। ਇਸ ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ) । (ਤਾਹੀਏਂ) ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ, ਜੋ ਪ੍ਰਭੂ ਦੇ ਦੀਦਾਰ ਵਿਚ ਰੰਗੇ ਹੋਏ ਹਨ।2। ਮਃ ੫ ॥ ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥ ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥ {ਪੰਨਾ 1098} ਪਦ ਅਰਥ: ਬਿਆ = ਦੂਜੇ। ਪਾਸ = ਪਾਸੇ, ਆਸਰੇ। ਹੀਅੜੇ = ਹੇ ਮੇਰੇ ਹਿਰਦੇ! ਹੇ ਮੇਰੀ ਜਿੰਦੇ! ਹਿਕੁ = ਇਕ। ਅਧਾਰੁ = ਆਸਰਾ। ਥੀਉ = ਹੋ ਜਾ। ਰੇਣੁ = ਚਰਨ-ਧੂੜ। ਜਿਤੁ = ਜਿਸ ਦੀ ਰਾਹੀਂ। ਅਰਥ: ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ। (ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ। 23। ਪਉੜੀ ॥ ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥ ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥ ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥ ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥ ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥ ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥ {ਪੰਨਾ 1098} ਪਦ ਅਰਥ: ਕਰਮਾ = ਬਖ਼ਸ਼ਸ਼, ਕਰਮ। ਮਨੂਆ = ਮਾਇਆ ਵਿਚ ਫਸਿਆ ਮਨ। ਧੀਰਾ = ਟਿਕੇ ਰਹਿਣ ਵਾਲਾ। ਕਲਿ = (ਭਾਵ,) ਸੰਸਾਰ। ਨ ਤਗੈ = (ਟਿਕਾਉ ਵਿਚ) ਨਹੀਂ ਨਿਭ ਸਕਦਾ। ਅਹਿ = ਇਹ। ਕਰੁ = ਹੱਥ। ਥਾਹ = ਡੂੰਘਾਈ। ਭੰਗੈ = ਤੋਟ, ਵਿੱਥ। ਜਿਨਿ ਜਨਿ = ਜਿਸ ਜਨ ਨੇ। ਘਰਿ = ਹਿਰਦੇ ਵਿਚ। ਅਭਗੈ = ਨਾਹ ਨਾਸ ਹੋਣ ਵਾਲਾ। ਅਰਥ: ਪ੍ਰਭੂ ਦੀ ਮੇਹਰ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ (ਪ੍ਰਭੂ ਦੀ ਮੇਹਰ ਨਾਲ ਹੀ ਗੁਰੂ ਮਿਲਦਾ ਹੈ, ਤੇ) ਗੁਰੂ ਤੋਂ ਬਿਨਾ ਮਨੁੱਖ ਦਾ ਮਾਇਆ-ਵੇੜ੍ਹਿਆ ਮਨ (ਪ੍ਰਭੂ-ਚਰਨਾਂ ਵਿਚ) ਜੁੜਦਾ ਹੀ ਨਹੀਂ। ਸੰਸਾਰ ਵਿਚ ਧਰਮ ਹੀ ਸਦਾ ਇਕ-ਰਸ ਰਹਿੰਦਾ ਹੈ, ਪਰ ਇਹ ਮਨ (ਜਦੋਂ ਤਕ) ਪਾਪਾਂ ਵਿਚ ਪਰਵਿਰਤ (ਹੈ) ਬਿਲਕੁਲ ਅਡੋਲਤਾ ਵਿਚ ਟਿਕਿਆ ਨਹੀਂ ਰਹਿ ਸਕਦਾ, (ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ) ਰਤਾ ਭੀ ਸਮਾ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ। (ਜਦੋਂ ਤੋਂ ਦੁਨੀਆ ਬਣੀ ਹੈ) ਚੌਹਾਂ ਹੀ ਜੁਗਾਂ ਦੇ ਸਮੇ ਨੂੰ ਵਿਚਾਰ ਕੇ ਮੈਂ ਵੇਖ ਲਿਆ ਹੈ ਕਿ ਮਨ ਦਾ ਅਹੰਕਾਰ ਸੰਗਤਿ ਤੋਂ ਬਿਨਾ ਦੂਰ ਨਹੀਂ ਹੁੰਦਾ, ਗੁਰਮੁਖਾਂ ਦੀ ਸੰਗਤਿ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਮੁੱਕ ਸਕਦੀ। (ਜਦ ਤਕ ਮਨ ਵਿਚ ਹਉਮੈ ਹੈ, ਤਦ ਤਕ ਮਾਲਕ-ਪ੍ਰਭੂ ਨਾਲੋਂ ਵਿੱਥ ਹੈ) ਜਦ ਤਕ ਮਾਲਕ ਨਾਲੋਂ ਵਿੱਥ ਹੈ ਤਦ ਤਕ ਮਨੁੱਖ ਉਸ ਦੇ ਗੁਣਾਂ ਦੀ ਡੂੰਘਾਈ ਵਿਚ ਟਿਕ ਨਹੀਂ ਸਕਦਾ। ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੈ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਦੇ ਹਿਰਦੇ ਵਿਚ ਹੀ ਅਬਿਨਾਸ਼ੀ ਪ੍ਰਭੂ ਦਾ ਦਰਬਾਰ ਲੱਗ ਜਾਂਦਾ ਹੈ। ਪ੍ਰਭੂ ਦੀ ਮੇਹਰ ਨਾਲ ਹੀ ਮਨੁੱਖ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਤੇ ਮੇਹਰ ਨਾਲ ਹੀ ਆਤਮਕ ਸੁਖ ਪ੍ਰਾਪਤ ਕਰਦਾ ਹੈ।11। ਡਖਣੇ ਮਃ ੫ ॥ ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥ ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥ {ਪੰਨਾ 1098} ਪਦ ਅਰਥ: ਲੋੜੀਦੋ = ਮੈਂ ਭਾਲ ਕਰਦਾ ਸਾਂ। ਹਭ ਜਾਇ = ਹਰ ਥਾਂ। ਸਿਰਿ = ਸਿਰ ਉਤੇ। ਮੀਰੰਨ ਸਿਰਿ ਮੀਰਾ = ਸ਼ਾਹਾਂ ਦੇ ਸਿਰ ਉਤੇ ਸ਼ਾਹ। ਹਠ = ਹਿਰਦਾ। ਮੰਝਾਹੂ = ਵਿਚ, ਅੰਦਰ। ਧਣੀ = ਮਾਲਕ। ਚਉਦੋ = ਮੈਂ ਉਚਾਰਦਾ ਹਾਂ। ਮੁਖਿ = ਮੂੰਹ ਨਾਲ। ਅਲਾਹਿ = ਬੋਲ ਕੇ, ਉਚਾਰ ਕੇ। ਅਰਥ: ਉਹ ਮਾਲਕ-ਪ੍ਰਭੂ ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈ, ਮੈਂ ਉਸ ਨੂੰ (ਬਾਹਰ) ਹਰ ਥਾਂ ਭਾਲਦਾ ਫਿਰਦਾ ਸਾਂ; ਪਰ ਹੁਣ ਜਦੋਂ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਦਾ ਹਾਂ, ਉਹ ਮੈਨੂੰ ਮੇਰੇ ਹਿਰਦੇ ਵਿਚ ਹੀ ਦਿੱਸ ਰਿਹਾ ਹੈ।1। ਮਃ ੫ ॥ ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥ ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥ {ਪੰਨਾ 1098} ਪਦ ਅਰਥ: ਮਾਉ = ਹੇ ਮਾਂ! ਮੋਹਿ = ਮੈਨੂੰ। ਮਾਣਿਕੁ = ਮੋਤੀ। ਡਿੰਨਾ = ਦਿੱਤਾ। ਆਪਹਿ = ਆਪ ਹੀ। ਧਣੀ = ਮਾਲਕ। ਹਿਆਉ = ਹਿਰਦਾ। ਮੁਖਹੁ = ਮੂੰਹੋਂ। ਅਲਾਇ = ਬੋਲ ਕੇ। ਅਰਥ: ਹੇ ਮਾਂ! ਮਾਲਕ-ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ-ਮੋਤੀ ਦਿੱਤਾ। (ਹੁਣ) ਮੂੰਹੋਂ ਉਸ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਮੇਰਾ ਹਿਰਦਾ ਠੰਢਾ-ਠਾਰ ਹੋ ਗਿਆ ਹੈ।2। ਮਃ ੫ ॥ ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥ ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥ {ਪੰਨਾ 1098} ਪਦ ਅਰਥ: ਮੂ = ਮੈਂ, ਮੇਰਾ ਹਿਰਦਾ। ਥੀਆਊ = ਮੈਂ ਬਣ ਗਿਆ ਹਾਂ। ਪਿਰੀ = ਪ੍ਰਭੂ-ਪਤੀ ਵਾਸਤੇ। ਡੇਖੈ = ਵੇਖੇ। ਕੀਮਾਹੂ = ਕੀਮਤ ਤੋਂ। ਕੀਮਾਹੂ ਬਾਹਰੇ = ਕੀਮਤ ਤੋਂ ਪਰੇ, ਅਮੋਲਕ, ਜਿਸ ਦਾ ਮੁੱਲ ਨ ਪੈ ਸਕੇ। ਅਰਥ: ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ। ਜਦੋਂ ਉਹ ਇਕ ਵਾਰੀ ਭੀ (ਮੇਰੇ ਵਲ) ਤੱਕਦਾ ਹੈ, ਮੈਨੂੰ ਅਜੇਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜੇਹੜੇ ਕਿਸੇ ਭੀ ਕੀਮਤ ਤੋਂ ਮਿਲ ਨਹੀਂ ਸਕਦੇ) ।3। ਪਉੜੀ ॥ ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥ ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥ {ਪੰਨਾ 1098} ਪਦ ਅਰਥ: ਪਾਈਆ = ਪਾਈਂ, ਪਾਵਾਂ। ਵਿੜਤੇ = ਵੱਟ ਲਏ, ਖੱਟ ਲਏ। ਸਾਹਿਬਾ = ਹੇ ਸਾਹਿਬ! ਬੋੁਲਾਈਆ = ਬੁਲਾਏਂ {ਅੱਖਰ 'ਬ' ਦੇ ਨਾਲ ਦੋ ਲਗਾਂ ਹਨ। ਲਫ਼ਜ਼ ਦੀ ਅਸਲ ਲਗ ੋ ਹੈ, ਇਥੇ ਪਾਠ ਕਰਨ ਲੱਗਿਆਂ ੁ ਪੜ੍ਹਨਾ ਹੈ}। ਬਿੰਦ = ਰਤਾ ਭਰ। ਸਾਈਆ = ਹੇ ਸਾਈਂ! ਸੰਤਹੋ = ਹੇ ਸੰਤ ਜਨੋ! ਕਿਉ = ਕਿਵੇਂ। ਇਤੁ ਪੰਥਿ = ਇਸ ਰਸਤੇ ਵਿਚ। ਜੁਲਾਈਆ = ਮੈਂ ਤੁਰਾਂ। ਅਰਥ: ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ। ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ। ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ। ਹੇ ਸੰਤ ਜਨੋ! (ਤੁਸੀ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ। (ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ। (ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ। ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ।12। ਡਖਣੇ ਮਃ ੫ ॥ ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥ ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥ {ਪੰਨਾ 1098} ਪਦ ਅਰਥ: ਮੂ = ਮੈਂ, ਮੇਰਾ ਹਿਰਦਾ, ਮੇਰਾ ਆਪਣਾ ਆਪ। ਮਹਿੰਜੇ = ਮੇਰੇ। ਪਿਰੀ ਪਾਤਿਸਾਹ = ਹੇ ਮੇਰੇ ਪਤੀ! ਹੇ ਪਾਤਿਸ਼ਾਹ! ਪਾਵ = ਚਰਨ। ਕੋਲਿ = ਨੇੜੇ। ਮਿਲਾਵੇ = ਛੁਹਾਵੇਂ। ਕਵਲ ਜਿਵੈ = ਕੌਲ ਫੁੱਲ ਵਾਂਗ। ਬਿਗਸਾਵਦੋ = ਮੈਂ ਖਿੜ ਪੈਂਦਾ ਹਾਂ। ਅਰਥ: ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ। ਜਦੋਂ ਤੂੰ ਆਪਣੇ ਚਰਨ ਮੇਰੇ ਹਿਰਦੇ-ਤਖ਼ਤ ਨਾਲ ਛੁਹਾਂਦਾ ਹੈਂ, ਮੈਂ ਕੌਲ ਫੁੱਲ ਵਾਂਗ ਖਿੜ ਪੈਂਦਾ ਹਾਂ। ਮਃ ੫ ॥ ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥ ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥ {ਪੰਨਾ 1098} ਪਦ ਅਰਥ: ਸੰਦੜੀ = ਦੀ। ਪਿਰੀਆ ਸੰਦੜੀ ਭੁਖ = ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ (ਮਿਟਾਣ ਲਈ) । ਥੀ ਵਿਥਰਾ = ਹੋ ਜਾਵਾਂ। ਮੂ = ਮੈਂ, ਮੇਰਾ ਆਪਾ-ਭਾਵ। ਲਾਵਣ = ਸਲੂਣਾ। ਜਾਣੁ = ਮੈਂ ਜਾਣ ਲਵਾਂ, ਮੈਂ ਬਣਨਾ ਸਿੱਖ ਲਵਾਂ। ਮਿਠਾਈ ਇਖ = ਗੰਨੇ ਦੀ ਮਿਠਾਸ। ਬੇਈ ਪੀੜੇ = ਮੁੜ ਮੁੜ ਪੀੜਿਆਂ। ਨਾ ਹੁਟੈ = ਨਾਹ ਮੁੱਕੇ। ਅਰਥ: ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ। ਮੈਂ ਅਜੇਹੀ ਗੰਨੇ ਦੀ ਮਿਠਾਸ ਬਣਨਾ ਸਿੱਖ ਲਵਾਂ ਕਿ (ਗੰਨੇ ਨੂੰ) ਮੁੜ ਮੁੜ ਪੀਤਿਆਂ ਭੀ ਨਾਹ ਮੁੱਕੇ (ਭਾਵ, ਮੈਂ ਆਪਾ-ਭਾਵ ਮਿਟਾ ਦਿਆਂ, ਤੇ ਆਪਾ ਵਾਰਦਿਆਂ ਕਦੇ ਅੱਕਾਂ ਨਾਹ, ਰੱਜਾਂ ਨਾਹ) ।2। ਮਃ ੫ ॥ ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥ ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥ {ਪੰਨਾ 1098} ਪਦ ਅਰਥ: ਠਗਾ ਨੀਹੁ = ਠੱਗ ਦਾ ਪਿਆਰ, ਦੁਨੀਆ ਦਾ ਮੋਹ। ਮਤ੍ਰੋੜਿ = ਚੰਗੀ ਤਰ੍ਹਾਂ ਤੋੜ ਦੇ। ਗੰਧ੍ਰਬਾ ਨਗਰੀ = ਧੂਏਂ ਦਾ ਪਹਾੜ, ਛਲ। ਜਾਣੁ = ਸਮਝ। ਡੂਇ = ਦੋ। ਸੁਖ ਘਟਾਊ ਡੂਇ = ਦੋ ਘੜੀਆਂ ਦਾ ਸੁਖ (ਮਾਣਿਆਂ) । ਪੰਧਾਣੂ = ਰਾਹੀ (-ਜੀਵ) । ਘਣੇ = ਅਨੇਕਾਂ। ਘਰ = ਜੂਨਾਂ। ਅਰਥ: (ਹੇ ਭਾਈ!) ਦੁਨੀਆ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, (ਇਸ ਦੁਨੀਆ ਨੂੰ) ਧੂਏਂ ਦਾ ਪਹਾੜ ਸਮਝ। (ਦੁਨੀਆ ਦਾ) ਦੋ ਘੜੀਆਂ ਦਾ ਸੁਖ (ਮਾਣਿਆਂ) ਇਸ ਜੀਵ-ਰਾਹੀ ਨੂੰ ਅਨੇਕਾਂ ਜੂਨਾਂ (ਵਿਚ ਭਟਕਣਾ ਪੈਂਦਾ ਹੈ) ।3। |
Sri Guru Granth Darpan, by Professor Sahib Singh |