ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1099 ਪਉੜੀ ॥ ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥ ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥ ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥ ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥ ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥ ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥ ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥ ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥ {ਪੰਨਾ 1099} ਪਦ ਅਰਥ: ਕਲਾ = (digit) ਹਿੱਸਾ, ਟੋਟਾ (ਜਿਵੇਂ ਚੰਦ੍ਰਮਾ ਦੀਆਂ ਕਲਾ ਵਧਦੀਆਂ ਘਟਦੀਆਂ ਹਨ) । ਅਕਲ = ਜਿਸ ਦੀਆਂ ਕਲਾਂ ਨਾਹ ਹੋਣ, ਜਿਸ ਦੇ ਟੋਟੇ ਨਾਹ ਹੋ ਸਕਣ, ਜੋ ਚੰਦ੍ਰਮਾ ਵਾਂਗ ਘਟਦਾ ਵਧਦਾ ਨਹੀਂ, ਅਖੰਡ ਸ਼ਕਤੀ ਵਾਲਾ। ਲਖ = (l˜) ਨਿਸ਼ਾਨ, ਚਿਹਨ। ਅਲੇਖ = ਜੋ ਬਿਆਨ ਨਾਹ ਕੀਤਾ ਜਾ ਸਕੇ। ਖਟੁ ਦਰਸਨ = ਛੇ ਭੇਖਾਂ ਦੇ ਸਾਧੂ (ਜੋਗੀ, ਜੰਗਮ, ਸਰੇਵੜੇ, ਸੰਨਿਆਸੀ, ਬੈਰਾਗੀ, ਬੋਧੀ) । ਚੰਦ੍ਰਾਇਣ ਵਰਤ = ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਵਰਤ। ਸਾਰ = ਅਸਲੀਅਤ। ਨ ਪੇਖੰ = ਨਹੀਂ ਵੇਖਦੇ। ਮਾਰਗਿ = ਰਸਤੇ ਉਤੇ। ਤਿਨਿ = ਉਸ ਨੇ। ਅਰਥ: ਜਿਸ ਪ੍ਰਭੂ ਦਾ ਕੋਈ ਚਿਹਨ-ਚੱਕ੍ਰ ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ। ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ। (ਕਈ ਬੰਦੇ) ਚੰਦ੍ਰਾਇਣ ਵਰਤ ਰੱਖਦੇ ਹਨ, ਪਰ ਉਹਨਾਂ ਦਾ ਕੋਈ ਲਾਭ ਨਹੀਂ (ਉਹ ਕਿਸੇ ਗਿਣਤੀ ਵਿਚ ਨਹੀਂ) । ਜੋ ਸਾਰੇ ਦੇ ਸਾਰੇ ਵੇਦ ਪੜ੍ਹਦੇ ਹਨ, ਉਹ ਭੀ ਅਸਲੀਅਤ ਨਹੀਂ ਵੇਖ ਸਕਦੇ। ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ) । ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ। ਜਿਸ ਮਨੁੱਖ ਦੇ ਮੱਥੇ ਉੱਤੇ ਧੁਰੋਂ (ਬਖ਼ਸ਼ਸ਼ ਦਾ ਲਿਖਿਆ) ਲੇਖ ਉੱਘੜ ਪਏ, ਉਹ (ਪਹਿਲਾਂ) ਕੁਰਾਹੇ ਪਿਆ ਹੋਇਆ (ਭੀ ਠੀਕ) ਰਸਤੇ ਤੇ ਆ ਜਾਂਦਾ ਹੈ। ਜਿਸ ਮਨੁੱਖ ਨੇ ਆਪਣੀ ਅੱਖੀਂ ਗੁਰੂ ਦਾ ਦਰਸਨ ਕਰ ਲਿਆ ਹੈ, ਉਸ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ।13। ਡਖਣੇ ਮਃ ੫ ॥ ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥ ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥ {ਪੰਨਾ 1099} ਪਦ ਅਰਥ: ਨਿਵਾਹੂ = ਤੋੜ ਨਿਬਾਹੁਣ ਵਾਲਾ, ਪੂਰਾ ਸਾਥ ਨਿਬਾਹੁਣ ਵਾਲਾ। ਗਡਿ = (ਹਿਰਦੇ ਵਿਚ) ਪੱਕਾ ਕਰ ਕੇ ਰੱਖ। ਚਲਾਊ = ਚਲਾ ਜਾਣ ਵਾਲਾ, ਸਾਥ ਛੱਡ ਜਾਣ ਵਾਲਾ। ਥੀਐ = ਹੋਵੇ। ਸੰਮਲੁ = ਸੰਭਾਲ ਕੇ (ਮਨ ਵਿਚ) ਰੱਖ। ਧਣੀ = ਮਾਲਕ। ਅਰਥ: ਜੋ (ਮਾਲਕ-ਪ੍ਰਭੂ) ਸਾਥ ਛੱਡ ਜਾਣ ਵਾਲਾ ਨਹੀਂ ਹੈ ਉਸ ਤੋੜ ਨਿਬਾਹੁਣ ਵਾਲੇ ਨੂੰ (ਹਿਰਦੇ ਵਿਚ) ਪੱਕਾ ਕਰ ਕੇ ਰੱਖ। ਸਦਾ-ਥਿਰ ਰਹਿਣ ਵਾਲੇ ਮਾਲਕ ਨੂੰ (ਮਨ ਵਿਚ) ਸੰਭਾਲ ਕੇ ਰੱਖ, (ਜੇਹੜੀ ਕਾਰ ਉਸ ਦੀ ਯਾਦ ਨੂੰ ਭੁਲਾਵੇ, ਉਸ) ਕੂੜੀ ਕਾਰ ਨੂੰ ਛੱਡ ਦੇਹ (ਮਾਇਆ ਸੰਬੰਧੀ ਕਾਰ ਵਿਚ ਚਿੱਤ ਨੂੰ ਨਾਹ ਗੱਡ) ।1। ਮਃ ੫ ॥ ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥ ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥ {ਪੰਨਾ 1099} ਪਦ ਅਰਥ: ਹਭ = ਹਰ ਥਾਂ। ਘਟਾਊ = ਘੜਿਆਂ ਵਿਚ। ਮਸਤਕਿ = ਮੱਥੇ ਉਤੇ। ਅਰਥ: ਹੇ ਨਾਨਕ! ਪ੍ਰਭੂ ਦੀ ਜੋਤਿ ਤਾਂ ਹਰ ਥਾਂ ਸਮਾਈ ਹੋਈ ਹੈ (ਮੌਜੂਦ ਹੈ) ਜਿਵੇਂ ਪਾਣੀ ਦੇ ਘੜਿਆਂ ਵਿਚ ਚੰਦ੍ਰਮਾ (ਦਾ ਪ੍ਰਤਿਬਿੰਬ) ਹੈ। (ਪਰ ਮਾਇਆ-ਵੇੜ੍ਹੇ ਜੀਵ ਨੂੰ ਆਪਣੇ ਅੰਦਰ ਉਸ ਦਾ ਦੀਦਾਰ ਨਹੀਂ ਹੁੰਦਾ) । ਜਿਸ ਮਨੁੱਖ ਦੇ ਮੱਥੇ ਉਤੇ (ਪੂਰਬਲਾ) ਲਿਖਿਆ ਲੇਖ ਜਾਗਦਾ ਹੈ, ਉਸ ਦੇ ਅੰਦਰ ਪ੍ਰਭੂ ਦੀ ਜੋਤਿ ਪਰਤੱਖ ਹੋ ਪੈਂਦੀ ਹੈ।2। ਮਃ ੫ ॥ ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥ ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥ {ਪੰਨਾ 1099} ਪਦ ਅਰਥ: ਸੁਹਾਵੇ = ਸੋਹਣੇ। ਚਉ = ਉਚਾਰ (ਕੇ) । ਮੰਨੀਅਹਿ = ਆਦਰ ਪ੍ਰਾਪਤ ਕਰਦੇ ਹਨ। ਅਰਥ: ਹੇ ਨਾਨਕ! ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੁੰਦਰ (ਦਿੱਸਦੇ) ਹਨ। ਹੇ ਨਾਨਕ! ਅਜੇਹੇ (ਭਾਗਾਂ ਵਾਲੇ) ਬੰਦੇ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪਾਂਦੇ ਹਨ। ਜਿਸ ਮਨੁੱਖ ਨੂੰ (ਪਹਿਲਾਂ) ਕਿਤੇ ਭੀ ਆਸਰਾ ਨਹੀਂ ਸੀ ਮਿਲਦਾ (ਨਾਮ ਦੀ ਬਰਕਤਿ ਨਾਲ) ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ।3। ਪਉੜੀ ॥ ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥ ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥ ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥ ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥ ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥ ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥ ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥ ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥ {ਪੰਨਾ 1099} ਪਦ ਅਰਥ: ਬਾਹਰ ਭੇਖਿ = ਬਾਹਰਲੇ ਭੇਖਾਂ ਨਾਲ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਬਾਹਰੀ = ਬਿਨਾ। ਨਿਕਾਮੀ = ਨਿਕੰਮੀ, ਵਿਅਰਥ। ਗਰਬਿ = ਅਹੰਕਾਰ ਵਿਚ। ਫਿਰਾਮੀ = ਫਿਰਦੀ ਹੈ। ਗੁਮਾਨੀ = ਅਹੰਕਾਰੀ। ਗਰਬਹਿ = ਅਹੰਕਾਰ ਕਰਦੇ ਹਨ। ਦਾਮੀ = ਪੈਸੇ ਵਾਲੇ, ਮਾਇਆਧਾਰੀ। ਬਿਲਾਮੀ = ਬਿਲਮ, ਦੇਰ, ਚਿਰ। ਹੁਕਾਮੀ = ਹੁਕਮ ਵਿਚ, ਹੁਕਮ ਅਨੁਸਾਰ। ਕਰਮੁ = ਬਖ਼ਸ਼ਸ਼। ਕਾਮੀ = ਕੰਮ ਆਉਂਦਾ ਹੈ। ਤਿਸ ਕੀ ਕਾਮੀ = ਉਸ ਦੇ ਕੰਮ ਆਉਂਦਾ ਹੈ, ਉਸ ਦਾ ਕੰਮ ਸਵਾਰਦਾ ਹੈ। ਅਰਥ: ਰੱਬ ਬਾਹਰਲੇ ਭੇਖਾਂ ਨਾਲ ਨਹੀਂ ਮਿਲਦਾ (ਕਿਉਂਕਿ) ਉਹ ਹਰੇਕ ਦੇ ਦਿਲ ਦੀ ਜਾਣਦਾ ਹੈ, ਤੇ, ਇਕ ਰੱਬ ਦੇ ਮਿਲਾਪ ਤੋਂ ਬਿਨਾ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ। ਜਿਨ੍ਹਾਂ ਬੰਦਿਆਂ ਦਾ ਮਨ ਪਰਵਾਰ ਦੇ ਮੋਹ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਅਹੰਕਾਰ ਵਿਚ ਹੀ ਫਿਰਦੇ ਹਨ, ਮਾਇਆ-ਧਾਰੀ ਬੰਦੇ ਜਗਤ ਵਿਚ ਆਕੜ ਆਕੜ ਕੇ ਚੱਲਦੇ ਹਨ, ਪਰ ਉਹਨਾਂ ਦਾ ਅਹੰਕਾਰ ਕਿਸੇ ਅਰਥ ਨਹੀਂ, (ਕਿਉਂਕਿ) ਜਗਤ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਖਿਨ ਪਲ ਵਿਚ ਹੀ ਸਾਥ ਛੱਡ ਜਾਂਦੀ ਹੈ। ਅਜੇਹੇ ਬੰਦੇ ਪਰਮਾਤਮਾ ਦੀ ਰਜ਼ਾ ਅਨੁਸਾਰ ਸੰਸਾਰ ਵਿਚ (ਵਿਅਰਥ ਹੀ) ਜੀਵਨ ਗੁਜ਼ਾਰ ਜਾਂਦੇ ਹਨ। ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ (ਦਾ ਦਰਵਾਜ਼ਾ) ਖੁਲ੍ਹਦਾ ਹੈ, ਉਸ ਨੂੰ ਗੁਰੂ ਮਿਲਦਾ ਹੈ (ਗੁਰੂ ਦੀ ਰਾਹੀਂ) ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ। ਜੋ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਉਸ ਦਾ ਕੰਮ ਸਵਾਰਦਾ ਹੈ।14। ਡਖਣੇ ਮਃ ੫ ॥ ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥ ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥ {ਪੰਨਾ 1099} ਪਦ ਅਰਥ: ਅਲਾਏ = ਉਚਾਰਦਾ ਹੈ, ਆਖਦਾ ਹੈ। ਹਭ = ਸਾਰੀ (ਸ੍ਰਿਸ਼ਟੀ) । ਕੋਇ = ਕੋਈ ਵਿਰਲਾ। ਖਾਕੁ = ਚਰਨ-ਧੂੜ। ਯਕੀਨਾ = ਪਰਤੀਤ, ਸਰਧਾ। ਹਿਕ = ਇਕ। ਅਰਥ: ਸਾਰੀ ਸ੍ਰਿਸ਼ਟੀ ਹੀ ਮੂੰਹ ਨਾਲ ਆਖਦੀ ਹੈ (ਕਿ) ਮੌਤ (ਸਿਰ ਉਤੇ ਖੜੀ ਹੈ) , ਪਰ ਕੋਈ ਵਿਰਲਾ ਬੰਦਾ (ਇਹ ਗੱਲ ਯਕੀਨ ਨਾਲ) ਸਮਝਦਾ ਹੈ। ਹੇ ਨਾਨਕ! (ਆਖ-) ਮੈਂ ਉਹਨਾਂ (ਗੁਰਮੁਖਾਂ) ਦੀ ਚਰਨ-ਧੂੜ (ਮੰਗਦਾ) ਹਾਂ ਜੋ (ਮੌਤ ਨੂੰ ਸੱਚ ਜਾਣ ਕੇ) ਇਕ ਪਰਮਾਤਮਾ ਨਾਲ ਸੰਬੰਧ ਜੋੜਦੇ ਹਨ।1। ਮਃ ੫ ॥ ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥ ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥ {ਪੰਨਾ 1099} ਪਦ ਅਰਥ: ਜਾਣੁ = ਅੰਤਰਜਾਮੀ। ਮੰਝਿ = (ਹਰੇਕ ਜੀਵ ਦੇ) ਅੰਦਰ। ਕੋ ਹੋਕੜੋ = ਕੋਈ ਵਿਰਲਾ ਇਕ। ਤੈ ਤਨਿ = ਉਸ ਮਨੁੱਖ ਦੇ ਸਰੀਰ ਵਿਚ। ਪੜਦਾ = ਪਰਮਾਤਮਾ ਨਾਲੋਂ ਵਿੱਥ। ਜੈ = ਜਿਸ ਨੂੰ। ਭੇਟਿਆ = ਮਿਲਿਆ। ਅਰਥ: ਅੰਤਰਜਾਮੀ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਵੱਸਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ। ਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ।2। ਮਃ ੫ ॥ ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥ ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥ {ਪੰਨਾ 1099} ਪਦ ਅਰਥ: ਕੁਆਹੁ = ਭੈੜੀ, ਖੋਟੀ (ਕੁਲਾਹ) , ਘਾਟੇ ਵਾਲੀ। ਮਤੜੀ = ਕੋਝੀ ਮਤ। ਕਾਂਢ = ਕੱਢਣ ਵਾਲਾ। ਕਾਂਢ ਪਾਵ = ਕੱਢਣ ਵਾਲੇ ਦੇ ਪੈਰ। ਮੂ ਤਨਿ = ਮੇਰੇ ਸਰੀਰ ਵਿਚ, ਮੇਰੇ ਹਿਰਦੇ ਵਿਚ। ਅਥਾਹ = ਬੇਅੰਤ। ਪਸਣ ਕੂ = ਵੇਖਣ ਲਈ। ਧਣੀ = ਮਾਲਕ। ਅਰਥ: ਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਦਰਸਨ ਕਰਨ ਵਾਸਤੇ ਮੇਰੇ ਹਿਰਦੇ ਵਿਚ ਅਥਾਹ ਪ੍ਰੇਮ ਹੈ (ਪਰ ਮੇਰੀ ਖੋਟੀ ਮਤ ਦਰਸਨ ਦੇ ਰਸਤੇ ਵਿਚ ਰੋਕ ਪਾਂਦੀ ਹੈ) ; ਜੇਹੜਾ ਮਨੁੱਖ ਮੇਰੀ ਇਸ ਖੋਟੀ ਮਤ ਨੂੰ (ਮੇਰੇ ਅੰਦਰੋਂ) ਕੱਢ ਦੇਵੇ, ਮੈਂ ਉਸ ਦੇ ਪੈਰ ਧੋ ਧੋ ਕੇ ਪੀਵਾਂਗਾ।3। ਪਉੜੀ ॥ ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥ ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥ ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥ ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥ ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥ {ਪੰਨਾ 1099} ਪਦ ਅਰਥ: ਰਚਾ = ਖਚਿਤ, ਮਸਤ। ਨਚਾ = ਨੱਚਦਾ, ਭਟਕਦਾ ਫਿਰਦਾ। ਤੈ = ਅਤੇ। ਥੋਥਾ = ਖ਼ਾਲੀ। ਕੂੜਿਆਰੁ = ਝੂਠਾ। ਖਚਾ = ਗੱਪ। ਪਾਤਿਸਾਹਿ = ਪਾਤਿਸ਼ਾਹ ਨੇ। ਵੇਖਿ = ਵੇਖ ਕੇ। ਕਰਮਚਾ = ਕਰਮ, ਕੀਤੇ ਕੰਮ। ਹੇਰਿਆ = ਤੱਕਿਆ। ਜਮਦੂਤੀ = ਜਮਦੂਤਾਂ ਨੇ। ਪਚਾ = ਖ਼ੁਆਰ ਹੁੰਦਾ। ਤਪਾਵਸੁ = ਨਿਆਉ। ਦਰਿ = ਦਰ ਤੇ। ਅਰਥ: ਜਿਸ ਮਨੁੱਖ ਨੇ ਨਿਰਭਉ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਤੇ ਜੋ ਮਾਇਆ ਵਿਚ ਹੀ ਮਸਤ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ। (ਮਾਇਆ ਵਿਚ ਮਸਤ ਮਨੁੱਖ ਜੇ ਕੋਈ) ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਸਦਾ ਝੂਠੀ ਗੱਲ ਹੀ ਕਰਦਾ ਹੈ। ਉਹ ਝੂਠਾ ਆਪਣੇ ਮਨ ਵਿਚੋਂ ਖ਼ਾਲੀ ਹੁੰਦਾ ਹੈ (ਉਸ ਦੀ ਨੀਯਤ ਪਹਿਲਾਂ ਹੀ ਮਾੜੀ ਹੁੰਦੀ ਹੈ, ਇਸ ਵਾਸਤੇ) ਉਸ ਦੀ (ਹਰੇਕ ਗੱਲ) ਝੂਠੀ ਹੁੰਦੀ ਹੈ ਗੱਪ ਹੁੰਦੀ ਹੈ। ਅਜੇਹਾ ਬੰਦਾ ਝੂਠੇ ਲਾਲਚ ਵਿਚ ਫਸ ਕੇ ਨਿਰਵੈਰ ਬੰਦੇ ਨਾਲ ਭੀ ਵੈਰ ਕਮਾ ਲੈਂਦਾ ਹੈ, ਮੁੰਢ ਤੋਂ ਹੀ ਉਸ ਲਾਲਚੀ ਦੇ ਕੰਮਾਂ ਨੂੰ ਵੇਖ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਪਾਤਿਸ਼ਾਹ ਨੇ (ਉਸ ਦੀ ਜ਼ਮੀਰ ਨੂੰ) ਮਾਰ ਦਿੱਤਾ ਹੋਇਆ ਹੈ। ਅਜੇਹਾ ਮਨੁੱਖ ਸਦਾ ਜਮਦੂਤਾਂ ਦੀ ਤੱਕ ਵਿਚ ਰਹਿੰਦਾ ਹੈ, ਦੁੱਖਾਂ ਵਿਚ ਹੀ ਖ਼ੁਆਰ ਹੁੰਦਾ ਹੈ। ਹੇ ਨਾਨਕ! ਸੱਚੇ ਪ੍ਰਭੂ ਦੇ ਦਰ ਤੇ ਧਰਮ ਦਾ ਇਨਸਾਫ਼ (ਹੀ) ਹੁੰਦਾ ਹੈ।15। ਡਖਣੇ ਮਃ ੫ ॥ ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥ ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥ {ਪੰਨਾ 1099} ਪਦ ਅਰਥ: ਪ੍ਰਭ ਨਾਮੁ = ਪ੍ਰਭੂ ਦਾ ਨਾਮ। ਧਿਆਇ = ਧਿਆਨ ਧਰ। ਅਰਥ: (ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰ, ਅਤੇ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਪ੍ਰਭੂ ਦੇ ਨਾਮ ਵਿਚ ਜੋੜਨ ਵਾਲੇ ਗੁਰੂ ਦਾ ਆਦਰ-ਸਤਕਾਰ ਪੂਰੀ ਨਿਮ੍ਰਤਾ ਹਲੀਮੀ ਨਾਲ ਆਪਣੇ ਹਿਰਦੇ ਵਿਚ ਟਿਕਾ) । ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਵਿਕਾਰਾਂ ਦੀ ਮੈਲ ਮਨ ਤੋਂ ਉਤਰ ਜਾਂਦੀ ਹੈ।1। ਮਃ ੫ ॥ ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥ ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥ {ਪੰਨਾ 1099} ਪਦ ਅਰਥ: ਦੇਹ = ਕਾਇਆਂ। ਅੰਧੁ ਅੰਧਾਰੀ = ਪੂਰਨ ਤੌਰ ਤੇ ਅੰਨ੍ਹੀ। ਸੁੰਞੀ = ਆਤਮਕ ਜੀਵਨ ਤੋਂ ਸੱਖਣੀ। ਜੈ ਘਟਿ = ਜਿਸ ਮਨੁੱਖ ਦੇ ਹਿਰਦੇ ਵਿਚ। ਸਚੁ = ਸਦਾ-ਥਿਰ। ਵੁਠਾ = ਆ ਵੱਸਿਆ। ਅਰਥ: ਨਾਮ ਤੋਂ ਖੁੰਝਿਆ ਹੋਇਆ ਸਰੀਰ (ਆਤਮਕ ਜੀਵਨ ਤੋਂ) ਸੱਖਣਾ ਰਹਿੰਦਾ ਹੈ, ਪੂਰਨ ਤੌਰ ਤੇ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ ਇੰਦ੍ਰੇ ਸੁਚੱਜੀ ਵਰਤੋਂ ਵਲੋਂ ਅੰਨ੍ਹੇ ਹੋ ਕੇ ਵਿਕਾਰਾਂ ਵਿਚ ਪਰਵਿਰਤ ਹੋਏ ਰਹਿੰਦੇ ਹਨ) । ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਮਾਲਕ-ਪ੍ਰਭੂ ਆ ਵੱਸਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੈ।2। ਮਃ ੫ ॥ ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥ ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥ {ਪੰਨਾ 1099} ਪਦ ਅਰਥ: ਲੋਇਣ = ਅੱਖਾਂ ਨਾਲ । ਲੋਈ = ਲੋਕ, ਜਗਤ, ਮਾਇਕ ਪਦਾਰਥ। ਪਿਆਸ = ਮਾਇਕ ਪਦਾਰਥਾਂ ਦੀ ਲਾਲਸਾ। ਮੂ = ਮੇਰੀ। ਘਣੀ = ਬਹੁਤ ਵਧੀ ਹੋਈ। ਅਖੜੀਆ = ਅੱਖਾਂ। ਬਿਅੰਨਿ = ਹੋਰ ਕਿਸਮ ਦੀਆਂ। ਮਾ = ਮੇਰਾ। ਅਰਥ: (ਜਿਉਂ ਜਿਉਂ) ਮੈਂ ਇਹਨਾਂ ਅੱਖਾਂ ਨਾਲ (ਨਿਰੇ) ਜਗਤ ਨੂੰ (ਭਾਵ, ਦੁਨੀਆ ਦੇ ਪਦਾਰਥਾਂ ਨੂੰ) ਤੱਕਦਾ ਹਾਂ (ਇਹਨਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਬਹੁਤ ਵਧਦੀ ਜਾਂਦੀ ਹੈ, ਲਾਲਸਾ ਮੁੱਕਦੀ ਨਹੀਂ। ਹੇ ਨਾਨਕ! (ਤ੍ਰਿਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤ੍ਰਿਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ।3। |
Sri Guru Granth Darpan, by Professor Sahib Singh |