ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1100 ਪਉੜੀ ॥ ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥ ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥ ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥ ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥ ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥ ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥ ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥ ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥ {ਪੰਨਾ 1100} ਪਦ ਅਰਥ: ਜਿਨਿ = ਜਿਸ ਨੇ। ਜਨਿ = ਜਨ ਨੇ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਤਿਨਿ = ਉਸ ਨੇ। ਸਭਿ = ਸਾਰੇ। ਸੰਚਿਆ = ਜੋੜਿਆ, ਇਕੱਠਾ ਕੀਤਾ। ਓਨਿ = ਉਸ ਨੇ। ਓਸੁ ਘਰਿ = ਉਸ ਦੇ ਹਿਰਦੇ-ਘਰ ਵਿਚ। ਸਖਾ = ਮਿਤ੍ਰ। ਸਮ = ਇਕੋ ਜਿਹੇ। ਸੁਭਾਈ = ਚੰਗੇ ਸੁਭਾਵ ਵਾਲਾ। ਓਹੀਅਲੁ = ਪਰਗਟ, ਉੱਘਾ, ਨਾਮਣੇ ਵਾਲਾ। {ਓਝਲ = ਅੱਖਾਂ ਦੇ ਉਹਲੇ। ਓਹੀਅਲੁ = ਅੱਖਾਂ ਦੇ ਸਾਹਮਣੇ}। ਅਰਥ: ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਸ ਨੇ ਸਾਰੇ ਸੁਖ ਮਾਣ ਲਏ ਹਨ, ਉਹ ਆਪਣੇ ਪਰਵਾਰ ਸਮੇਤ ਆਪ ਭੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ, ਸਾਰੇ ਜਗਤ ਨੂੰ ਭੀ ਤਾਰ ਲੈਂਦਾ ਹੈ। ਉਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸ ਨੇ ਮਿਟਾ ਲਈ ਹੈ। ਉਸ ਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਹਨ (ਲਾਲਚਾਂ ਵਿਚ ਨਹੀਂ ਫਸਦਾ) ਉਸ ਨੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਹੋਈ ਹੈ। ਉਸ ਦੇ ਹਿਰਦੇ ਵਿਚ ਸਦਾ ਖ਼ੁਸ਼ੀ-ਅਨੰਦ ਹੈ, ਪ੍ਰਭੂ ਸਦਾ ਉਸ ਦਾ ਮਿਤ੍ਰ ਹੈ ਸਹਾਇਤਾ ਕਰਨ ਵਾਲਾ ਹੈ। ਉਸ ਨੇ ਵੈਰੀ ਤੇ ਮਿਤ੍ਰ ਇਕੋ ਜੇਹੇ ਸਮਝ ਲਏ ਹਨ (ਹਰੇਕ ਨੂੰ ਮਿਤ੍ਰ ਸਮਝਦਾ ਹੈ) , ਸਭਨਾਂ ਨਾਲ ਚੰਗਾ ਸੁਭਾਉ ਵਰਤਦਾ ਹੈ। ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਵਿਚ ਨਾਮਣੇ ਵਾਲਾ ਹੋ ਜਾਂਦਾ ਹੈ, ਪਿਛਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦੇ ਹਨ ਤੇ (ਇਸ ਜਨਮ ਵਿਚ) ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤਿ ਬਣ ਜਾਂਦੀ ਹੈ। 16। ਡਖਣੇ ਮਃ ੫ ॥ ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥ ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥ {ਪੰਨਾ 1100} ਪਦ ਅਰਥ: ਸਚੁ = ਸਦਾ-ਥਿਰ ਰਹਿਣ ਵਾਲਾ ਨਾਮ-ਧਨ। ਸੁਹਾਵਾ = ਸੁਖਾਵਾਂ, ਸੁਖ ਦੇਣ ਵਾਲਾ। ਕਾਢੀਐ = ਆਖੀਦਾ ਹੈ, ਹਰ ਕੋਈ ਆਖਦਾ ਹੈ। ਕੂੜੈ = ਝੂਠਾ ਧਨ, ਨਾਸਵੰਤ ਪਦਾਰਥ। ਕੂੜੀ ਸੋਇ = ਮੰਦੀ ਸੋਇ, ਕਿਸੇ ਨ ਕਿਸੇ ਉਪਾਧੀ ਵਾਲੀ ਹੀ ਖ਼ਬਰ। ਜਾਣੀਅਹਿ = ਜਾਣੇ ਜਾਂਦੇ ਹਨ, ਪਤਾ ਲੱਗਦਾ ਹੈ। ਅਰਥ: ਹੇ ਨਾਨਕ! ਹਰ ਕੋਈ ਆਖਦਾ ਹੈ ਕਿ (ਪਰਮਾਤਮਾ ਦਾ) ਨਾਮ-ਧਨ ਸੁਖ ਦੇਣ ਵਾਲਾ ਹੈ ਤੇ ਦੁਨੀਆਵੀ ਧਨ (ਦੇ ਇਕੱਠਾ ਕਰਨ) ਵਿਚ ਕੋਈ ਨ ਕੋਈ ਝਗੜੇ-ਉਪਾਧੀ ਵਾਲੀ ਖ਼ਬਰ ਹੀ ਸੁਣੀਦੀ ਹੈ। ਫਿਰ ਭੀ, ਐਸੇ ਬੰਦੇ ਵਿਰਲੇ ਹੀ ਮਿਲਦੇ ਹਨ, ਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੋਵੇ (ਹਰ ਕੋਈ ਉਪਾਧੀ-ਮੂਲ ਦੁਨੀਆਵੀ ਧਨ ਦੇ ਹੀ ਪਿੱਛੇ ਦੌੜ ਰਿਹਾ ਹੈ) ।1। ਮਃ ੫ ॥ ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥ ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥ {ਪੰਨਾ 1100} ਪਦ ਅਰਥ: ਸੁਤੜੀ = ਸੁੱਤੀ ਹੋਈ ਨੇ। ਸਹੁ = ਖਸਮ। ਸੁਪਨੇ = ਹੇ ਸੁਪਨੇ! ਤੈ = ਤੈਥੋਂ। ਹਉ = ਮੈਂ। ਖੰਨੀਐ = ਕੁਰਬਾਨ ਹਾਂ। ਸਜਣ ਮੁਖੁ = ਮਿਤ੍ਰ ਪ੍ਰਭੂ ਦਾ ਮੂੰਹ। ਅਨੂਪੁ = ਉਪਮਾ ਰਹਿਤ, ਬੇ-ਮਿਸਾਲ, ਬਹੁਤ ਹੀ ਸੋਹਣਾ। ਨਿਹਾਲਸਾ = ਮੈਂ ਵੇਖਾਂਗੀ। ਅਰਥ: ਸੁੱਤੀ ਹੋਈ ਨੇ ਮੈਂ ਉਸ ਖਸਮ-ਪ੍ਰਭੂ ਨੂੰ (ਸੁਪਨੇ ਵਿਚ) ਵੇਖਿਆ, ਸੱਜਣ ਦਾ ਮੂੰਹ ਬਹੁਤ ਹੀ ਸੋਹਣਾ (ਲੱਗਾ) । ਹੇ ਸੁਪਨੇ! ਮੈਂ ਤੈਥੋਂ ਸਦਕੇ ਜਾਂਦੀ ਹਾਂ। (ਹੁਣ ਮੇਰੀ ਤਾਂਘ ਹੈ ਕਿ) ਮੈਂ ਅੱਠੇ ਪਹਰ (ਸੱਜਣ ਦਾ ਮੂੰਹ) ਵੇਖਦੀ ਰਹਾਂ।2। ਮਃ ੫ ॥ ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥ ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥ {ਪੰਨਾ 1100} ਪਦ ਅਰਥ: ਸਜਣ = ਹੇ ਮਿਤ੍ਰ! ਸਚੁ = ਨਾਮ-ਧਨ। ਪਰਖਿ = ਮੁੱਲ ਪਾ, (ਖਰਾਪਨ) ਗਹੁ ਨਾਲ ਵੇਖ। ਮੁਖਿ = (ਨਿਰਾ) ਮੂੰਹੋਂ। ਅਲਾਵਣੁ = ਬੋਲਣਾ, ਆਖਣਾ। ਥੋਥਰਾ = ਖ਼ਾਲੀ, ਵਿਅਰਥ। ਮੰਨ ਮਝਾਹੂ = ਮਨ ਵਿਚ। ਲਖਿ = ਵੇਖ। ਸੁ = ਉਹ। ਅਰਥ: ਹੇ ਮਿਤ੍ਰ! (ਨਿਰਾ) ਮੂੰਹੋਂ ਆਖਣਾ ਵਿਅਰਥ ਹੈ, ਨਾਮ-ਧਨ ਨੂੰ (ਆਪਣੇ ਹਿਰਦੇ ਵਿਚ) ਜਾਚ-ਤੋਲ। ਆਪਣੇ ਅੰਦਰ ਝਾਤੀ ਮਾਰ ਕੇ ਵੇਖ, ਉਹ ਪਤੀ-ਪ੍ਰਭੂ ਤੈਥੋਂ ਦੂਰ ਨਹੀਂ ਹੈ (ਤੇਰੇ ਅੰਦਰ ਹੀ ਵੱਸਦਾ ਹੈ) ।3। ਪਉੜੀ ॥ ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥ {ਪੰਨਾ 1100} ਪਦ ਅਰਥ: ਬਿਨਾਸੀ = ਨਾਸਵੰਤ। ਉਮਰਾਵ = ਅਮੀਰ ਬੰਦੇ। ਖਾਨ = ਖ਼ਾਨ, ਜਾਇਦਾਦਾਂ ਦੇ ਮਾਲਕ। ਢਾਹਿ = ਢਾਹ ਕੇ, ਛੱਡ ਕੇ। ਰੰਗ = ਰੰਕ, ਕੰਗਾਲ। ਤੁੰਗ = ਉੱਚੇ, ਧਨਾਢ। ਮਸਤ = ਅਹੰਕਾਰੀ, ਮਾਇਆ-ਮੱਤੇ। ਸਿਧਾਸੀ = ਸੰਸਾਰ ਤੋਂ ਚਲੇ ਜਾਣਗੇ। ਮਸਾਇਕਾ = ਸ਼ੇਖ਼ ਅਖਵਾਣ ਵਾਲੇ। ਅਉਲੀਏ = ਵਲੀ ਲੋਕ, ਧਾਰਮਿਕ ਆਗੂ। ਮੇਦਨੀ = ਧਰਤੀ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਅਰਥ: ਧਰਤੀ ਆਕਾਸ਼ ਪਾਤਾਲ ਚੰਦ ਅਤੇ ਸੂਰਜ = ਇਹ ਸਭ ਨਾਸਵੰਤ ਹਨ। ਸ਼ਾਹ ਬਾਦਸ਼ਾਹ ਅਮੀਰ ਜਾਗੀਰਦਾਰ (ਸਭ ਆਪਣੇ) ਮਹਲ-ਮਾੜੀਆਂ ਛੱਡ ਕੇ (ਇਥੋਂ) ਤੁਰ ਜਾਣਗੇ। ਕੰਗਾਲ, ਅਮੀਰ, ਗ਼ਰੀਬ, ਮਾਇਆ-ਮੱਤੇ (ਕੋਈ ਭੀ ਹੋਵੇ) ਸਾਰਾ ਜਗਤ ਹੀ (ਇਥੋਂ) ਚਾਲੇ ਪਾ ਜਾਇਗਾ। ਕਾਜ਼ੀ ਸ਼ੇਖ਼ ਆਦਿਕ ਭੀ ਸਾਰੇ ਹੀ ਕੂਚ ਕਰ ਜਾਣਗੇ। ਪੀਰ ਪੈਗ਼ੰਬਰ ਵੱਡੇ ਵੱਡੇ ਧਾਰਮਿਕ ਆਗੂ = ਇਹਨਾਂ ਵਿਚੋਂ ਭੀ ਕੋਈ ਇਥੇ ਸਦਾ ਟਿਕਿਆ ਨਹੀਂ ਰਹੇਗਾ। ਜਿਨ੍ਹਾਂ ਰੋਜ਼ੇ ਰੱਖੇ, ਬਾਂਗਾਂ ਦਿੱਤੀਆਂ, ਨਿਮਾਜ਼ਾਂ ਪੜ੍ਹੀਆਂ, ਧਾਰਮਿਕ ਪੁਸਤਕ ਪੜ੍ਹੇ ਉਹ ਭੀ ਅਤੇ ਜਿਨ੍ਹਾਂ ਇਹਨਾਂ ਦੀ ਸਾਰ ਨ ਸਮਝੀ ਉਹ ਭੀ ਸਾਰੇ (ਜਗਤ ਤੋਂ ਆਖ਼ਰ) ਚਲੇ ਜਾਣਗੇ। ਧਰਤੀ ਦੀਆਂ ਚੌਰਾਸੀ ਲੱਖ ਜੂਨਾਂ ਦੇ ਸਾਰੇ ਹੀ ਜੀਵ (ਜਗਤ ਵਿਚ) ਆਉਂਦੇ ਹਨ ਤੇ ਫਿਰ ਇਥੋਂ ਚਲੇ ਜਾਂਦੇ ਹਨ। ਸਿਰਫ਼ ਇਕ ਸੱਚਾ ਖ਼ੁਦਾ ਹੀ ਸਦਾ ਕਾਇਮ ਰਹਿਣ ਵਾਲਾ ਹੈ। ਖ਼ੁਦਾ ਦਾ ਬੰਦਾ (ਭਗਤ) ਭੀ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ। 17। ਡਖਣੇ ਮਃ ੫ ॥ ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥ ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥ {ਪੰਨਾ 1100} ਪਦ ਅਰਥ: ਹਭ = ਸਾਰੀ ਸ੍ਰਿਸ਼ਟੀ। ਢੰਢੋਲਿ = ਭਾਲ ਕੇ। ਸਜਣ = ਹੇ ਮਿਤ੍ਰ-ਪ੍ਰਭੂ! ਮੁਖਿ ਲਗੁ = ਮਿਲ, ਦੀਦਾਰ ਦੇਹ। ਤਨੁ ਮਨੁ ਠੰਢਾ ਹੋਇ = ਤਨ ਮਨ ਵਿਚ ਠੰਢ ਪੈਂਦੀ ਹੈ, ਮਨ ਤੇ ਗਿਆਨ ਇੰਦ੍ਰੇ ਸ਼ਾਂਤ ਹੁੰਦੇ ਹਨ। ਅਰਥ: ਹੇ ਮਿਤ੍ਰ-ਪ੍ਰਭੂ! ਆ, ਤੂੰ ਮੈਨੂੰ ਦਰਸਨ ਦੇਹ, (ਤੇਰਾ ਦਰਸਨ ਕੀਤਿਆਂ) ਮੇਰੇ ਤਨ ਮਨ ਵਿਚ ਠੰਢ ਪੈਂਦੀ ਹੈ। ਮੈਂ ਸਾਰੀ ਸ੍ਰਿਸ਼ਟੀ ਭਾਲ ਕੇ ਵੇਖ ਲਈ ਹੈ, (ਹੇ ਪ੍ਰਭੂ!) ਇਕ ਤੇਰੇ (ਦੀਦਾਰ ਤੋਂ) ਬਿਨਾ ਹੋਰ ਕੋਈ ਭੀ (ਪਦਾਰਥ ਮੈਨੂੰ ਆਤਮਕ ਸ਼ਾਂਤੀ) ਨਹੀਂ (ਦੇਂਦਾ) ।1। ਮਃ ੫ ॥ ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥ ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥ {ਪੰਨਾ 1100} ਪਦ ਅਰਥ: ਆਸਕੁ = (ਪ੍ਰਭੂ-ਚਰਨਾਂ ਦਾ) ਪ੍ਰੇਮੀ। ਆਸਾ = (ਦੁਨੀਆਵੀ ਪਦਾਰਥਾਂ ਦੀਆਂ) ਆਸਾਂ, ਮਾਇਕ ਲਾਲਸਾ। ਮੂ ਮਨਿ = ਮੇਰੇ ਮਨ ਵਿਚ। ਆਸ ਨਿਰਾਸਾ = ਦੁਨੀਆਵੀ ਆਸਾਂ ਤੋਂ ਉਪਰਾਮ ਕਰਨ ਵਾਲਾ। ਹਿਕੁ ਤੂ = ਸਿਰਫ਼ ਤੂੰ ਹੈਂ। ਅਰਥ: (ਹੇ ਪ੍ਰਭੂ!) (ਤੇਰੇ ਚਰਨਾਂ ਦਾ ਸੱਚਾ) ਪ੍ਰੇਮੀ ਉਹੀ ਹੋ ਸਕਦਾ ਹੈ ਜਿਸ ਨੂੰ ਦੁਨੀਆਵੀ ਆਸਾਂ ਨਾਹ ਪੋਹ ਸਕਣ, ਪਰ ਮੇਰੇ ਮਨ ਵਿਚ ਤਾਂ ਵੱਡੀਆਂ ਵੱਡੀਆਂ ਆਸਾਂ ਹਨ। ਸਿਰਫ਼ ਤੂੰ ਹੀ ਹੈਂ ਜੋ ਮੈਨੂੰ (ਦੁਨੀਆਵੀ) ਆਸਾਂ ਤੋਂ ਉਪਰਾਮ ਕਰ ਸਕਦਾ ਹੈਂ। ਮੈਂ ਤੈਥੋਂ ਹੀ ਕੁਰਬਾਨ ਜਾਂਦਾ ਹਾਂ (ਤੂੰ ਆਪ ਹੀ ਮੇਹਰ ਕਰ) ।2। ਮਃ ੫ ॥ ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥ {ਪੰਨਾ 1100} ਪਦ ਅਰਥ: ਸੁਣੇ = ਸੁਣਿ, ਸੁਣ ਕੇ। ਮਰਿਓਦਿ = ਆਤਮਕ ਮੌਤ ਹੋ ਜਾਂਦੀ ਹੈ। ਬਿਰਹੀ = ਸੱਚੀ ਆਸ਼ਕ, ਪ੍ਰੇਮੀ। ਨਾ ਧੀਰੋਦਿ = ਧੀਰਜ ਨਹੀਂ ਕਰਦਾ, ਮਨ ਖਲੋਂਦਾ ਨਹੀਂ। ਅਰਥ: (ਪ੍ਰਭੂ-ਚਰਨਾਂ ਦਾ ਅਸਲ) ਪ੍ਰੇਮੀ ਉਹ ਹੈ ਜਿਸ ਨੂੰ ਇਹ ਸੁਣ ਕੇ ਹੀ ਦੁੱਖ ਪ੍ਰਤੀਤ ਹੋਵੇ ਕਿ ਪ੍ਰਭੂ ਤੋਂ ਵਿਛੋੜਾ ਹੋਣ ਲੱਗਾ ਹੈ। ਦੀਦਾਰ ਤੋਂ ਬਿਨਾ ਸੱਚਾ ਪ੍ਰੇਮੀ ਆਤਮਕ ਮੌਤ ਮਹਿਸੂਸ ਕਰਦਾ ਹੈ। ਆਪਣੇ ਪਿਆਰੇ ਪ੍ਰਭੂ ਤੋਂ ਵਿਛੁੜ ਕੇ ਪ੍ਰੇਮੀ ਦਾ ਮਨ ਖਲੋਂਦਾ ਨਹੀਂ ਹੈ।3। ਪਉੜੀ ॥ ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥ ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥ ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥ ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥ ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥ ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥ {ਪੰਨਾ 1100} ਪਦ ਅਰਥ: ਤਟ = ਨਦੀ ਦਾ ਕਿਨਾਰਾ। ਦੇਵਾਲਿਆ = ਦੇਵਤੇ ਦਾ ਘਰ, ਮੰਦਰ। ਸਣੁ = ਸਮੇਤ। ਖਟੁ ਦਰਸ = ਛੇ ਭੇਖਾਂ ਦੇ ਸਾਧ। ਸਮਾਸੀ = ਸਮਾ ਜਾਣਗੇ, ਮਰ ਜਾਣਗੇ। ਕਵਿਤੇ = ਕਵੀ ਲੋਕ। ਕਾਲੈ ਵਾਸੀ = ਕਾਲ ਦੇ ਵੱਸ, ਮੌਤ ਦੇ ਅਧੀਨ। ਦਿਗੰਬਰਾ = {ਦਿਗ-ਅੰਬਰ। ਦਿਗ = ਦਿਸ਼ਾ, ਪਾਸਾ। ਅੰਬਰ = ਕੱਪੜਾ} ਨਾਂਗੇ। ਜਮੈ ਸਣੁ = ਜਮਾਂ ਸਮੇਤ। ਅਰਥ: ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ, ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ = ਆਖ਼ਰ ਨਾਸਵੰਤ ਹਨ। ਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ। ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ। ਜਤੀ ਸਤੀ ਸੰਨਿਆਸੀ = ਇਹ ਸਾਰੇ ਭੀ ਮੌਤ ਦੇ ਅਧੀਨ ਹਨ। ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ = ਇਹ ਭੀ ਨਾਸਵੰਤ ਹਨ। (ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ। ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ। ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। 18। ਸਲੋਕ ਡਖਣੇ ਮਃ ੫ ॥ ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥ ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥ {ਪੰਨਾ 1100} ਪਦ ਅਰਥ: ਸੈ = ਸੈਂਕੜੇ ਵਾਰੀ। ਨਹ ਨੰਗ = ਨੰਗ (ਦੀ ਪਰਵਾਹ) ਨਹੀਂ ਹੁੰਦੀ, ਨੰਗੇ ਰਹਿਣਾ ਦੁਖਦਾਈ ਨਹੀਂ ਜਾਪਦਾ। ਲਖ = ਲੱਖਾਂ ਵਾਰੀ। ਨ ਭੁਖਿਆ = ਭੁੱਖ ਚੁੱਭਦੀ ਨਹੀਂ। ਡੁਖ = ਦੁੱਖ। ਕੋੜਿ = ਕ੍ਰੋੜਾਂ। ਸੁਭ ਦਿਸਟਿ = ਚੰਗੀ ਨਿਗਾਹ ਨਾਲ, ਸਵੱਲੀ ਨਜ਼ਰ ਨਾਲ। ਪਿਖੰਦੋ = ਵੇਖੇ। ਅਰਥ: ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ।1। |
Sri Guru Granth Darpan, by Professor Sahib Singh |