ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1101

ਮਃ ੫ ॥ ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥ {ਪੰਨਾ 1101}

ਪਦ ਅਰਥ: ਸਮੂਹ = ਢੇਰ (ਭਾਵ, ਸਾਰੇ) । ਭੂਮਿ = ਧਰਤੀ। ਸਬਾਈ = ਸਾਰੀ। ਧਣੀ = ਮਾਲਕ। ਮਿਰਤਕ = ਮੁਰਦਾ, ਮੁਈ ਆਤਮਾ ਵਾਲਾ।

ਅਰਥ: ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ ਮਾਲਕ ਹੋਵੇ, (ਪਰ) ਹੇ ਨਾਨਕ! ਜੇ ਉਹ ਪ੍ਰਭੂ ਦੇ ਨਾਮ ਤੋਂ ਸੱਖਣਾ ਹੈ ਉਸ ਦੀ ਆਤਮਾ ਮੁਰਦਾ ਹੈ, ਸਾਰੇ ਸੁਖ ਉਸ ਲਈ ਰੋਗ (ਸਮਾਨ) ਹਨ (ਉਸ ਦੀ ਆਤਮਾ ਨੂੰ ਹੋਰ ਮੁਰਦਿਹਾਣ ਦੇਂਦੇ ਹਨ) ।2।

ਮਃ ੫ ॥ ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥ ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥ {ਪੰਨਾ 1101}

ਪਦ ਅਰਥ: ਹਿਕਸ ਕੂੰ = ਸਿਰਫ਼ ਇਕ ਪ੍ਰਭੂ ਨੂੰ। ਆਹਿ = (ਮਿਲਣ ਦੀ) ਤਾਂਘ ਬਣਾ। ਪਛਾਣੂ = ਮਿੱਤਰ। ਕਰਿ = ਬਣਾ। ਨਿਬਾਹਿ = ਨਿਬਾਹੁੰਦਾ ਹੈ, ਪੂਰੀ ਕਰਦਾ ਹੈ। ਪਰਥਾਈ = {pRÔQwn) ਤੁਰ ਕੇ ਜਾਣਾ, ਆਸਰਾ ਲੈਣਾ। ਲਜੀਵਦੋ = ਲੱਜਾ ਦਾ ਕਾਰਨ ਬਣਦਾ ਹੈ।

ਅਰਥ: ਹੇ ਨਾਨਕ! ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ, ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ।3।

ਪਉੜੀ ॥ ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥ ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥ ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥ ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥ ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥ ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥ ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥ ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥ {ਪੰਨਾ 1101}

ਪਦ ਅਰਥ: ਅਗਾਧ = ਅਥਾਹ। ਨਿਧਾਨੁ = ਖ਼ਜ਼ਾਨਾ। ਲਾਧਾ = ਲੱਭ ਪੈਂਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਗਵਾਧਾ = ਗਾਇਆ ਜਾਂਦਾ ਹੈ। ਰੈਨਿ = ਰਾਤ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਮਸਤਕਿ = ਮੱਥੇ ਉਤੇ। ਟਲਾਧਾ = ਟਾਲਿਆਂ। ਪੂਰਬਿ = ਪਹਿਲੇ ਸਮੇ ਵਿਚ।

ਅਰਥ: ਸਿਰਫ਼ ਅਪਹੁੰਚ ਤੇ ਅਥਾਹ ਹਰੀ-ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਸ ਹਰੀ ਦਾ ਨਾਮ-ਖ਼ਜ਼ਾਨਾ ਭੀ ਅਮੁੱਕ ਹੈ, ਨਾਮ ਸਿਮਰਿਆਂ ਪਰਮਾਤਮਾ ਲੱਭ ਪੈਂਦਾ ਹੈ। ਗੁਰੂ ਦੀ ਸਰਨ ਪੈ ਕੇ ਗਾਂਵਿਆ ਹੋਇਆ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਭੀ (ਐਸਾ ਖ਼ਜ਼ਾਨਾ ਹੈ ਜੋ) ਸਦਾ ਕਾਇਮ ਰਹਿੰਦਾ ਹੈ। ਦਿਨ ਰਾਤ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਸਦਾ-ਥਿਰ ਧਰਮ ਤੇ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਤਪ। ਪਰ ਇਹ ਅਟੱਲ ਤਪ ਦਇਆ ਤੇ ਧਰਮ ਉਸੇ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਭੂ ਦੀ ਮੇਹਰ ਨਾਲ ਲਿਖਿਆ ਗਿਆ ਹੈ। ਮੱਥੇ ਉਤੇ ਲਿਖਿਆ ਹੋਇਆ ਇਹ ਲੇਖ ਐਸਾ ਹੈ ਕਿ ਕਿਸੇ ਦੇ ਟਾਲਿਆਂ ਟਲ ਨਹੀਂ ਸਕਦਾ।

ਸਾਧ ਜਨਾਂ ਦੀ ਸੰਗਤਿ (ਭੀ ਮਨੁੱਖਾ ਜੀਵਨ ਵਾਸਤੇ ਇਕ) ਅਟੱਲ (ਰਸਤਾ) ਹੈ, ਗੁਰੂ-ਸਾਧ ਦੇ ਬਚਨ ਭੀ (ਮਨੁੱਖ ਦੀ ਅਗਵਾਈ ਵਾਸਤੇ) ਅਟੱਲ (ਬੋਲ) ਹਨ। ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖ ਜਿਨ੍ਹਾਂ ਦੇ ਮੱਥੇ ਉਤੇ ਉੱਘੜਿਆ ਹੈ, ਉਹਨਾਂ ਨੇ ਸਦਾ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕੀਤਾ ਹੈ। 19।

ਸਲੋਕ ਡਖਣੇ ਮਃ ੫ ॥ ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ ॥ ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥ {ਪੰਨਾ 1101}

ਪਦ ਅਰਥ: ਕਿਨ੍ਹ੍ਹ ਖੇ = ਕਿਨ੍ਹਾਂ ਨੂੰ? ਤਾਰਿ = ਤਾਰੀ ਲਾਂਦੇ ਹਨ, ਤਰਦੇ ਹਨ।

ਅਰਥ: ਜੇਹੜਾ ਮਨੁੱਖ ਆਪ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬ ਰਿਹਾ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਾਰ ਸਕਦਾ ਹੈ? ਹੇ ਨਾਨਕ! ਜੋ ਮਨੁੱਖ ਪਤੀ-ਪਰਮਾਤਮਾ (ਦੇ ਪਿਆਰ) ਵਿਚ ਰੰਗੇ ਹੋਏ ਹਨ ਉਹ (ਇਹਨਾਂ ਠਿੱਲ੍ਹਾਂ ਵਿਚੋਂ) ਆਪ ਭੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਭੀ ਤਾਰ ਲੈਂਦੇ ਹਨ।1।

ਮਃ ੫ ॥ ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥ ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥ {ਪੰਨਾ 1101}

ਪਦ ਅਰਥ: ਕਥੰਨਿ = ਕਥਦੇ ਹਨ, ਉਚਾਰਦੇ ਹਨ। ਮਾ ਪਿਰੀ = ਮੇਰੇ ਪਿਰ ਦਾ। ਮੂੰ = ਮੈਂ। ਜੁਲਾਊਂ = ਮੈਂ ਜਾਵਾਂ। ਤਥਿ = ਤਿੱਥੇ, ਉਥੇ। ਪਿਰੀ ਪਸੰਦੋ = ਪਿਰ ਨੂੰ ਵੇਖ ਕੇ। ਥੀਓਸਿ = ਹੋ ਜਾਈਦਾ ਹੈ।

ਅਰਥ: ਜਿਸ ਥਾਂ (ਭਾਵ, ਸਾਧ ਸੰਗਤਿ ਵਿਚ) ਕੋਈ (ਗੁਰਮੁਖ ਬੰਦੇ) ਮੇਰੇ ਪਤੀ-ਪ੍ਰਭੂ ਦਾ ਨਾਮ ਸੁਣਦੇ ਉਚਾਰਦੇ ਹੋਣ, ਮੈਂ ਭੀ ਉਥੇ (ਚੱਲ ਕੇ) ਜਾਵਾਂ। (ਕਿਉਂਕਿ) ਹੇ ਨਾਨਕ! (ਸਾਧ ਸੰਗਤਿ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ।2।

ਮਃ ੫ ॥ ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥ ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥ {ਪੰਨਾ 1101}

ਪਦ ਅਰਥ: ਕਲਤ੍ਰ = ਇਸਤ੍ਰੀ। ਸਨੇਹ = ਪਿਆਰ, ਮੋਹ। ਨਿਮੁਣੀਆਦੀ = ਬੇ-ਬੁਨਿਆਦੀ, ਜਿਸ ਦੀ ਨੀਂਹ ਨਹੀਂ ਹੈ, ਵਿਅਰਥ ਜਾਣ ਵਾਲੀ। ਦੇਹ = ਕਾਇਆਂ, ਸਰੀਰ।

ਅਰਥ: ਮੋਹ ਵਿਚ ਫਸ ਕੇ ਤੂੰ ਕਿਉਂ ਇਹ ਆਖੀ ਜਾ ਰਿਹਾ ਹੈਂ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁੱਤਰ ਹੈ? ਹੇ ਨਾਨਕ! (ਮੋਹ ਵਿਚ ਫਸ ਕੇ) ਪ੍ਰਭੂ ਦੇ ਨਾਮ ਤੋਂ ਸੱਖਣਾ ਰਹਿ ਕੇ ਇਹ ਸਰੀਰ ਜਿਸ ਦੀ ਪਾਂਇਆਂ ਕੋਈ ਨਹੀਂ (ਵਿਅਰਥ ਚਲਾ ਜਾਇਗਾ) ।3।

ਪਉੜੀ ॥ ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥ ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥ ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥ ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥ ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥ ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥ ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥ ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥ {ਪੰਨਾ 1101}

ਪਦ ਅਰਥ: ਨੈਨੀ = ਨੈਨੀਂ, ਅੱਖਾਂ ਨਾਲ। ਦੇਖਉ = ਦੇਖਉਂ, ਮੈਂ ਵੇਖਦਾ ਹਾਂ। ਪੈਰੀ = ਪੈਰੀਂ, ਪੈਰਾਂ ਨਾਲ। ਮਾਰਗਿ = ਰਸਤੇ ਉਤੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ। ਅਪਾਇਣੋ = ਆਪਾ-ਭਾਵ, ਅਪਣੱਤ। ਭਰਵਾਸੈ ਗੁਰ = ਗੁਰੂ ਦੇ ਆਸਰੇ ਹੋ ਕੇ। ਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਭਾਈਹੋ = ਹੇ ਭਰਾਵੋ! ਭੁੰਚਹੁ = ਖਾਵਹੁ। ਅਗਥਾ = ਅਕੱਥ ਪ੍ਰਭੂ ਦਾ। ਪਲੈ = ਪੱਲੇ (ਬੰਨ੍ਹੋ) , ਇਕੱਠਾ ਕਰੋ। ਦਾਨੁ = ਸੇਵਾ। ਇਸਨਾਨੁ = (ਆਚਰਨ ਦੀ) ਪਵਿੱਤ੍ਰਤਾ। ਸਹਜੁ = ਅਡੋਲਤਾ।

ਅਰਥ: ਮੈਂ ਅੱਖਾਂ ਨਾਲ ਗੁਰੂ ਦਾ ਦਰਸਨ ਕਰਦਾ ਹਾਂ, ਆਪਣਾ ਮੱਥਾ ਗੁਰੂ ਦੇ ਚਰਨਾਂ ਵਿਚ ਧਰਦਾ ਹਾਂ, ਪੈਰਾਂ ਨਾਲ ਮੈਂ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹਾਂ, ਹੱਥਾਂ ਨਾਲ ਮੈਂ (ਗੁਰੂ ਨੂੰ ਸੰਗਤਿ ਨੂੰ) ਪੱਖਾ ਝੱਲਦਾ ਹਾਂ। (ਇਸ ਸੰਜਮ ਵਿਚ ਰਹਿ ਕੇ) ਮੈਂ ਪਰਮਾਤਮਾ ਦਾ ਸਰੂਪ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ ਤੇ ਦਿਨ ਰਾਤ (ਉਸ ਦਾ ਨਾਮ) ਜਪਦਾ ਹਾਂ।

ਸਭ ਤਾਕਤਾਂ ਦੇ ਮਾਲਕ ਗੁਰੂ ਵਿਚ ਸਰਧਾ ਧਾਰ ਕੇ ਮੈਂ (ਮਾਇਆ ਵਾਲੀ) ਸਾਰੀ ਅਪਣੱਤ ਦੂਰ ਕਰ ਲਈ ਹੈ।

ਗੁਰੂ ਨੇ ਮੈਨੂੰ ਪ੍ਰਭੂ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, (ਹੁਣ) ਮੇਰਾ ਸਾਰਾ ਦੁੱਖ-ਕਲੇਸ਼ ਲਹਿ ਗਿਆ ਹੈ। ਹੇ ਭਰਾਵੋ! (ਤੁਸੀ ਭੀ) ਅਕੱਥ ਪ੍ਰਭੂ ਦੇ ਨਾਮ-ਖ਼ਜ਼ਾਨੇ ਨੂੰ (ਖੁਲ੍ਹੇ ਦਿਲ) ਵਰਤੋ, ਤੇ ਇਕੱਠਾ ਕਰੋ। ਸਦਾ ਗੁਰੂ ਦੀਆਂ ਕਹਾਣੀਆਂ ਕਰੋ, ਨਾਮ ਜਪੋ, ਸੇਵਾ ਕਰੋ ਤੇ ਆਪਣਾ ਆਚਰਨ ਪਵਿੱਤ੍ਰ ਬਣਾਓ। (ਇਸ ਤਰ੍ਹਾਂ ਜਦੋਂ) ਮਨ ਦੀ ਅਡੋਲਤਾ ਬਣ ਜਾਂਦੀ ਹੈ, ਤਾਂ ਰੱਬ ਮਿਲ ਪੈਂਦਾ ਹੈ, (ਫਿਰ) ਮੌਤ ਦਾ ਡਰ ਭੀ ਦੂਰ ਹੋ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) । 20।

ਸਲੋਕ ਡਖਣੇ ਮਃ ੫ ॥ ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥ ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥ {ਪੰਨਾ 1101}

ਪਦ ਅਰਥ: ਪਿਰੀਅੰਨਿ = ਪਿਰ ਨਾਲ। ਤਿਪੀਆ = ਰੱਜੀਆਂ। ਹਭ ਮਝਾਹੂ = ਸਭਨਾਂ ਵਿਚ। ਬਿਆ = ਦੂਸਰਾ।

ਅਰਥ: (ਮੇਰੀਆਂ ਅੱਖਾਂ) ਪਤੀ-ਪ੍ਰਭੂ ਨਾਲ ਲੱਗ ਗਈਆਂ ਹਨ (ਹੁਣ ਇਹ ਅੱਖਾਂ ਉਸ ਨੂੰ) ਵੇਖ ਵੇਖ ਕੇ ਰੱਜਦੀਆਂ ਨਹੀਂ (ਅੱਕਦੀਆਂ ਨਹੀਂ) । ਉਹ ਮਾਲਕ-ਪ੍ਰਭੂ (ਹੁਣ ਮੈਨੂੰ) ਸਭਨਾਂ ਵਿਚ (ਦਿੱਸ ਰਿਹਾ ਹੈ) , (ਮੈਂ ਕਿਤੇ ਭੀ ਉਸ ਤੋਂ ਬਿਨਾ ਉਸ ਵਰਗਾ) ਕੋਈ ਦੂਜਾ ਨਹੀਂ ਵੇਖਿਆ।1।

ਮਃ ੫ ॥ ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥ ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥ {ਪੰਨਾ 1101}

ਪਦ ਅਰਥ: ਕਥੜੀਆ = ਕਥਾ-ਕਹਾਣੀਆਂ, ਉਪਦੇਸ਼ ਦੇ ਬਚਨ। ਪੰਧੀਆ = ਰਸਤਾ। ਸੁਖਾਊ = ਸੁਖ ਦੇਣ ਵਾਲੇ। ਮਥਾਹੜੈ = ਮ​ੱਥੇ ਉਤੇ। ਤਿੰਨਾਹ = ਉਹਨਾਂ ਨੂੰ।

ਅਰਥ: ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖ ਵਿਖਾਲਣ ਵਾਲਾ ਰਸਤਾ ਹਨ; (ਪਰ) ਹੇ ਨਾਨਕ! ਇਹ ਬਚਨ ਉਹਨਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਭਲੇ ਕਰਮਾਂ ਦਾ) ਭਾਗ (ਉੱਘੜਦਾ ਹੈ) ।2।

ਮਃ ੫ ॥ ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ ਪਾਤਾਲਾ ਆਕਾਸ ਪੂਰਨੁ ਹਭ ਘਟਾ ॥ ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥ {ਪੰਨਾ 1101}

ਪਦ ਅਰਥ: ਡੂੰਗਰਿ = ਡੁੱਗਰ ਵਿਚ, ਪਹਾੜ ਵਿਚ। ਬਨਾ = ਜੰਗਲਾਂ ਵਿਚ। ਜਲਾ = ਪਾਣੀਆਂ ਵਿਚ। ਥਲਾ = ਰੇਤਲੇ ਥਾਵਾਂ ਵਿਚ। ਕੰਦਰਾ = ਗੁਫ਼ਾਂ ਵਿਚ। ਪੂਰਨੁ = ਵਿਆਪਕ। ਪੇਖਿ = ਵੇਖ ਕੇ। ਜੀਓ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਜਿੰਦ ਪੈਂਦੀ ਹੈ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਇਕਤੁ = ਇਕ ਵਾਰ। ਸੂਤਿ = ਸੂਤ ਵਿਚ।

ਅਰਥ: ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ, ਪਾਤਾਲ ਆਕਾਸ ਵਿਚ = ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ।

ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ।3।

ਪਉੜੀ ॥ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥ ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥ ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥ ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥ ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥ ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥ ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥ {ਪੰਨਾ 1101}

ਪਦ ਅਰਥ: ਸਾਰ = ਸੰਭਾਲ। ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਆਲਕ = ਆਲਸ। ਕੋ = ਕੋਈ। ਸੇਤੀ = ਨਾਲ। ਲਾਇਕ = ਲਾ ਲੈਂਦਾ ਹੈ। ਮੰਗਾਂ = ਮੈਂ ਮੰਗਦਾ ਹਾਂ। ਸੁਖਦਾਇਕ = ਸੁਖ ਦੇਣ ਵਾਲਾ। ਸਉਪਿਓਨੁ = ਉਸ (ਪ੍ਰਭੂ) ਨੇ ਸੌਂਪਿਆ ਹੈ। ਸਾਝੀ = ਭਾਈਵਾਲ। ਪਾਇਕ = ਸੇਵਕ। ਮੈ ਨਾਲਹੁ = ਮੇਰੇ ਨਾਲੋਂ। ਲਾਇਕ = ਸਮਰੱਥ।

ਅਰਥ: ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ। ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ। ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ। ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ। ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।

ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ। ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।

ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ। 21।

TOP OF PAGE

Sri Guru Granth Darpan, by Professor Sahib Singh