ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1102

ਸਲੋਕ ਡਖਣੇ ਮਃ ੫ ॥ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ {ਪੰਨਾ 1102}

ਪਦ ਅਰਥ: ਕਚੜਿਆ ਸਿਉ = ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ {ਨੋਟ: ਜਿਨ੍ਹਾਂ ਨਾਲ ਪ੍ਰੀਤ ਸਿਰਫ਼ ਮਾਇਆ ਦੇ ਸੰਬੰਧ ਕਰਕੇ ਹੁੰਦੀ ਹੈ, ਉਹ ਸਦਾ ਕਾਇਮ ਨਹੀਂ ਰਹਿ ਸਕਦੀ। ਜਾਇਦਾਦ ਦੀ ਵੰਡ ਤੋਂ ਜਾਂ ਕਈ ਹੋਰ ਸੁਆਰਥਾਂ ਦੇ ਕਾਰਨ ਫਿੱਕ ਪੈ ਜਾਂਦੀ ਹੈ}। ਓਇ ਵਿਛੁੜਹਿ = ਮਾਇਆ ਦੇ ਆਸਰੇ ਬਣੇ ਹੋਏ ਸਾਕ-ਸੈਣ ਪ੍ਰੀਤ ਤੋੜ ਲੈਂਦੇ ਹਨ।

ਅਰਥ: ਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ) । ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ। ਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤਿ ਲਈ ਅਰਦਾਸ ਕਰਦੇ ਹਨ) ।

ਮਃ ੫ ॥ ਨਾਨਕ ਬਿਜੁਲੀਆ ਚਮਕੰਨਿ ਘੁਰਨ੍ਹ੍ਹਿ ਘਟਾ ਅਤਿ ਕਾਲੀਆ ॥ ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥ {ਪੰਨਾ 1102}

ਪਦ ਅਰਥ: ਘੁਰਨਿ = ਘੁਰ-ਘੁਰ ਕਰਦੀਆਂ ਹਨ, ਗੜ੍ਹਕਦੀਆਂ ਹਨ, ਗੱਜਦੀਆਂ ਹਨ। ਅਤਿ ਕਾਲੀਆ = ਗੂੜ੍ਹੇ ਕਾਲੇ ਰੰਗ ਵਾਲੀਆਂ। ਮੇਘ = ਬੱਦਲ। ਸੰਗਮਿ = ਮਿਲਾਪ ਵਿਚ। ਸੁਹੰਦੀਆ = ਸੋਹਣੀਆਂ ਲੱਗਦੀਆਂ ਹਨ।

ਅਰਥ: ਹੇ ਨਾਨਕ! (ਸਾਵਣ ਦੀ ਰੁੱਤੇ ਜਦੋਂ) ਬੱਦਲਾਂ ਦੀਆਂ ਗੂੜ੍ਹੀਆਂ ਕਾਲੀਆਂ ਘਟਾਵਾਂ ਗੱਜਦੀਆਂ ਹਨ, (ਉਹਨਾਂ ਵਿਚ) ਬਿਜਲੀਆਂ ਚਮਕਦੀਆਂ ਹਨ, ਤੇ ਬੱਦਲ ਮੁਹਲੇ-ਧਾਰ ਵਰ੍ਹਦੇ ਹਨ (ਤਦੋਂ ਕੈਸਾ ਸੁਹਾਵਣਾ ਸਮਾ ਹੁੰਦਾ ਹੈ) ; ਪਰ ਇਹ ਕਾਲੀਆਂ ਘਟਾਵਾਂ (ਇਸਤ੍ਰੀ ਨੂੰ) ਪਤੀ ਦੇ ਮਿਲਾਪ ਵਿਚ ਹੀ ਸੋਹਣੀਆਂ ਲੱਗਦੀਆਂ ਹਨ।2।

ਮਃ ੫ ॥ ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥ ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥ ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥ {ਪੰਨਾ 1102}

ਪਦ ਅਰਥ: ਨੀਰਿ = ਪਾਣੀ ਨਾਲ। ਜਲ ਥਲ = ਨਦੀਆਂ ਤੇ ਮਦਾਨ, ਟੋਏ-ਟਿੱਬੇ। ਸੀਤਲ ਪਵਣ = ਠੰਢੀਆਂ ਹਵਾਵਾਂ। ਝੁਲਾਰਦੇ = ਵਗਦੀਆਂ ਹੋਣ। ਸੋਇੰਨ = ਸੋਨੇ ਦੀਆਂ। ਸੁਭਰ ਕਪੜ = ਸਗਨਾਂ ਦੇ ਸਾਲੂ।

ਅਰਥ: ਹੇ ਨਾਨਕ! (ਜੇਠ ਹਾੜ ਦੀਆਂ ਲੋਆਂ ਪਿਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ, ਸੋਨੇ ਦਾ ਪਲੰਘ ਹੋਵੇ ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ, ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਪੁਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ।3।

ਪਉੜੀ ॥ ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥ ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥ ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥ ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥ ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥ ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥ ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥ ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥ {ਪੰਨਾ 1102}

ਪਦ ਅਰਥ: ਕਾਰਣੁ = ਸਬਬ। ਕਰਤੈ = ਕਰਤਾਰ ਨੇ। ਹੈ ਕਰਣਾ = (ਸਬੱਬ) ਬਣਨਾ ਹੈ। ਸਉ = ਸੈਂਕੜੇ ਵਾਰੀ। ਧਾਵਹਿ = ਤੂੰ ਦੌੜੇਂ। ਧੁਰਿ = (ਜੋ) ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਨੇ ਲਿਖਿਆ ਹੈ) । ਕਰਮਾ = ਕਰਮ, ਮੇਹਰ। ਧਰਣਾ = ਧਰਤੀ। ਭੈ ਡਰੁ = (ਦੁਨੀਆ ਦੇ) ਡਰਾਂ ਦਾ ਸਹਿਮ। ਭੈ = ਡਰਾਂ ਦਾ। ਭੈ ਤੇ = (ਪ੍ਰਭੂ ਦੇ) ਡਰ ਤੋਂ। ਸਹਜੁ = ਅਡੋਲ ਅਵਸਥਾ। ਹਿਆਇ = ਹਿਰਦੇ ਵਿਚ। ਬੋਹਿਥੁ = ਜਹਾਜ਼।

ਅਰਥ: ਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ। ਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ। ਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ) ।

ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ) , ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ। ਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ। ਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।

(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ। 22।

ਸਲੋਕ ਮਃ ੫ ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ {ਪੰਨਾ 1102}

ਨੋਟ: ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਪਰਮਾਤਮਾ ਵਲੋਂ ਹਰੇਕ ਪ੍ਰਾਣੀ ਨੂੰ ਸੁਨੇਹਾ ਦੇਂਦੇ ਹਨ ਕਿ ਉਸ ਦੇ ਨੇੜੇ ਉਹੀ ਹੋ ਸਕਦਾ ਹੈ ਜਿਸ ਨੇ ਹਉਮੈ ਤਿਆਗੀ ਹੈ ਤੇ ਨਿਮ੍ਰਤਾ ਧਾਰੀ ਹੈ।

ਪਦ ਅਰਥ: ਮਰਣੁ = ਮੌਤ, ਹਉਮੈ ਦੀ ਮੌਤ, ਹਉਮੈ ਦਾ ਤਿਆਗ। ਕਬੂਲਿ = ਪਵਵਾਨ ਕਰ। ਰੇਣੁਕਾ = ਚਰਨ-ਧੂੜ। ਤਉ = ਤਦੋਂ।

ਅਰਥ: (ਪਰਮਾਤਮਾ ਵਲੋਂ ਸੁਨੇਹਾ ਹੈ– ਹੇ ਬੰਦੇ!) ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ, ਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ।1।

ਮਃ ੫ ॥ ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥ ਜਿਨ੍ਹ੍ਹਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥ {ਪੰਨਾ 1102}

ਪਦ ਅਰਥ: ਮੁਆ = ਸੰਸਾਰਕ ਵਾਸਨਾ ਵਲੋਂ ਮੋਇਆ ਹੋਇਆ, ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਪੇਖੁ = ਵੇਖੋ, ਸਮਝੋ। ਮਰਿ ਜਾਨ੍ਹ੍ਹਿ = ਆਤਮਕ ਮੌਤੇ ਮਰ ਜਾਂਦੇ ਹਨ। ਜੀਵੰਦੇ = ਨਿਰੇ ਦੁਨੀਆ ਦੇ ਰੰਗ ਮਾਣਨ ਵਾਲੇ। ਮੁਹਬਤਿ = ਪਿਆਰ। ਇਕ ਸਿਉ = ਇਕ ਪ੍ਰਭੂ ਨਾਲ। ਤੇ = ਉਹ {ਬਹੁ-ਵਚਨ}। ਮਾਣਸ = ਮਨੁੱਖ। ਪਰਧਾਨ = ਸ੍ਰੇਸ਼ਟ।

ਅਰਥ: ਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ। ਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ) , ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ।2।

ਮਃ ੫ ॥ ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥ ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥ {ਪੰਨਾ 1102}

ਪਦ ਅਰਥ: ਜਿਸ ਮਨਿ = ਜਿਸ ਦੇ ਮਨ ਵਿਚ। ਨਿਕਟਿ = ਨੇੜੇ। ਪੀਰ = ਦੁੱਖ-ਕਲੇਸ਼। ਭੁਖ ਤਿਖ = ਮਾਇਆ ਦੀ ਭੁੱਖ-ਤ੍ਰੇਹ। ਨ ਵਿਆਪਈ = ਦਬਾਉ ਨਹੀਂ ਪਾ ਸਕਦੀ। ਜਮੁ = ਮੌਤ ਦਾ ਡਰ। ਨੀਰ = ਨੇੜੇ।

ਅਰਥ: ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ, ਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ।3।

ਪਉੜੀ ॥ ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥ ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥ ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥ ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥ ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥ ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥ ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥ ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥ {ਪੰਨਾ 1102}

ਪਦ ਅਰਥ: ਅਡੋਲੈ = ਹੇ ਕਦੇ ਨਾਹ ਡੋਲਣ ਵਾਲੇ! ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਤੋਲੈ = ਮੁੱਲ ਪਾ ਸਕੇ। ਓਪਤਿ = ਉਤਪੱਤੀ। ਪਰਲੈ = {pRlX} ਨਾਸ। ਕਰਣ ਕਾਰਣ = ਜਗਤ ਦਾ ਬਣਾਉਣ ਵਾਲਾ, ਜਗਤ ਦਾ ਮੂਲ। ਸਮਾਹੇ = ਅਪੜਾਂਦਾ ਹੈ। ਸਭਸੈ = ਹਰੇਕ ਜੀਵ ਨੂੰ। ਗਹਿਰ = ਡੂੰਘਾ। ਧੁਰਿ = ਧੁਰ ਤੋਂ। ਮਉਲੈ = ਮਉਲਾ ਨੇ।

ਅਰਥ: ਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ। ਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ = ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?

(ਹੇ ਭਾਈ!) ਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ। ਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ। ਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।

ਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।

(ਹੇ ਭਾਈ!) ਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ) ।

ਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹੈ। 23।1।2।

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥ ਪਡੀਆ ਕਵਨ ਕੁਮਤਿ ਤੁਮ ਲਾਗੇ ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥ ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ ॥੧॥ ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ ॥੨॥ ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥ ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥ ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥ ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥ {ਪੰਨਾ 1102-1103}

ਪਦ ਅਰਥ: ਪਡੀਆ = ਹੇ ਪਾਂਡੇ! ਸਿਉ = ਸਮੇਤ। ਅਭਾਗੇ = ਹੇ ਮੰਦ ਭਾਗੀ!।1। ਰਹਾਉ।

ਗੁਨੁ = ਲਾਭ, ਫ਼ਾਇਦਾ। ਖਰ = ਖੋਤਾ, ਖ਼ਰ। ਜਸ = ਜੈਸੇ, ਜਿਵੇਂ। ਭਾਰਾ = ਭਾਰ, ਬੋਝ, ਲੱਦਾ। ਗਤਿ = ਹਾਲਤ, ਅਵਸਥਾ। ਨਾਮ ਕੀ ਗਤਿ = ਨਾਮ ਜਪਣ ਦੀ ਅਵਸਥਾ, ਨਾਮ ਜਪਿਆਂ ਜੋ ਆਤਮਕ ਅਵਸਥਾ ਬਣਦੀ ਹੈ।1।

ਬਧਹੁ = ਮਾਰਦੇ ਹੋ (ਜੱਗਾਂ ਦੇ ਵੇਲੇ) । ਥਾਪਹੁ = ਮਿਥ ਲੈਂਦੇ ਹੋ। ਅਧਰਮੁ = ਪਾਪ। ਭਾਈ = ਹੇ ਭਾਈ! ਮੁਨਿਵਰ = ਸ੍ਰੇਸ਼ਟ ਮੁਨੀ। ਕਾ ਕਉ = ਕਿਸ ਨੂੰ? ਕਸਾਈ = ਜੋ ਮਨੁੱਖ ਬੱਕਰੇ ਆਦਿਕ ਮਾਰ ਕੇ ਉਹਨਾਂ ਦਾ ਮਾਸ ਵੇਚ ਕੇ ਗੁਜ਼ਾਰਾ ਕਰਦੇ ਹਨ।2।

ਕਾਹਿ = ਹੋਰ ਕਿਸ ਨੂੰ? ਬੁਝਾਵਹੁ = ਸਮਝਾਉਂਦੇ ਹੋ। ਅਬਿਰਥਾ = ਵਿਅਰਥ।3।

ਨਾਰਦ, ਬਿਆਸ, ਸੁਕ = ਪੁਰਾਣੇ ਹਿੰਦੂ ਵਿਦਵਾਨ ਰਿਸ਼ੀਆਂ ਦੇ ਨਾਮ ਹਨ (ਨੋਟ: ਕਬੀਰ ਜੀ ਕਿਸੇ ਪੰਡਿਤ ਨੂੰ ਉਸ ਦਾ ਭੁਲੇਖਾ ਸਮਝਾ ਰਹੇ ਹਨ, ਇਸ ਵਾਸਤੇ ਉਹਨਾਂ ਦੇ ਹੀ ਰਿਸ਼ੀਆਂ ਦਾ ਹਵਾਲਾ ਦੇਂਦੇ ਹਨ) । ਜਾਇ = ਜਾ ਕੇ। ਰਮਿ = ਸਿਮਰ ਕੇ। ਬੂਡੇ = ਡੁੱਬੇ ਸਮਝੋ।4।

ਅਰਥ: ਹੇ ਪੰਡਿਤ! ਤੁਸੀ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ? ਹੇ ਮੰਦ-ਭਾਗੀ ਪਾਂਡੇ! ਤੁਸੀ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ।1। ਰਹਾਉ।

(ਹੇ ਪਾਂਡੇ!) ਤੂੰ (ਸੰਸਾਰ-ਸਮੁੰਦਰ ਤੋਂ) ਕਿਵੇਂ ਪਾਰ ਲੰਘੇਂਗਾ? ਇਹ ਤਾਂ ਤੈਨੂੰ ਸਮਝ ਹੀ ਨਹੀਂ ਪਈ ਕਿ ਪਰਮਾਤਮਾ ਦਾ ਨਾਮ ਸਿਮਰਿਆਂ ਕਿਹੋ ਜਿਹੀ ਆਤਮਕ ਅਵਸਥਾ ਬਣਦੀ ਹੈ। (ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ) , ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।1।

(ਹੇ ਪਾਂਡੇ! ਇਕ ਪਾਸੇ ਤੁਸੀ ਮਾਸ ਖਾਣ ਨੂੰ ਨਿੰਦਦੇ ਹੋ; ਪਰ ਜੱਗ ਕਰਨ ਵੇਲੇ ਤੁਸੀ ਭੀ) ਜੀਵ ਮਾਰਦੇ ਹੋ (ਕੁਰਬਾਨੀ ਦੇਣ ਲਈ, ਤੇ) ਇਸ ਨੂੰ ਧਰਮ ਦਾ ਕੰਮ ਸਮਝਦੇ ਹੋ। ਫਿਰ, ਹੇ ਭਾਈ! ਦੱਸੋ, ਪਾਪ ਕਿਹੜਾ ਹੈ? (ਜੱਗ ਕਰਨ ਵੇਲੇ ਤੁਸੀ ਆਪ ਭੀ ਜੀਵ-ਹਿੰਸਾ ਕਰਦੇ ਹੋ, ਪਰ) ਆਪਣੇ ਆਪ ਨੂੰ ਤੁਸੀ ਸ੍ਰੇਸ਼ਟ ਰਿਸ਼ੀ ਮਿਥਦੇ ਹੋ। (ਜੇ ਜੀਵ ਮਾਰਨ ਵਾਲੇ ਲੋਕ ਰਿਸ਼ੀ ਹੋ ਸਕਦੇ ਹਨ,) ਤਾਂ ਤੁਸੀ ਕਸਾਈ ਕਿਸ ਨੂੰ ਆਖਦੇ ਹੋ? (ਤੁਸੀ ਉਹਨਾਂ ਲੋਕਾਂ ਨੂੰ ਕਸਾਈ ਕਿਉਂ ਆਖਦੇ ਹੋ ਜੋ ਮਾਸ ਵੇਚਦੇ ਹਨ?।2।

ਹੇ ਅਗਿਆਨੀ ਪਾਂਡੇ! ਤੁਹਾਨੂੰ ਆਪ ਨੂੰ (ਜੀਵਨ ਦੇ ਸਹੀ ਰਸਤੇ ਦੀ) ਸਮਝ ਨਹੀਂ ਆਈ, ਹੇ ਭਾਈ! ਹੋਰ ਕਿਸ ਨੂੰ ਮੱਤਾਂ ਦੇਹ ਰਹੇ ਹੋ? (ਇਸ ਪੜ੍ਹੀ ਹੋਈ ਵਿੱਦਿਆ ਤੋਂ ਤੁਸੀ ਆਪ ਕੋਈ ਲਾਭ ਨਹੀਂ ਉਠਾ ਰਹੇ, ਇਸ) ਵਿੱਦਿਆ ਨੂੰ ਸਿਰਫ਼ ਮਾਇਆ ਦੀ ਖ਼ਾਤਰ ਵੇਚ ਹੀ ਰਹੇ ਹੋ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਵਿਅਰਥ ਗੁਜ਼ਰ ਰਹੀ ਹੈ।3।

ਕਬੀਰ ਆਖਦਾ ਹੈ– ਹੇ ਭਾਈ! (ਦੁਨੀਆ ਦੇ ਬੰਧਨਾਂ ਤੋਂ) ਪ੍ਰਭੂ ਦਾ ਨਾਮ ਸਿਮਰ ਕੇ ਹੀ ਮੁਕਤ ਹੋ ਸਕਦੇ ਹੋ, ਨਹੀਂ ਤਾਂ ਆਪਣੇ ਆਪ ਨੂੰ ਡੁੱਬੇ ਸਮਝੋ। (ਜੇ ਮੇਰੀ ਇਸ ਗੱਲ ਉੱਤੇ ਯਕੀਨ ਨਹੀਂ ਆਉਂਦਾ, ਤਾਂ ਆਪਣੇ ਹੀ ਪੁਰਾਣੇ ਰਿਸ਼ੀਆਂ ਦੇ ਬਚਨ ਪੜ੍ਹ ਸੁਣ ਵੇਖੋ) ਨਾਰਦ ਰਿਸ਼ੀ ਦੇ ਇਹੀ ਬਚਨ ਹਨ, ਵਿਆਸ ਇਹੀ ਗੱਲ ਆਖਦਾ ਹੈ; ਸੁਕਦੇਵ ਨੂੰ ਵੀ ਜਾ ਕੇ ਪੁੱਛ ਲਵੋ (ਭਾਵ, ਸੁਕਦੇਵ ਦੇ ਬਚਨ ਪੜ੍ਹ ਕੇ ਭੀ ਵੇਖ ਲਵੋ, ਉਹ ਭੀ ਇਹੀ ਆਖਦਾ ਹੈ ਕਿ ਨਾਮ ਸਿਮਰਿਆਂ ਪਾਰ-ਉਤਾਰਾ ਹੁੰਦਾ ਹੈ) ।4।1।

ਸ਼ਬਦ ਦਾ ਭਾਵ: ਧਾਰਮਿਕ ਪੁਸਤਕਾਂ ਦੇ ਨਿਰੇ ਪਾਠ ਦਾ ਕੋਈ ਲਾਭ ਨਹੀਂ, ਜੇ ਜੀਵਨ ਵਿਚ ਪਲਟਾ ਨਹੀਂ ਆਇਆ।

TOP OF PAGE

Sri Guru Granth Darpan, by Professor Sahib Singh