ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1103

ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥ ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥੧॥ ਸਾਰ ਸੁਖੁ ਪਾਈਐ ਰਾਮਾ ॥ ਰੰਗਿ ਰਵਹੁ ਆਤਮੈ ਰਾਮ ॥੧॥ ਰਹਾਉ ॥ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥ ਮਨੁ ਜੀਤੇ ਜਗੁ ਜੀਤਿਆ ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥੨॥ ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥ ਗਿਆਨ ਅੰਜਨੁ ਜਿਹ ਪਾਇਆ ਤੇ ਲੋਇਨ ਪਰਵਾਨੁ ॥੩॥ ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥ ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥੪॥੨॥ {ਪੰਨਾ 1103}

ਪਦ ਅਰਥ: ਬਨਹਿ = ਬਨ ਵਿਚ, ਜੰਗਲ ਵਿਚ। ਜਉ ਲਉ = ਜਦ ਤਕ। ਮਨਹੁ = ਮਨ ਤੋਂ। ਨ ਤਜਹਿ = ਤੂੰ ਨਹੀਂ ਤਿਆਗਦਾ। ਜਿਹ = ਜਿਨ੍ਹਾਂ ਨੇ। ਸਮਸਰਿ = ਬਰਾਬਰ, ਇਕੋ ਜਿਹਾ। ਪੂਰੇ = ਪੂਰਨ ਮਨੁੱਖ।1।

ਸਾਰ = ਸ੍ਰੇਸ਼ਟ। ਰਾਮਾ = ਪ੍ਰਭੂ ਦਾ ਨਾਮ ਸਿਮਰਿਆਂ, ਪ੍ਰਭੂ ਤੋਂ। ਰੰਗਿ = ਪ੍ਰੇਮ ਨਾਲ। ਆਤਮੈ = ਆਤਮਾ ਵਿਚ, ਆਪਣੇ ਅੰਦਰ। ਰਵਹੁ = ਸਿਮਰੋ।1। ਰਹਾਉ।

ਕੀਹ = ਕੀਹ ਹੋਇਆ? ਕੋਈ ਲਾਭ ਨਹੀਂ। ਬਿਖਿਆ ਤੇ = ਮਾਇਆ ਤੋਂ।2।

ਅੰਜਨੁ = ਸੁਰਮਾ। ਦੇਇ = ਦੇਂਦਾ ਹੈ, ਪਾਂਦਾ ਹੈ। ਟੁਕੁ = ਰਤਾ। ਚਾਹਨ– ਭਾਵਨਾ, ਨੀਅਤ। ਬਿਡਾਨੁ = ਫ਼ਰਕ। ਜਿਹ = ਜਿਨ੍ਹਾਂ ਨੇ। ਲੋਇਨ = ਅੱਖਾਂ।3।

ਗੁਰਿ = ਗੁਰੂ ਨੇ। ਅੰਤਰਗਤਿ = ਅੰਦਰ ਹਿਰਦੇ ਵਿਚ ਬੈਠਾ ਹੋਇਆ। ਭੇਟਿਆ = ਮਿਲਿਆ। ਕਤਹੂ = ਹੋਰ ਕਿਸੇ ਪਾਸੇ।4।

ਅਰਥ: ਅਸਲ ਸ੍ਰੇਸ਼ਟ ਸੁਖ ਪ੍ਰਭੂ ਦਾ ਨਾਮ ਸਿਮਰਿਆਂ ਹੀ ਮਿਲਦਾ ਹੈ; (ਇਸ ਵਾਸਤੇ, ਹੇ ਭਾਈ!) ਆਪਣੇ ਹਿਰਦੇ ਵਿਚ ਹੀ ਪ੍ਰੇਮ ਨਾਲ ਰਾਮ ਦਾ ਨਾਮ ਸਿਮਰੋ।1। ਰਹਾਉ।

ਜਦ ਤਕ, (ਹੇ ਭਾਈ!) ਤੂੰ ਆਪਣੇ ਮਨ ਵਿਚੋਂ ਵਿਕਾਰ ਨਹੀਂ ਛੱਡਦਾ, ਜੰਗਲ ਵਿਚ ਜਾ ਵੱਸਿਆਂ ਪਰਮਾਤਮਾ ਕਿਵੇਂ ਮਿਲ ਸਕਦਾ ਹੈ? ਜਗਤ ਵਿਚ ਪੂਰਨ ਪੁਰਖ ਉਹੀ ਹਨ ਜਿਨ੍ਹਾਂ ਨੇ ਘਰ ਤੇ ਜੰਗਲ ਨੂੰ ਇਕੋ ਜਿਹਾ ਕਰ ਜਾਣਿਆ ਹੈ (ਭਾਵ, ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਤਿਆਗੀ ਹਨ) ।1।

ਜੇ ਤੁਸਾਂ ਜਟਾ (ਧਾਰ ਕੇ ਉਹਨਾਂ) ਨੂੰ ਸੁਆਹ ਲਿੰਬ ਲਈ, ਜਾਂ ਕਿਸੇ ਗੁਫ਼ਾ ਵਿਚ ਜਾ ਡੇਰਾ ਲਾਇਆ, ਤਾਂ ਭੀ ਕੀਹ ਹੋਇਆ? (ਮਾਇਆ ਦਾ ਮੋਹ ਇਸ ਤਰ੍ਹਾਂ ਖ਼ਲਾਸੀ ਨਹੀਂ ਕਰਦਾ) । ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹਨਾਂ (ਮਾਨੋ) ਸਾਰੇ ਜਗਤ ਨੂੰ ਜਿੱਤ ਲਿਆ, ਕਿਉਂਕਿ ਮਨ ਜਿੱਤਣ ਨਾਲ ਹੀ ਮਾਇਆ ਤੋਂ ਉਪਰਾਮ ਹੋਈਦਾ ਹੈ।2।

ਹਰ ਕੋਈ ਸੁਰਮਾ ਪਾ ਲੈਂਦਾ ਹੈ, ਪਰ (ਸੁਰਮਾ ਪਾਣ ਵਾਲਿਆਂ ਦੀ) ਨੀਅਤ ਵਿਚ ਕੁਝ ਫ਼ਰਕ ਹੋਇਆ ਕਰਦਾ ਹੈ (ਕੋਈ ਸੁਰਮਾ ਪਾਂਦਾ ਹੈ ਵਿਕਾਰਾਂ ਲਈ, ਤੇ ਕੋਈ ਅੱਖਾਂ ਦੀ ਨਜ਼ਰ ਚੰਗੀ ਰੱਖਣ ਲਈ। ਤਿਵੇਂ, ਮਾਇਆ ਦੇ ਬੰਧਨਾਂ ਤੋਂ ਨਿਕਲਣ ਲਈ ਉੱਦਮ ਕਰਨ ਦੀ ਲੋੜ ਹੈ, ਪਰ ਉੱਦਮ ਉੱਦਮ ਵਿਚ ਫ਼ਰਕ ਹੈ) ਉਹੀ ਅੱਖਾਂ (ਪ੍ਰਭੂ ਦੀ ਨਜ਼ਰ ਵਿਚ) ਕਬੂਲ ਹਨ ਜਿਨ੍ਹਾਂ (ਗੁਰੂ ਦੇ) ਗਿਆਨ ਦਾ ਸੁਰਮਾ ਪਾਇਆ ਹੈ।3।

ਕਬੀਰ ਆਖਦਾ ਹੈ– ਮੈਨੂੰ ਮੇਰੇ ਗੁਰੂ ਨੇ (ਜੀਵਨ ਦੇ ਸਹੀ ਰਸਤੇ ਦਾ) ਗਿਆਨ ਬਖ਼ਸ਼ ਦਿੱਤਾ ਹੈ। ਮੈਨੂੰ ਹੁਣ ਸਮਝ ਆ ਗਈ ਹੈ। (ਗੁਰੂ ਦੀ ਕਿਰਪਾ ਨਾਲ) ਮੇਰੇ ਅੰਦਰ ਬੈਠਾ ਹੋਇਆ ਪਰਮਾਤਮਾ ਮੈਨੂੰ ਮਿਲ ਪਿਆ ਹੈ, ਮੇਰਾ ਮਨ (ਜੰਗਲ ਗੁਫ਼ਾ ਆਦਿਕ) ਕਿਸੇ ਹੋਰ ਪਾਸੇ ਨਹੀਂ ਜਾਂਦਾ।4।2।

ਸ਼ਬਦ ਦਾ ਭਾਵ: ਗ੍ਰਿਹਸਤ ਤਿਆਗਿਆਂ ਅਸਲ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਵਿਕਾਰ ਤਾਂ ਅੰਦਰ ਹੀ ਟਿਕੇ ਰਹਿੰਦੇ ਹਨ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਸਿਮਰਨ ਕਰੋ, ਇਸ ਤਰ੍ਹਾਂ ਗ੍ਰਿਹਸਥ ਵਿਚ ਰਹਿੰਦੇ ਹੋਏ ਹੀ ਤਿਆਗੀ ਰਹੋਗੇ।

ਰਿਧਿ ਸਿਧਿ ਜਾ ਕਉ ਫੁਰੀ ਤਬ ਕਾਹੂ ਸਿਉ ਕਿਆ ਕਾਜ ॥ ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥੧॥ ਰਾਮੁ ਜਿਹ ਪਾਇਆ ਰਾਮ ॥ ਤੇ ਭਵਹਿ ਨ ਬਾਰੈ ਬਾਰ ॥੧॥ ਰਹਾਉ ॥ ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ ॥ ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥੨॥ ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥ ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥੩॥ ਰਾਮ ਨਾਮ ਰਸੁ ਚਾਖਿਆ ਹਰਿ ਨਾਮਾ ਹਰ ਤਾਰਿ ॥ ਕਹੁ ਕਬੀਰ ਕੰਚਨੁ ਭਇਆ ਭ੍ਰਮੁ ਗਇਆ ਸਮੁਦ੍ਰੈ ਪਾਰਿ ॥੪॥੩॥ {ਪੰਨਾ 1103}

ਪਦ ਅਰਥ: ਜਾ ਕਉ = ਜਿਸ ਮਨੁੱਖ ਨੂੰ। ਰਿਧਿ ਸਿਧਿ ਫੁਰੀ = ਰਿੱਧੀਆਂ ਸਿੱਧੀਆਂ ਫੁਰ ਪੈਂਦੀਆਂ ਹਨ, ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਂਦੀਆਂ ਹਨ। ਕਾਹੂ ਸਿਉ = ਕਿਸੇ ਹੋਰ ਨਾਲ। ਕਾਜ = ਕੰਮ, ਮੁਥਾਜੀ। ਕਹਨੇ ਕੀ = (ਨਿਰੀਆਂ ਮੂੰਹੋਂ ਆਖੀਆਂ) ਗੱਲਾਂ ਦੀ। ਕਿਆ ਕਹਉ = ਮੈਂ ਕੀਹ ਆਖਾਂ? ਲਾਜ = ਸ਼ਰਮ।1।

ਜਿਹ = ਜਿਨ੍ਹਾਂ ਮਨੁੱਖਾਂ ਨੇ। ਤੇ = ਉਹ ਬੰਦੇ। ਬਾਰੈ ਬਾਰ = ਦਰ ਦਰ ਤੇ।1। ਰਹਾਉ।

ਡਹਕੈ = ਭਟਕਦਾ ਹੈ। ਘਨਾ = ਬਹੁਤ। ਦਿਨ ਦੁਇ = ਦੋ ਦਿਨਾਂ ਲਈ। ਉਦਕੁ = ਜਲ, ਅੰਮ੍ਰਿਤ। ਤਿਹਿ = ਉਹਨਾਂ ਨੂੰ। ਬਹੁਰਿ = ਮੁੜ।2।

ਜਿਹ = ਜਿਸ ਮਨੁੱਖ ਨੇ। ਨਿਰਾਸੁ = ਆਸਾ-ਰਹਿਤ। ਸਭੁ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਉਦਾਸੁ = ਉਪਰਾਮ।3।

ਹਰ ਤਾਰਿ = ਹਰ ਤਾਲਿ, ਹਰੇਕ ਤਾਲ ਵਿਚ, ਹਰੇਕ ਕੌਤਕ ਵਿਚ। ਕੰਚਨੁ = ਸੋਨਾ। ਭ੍ਰਮੁ = ਭੁਲੇਖਾ, ਭਟਕਣਾ।4।

ਅਰਥ: (ਹੇ ਜੋਗੀ!) ਜਿਨ੍ਹਾਂ ਲੋਕਾਂ ਨੂੰ ਸਚ-ਮੁਚ ਪਰਮਾਤਮਾ ਮਿਲ ਪੈਂਦਾ ਹੈ, ਉਹ (ਭਿੱਛਿਆ ਮੰਗਣ ਲਈ) ਦਰ ਦਰ ਤੇ ਨਹੀਂ ਭਟਕਦੇ।1। ਰਹਾਉ।

(ਹੇ ਜੋਗੀ! ਤੂੰ ਆਖਦਾ ਹੈਂ 'ਮੈਨੂੰ ਰਿੱਧੀਆਂ ਸਿੱਧੀਆਂ ਫੁਰ ਪਈਆਂ ਹਨ', ਪਰ) ਤੇਰੇ ਨਿਰਾ (ਇਹ ਗੱਲ) ਆਖਣ ਦੀ ਹਾਲਤ ਮੈਂ ਕੀਹ ਦੱਸਾਂ? ਮੈਨੂੰ ਤਾਂ ਗੱਲ ਕਰਦਿਆਂ ਸ਼ਰਮ ਆਉਂਦੀ ਹੈ। (ਭਲਾ, ਹੇ ਜੋਗੀ!) ਜਿਸ ਮਨੁੱਖ ਦੇ ਨਿਰਾ ਫੁਰਨਾ ਉੱਠਣ ਤੇ ਹੀ ਰਿੱਧੀਆਂ ਸਿੱਧੀਆਂ ਹੋ ਪੈਣ, ਉਸ ਨੂੰ ਕਿਸੇ ਹੋਰ ਦੀ ਕੀਹ ਮੁਥਾਜੀ ਰਹਿੰਦੀ ਹੈ? (ਤੇ ਤੂੰ ਅਜੇ ਭੀ ਮੁਥਾਜ ਹੋ ਕੇ ਲੋਕਾਂ ਦੇ ਦਰ ਤੇ ਭਟਕਦਾ ਹੈਂ) ।1।

ਦੋ ਚਾਰ ਦਿਨ (ਮਾਇਆ) ਵਰਤਣ ਦੀ ਆਸ ਤੇ ਹੀ ਇਹ ਝੂਠਾ ਜਗਤ ਕਿਤਨਾ ਹੀ ਭਟਕਦਾ ਫਿਰਦਾ ਹੈ। (ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹਨਾਂ ਨੂੰ ਮੁੜ ਮਾਇਆ ਦੀ ਤ੍ਰੇਹ ਨਹੀਂ ਲੱਗਦੀ।2।

ਗੁਰੂ ਦੀ ਕਿਰਪਾ ਨਾਲ ਜਿਸ ਨੇ (ਸਹੀ ਜੀਵਨ) ਸਮਝ ਲਿਆ ਹੈ, ਉਹ ਆਸਾਂ ਛੱਡ ਕੇ ਆਸਾਂ ਤੋਂ ਉਤਾਂਹ ਹੋ ਜਾਂਦਾ ਹੈ, ਕਿਉਂਕਿ ਜਦੋਂ ਮਨੁੱਖ ਅੰਦਰੋਂ ਮਾਇਆ ਤੋਂ ਉਪਰਾਮ ਹੋ ਜਾਏ ਤਾਂ ਉਸ ਨੂੰ ਹਰ ਥਾਂ ਪ੍ਰਭੂ ਦਿੱਸਦਾ ਹੈ (ਮਾਇਆ ਵਲ ਉਸ ਦੀ ਨਿਗਾਹ ਹੀ ਨਹੀਂ ਪੈਂਦੀ) ।3।

ਹੇ ਕਬੀਰ! ਆਖ– ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲਿਆ ਹੈ, ਉਸ ਨੂੰ ਹਰੇਕ ਕੌਤਕ ਵਿਚ ਪ੍ਰਭੂ ਦਾ ਨਾਮ ਹੀ ਦਿੱਸਦਾ ਸੁਣੀਦਾ ਹੈ, ਉਹ ਸੁੱਧ ਸੋਨਾ ਬਣ ਜਾਂਦਾ ਹੈ, ਉਸ ਦੀ ਭਟਕਣਾ ਸਮੁੰਦਰੋਂ ਪਾਰ ਚਲੀ ਜਾਂਦੀ ਹੈ (ਸਦਾ ਲਈ ਮਿਟ ਜਾਂਦੀ ਹੈ) ।4।3।

ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹ ਮੰਗਤਿਆਂ ਵਾਂਗ ਦਰ ਦਰ ਤੇ ਭਟਕਦਾ ਨਹੀਂ ਫਿਰਦਾ। ਉਹ ਸੁੱਧ ਸੋਨਾ ਬਣ ਜਾਂਦਾ ਹੈ। ਉਸ ਨੂੰ ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।

ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥ ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥੧॥ ਬਹੁਰਿ ਹਮ ਕਾਹੇ ਆਵਹਿਗੇ ॥ ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥੧॥ ਰਹਾਉ ॥ ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥ ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥੨॥ ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥ ਹਰਿ ਜੀ ਕ੍ਰਿਪਾ ਕਰੇ ਜਉ ਅਪਨੀ ਤੌ ਗੁਰ ਕੇ ਸਬਦਿ ਸਮਾਵਹਿਗੇ ॥੩॥ ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥ ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥ {ਪੰਨਾ 1103}

ਨੋਟ: ਹਰੇਕ ਤੁਕ ਦੇ ਅਖ਼ੀਰ ਉੱਤੇ ਅੱਖਰ 'ਗੇ' ਨੂੰ ਪਦ-ਪੂਰਤੀ ਲਈ ਹੀ ਸਮਝਣਾ, ਕਿਸੇ ਭਵਿੱਖਤ ਸਮੇ ਦੀ ਗੱਲ ਨਹੀਂ ਕਰ ਰਹੇ। ਨਾਮ ਸਿਮਰਨ ਨਾਲ ਜੋ ਹਾਲਤ ਬੰਦਗੀ ਵਾਲੇ ਦੀ ਬਣਦੀ ਹੈ, ਉਸ ਦਾ ਜ਼ਿਕਰ ਹੈ। ਸਿਮਰਨ ਨੇ ਹੁਣੇ ਹੀ, ਐਸ ਵੇਲੇ ਹੀ, ਇਸੇ ਜੀਵਨ ਵਿਚ ਹੀ ਤਬਦੀਲੀ ਲਿਆਉਣੀ ਹੈ।

ਪਦ ਅਰਥ: ਉਦਕ = ਪਾਣੀ। ਸਲਲ = ਪਾਣੀ। ਸਾਖਿਆ = ਤਰ੍ਹਾਂ, ਵਾਂਗ। ਤਰੰਗ = ਲਹਿਰਾਂ। ਸਮਾਵਹਿਗੇ = ਅਸੀਂ ਸਮਾ ਗਏ ਹਾਂ, ਮੈਂ ਲੀਨ ਹੋ ਗਿਆ ਹਾਂ। ਸੁੰਨਹਿ = ਸੁੰਨ ਵਿਚ, ਅਫੁਰ ਪ੍ਰਭੂ ਵਿਚ। ਸੁੰਨੁ = ਅਫੁਰ ਹੋਇਆ ਆਤਮਾ। ਮਿਲਿਆ = ਮਿਲ ਗਿਆ ਹੈ। ਸਮ = ਸਮਾਨ, ਬਰਾਬਰ। ਪਵਨ ਰੂਪ = ਹਵਾ ਵਾਂਗ। ਪਵਨ ਰੂਪ ਹੋਇ ਜਾਵਹਿਗੇ = ਅਸੀਂ ਹਵਾ ਵਾਂਗ ਹੋ ਗਏ ਹਾਂ, ਮੈਂ ਹਵਾ ਵਾਂਗ ਹੋ ਗਿਆ ਹਾਂ, ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ ਤਿਵੇਂ ਮੈਂ ਭੀ।1।

ਬਹੁਰਿ = ਮੁੜ, ਫੇਰ। ਹਮ = ਮੈਂ, ਅਸਾਂ। ਬੁਝਿ = ਸਮਝ ਕੇ।1। ਰਹਾਉ।

ਜਬ = ਹੁਣ ਜਦੋਂ। ਚੂਕੈ = ਮੁੱਕ ਗਈ ਹੈ। ਪੰਚ ਧਾਤੁ ਕੀ ਰਚਨਾ = ਪੰਜ-ਤੱਤੀ ਸਰੀਰ ਦੀ ਖੇਡ, ਪੰਜ-ਤੱਤੀ ਸਰੀਰ ਦਾ ਮੋਹ, ਦੇਹ-ਅੱਭਿਆਸ, ਸਰੀਰ ਦੇ ਦੁਖ-ਸੁਖ ਦੀ ਸੁਰਤ। ਐਸੇ = ਇਸ ਤਰ੍ਹਾਂ। ਚੁਕਾਵਹਿਗੇ = ਮੈਂ ਮੁਕਾ ਦਿੱਤਾ ਹੈ। ਦਰਸਨੁ = ਭੇਖ, ਕਿਸੇ ਭੇਖ ਦੀ ਉੱਚਤਾ ਦਾ ਖ਼ਿਆਲ। ਧਿਆਵਹਿਗੇ = ਮੈਂ ਸਿਮਰਦਾ ਹਾਂ।2।

ਜਿਤੁ = ਜਿਸ ਪਾਸੇ। ਹਮ = ਸਾਨੂੰ, ਮੈਨੂੰ। ਲਾਗੇ = ਮੈਂ ਲੱਗਾ ਹੋਇਆ ਹਾਂ। ਕਮਾਵਹਿਗੇ = ਮੈਂ ਕਮਾ ਰਿਹਾ ਹਾਂ। ਸਮਾਵਹਿਗੇ = ਮੈਂ ਸਮਾ ਰਿਹਾ ਹਾਂ।3।

ਜੀਵਤ = ਜਿਊਂਦੇ ਹੀ, ਦੁਨੀਆ ਵਿਚ ਰਹਿੰਦੇ ਹੋਏ ਹੀ। ਮਰਹੁ = ਵਿਸ਼ਿਆਂ ਵਲੋਂ ਮਰ ਜਾਉ। ਫੁਨਿ = ਮੁੜ, ਆਤਮਕ ਜੀਵਨ ਵਾਲੇ ਪਾਸੇ। ਪੁਨਰਪਿ {ਪੁਨਹ-ਅਪਿ} ਫਿਰ ਭੀ, ਫਿਰ ਕਦੇ। ਨਾਮਿ = ਨਾਮ ਵਿਚ। ਸੁੰਨ = ਅਫੁਰ ਪ੍ਰਭੂ। ਸੋਈ = ਉਹੀ ਮਨੁੱਖ।4।

ਅਰਥ: ਮੈਂ ਫਿਰ ਕਦੇ (ਜਨਮ ਮਰਨ ਦੇ ਗੇੜ ਵਿਚ) ਨਹੀਂ ਆਵਾਂਗਾ। ਇਹ ਜਨਮ ਮਰਨ ਦਾ ਗੇੜ ਪ੍ਰਭੂ ਦੀ ਰਜ਼ਾ (ਅਨੁਸਾਰ) ਹੀ ਹੈ, ਮੈਂ ਉਸ ਰਜ਼ਾ ਨੂੰ ਸਮਝ ਕੇ (ਰਜ਼ਾ ਵਿਚ) ਲੀਨ ਹੋ ਗਿਆ ਹਾਂ।1। ਰਹਾਉ।

ਜਿਵੇਂ ਪਾਣੀ ਸਮੁੰਦਰ ਦੇ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ, ਜਿਵੇਂ ਨਦੀ ਦੇ ਪਾਣੀ ਦੀਆਂ ਲਹਿਰਾਂ ਨਦੀ ਦੇ ਪਾਣੀ ਵਿਚ ਲੀਨ ਹੋ ਜਾਂਦੀਆਂ ਹਨ, ਜਿਵੇਂ ਹਵਾ ਹਵਾ ਵਿਚ ਮਿਲ ਜਾਂਦੀ ਹੈ, ਤਿਵੇਂ ਵਾਸ਼ਨਾ-ਰਹਿਤ ਹੋਇਆ ਮੇਰਾ ਮਨ ਅਫੁਰ ਪ੍ਰਭੂ ਵਿਚ ਮਿਲ ਗਿਆ ਹੈ, ਤੇ ਹੁਣ ਮੈਨੂੰ ਹਰ ਥਾਂ ਪ੍ਰਭੂ ਹੀ ਦਿੱਸ ਰਿਹਾ ਹੈ।1।

ਹੁਣ ਜਦੋਂ (ਪ੍ਰਭੂ ਵਿਚ ਲੀਨ ਹੋਣ ਕਰਕੇ) ਮੇਰਾ ਪੰਜ-ਤੱਤੀ ਸਰੀਰ ਦਾ ਮੋਹ ਮੁੱਕ ਗਿਆ ਹੈ, ਮੈਂ ਆਪਣਾ ਭੇਲੇਖਾ ਭੀ ਇਉਂ ਮੁਕਾ ਲਿਆ ਹੈ ਕਿ ਕਿਸੇ ਖ਼ਾਸ ਭੇਖ (ਦੀ ਮਹੱਤਤਾ ਦਾ ਖ਼ਿਆਲ) ਛੱਡ ਕੇ ਮੈਨੂੰ ਸਭਨਾਂ ਵਿਚ ਹੀ ਪਰਮਾਤਮਾ ਦਿੱਸਦਾ ਹੈ, ਮੈਂ ਇਕ ਪ੍ਰਭੂ ਦਾ ਨਾਮ ਹੀ ਸਿਮਰ ਰਿਹਾ ਹਾਂ।2।

(ਪਰ, ਇਹ ਪ੍ਰਭੂ ਦੀ ਆਪਣੀ ਹੀ ਮਿਹਰ ਹੈ) ਜਿਸ ਪਾਸੇ ਉਸ ਨੇ ਮੈਨੂੰ ਲਾਇਆ ਹੈ ਮੈਂ ਉਧਰ ਹੀ ਲੱਗ ਪਿਆ ਹਾਂ (ਜਿਹੋ ਜਿਹੇ ਕੰਮ ਉਹ ਮੈਥੋਂ ਕਰਾਉਂਦਾ ਹੈ) ਉਹੋ ਜਿਹੇ ਕੰਮ ਮੈਂ ਕਰ ਰਿਹਾ ਹਾਂ। ਜਦੋਂ ਭੀ (ਜਿਨ੍ਹਾਂ ਉੱਤੇ) ਪ੍ਰਭੂ ਜੀ ਆਪਣੀ ਮਿਹਰ ਕਰਦੇ ਹਨ, ਉਹ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ।3।

(ਹੇ ਭਾਈ!) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪਹਿਲਾਂ) ਵਿਕਾਰਾਂ ਵਲੋਂ ਮਰੋ। ਜਦੋਂ ਇਸ ਤਰ੍ਹਾਂ ਮਰੋਗੇ, ਤਾਂ ਫਿਰ ਆਤਮਕ ਜੀਵਨ ਵਾਲੇ ਪਾਸੇ ਜੀਊ ਪਵੋਗੇ। ਫਿਰ ਕਦੇ ਜਨਮ (ਮਰਨ ਦਾ ਗੇੜ) ਨਹੀਂ ਹੋਵੇਗਾ। ਹੇ ਕਬੀਰ! ਆਖ– ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ।4। 4।

ਸ਼ਬਦ ਦਾ ਭਾਵ: ਪ੍ਰਭੂ ਦੇ ਨਾਮ ਵਿਚ ਜੁੜਿਆਂ ਪ੍ਰਭੂ ਦੀ ਸਮਝ ਪੈਂਦੀ ਹੈ। ਰਜ਼ਾ ਵਿਚ ਤੁਰਿਆਂ ਪ੍ਰਭੂ ਨਾਲ ਇਉਂ ਇਕ-ਮਿਕ ਹੋ ਜਾਈਦਾ ਹੈ, ਜਿਵੇਂ ਨਦੀ ਦੀਆਂ ਲਹਿਰਾਂ ਨਦੀ ਦੇ ਪਾਣੀ ਨਾਲ, ਜਿਵੇਂ ਹਵਾ ਹਵਾ ਨਾਲ। ਫਿਰ ਜੰਮਣ ਮਰਨ ਦੇ ਗੇੜ ਦੀ ਕੋਈ ਸੰਭਾਵਨਾ ਰਹਿ ਹੀ ਨਹੀਂ ਜਾਂਦੀ।

TOP OF PAGE

Sri Guru Granth Darpan, by Professor Sahib Singh