ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1107

ਤੁਖਾਰੀ ਛੰਤ ਮਹਲਾ 1 ਬਾਰਹਮਾਹਾ {ਪੰਨਾ 1107}

ਪਉੜੀ ਵਾਰ ਭਾਵ:

1. ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਸ ਜਨਮ ਵਿਚ ਭੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਤੇ, ਦੁਖੀ ਜੀਵਨ ਗੁਜ਼ਾਰਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਪੀ ਕੇ ਆਤਮਤ ਆਨੰਦ ਮਾਣਦਾ ਹੈ। ਇਹੀ ਹੈ ਜਨਮ ਮਨੋਰਥ।

2. ਨਾਮ ਦੀ ਬਰਕਤਿ ਨਾਲ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਆਪਣੇ ਸਾਰੇ ਗਿਆਨ-ਇੰਦ੍ਰਿਆਂ ਨੂੰ ਮਰਯਾਦਾ ਵਿਚ ਰੱਖ ਕੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਚਾ ਟਿਕਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।

3. ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇਕ ਪਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਹੈ।

4. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਮਨ ਵਿਕਾਰਾਂ ਵਲੋਂ ਅਡੋਲ ਰਹਿੰਦਾ ਹੈ। ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਮਿਲਾਪ ਦੀ ਖਿੱਚ ਬਣੀ ਰਹਿੰਦੀ ਹੈ।

5. ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ। ਹਰ ਪਾਸੇ ਫੁੱਲ ਖਿੜੇ ਹੁੰਦੇ ਹਨ, ਕੋਇਲ ਅੰਬ ਉਤੇ ਬੈਠੀ ਮਿੱਠੇ ਬੋਲ ਬੋਲਦੀ ਹੈ। ਪਰ ਪਤੀ ਤੋਂ ਵਿੱਛੁੜੀ ਨਾਟ ਨੂੰ ਇਹ ਸਭ ਕੁਝ ਚੋਭਵਾਂ ਲੱਗਦਾ ਹੈ। ਜਿਸ ਮਨੁੱਖ ਦਾ ਮਨ ਅੰਦਰਲੇ ਹਿਰਦੇ-ਕੌਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਵਿਚ ਭਟਕਦਾ ਫਿਰਦਾ ਹੈ, ਉਸ ਦਾ ਇਹ ਜੀਊਣ ਅਸਲ ਵਿਚ ਆਤਮਕ ਮੌਤ ਹੈ। ਆਤਮਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿਚ ਆ ਵੱਸੇ।

6. ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਉਸ ਨੂੰ ਕੁਦਰਤਿ ਦੀ ਸੁੰਦਰਤਾ ਭੀ ਪਰਮਾਤਮਾ ਦੇ ਚਰਨਾਂ ਵਿਚ ਹੀ ਜੋੜਨ ਲਈ ਸਹਾਇਤਾ ਕਰਦੀ ਹੈ।

7. ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਰਹਿੰਦੇ ਹਨ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ, ਉਹ ਮਨੁੱਖ ਵਿਕਾਰਾਂ ਦੀ ਤਪਸ਼-ਲੋ ਤੋਂ ਬਚਿਆ ਰਹਿੰਦਾ ਹੈ।

8. ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।

9. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ, ਇਸ ਪਿਆਰ ਦੇ ਟਾਕਰੇ ਤੇ ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧੂਹ ਨਹੀਂ ਪਾ ਸਕਦੇ।

10. ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਪਰਮਾਤਮਾ ਦੀ ਯਾਦ ਤੋਂ ਬਿਨਾ ਹੋਰ ਕਿਸੇ ਵੀ ਰੰਗ-ਤਮਾਸ਼ੇ ਵਿਚ ਉਸ ਨੂੰ ਆਤਮਕ ਆਨੰਦ ਨਹੀਂ ਮਿਲਦਾ।

11. ਜਿਹੜਾ ਮਨੁੱਖ ਦੁਨੀਆ ਦੇ ਝੂਠੇ ਮੋਹ ਵਿਚ ਫਸ ਜਾਂਦਾ ਹੈ, ਉਹ ਪਰਮਾਤਮਾ ਦੇ ਚਰਨਾਂ ਤੋਂ ਵਿੱਛੁੜਿਆ ਰਹਿੰਦਾ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਮੋਹ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ, ਤੇ ਉਸ ਨੂੰ ਪ੍ਰਭੂ-ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ।

12. ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ, ਮਾਨੋ, ਦੀਵਾ ਜਗ ਪੈਂਦਾ ਹੈ। ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਇਕ ਘੜੀ-ਪਲਕ ਦਾ ਵਿਛੋੜਾ ਭੀ ਸਹਾਰ ਨਹੀਂ ਸਕਦਾ।

13. ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬੱਝ ਜਾਂਦੀ ਹੈ। ਜਗਤ ਦਾ ਕੋਈ ਭੀ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ।

14. ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਕੋਰਾ-ਪਨ ਜ਼ੋਰ ਪਾ ਲੈਂਦਾ ਹੈ, ਉਹ ਕੋਰਾ-ਪਨ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਮਨੁੱਖ ਦੇ ਅੰਦਰ ਉੱਚੀ ਆਤਮਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ।

15. ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥ ਉਤੇ ਇਸ਼ਨਾਨ ਕਰਨ ਵਿਚ ਪਵਿੱਤ੍ਰਤਾ ਮੰਨਦੇ ਹਨ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਣੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

16. ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਰਾਹੀਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਆਪਣੇ ਅੰਦਰ ਵੱਸਦਾ ਪਰਮਾਤਮਾ ਮਿਲ ਪੈਂਦਾ ਹੈ। ਪਰ ਇਹ ਆਪਾ-ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ, ਉਹ ਹੀ ਦੂਰ ਕਰਦਾ ਹੈ ਜਿਸ ਉਤੇ ਪਰਮਾਤਮਾ ਮਿਹਰ ਕਰੇ।

ਨੋਟ: ਇਸ ਸਾਰੀ ਬਾਣੀ ਦਾ ਨਿਚੋੜ ਅਖ਼ੀਰਲੀ ਪਉੜੀ ਨੰ: 17 ਵਿਚ ਹੈ।

17. ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਖ਼ਾਸ ਪਵਿੱਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ। ਉਹ ਮਨੁੱਖ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦਾ; ਉਸ ਨੂੰ ਯਕੀਨ ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆਂ ਸਭ ਕੰਮ ਰਾਸ ਆ ਜਾਂਦੇ ਹਨ।

ਇਕ ਹੋਰ ਬਾਰਹਮਾਹ:

ਇਹ ਬਾਰਹਮਾਹਾ ਤੁਖਾਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਕ ਹੋਰ ਬਾਰਹਮਾਹਾ ਭੀ ਹੈ। ਉਹ ਹੈ ਗੁਰੂ ਅਰਜਨ ਸਾਹਿਬ ਜੀ ਦਾ ਲਿਖਿਆ ਹੋਇਆ, ਅਤੇ ਉਹ ਰਾਗ ਮਾਝ ਵਿਚ ਹੈ। ਸਾਹਿੱਤਕ ਦ੍ਰਿਸ਼ਟੀ-ਕੋਣ ਤੋਂ ਦੋਹਾਂ ਬਾਣੀਆਂ ਦਾ ਪਰਸਪਰ ਟਾਕਰਾ ਪਾਠਕਾਂ ਵਾਸਤੇ ਦਿਲਚਸਪ ਹੋਵੇਗਾ।

ਦੋਹਾਂ ਬਾਣੀਆਂ ਦਾ ਪਰਸਪਰ ਟਾਕਰਾ:

(1.) (ੳ) ਤੁਖਾਰੀ ਮ: 1, ਪਉੜੀ ਨੰ: 1

ਕਿਰਤ ਕਰੰਮਾ ਪੁਰਬਿ ਕਮਾਇਆ ॥ ਸਿਰਿ ਸਿਰਿ ਸੁਖ ਸਹੰਮਾ...॥ ...

ਪ੍ਰਿਅ ਬਾਝੁ ਦੁਹੇਲੀ, ਕੋਇ ਨ ਬੇਲੀ...॥ {ਪੰਨਾ 1107}

ਪਉੜੀ ਨੰ: 3

ਨਾ ਕੋਈ ਮੇਰਾ, ਹਉ ਕਿਸੁ ਕੇਰਾ...॥

ਪਉੜੀ ਨੰ: 4

ਉਨਵਿ ਘਨ ਛਾਏ, ਬਰਸੁ ਸੁਭਾਏ...॥

(ਅ) ਮਾਝ ਮ: 5, ਪਉੜੀ ਨੰ: 1

ਕਿਰਤ ਕਰਮ ਕੇ ਵੀਛੁੜੇ... ॥ ਹਰਿ ਨਾਹ ਨ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ ॥...
ਪ੍ਰਭ ਸੁਆਮੀ ਕੰਤ ਵਿਹੂਣੀਆ, ਮੀਤ ਸਜਣ ਸਭਿ ਜਾਮ ॥

ਨਾਨਕ ਕੀ ਬੇਨੰਤੀਆ, ਕਰਿ ਕਿਰਪਾ ਦੀਜੈ ਨਾਮੁ ॥ {ਪੰਨਾ 133}

2. (ੳ) ਤੁਖਾਰੀ ਮ: 1, ਪਉੜੀ ਨੰ: 5

ਪਿਰੁ ਘਰਿ ਨਹੀ ਆਵੈ, ਧਨ ਕਿਉ ਸੁਖੁ ਪਾਵੈ...॥...

ਚੇਤਿ ਸਹਜਿ ਸੁਖੁ ਪਾਵੈ, ਜੇ ਹਰਿ ਵਰੁ ਘਰਿ ਧਨ ਪਾਏ ॥

(ਅ) ਮਾਝ ਮ: 5, ਪਉੜੀ ਨੰ: 2

ਇਕੁ ਖਿਨੁ ਤਿਸੁ ਬਿਨੁ ਜੀਵਣਾ, ਬਿਰਥਾ ਜਨਮੁ ਜਣਾ ॥ ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ ॥

{ਪੰਨਾ 133}

3. (ੳ) ਤੁਖਾਰੀ ਮ: 1, ਪਉੜੀ ਨੰ: 6

ਵੈਸਾਖੁ ਭਲਾ, ਸਾਖਾ ਵੇਸ ਕਰੇ ॥ ਧਨ ਦੇਖੈ ਹਰਿ ਦੁਆਰਿ, ਆਵਹੁ ਦਇਆ ਕਰੇ ॥ {ਪੰਨਾ 1108}

(ਅ) ਮਾਝ ਮ: 5, ਪਉੜੀ ਨੰ: 3

ਵੈਸਾਖਿ ਧੀਰਨਿ ਕਿਉ ਵਾਢੀਆ, ਜਿਨਾ ਪ੍ਰੇਮ ਬਿਛੋਹੁ ॥...

ਵੈਸਾਖੁ ਸੁਹਾਵਾ ਤਾਂ ਲਗੈ, ਜਾ ਸੰਤੁ ਭੈਟੇ ਹਰਿ ਸੋਇ ॥ {ਪੰਨਾ 133}

4. (ੳ) ਤੁਖਾਰੀ ਮ: 1, ਪਉੜੀ ਨੰ: 7

ਮਾਹੁ ਜੇਠੁ ਭਲਾ, ਪ੍ਰੀਤਮੁ ਕਿਉ ਬਿਸਰੈ ॥ {ਪੰਨਾ 1108}

(ਅ) ਮਾਝ ਮ: 5, ਪਉੜੀ ਨੰ: 4

ਸਾਧੂ ਸੰਗੁ ਪਰਾਪਤੇ, ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ, ਜਿਸ ਕੈ ਭਾਗੁ ਮਥੰਨਿ ॥4॥ {ਪੰਨਾ 134}

5. (ੳ) ਤੁਖਾਰੀ ਮ: 1, ਪਉੜੀ ਨੰ: 8

...ਸੂਰਜੁ ਗਗਨਿ ਤਪੈ ॥...ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ ਸਾਚੁ ਸਮਾਲੇ ॥

(ਅ) ਮਾਝ ਮ: 5, ਪਉੜੀ ਨੰ: 5

ਆਸਾੜੁ ਤਪੰਦਾ...॥...ਦੁਯੈ ਭਾਇ ਵਿਗੁਚੀਐ...॥ ਰੈਣਿ ਵਿਹਾਣੀ ਪਛੁਤਾਣੀ...॥

ਆਸਾੜੁ ਸੁਹੰਦਾ ਤਿਸੁ ਲਗੈ, ਜਿਸੁ ਮਨਿ ਹਰਿ ਚਰਣ ਨਿਵਾਸੁ ॥ {ਪੰਨਾ 134}

6. (ੳ) ਤੁਖਾਰੀ ਮ: 1, ਪਉੜੀ ਨੰ: 9

ਸਾਵਣਿ ਸਰਸ ਮਨਾ...॥ ਹਰਿ ਬਿਨੁ ਨੀਦ ਭੂਖ ਕਹੁ ਕੈਸੀ...॥

ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥

(ਅ) ਮਾਝ ਮ: 5, ਪਉੜੀ ਨੰ: 6

ਸਾਵਣਿ ਸਰਸੀ ਕਾਮਣੀ...॥ ਹਰਿ ਮਿਲਣੈ ਨੋ ਮਨੁ ਲੋਚਦਾ...॥

ਸਾਵਣੁ ਤਿਨਾ ਸੁਹਾਗਣੀ, ਜਿਨ ਰਾਮ ਨਾਮੁ ਉਰਿ ਹਾਰੁ ॥ {ਪੰਨਾ 134}

7. (ੳ) ਤੁਖਾਰੀ ਮ: 1, ਪਉੜੀ ਨੰ: 10

ਭਾਦਉ ਭਰਮਿ ਭੁਲੀ...॥...ਨਾਨਕ ਪੂਛਿ ਚਲਉ ਗੁਰ ਅਪੁਨੇ, ਜਹ ਪ੍ਰਭ ਤਹ ਹੀ ਜਾਈਐ ॥

(ਅ) ਮਾਝ ਮ: 5, ਪਉੜੀ ਨੰ: 7

ਭਾਦੁਇ ਭਰਮਿ ਭੁਲਾਣੀਆ...॥ ਸੇ ਭਾਦੁਇ ਨਰਕਿ ਨ ਪਾਈਅਹਿ, ਗੁਰੁ ਰਖਣ ਵਾਲਾ ਹੇਤੁ ॥

{ਪੰਨਾ 134}

8. (ੳ) ਤੁਖਾਰੀ ਮ: 1, ਪਉੜੀ ਨੰ: 11

ਅਸੁਨਿ ਆਉ ਪਿਰਾ, ਸਾਧਨ ਝੂਰਿ ਮੁਈ ॥...ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥

(ਅ) ਮਾਝ ਮ: 5, ਪਉੜੀ ਨੰ: 8

ਅਸੁਨਿ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰਿ ਜਾਇ ॥...ਸੰਤ ਸਹਾਈ ਪ੍ਰੇਮ ਕੇ...॥ {ਪੰਨਾ 134}

9. (ੳ) ਤੁਖਾਰੀ ਮ: 1, ਪਉੜੀ ਨੰ: 12

ਕਤਕਿ ਕਿਰਤੁ ਪਇਆ...ਅਵਗਣ ਮਾਰੀ ਮਰੈ...

(ਅ) ਮਾਝ ਮ: 5, ਪਉੜੀ ਨੰ: 9

ਕਤਿਕਿ ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ ॥

ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ ॥ {ਪੰਨਾ 135}

10. (ੳ) ਤੁਖਾਰੀ ਮ: 1, ਪਉੜੀ ਨੰ: 13

ਮੰਘਰ ਮਾਹੁ ਭਲਾ, ਹਰਿ ਗੁਣ ਅੰਕਿ ਸਮਾਵਏ ॥

ਗੁਣਵੰਤੀ ਗੁਣ ਰਵੈ, ਮੈ ਪਿਰੁ ਨਿਹਚਲੁ ਭਾਵਏ ॥...ਰਾਮ ਨਾਮਿ ਦੁਖੁ ਭਾਗੈ ॥

(ਅ) ਮਾਝ ਮ: 5, ਪਉੜੀ ਨੰ: 10

ਮੰਘਿਰਿ ਮਾਹਿ ਸੁਹੰਦੀਆ, ਹਰਿ ਪਿਰ ਸੰਗਿ ਬੈਠੜੀਆਹ ॥...

ਤਨੁ ਮਨੁ ਮਉਲਿਆ ਰਾਮ ਸਿਉ...॥ ਮੰਘਿਰਿ ਪ੍ਰਭੁਆਰਾਧਣਾ, ਬਹੁੜਿ ਨ ਜਨਮੜੀਆਹ ॥ {ਪੰਨਾ 134}

11. (ੳ) ਤੁਖਾਰੀ ਮ: 1, ਪਉੜੀ ਨੰ: 14

ਪੋਖਿ ਤੁਖਾਰੁ ਪੜੈ, ਵਣੁ ਤਿਣੁ ਰਸੁ ਸੋਖੈ ॥

(ਅ) ਮਾਝ ਮ: 5, ਪਉੜੀ ਨੰ: 11

ਪੋਖਿ ਤੁਖਾਰੁ ਨ ਵਿਆਪਈ, ਕੰਠਿ ਮਿਲਿਆ ਹਰਿ ਨਾਹੁ ॥

12. (ੳ) ਤੁਖਾਰੀ ਮ: 1, ਪਉੜੀ ਨੰ: 15

ਮਾਘਿ ਪੁਨੀਤ ਭਈ, ਤੀਰਥੁ ਅੰਤਰਿ ਜਾਨਿਆ ॥...

ਤੁਧੁ ਭਾਵਾ ਸਰਿ ਨਾਵਾ ॥...ਹਰਿ ਜਪਿ ਅਠਸਠਿ ਤੀਰਥ ਨਾਤਾ ॥

(ਅ) ਮਾਝ ਮ: 5, ਪਉੜੀ ਨੰ: 12

ਮਾਘਿ ਮਜਨੁ ਸੰਗਿ ਸਾਧੂਆ, ਧੂੜੀ ਕਰਿ ਇਸਨਾਨੁ ॥

ਹਰਿ ਕਾ ਨਾਮੁ ਧਿਆਇ ਸੁਣਿ..., ਅਠਸਠਿ ਤੀਰਥ ਸਗਲ ਪੁੰਨ...॥ {ਪੰਨਾ 136}

13. (ੳ) ਤੁਖਾਰੀ ਮ: 1, ਪਉੜੀ ਨੰ: 16

ਫਲਗੁਨਿ ਮਨਿ ਰਹਸੀ...॥ ਅਨਦਿਨੁ ਰਹਸੁ ਭਇਆ...॥...

ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥

(ਅ) ਮਾਝ ਮ: 5, ਪਉੜੀ ਨੰ: 13

ਫਲਗੁਣਿ ਅਨੰਦ ਉਪਰਜਨਾ...ਸੰਤ ਸਹਾਈ ਰਾਮ ਕੇ, ਕਰਿ ਕਿਰਪਾ ਦੀਆ ਮਿਲਾਇ ॥...

ਵਰੁ ਪਾਇਆ ਹਰਿ ਰਾਇ ॥ {ਪੰਨਾ 136}

14. (ੳ) ਤੁਖਾਰੀ ਮ: 1, ਪਉੜੀ ਨੰ: 17

ਬੇ-ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ...॥ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ...॥

{ਪੰਨਾ 1109}

(ਅ) ਮਾਝ ਮ: 5, ਪਉੜੀ ਨੰ: 14

...ਤਿਨ ਕੇ ਕਾਜ ਸਰੇ ॥...ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ ॥

ਨੋਟ: ਪਾਠਕ ਸੱਜਣ ਗਹੁ ਨਾਲ ਪੜ੍ਹ ਕੇ ਵੇਖ ਲੈਣਗੇ, ਕਿ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਦੇ ਬਾਰਹਮਾਹ ਵਿਚ ਜਿਹੜੇ ਦਿਲ-ਤਰੰਗ ਔਖੀ ਬੋਲੀ ਵਿਚ ਲਿਖੇ ਹਨ, ਉਹੀ ਦਿਲ-ਤਰੰਗ ਗੁਰੂ ਅਰਜਨ ਸਾਹਿਬ ਨੇ ਮਾਝ ਰਾਗ ਦੇ ਬਾਰਹਮਾਹ ਵਿਚ ਸੌਖੀ ਬੋਲੀ ਵਰਤ ਕੇ ਲਿਖ ਦਿੱਤੇ ਹਨ। ਦੋਹੀਂ ਪਾਸੀਂ ਪਉੜੀਆਂ ਵਿਚ ਕਈ ਕਈ ਲਫ਼ਜ਼ ਭੀ ਸਾਂਝੇ ਵਰਤੇ ਹੋਏ ਹਨ। ਬੜਾ ਸਾਫ਼ ਪ੍ਰਤੱਖ ਦਿੱਸ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਬਾਰਹਮਾਹ ਤੋਂ ਪ੍ਰੇਰਿਤ ਹੋ ਕੇ ਗੁਰੂ ਅਰਜਨ ਸਾਹਿਬ ਨੇ ਮਾਝ ਰਾਗ ਵਿਚ ਸੌਖੀ ਬੋਲੀ ਵਰਤ ਕੇ ਆਪਣਾ ਬਾਰਹਮਾਹ ਲਿਖਿਆ।

ਪਾਠਕਾਂ ਦੀ ਸਹੂਲਤ ਵਾਸਤੇ ਇਥੇ ਮਾਝ ਰਾਗ ਦੇ ਬਾਰਹਮਾਹ ਦਾ ਭੀ ਪਉੜੀ-ਵਾਰ ਭਾਵ ਦਿੱਤਾ ਜਾਂਦਾ ਹੈ।

ੴ ਸਤਿਗੁਰ ਪ੍ਰਸਦਿ ॥

ਬਾਰਹਮਾਹਾ ਮਾਝ ਮਹਲਾ 5 ਘਰੁ 4

ਪਉੜੀ-ਵਾਰ ਭਾਵ:

1. ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਦੇਂਦਾ ਹੈ, ਤੇ, ਕਾਮਾਦਿਕ ਵਿਕਾਰਾਂ ਦੀ ਤਪਸ਼ ਨਾਲ ਉਸ ਦਾ ਹਿਰਦਾ ਬਲਦੀ ਭੱਠੀ ਸਮਾਨ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਸਾਰੀ ਉਮਰ ਅਜਾਈਂ ਗਵਾ ਲੈਂਦਾ ਹੈ।

2. ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਉਹੀ ਮਨੁੱਖ ਜੀਊਂਦਾ ਜਾਣੋ ਜੋ ਪਰਮਾਤਮਾ ਦਾ ਨਾਮ ਸਿਮਰਦਾ ਹੈ। ਪਰ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ।

3. ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ। ਪ੍ਰਭੂ ਦੀ ਯਾਦ ਤੋਂ ਸੱਖਣਾ ਮਨੁੱਖ ਦੁਖੀ ਜੀਵਨ ਹੀ ਗੁਜ਼ਾਰਦਾ ਹੈ। ਚੁਫੇਰੇ ਦੀ ਸੁਹਾਵਣੀ ਕੁਦਰਤਿ ਭੀ ਉਸ ਨੂੰ, ਸਗੋਂ ਵੱਢ ਵੱਢ ਖਾਂਦੀ ਹੈ।

4. ਪਰਮਾਤਮਾ ਦਾ ਨਾਮ-ਧਨ ਸਦਾ ਮਨੁੱਖ ਦੇ ਨਾਲ ਨਿਭਦਾ ਹੈ। ਨਾਮ ਸਿਮਰਨ ਵਾਲਾ ਮਨੁੱਖ ਲੋਕ ਪਰਲੋਕ ਵਿਚ ਸੋਭਾ ਖੱਟਦਾ ਹੈ। ਨਾਮ ਦੀ ਦਾਤਿ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਪਿਆਂ ਹੀ ਮਿਲਦੀ ਹੈ।

5. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਕੇ ਪਰਮਾਤਮਾ ਦਾ ਆਸਰਾ ਵਿਸਾਰ ਕੇ ਦੁਨੀਆ ਦੇ ਲੋਕਾਂ ਦੇ ਆਸਰੇ ਭਾਲਦਾ ਫਿਰਦਾ ਹੈ ਉਹ ਸਾਰੀ ਉਮਰ ਖ਼ੁਆਰ ਹੁੰਦਾ ਰਹਿੰਦਾ ਹੈ। ਉਸ ਦੀਆਂ ਦੁਨੀਆ ਵਾਲੀਆਂ ਆਸਾਂ ਭੀ ਸਿਰੇ ਨਹੀਂ ਚੜ੍ਹਦੀਆਂ। ਜਿਸ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਦੀ ਸਾਰੀ ਜ਼ਿੰਦਗੀ ਸੁਹਾਵਣੀ ਬੀਤਦੀ ਹੈ।

6. ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਈ ਰੱਖਦਾ ਹੈ, ਉਹ ਦੁਨੀਆ ਦੇ ਰੰਗ-ਤਮਾਸ਼ਿਆਂ ਨੂੰ ਇਸ ਦੇ ਟਾਕਰੇ ਤੇ ਹੋਛੇ ਸਮਝਦਾ ਹੈ। ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਇਹ ਦਾਤਿ ਬਖ਼ਸ਼ਦਾ ਹੈ।

7. ਜਿਵੇਂ ਪੈਲੀ ਵਿਚ ਜੋ ਕੁਝ ਬੀਜੀਏ ਉਹੀ ਫ਼ਸਲ ਵੱਢ ਸਕੀਦਾ ਹੈ, ਤਿਵੇਂ ਇਸ ਸਰੀਰ ਦੀ ਰਾਹੀਂ ਜਿਹੋ ਜਿਹੇ ਕਰਮ ਮਨੁੱਖ ਕਰਦਾ ਹੈ ਉਹੋ ਜਿਹੇ ਸੰਸਕਾਰ ਉਸ ਦੇ ਮਨ ਵਿਚ ਇਕੱਠੇ ਹੁੰਦੇ ਜਾਂਦੇ ਹਨ। ਸੋ, ਦੁਨੀਆ ਦੇ ਨਾਸਵੰਤ ਪਦਾਰਥਾਂ ਨਾਲ ਪਾਇਆ ਹੋਇਆ ਪਿਆਰ ਮਨੁੱਖ ਨੂੰ ਸਾਰੀ ਉਮਰ ਕੁਰਾਹੇ ਪਾਈ ਰੱਖਦਾ ਹੈ, ਤੇ, ਇਹਨਾਂ ਪਦਾਰਥਾਂ ਵਾਲਾ ਸਾਥ ਭੀ ਆਖ਼ਰ ਮੁੱਕ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਖੱਟਿਆ ਹੋਇਆ ਪ੍ਰਭੂ-ਚਰਨਾਂ ਦਾ ਪਿਆਰ ਹੀ ਅਸਲ ਸਾਥੀ ਹੈ ਤੇ ਸੁਖਦਾਈ ਹੈ।

8. ਪਰਮਾਤਮਾ ਦੀ ਯਾਦ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ, ਸੁਖ ਹਾਸਲ ਕਰਨ ਲਈ ਹੋਰ ਕੋਈ ਥਾਂ ਹੀ ਨਹੀਂ। ਪਰ ਇਹ ਦਾਤਿ ਮਿਲਦੀ ਹੈ ਗੁਰੂ ਦੀ ਸਰਨ ਪਿਆਂ ਸਾਧ ਸੰਗਤਿ ਵਿਚੋਂ। ਗੁਰੂ ਦੀ ਸਰਨ ਸਾਧ ਸੰਗਤਿ ਦਾ ਮੇਲ ਪਰਮਾਤਮਾ ਦੀ ਆਪਣੀ ਮਿਹਰ ਨਾਲ ਹੀ ਨਸੀਬ ਹੁੰਦਾ ਹੈ। ਸਦਾ ਉਸ ਦੇ ਦਰ ਤੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ– ਹੇ ਪਾਤਿਸ਼ਾਹ! ਸਾਨੂੰ ਆਪਣੇ ਲੜ ਲਾਈ ਰੱਖ।

9. ਪਰਮਾਤਮਾ ਦੀ ਯਾਦ ਤੋਂ ਖੁੰਝਿਆਂ ਦੁਨੀਆ ਦੇ ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ, ਪਰਮਾਤਮਾ ਨਾਲੋਂ ਲੰਮੇ ਵਿਛੋੜੇ ਪੈ ਜਾਂਦੇ ਹਨ। ਜਿਨ੍ਹਾਂ ਰੰਗ-ਤਮਾਸ਼ਿਆਂ ਦੀ ਖ਼ਾਤਰ ਪਰਮਾਤਮਾ ਦੀ ਯਾਦ ਭੁਲਾਇਦੀ ਹੈ ਉਹ ਭੀ ਆਖ਼ਰ ਦੁਖਦਾਈ ਹੋ ਜਾਂਦੇ ਹਨ। ਤਦੋਂ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ। ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਵਿਚ ਮਿਲਾਂਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਛਡਾ ਲੈਂਦਾ ਹੈ।

10. ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ, ਉਸ ਦਾ ਤਨ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਲੋਕ ਪਰਲੋਕ ਵਿਚ ਸੋਭਾ ਖੱਟਦਾ ਹੈ, ਉਹ ਵਿਕਾਰਾਂ ਦੇ ਹੱਲਿਆਂ ਵਲੋਂ ਸਦਾ ਸੁਚੇਤ ਰਹਿੰਦਾ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਭੁਲਾਈ ਰੱਖਦਾ ਹੈ ਉਸ ਦੀ ਉਮਰ ਦੁੱਖਾਂ ਵਿਚ ਬੀਤਦੀ ਹੈ, ਕਾਮਾਦਿਕ ਕਈ ਵੈਰੀ ਉਸ ਨੂੰ ਸਦਾ ਘੇਰੀ ਰੱਖਦੇ ਹਨ।

11. ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਨੂੰ ਆਪਣੀ ਜ਼ਿੰਦਗੀ ਦੀ ਅਸਲ ਕਮਾਈ ਸਮਝਦਾ ਹੈ, ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਉਸ ਦੇ ਅੰਦਰੋਂ ਸੁਆਰਥ ਵਾਲਾ ਜੀਵਨ ਖ਼ਤਮ ਹੋ ਜਾਂਦਾ ਹੈ, ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਦਰਸਨ ਦੀ ਤਾਂਘ ਬਣੀ ਰਹਿੰਦੀ ਹੈ। ਦਰ ਤੇ ਆ ਡਿੱਗੇ ਦੀ ਫਿਰ ਪਰਮਾਤਮਾ ਭੀ ਲਾਜ ਰੱਖਦਾ ਹੈ, ਤੇ, ਉਸ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।

12. ਜਿਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ; ਸਮਝੋ ਕਿ ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ; ਕਾਮ ਕ੍ਰੋਧ ਲੋਭ ਆਦਿਕ ਕਿਸੇ ਭੀ ਵਿਕਾਰ ਦਾ ਉਹ ਦਬੇਲ ਨਹੀਂ ਬਣਦਾ। ਜ਼ਿੰਦਗੀ ਦੇ ਇਸ ਰਾਹੇ ਤੁਰ ਕੇ ਉਹ ਜਗਤ ਵਿਚ ਸੋਭਾ ਖੱਟ ਲੈਂਦਾ ਹੈ।

13. ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤਿਆਂ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਪਰਮਾਤਮਾ ਨਾਲੋਂ ਉਸ ਦੀ ਵਿੱਥ ਮਿਟ ਜਾਂਦੀ ਹੈ, ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ, ਦੁੱਖ-ਕਲੇਸ਼ ਉਸ ਉਤੇ ਆਪਣੇ ਜ਼ੋਰ ਨਹੀਂ ਪਾ ਸਕਦੇ। ਉਸ ਦਾ ਇਹ ਲੋਕ ਭੀ ਅਤੇ ਪਰਲੋਕ ਭੀ ਦੋਵੇਂ ਹੀ ਸੰਵਰ ਜਾਂਦੇ ਹਨ, ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਉਹ ਸੌਖਾ ਹੀ ਪਾਰ ਲੰਘ ਜਾਂਦਾ ਹੈ।

14. ਜਿਹੜਾ ਭੀ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਦੁਨੀਆ ਵਾਲੇ ਕੰਮ ਭੀ ਸਿਰੇ ਚੜ੍ਹ ਜਾਂਦੇ ਹਨ, ਤੇ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦਾ ਹੈ। ਉਸ ਮਨੁੱਖ ਦੇ ਭਾਣੇ ਸਾਰੇ ਹੀ ਮਹੀਨੇ ਭਾਗਾਂ ਵਾਲੇ ਹਨ, ਸਾਰੇ ਹੀ ਦਿਨ ਭਾਗਾਂ ਵਾਲੇ ਹਨ, ਸੰਗ੍ਰਾਂਦ ਆਦਿਕ ਦੀ ਉਚੇਚੀ ਪਵਿੱਤ੍ਰਤਾ ਦਾ ਉਸ ਨੂੰ ਭੁਲੇਖਾ ਨਹੀਂ ਰਹਿੰਦਾ। ਕੋਈ ਕੰਮ ਕਰਨ ਵੇਲੇ ਉਸ ਨੂੰ ਕੋਈ ਖ਼ਾਸ ਮੁਹੂਰਤ ਭਾਲਣ ਦੀ ਭੀ ਲੋੜ ਨਹੀਂ ਰਹਿ ਜਾਂਦੀ। ਉਹ ਮਨੁੱਖ ਹਰ ਵੇਲੇ, ਹਰ ਕੰਮ-ਕਾਰ ਵੇਲੇ, ਪਰਮਾਤਮਾ ਦੇ ਦਰ ਤੇ ਹੀ ਅਰਦਾਸ ਕਰਦਾ ਹੈ।

ਨੋਟ: ਸਾਰਾ ਬਾਰਹਮਾਹ ਲਿਖ ਕੇ ਅਖ਼ੀਰ ਤੇ ਗੁਰੂ ਅਰਜਨ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਵਾਂਗ ਹੀ ਇਹ ਚੇਤਾਵਨੀ ਕਰਾਂਦੇ ਹਨ ਕਿ ਜਿਹੜਾ ਮਨੁੱਖ ਪਰਮਾਤਮਾ ਦਾ ਆਸਰਾ ਲੈਂਦਾ ਹੈ ਉਸ ਦੇ ਵਾਸਤੇ ਸਾਰੇ ਦਿਨ ਇਕੋ ਜਿਹੇ ਹਨ। ਸੰਗ੍ਰਾਂਦ ਮੱਸਿਆ ਆਦਿਕ ਵਾਲੇ ਦਿਨ ਕੋਈ ਖ਼ਾਸ ਉਚੇਚੇ ਪਵਿੱਤਰ ਨਹੀਂ ਹਨ।

ੴ ਸਤਿਗੁਰੂ ਪ੍ਰਸਾਦਿ ॥

ਸੰਗ੍ਰਾਂਦ

ਭੈੜੀਆਂ ਰੂਹਾਂ:

ਮਨੁੱਖ-ਜਾਤੀ ਦੇ ਜੀਵਨ ਵਿਚ ਇਕ ਉਹ ਸਮਾ ਭੀ ਆਇਆ ਸੀ ਜਦੋਂ ਮਨੁੱਖ ਇਹ ਸਮਝਦਾ ਸੀ ਕਿ ਕੁਦਰਤਿ ਦੇ ਹਰੇਕ ਅੰਗ ਵਿਚ, ਧਰਤੀ ਹਵਾ ਪਾਣੀ ਵਿਚ, ਰੁੱਖਾਂ ਤੇ ਪਰਬਤਾਂ ਵਿਚ, ਹਨੇਰੀ ਝੱਖੜਾਂ ਵਿਚ, ਕੜਕਦੀ ਬਿਜਲੀ ਤੇ ਭੁਚਾਲਾਂ ਵਿਚ, ਪਸ਼ੂ ਪੰਛੀਆਂ ਤੇ ਮੱਛੀਆਂ ਵਿਚ, ਸੂਰਜ ਚੰਦ੍ਰਮਾ ਤੇ ਤਾਰਿਆਂ ਵਿਚ, ਹਰ ਥਾਂ 'ਰੂਹਾਂ' ਹਨ ਜੋ ਮਨੁੱਖ ਦੀਆਂ ਵਿਰੋਧੀ ਹਨ। ਮਨੁੱਖ ਦਾ ਇਹ ਵੱਡਾ ਫ਼ਰਜ਼ ਸਮਝਿਆ ਗਿਆ ਸੀ ਕਿ ਮਨੁੱਖ ਇਹਨਾਂ 'ਰੂਹਾਂ' ਨੂੰ ਖ਼ੁਸ਼ ਰੱਖਣ ਦੇ ਜਤਨ ਕਰਦਾ ਰਹੇ ਤਾਂ ਜੋ ਉਹ ਇਸ ਨੂੰ ਸਤਾਣੋਂ ਰੁਕੀਆਂ ਰਹਿਣ।

ਭਲੀਆਂ ਰੂਹਾਂ:

ਸਮਾ ਪੈਣ ਤੇ 'ਭੈੜੀਆਂ ਰੂਹਾਂ' ਦੇ ਨਾਲ ਦੇਵਤੇ ਭੀ ਸ਼ਾਮਲ ਕੀਤੇ ਗਏ, ਇਹਨਾਂ ਦੇ ਆਪੋ ਵਿਚ ਦੇ ਜੰਗਾਂ ਦੀ ਚਰਚਾ ਭੀ ਚੱਲ ਪਈ। ਯੂਨਾਨ, ਚੀਨ, ਈਰਾਨ, ਹਿੰਦੁਸਤਾਨ ਪੁਰਾਣੀ ਸੱਭਿਅਤਾ ਵਾਲੇ ਸਾਰੇ ਦੇਸਾਂ ਵਿਚ ਇਹੀ ਖ਼ਿਆਲ ਪਰਚਲਤ ਸੀ ਕਿ ਸਾਰੀ ਰਚਨਾ ਵਿਚ ਹਰ ਥਾਂ ਕਿਤੇ ਦੇਵਤਿਆਂ ਤੇ ਕਿਤੇ ਦੈਂਤਾਂ ਦਾ ਰਾਜ ਹੈ, ਤੇ ਹਰ ਵੇਲੇ ਮਨੁੱਖ ਦੇ ਸੁਖ ਦੁੱਖ ਇਹਨਾਂ ਦੇ ਹੀ ਵੱਸ ਵਿਚ ਹਨ। ਭਲੀਆਂ ਰੂਹਾਂ (ਦੇਵਤਿਆਂ) ਤੋਂ ਕੋਈ ਸੁਖ ਹਾਸਲ ਕਰਨ ਲਈ, ਤੇ, ਭੈੜੀਆਂ ਰੂਹਾਂ ਦੀ ਭੈੜੀ ਨਜ਼ਰ ਤੋਂ ਬਚਣ ਲਈ ਇਹਨਾਂ ਦੇਵਤਿਆਂ ਤੇ ਦੈਂਤਾਂ ਦੀ ਪੂਜਾ ਦੇ ਖ਼ਾਸ ਖ਼ਾਸ ਦਿਨ ਮਿਥੇ ਗਏ।

ਇਕੋ ਹੀ ਸਰਬ-ਵਿਆਪਕ ਸਿਰਜਣਹਾਰ:

ਸਹਿਜੇ ਸਹਿਜੇ ਮਨੁੱਖ ਨੂੰ ਇਹ ਸਮਝ ਆ ਗਈ ਕਿ ਵਖੋ-ਵਖ ਰੂਹਾਂ ਨਹੀਂ, ਸਗੋਂ ਇਸ ਸਾਰੀ ਕੁਦਰਤਿ ਨੂੰ ਬਣਾਣ ਵਾਲਾ ਇਕੋ ਹੀ ਸਿਰਜਣਹਾਰ ਪਰਮਾਤਮਾ ਹੈ ਜੋ ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ। ਜਿਉਂ ਜਿਉਂ ਇਹ ਨਿਸਚਾ ਵਧਦਾ ਗਿਆ, ਤਿਉਂ ਤਿਉਂ ਮਨੁੱਖ ਹੋਰ ਹੋਰ ਪੂਜਾ ਛੱਡ ਕੇ ਪਰਮਾਤਮਾ ਦੀ ਪ੍ਰੇਮਾ-ਭਗਤੀ ਕਰਨ ਲੱਗ ਪਿਆ, ਦੇਵਤੇ ਦੈਂਤ ਆਦਿਕ ਵਿਸਰਦੇ ਗਏ, ਤੇ ਉਹਨਾਂ ਦੀ ਪੂਜਾ ਵਾਸਤੇ ਖ਼ਾਸ ਮਿਥੇ ਹੋਏ ਦਿਨ ਭੀ ਭੁੱਲਦੇ ਗਏ। ਪਰ ਇਉਂ ਜਾਪਦਾ ਹੈ ਕਿ ਹੋਰ ਸਾਰੀ ਰਚਨਾ ਨਾਲੋਂ ਸੂਰਜ ਤੇ ਚੰਦ੍ਰਮਾ ਨੇ ਮਨੁੱਖ ਦੇ ਮਨ ਉੱਤੇ ਵਧੀਕ ਡੂੰਘਾ ਅਸਰ ਪਾਇਆ ਹੋਇਆ ਸੀ। ਇਹਨਾਂ ਦੀ ਪੂਜਾ ਲਈ ਮਿਥੇ ਹੋਏ ਦਿਹਾੜੇ ਅਜੇ ਤਕ ਆਪਣਾ ਪ੍ਰਭਾਵ ਪਾਈ ਆ ਰਹੇ ਹਨ।

ਦਸ ਪੁਰਬ:

ਸੂਰਜ ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਹੇਠ-ਲਿਖੇ ਦਸ ਦਿਨ ਪਵਿੱਤਰ ਸਮਝੇ ਜਾ ਰਹੇ ਹਨ– ਸੂਰਜ-ਗ੍ਰਹਿਣ, ਚੰਦ-ਗ੍ਰਹਿਣ, ਮੱਸਿਆ, ਪੁੰਨਿਆ, ਚਾਨਣਾ ਐਤਵਾਰ, ਸੰਗ੍ਰਾਂਦ, ਦੋ ਇਕਾਦਸ਼ੀਆਂ, ਤੇ ਦੋ ਅਸ਼ਟਪਦੀਆਂ। ਇਹਨਾਂ ਦਸ ਦਿਨਾਂ ਨੂੰ 'ਪੁਰਬ' {pvLn`} (ਪਵਿੱਤਰ ਦਿਨ) ਮੰਨਿਆ ਜਾਂਦਾ ਹੈ। ਸੂਰਜ-ਦੇਵਤੇ ਨਾਲ ਸੰਬੰਧ ਰੱਖਣ ਵਾਲੇ ਇਹਨਾਂ ਵਿਚੋਂ ਸਿਰਫ਼ ਦੋ ਦਿਨ ਹਨ– ਸੂਰਜ-ਗ੍ਰਹਿਣ ਅਤੇ ਸੰਗ੍ਰਾਂਦ। ਬਾਕੀ ਦੇ ਦਿਨ ਚੰਦ੍ਰਮਾ ਦੇ ਹਨ। 'ਚਾਨਣਾ ਐਤਵਾਰ' ਸੂਰਜ ਤੇ ਚੰਦ ਦੋਹਾਂ ਦਾ ਹੈ। ਵਖੋ-ਵਖ ਦੇਵਤਿਆਂ ਦੇ ਥਾਂ ਇਕ ਪਰਮਾਤਮਾ ਦੀ ਭਗਤੀ ਦਾ ਰਿਵਾਜ ਵਧਣ ਤੇ ਭੀ ਇਹਨਾਂ ਦਸ ਪੁਰਬਾਂ ਦੀ ਰਾਹੀਂ ਇਹਨਾਂ ਦੇਵਤਿਆਂ ਦੀ ਪੂਜਾ ਤੇ ਪਿਆਰ ਅਜੇ ਤਕ ਜੋਬਨ ਤੇ ਹੈ।

ਇਸ ਪ੍ਰਭਾਵ ਦੀ ਡੂੰਘਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਤਾਲੀਮ ਦੀ ਬਰਕਤਿ ਨਾਲ ਜੋ ਲੋਕ 'ਅੱਨ ਪੂਜਾ' ਛੱਡ ਕੇ ਇਕ ਅਕਾਲ ਪੁਰਖ ਨੂੰ ਮੰਨਣ ਵਾਲੇ ਹੋ ਚੁਕੇ ਸਨ ਉਹ ਭੀ ਅਜੇ ਸੂਰਜ ਦੀ ਯਾਦ ਮਨਾਣੀ ਨਹੀਂ ਛੱਡ ਸਕੇ।

ਸੰਗ੍ਰਾਂਦ ਕੀਹ ਹੈ?

ਲਫ਼ਜ਼ 'ਸੰਗ੍ਰਾਂਦ' ਸੰਸਕ੍ਰਿਤ ਦੇ ਲਫ਼ਜ਼ 'ਸਾਂਕ੍ਰਾਂਤਿ (swz>>ziNq) ਦਾ ਪ੍ਰਾਕ੍ਰਿਤ ਅਤੇ ਪੰਜਾਬੀ ਰੂਪ ਹੈ। ਇਸ ਦਾ ਅਰਥ ਹੈ 'ਸੂਰਜ ਦਾ ਇਕ ਰਾਸਿ ਤੋਂ ਦੂਜੀ ਰਾਸਿ ਵਿਚ ਲੰਘਣਾ'। 'ਸਾਂਕ੍ਰਾਂਤਿ' ਉਹ ਦਿਨ ਹੈ ਜਦੋਂ ਸੂਰਜ ਨਵੀਂ ਰਾਸ਼ਿ ਵਿਚ ਦਾਖ਼ਲ ਹੁੰਦਾ ਹੈ। ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ। ਹਰ ਦੇਸੀ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੂਰਜ ਇਕ 'ਰਾਸਿ' ਨੂੰ ਛੱਡ ਕੇ ਦੂਜੀ 'ਰਾਸਿ' ਵਿਚ ਪੈਰ ਧਰਦਾ ਹੈ। ਬਾਰਾਂ ਮਹੀਨੇ ਹਨ ਤੇ ਬਾਰਾਂ ਹੀ ਰਾਸਾਂ ਹਨ। ਜੋ ਲੋਕ ਸੂਰਜ ਦੇਵਤੇ ਦੇ ਉਪਾਸਕ ਹਨ, ਉਹਨਾਂ ਲਈ ਹਰੇਕ 'ਸੰਗ੍ਰਾਂਦ' ਦਾ ਦਿਨ ਪਵਿੱਤ੍ਰ ਹੈ ਕਿਉਂਕਿ ਉਸ ਦਿਨ ਸੂਰਜ-ਦੇਵਤਾ ਇਕ 'ਰਾਸਿ' ਨੂੰ ਛੱਡ ਕੇ ਦੂਜੀ ਵਿਚ ਆਉਂਦਾ ਹੈ। ਉਸ ਦਿਨ ਖ਼ਾਸ ਉਚੇਚਾ ਪੂਜਾ-ਪਾਠ ਕੀਤਾ ਜਾਂਦਾ ਹੈ, ਤਾਂ ਜੋ ਸੂਰਜ-ਦੇਵਤਾ ਉਸ ਨਵੀਂ 'ਰਾਸਿ' ਵਿਚ ਰਹਿ ਕੇ ਉਪਾਸਕ ਲਈ ਸਾਰਾ ਮਹੀਨਾ ਚੰਗਾ ਲੰਘਾਏ।

ਲੋਕ-ਗੀਤ:

ਆਪਣੇ ਦੇਸ ਦੇ 'ਲੋਕ-ਗੀਤਾਂ' ਨੂੰ ਗਹੁ ਨਾਲ ਵੇਖੋ, ਜੀਵਨ-ਪੰਧ ਦੀ ਹਰੇਕ ਝਾਕੀ ਨਾਲ ਸੰਬੰਧ ਰੱਖਦੇ ਹਨ– ਘੋੜੀਆਂ, ਸੁਹਾਗ, ਕਾਮਣ, ਸਿੱਠਣੀਆਂ, ਛੰਦ, ਗਿੱਧਾ, ਲਾਵਾਂ ਤੇ ਅਲਾਹਣੀਆਂ ਆਦਿਕ ਹਰੇਕ ਕਿਸਮ ਦੇ 'ਗੀਤ' ਮਿਲਦੇ ਹਨ। ਰੁੱਤਾਂ ਦੇ ਬਦਲਣ ਤੇ ਭੀ ਨਵੀਆਂ-ਨਵੀਆਂ ਰੁੱਤਾਂ ਦੇ ਨਵੇਂ ਨਵੇਂ 'ਲੋਕ-ਗੀਤ', ਹੋਲੀਆਂ ਸਾਂਵਿਆਂ ਆਦਿਕ ਦੇ ਗੀਤ। ਇਸੇ ਤਰ੍ਹਾਂ ਕਵੀਆਂ ਨੇ ਦੇਸ-ਵਾਸੀਆਂ ਦੇ ਜੀਵਨ ਵਿਚ ਨਵੇਂ ਨਵੇਂ ਹੁਲਾਰੇ ਪੈਦਾ ਕਰਨ ਲਈ 'ਵਾਰਾਂ', ਸਿ-ਹਰਫ਼ੀਆਂ ਤੇ 'ਬਾਰਹਮਾਹ' ਪੜ੍ਹਨ ਸੁਣਨ ਦਾ ਰਿਵਾਜ ਪੈਦਾ ਕਰ ਦਿੱਤਾ।

ਗੁਰੂ ਨਾਨਕ ਦੇਵ ਜੀ ਨੇ ਭੀ:

ਗੁਰੂ ਨਾਨਕ ਦੇਵ ਜੀ ਨੇ ਦੇਸ ਵਿਚ ਇਕ ਨਵਾਂ ਜੀਵਨ ਪੈਦਾ ਕਰਨਾ ਸੀ। ਵਾਰਤਕ ਨਾਲੋਂ ਕਵਿਤਾ ਵਧੀਕ ਖਿੱਚ ਪਾਂਦੀ ਹੈ। ਕਵਿਤਾ ਦੇ ਜੋ ਛੰਦ ਪੰਜਾਬ ਵਿਚ ਵਧੀਕ ਪਰਚਲਤ ਸਨ, ਸਤਿਗੁਰੂ ਜੀ ਨੇ ਉਹੀ ਵਰਤੇ। ਸਤਿਗੁਰੂ ਜੀ ਨੇ ਇਕ 'ਬਾਰਹਮਾਹ' ਭੀ ਲਿਖਿਆ ਜੋ ਤੁਖਾਰੀ ਰਾਗ ਵਿਚ ਦਰਜ ਹੈ। ਗੁਰੂ ਅਰਜਨ ਸਾਹਿਬ ਨੇ ਭੀ ਇਕ 'ਬਾਰਹਮਾਹ' ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਝ ਰਾਗ ਵਿਚ ਦਰਜ ਕੀਤਾ। ਪਰ ਇਹਨਾਂ ਦੋਹਾਂ 'ਬਾਰਹਮਾਹਾਂ' ਦਾ ਸੂਰਜ ਦੀ 'ਸੰਗ੍ਰਾਂਦ' ਨਾਲ ਕੋਈ ਸੰਬੰਧ ਨਹੀਂ ਸੀ ਰੱਖਿਆ ਗਿਆ। ਇਹ ਤਾਂ ਦੇਸ ਵਿਚ ਪਰਚਲਤ 'ਕਾਵਿ ਛੰਦਾਂ' ਵਿਚੋਂ ਇਕ ਕਿਸਮ ਸੀ। ਸਾਰੀ ਬਾਣੀ ਵਿਚ ਕਿਤੇ ਕੋਈ ਐਸਾ ਬਚਨ ਨਹੀਂ ਮਿਲਦਾ, ਜਿਥੇ ਸਤਿਗੁਰੂ ਜੀ ਨੇ ਸਾਧਾਰਨ ਦਿਨਾਂ ਵਿਚੋਂ ਕਿਸੇ ਇੱਕ ਖ਼ਾਸ ਦਿਨ ਦੇ ਚੰਗਾ ਜਾਂ ਮੰਦਾ ਹੋਣ ਦਾ ਵਿਤਕਰਾ ਦੱਸਿਆ ਹੋਵੇ।

ਇਕ ਭੁਲੇਖਾ:

ਕਈ ਮਨੁੱਖ ਇਹ ਖ਼ਿਆਲ ਕਰਦੇ ਹਨ ਕਿ 'ਸੰਗ੍ਰਾਂਦ' ਆਦਿਕ ਦਿਨ ਉਚੇਚੇ ਮਨਾਏ ਜਾਣੇ ਚਾਹੀਦੇ ਹਨ, ਤਾਂ ਜੋ ਇਸੇ ਬਹਾਨੇ ਹੀ ਉਹ ਲੋਕ ਭੀ ਆਪਣੇ ਧਰਮ-ਅਸਥਾਨਾਂ ਤੇ ਆ ਕੇ ਕੁਝ ਸਮਾਂ ਸਤਸੰਗ ਵਿਚ ਗੁਜ਼ਾਰ ਸਕਣ ਜੋ ਅੱਗੇ-ਪਿੱਛੇ ਕਦੇ ਵਿਹਲ ਨਹੀਂ ਕੱਢ ਸਕਦੇ। ਪਰ, ਇਹ ਖ਼ਿਆਲ ਬਹੁਤ ਹੱਦ ਤੱਕ ਕੁਰਾਹੇ ਪਾ ਦੇਂਦਾ ਹੈ, ਮਨੁੱਖ ਦਾ 'ਅਸਲਾ' ਉਸ ਦੇ ਨਿਰੇ ਬਾਹਰਲੇ ਕੰਮਾਂ ਤੋਂ ਜਾਚਿਆ ਨਹੀਂ ਜਾ ਸਕਦਾ। ਇਕ ਮਨੁੱਖ ਕਿਸੇ ਦੀਵਾਨ ਆਦਿਕ ਦੇ ਸਮੇ ਕਿਸੇ ਧਾਰਮਿਕ ਪੰਥਕ ਕਾਰਜ ਲਈ ਰੁਪਇਆ ਦਾਨ ਕਰਦਾ ਹੈ; ਪਰ ਨਿਰੇ ਇਸ ਦਾਨ ਤੋਂ ਇਹ ਅੰਦਾਜ਼ਾ ਲਾਣਾ ਗ਼ਲਤ ਹੈ ਕਿ ਇਹ ਮਨੁੱਖ ਮਨੁੱਖਤਾ ਦੇ ਮਾਪ ਵਿਚ ਪੂਰਾ ਉਤਰ ਪਿਆ ਹੈ। ਹੋ ਸਕਦਾ ਹੈ ਕਿ ਉਹ ਧਨਾਢ ਮਨੁੱਖ ਲੋਕਾਂ ਵਿਚ ਸਿਰਫ਼ ਸੋਭਾ ਖੱਟਣ ਦੀ ਖ਼ਾਤਰ ਤੇ ਚੌਧਰੀ ਬਣਨ ਦੀ ਖ਼ਾਤਰ ਇਹ ਦਾਨ ਕਰਦਾ ਹੋਵੇ, ਤੇ ਇਸ ਤਰ੍ਹਾਂ ਇਹ ਦਾਨ ਉਸ ਦੀ ਹਉਮੈ ਨੂੰ ਵਧਾਈ ਜਾਂਦਾ ਹੋਵੇ, ਤੇ ਇਨਸਾਨੀਅਤ ਤੋਂ ਉਸ ਨੂੰ ਗਿਰਾਈ ਜਾਂਦਾ ਹੋਵੇ। 'ਦਾਨ' ਆਦਿਕ ਧਾਰਮਿਕ ਕੰਮ ਦਾ ਅਸਰ ਮਨੁੱਖ ਦੇ ਜੀਵਨ ਉਤੇ ਉਹੋ ਜਿਹਾ ਹੀ ਪੈ ਸਕਦਾ ਹੈ ਜੈਸੀ ਉਸ ਕੰਮ ਦੇ ਕਰਨ ਵੇਲੇ ਉਸ ਦੀ ਨੀਅਤ ਹੋਵੇ।

ਉਚੇਚਾ ਭਾਗਾਂ ਵਾਲਾ ਦਿਹਾੜਾ:

ਜਦੋਂ ਮਨੁੱਖ ਕਿਸੇ 'ਸੰਗ੍ਰਾਂਦ' ਆਦਿਕ ਨੂੰ ਇਕ ਉਚੇਚਾ ਭਾਗਾਂ ਵਾਲਾ ਸ਼ੁਭ ਦਿਹਾੜਾ ਸਮਝਦਾ ਹੈ, ਤੇ ਧਰਮ-ਅਸਥਾਨ ਤੇ ਜਾਂਦਾ ਹੈ, ਉਹ ਉਸ ਦਿਨ ਇਹ ਭੀ ਤਾਂਘ ਰੱਖਦਾ ਹੈ ਕਿ 'ਵਰ੍ਹੇ ਦਿਨ ਦੇ ਦਿਨ' ਕਿਸੇ ਭਲੇ ਦੇ ਮੱਥੇ ਲੱਗਾਂ। ਸੋ, ਉਹ ਕਿਸੇ ਖ਼ਾਸ ਮਨੁੱਖ ਦੇ ਮੂੰਹੋਂ 'ਮਹੀਨਾ' ਸੁਣਦਾ ਹੈ। ਜੇ ਉਸ ਸਾਰੇ ਮਹੀਨੇ ਵਿਚ ਕੋਈ ਕਸ਼ਟ-ਤਕਲਫ਼ਿ ਆ ਪਏ ਤਾਂ ਸਹਿਜ-ਸੁਭਾਇ ਆਖਦਾ ਹੈ ਕਿ ਐਤਕੀ 'ਵਰ੍ਹੇ ਦਿਨ ਦੇ ਦਿਨ' ਫਲਾਣਾ ਚੰਦਰਾ ਬੰਦਾ ਮੱਥੇ ਲੱਗਾ ਸੀ। ਜਿਸ ਵਹਿਮ-ਪ੍ਰਸਤੀ ਨੂੰ ਹਟਾਣ ਲਈ, ਜੋ ਵਿਤਕਰੇ ਦੂਰ ਕਰਨ ਲਈ, ਸਿੱਖ ਨੇ ਗੁਰਦੁਆਰੇ ਵਿਚ ਜਾਣਾ ਹੈ, ਇਸ 'ਸੰਗ੍ਰਾਂਦ' ਦੇ ਮਨਾਣ ਨਾਲ ਉਹ ਵਹਿਮ-ਪ੍ਰਸਤੀ ਤੇ ਵਿਤਕਰੇ ਸਗੋਂ ਵਧਦੇ ਹਨ।

ਰੋਜ਼ਾਨਾ ਅਰਦਾਸ:

ਅਸਲ ਗੱਲ ਤਾਂ ਇਹ ਹੈ ਕਿ ਹਰੇਕ ਮਨੁੱਖ ਵਿਚ ਰੱਬ ਦੀ ਜੋਤਿ ਹੈ, ਤੇ ਹਰੇਕ ਦਿਨ ਇਕੋ ਜਿਹਾ ਹੈ। ਭਾਗਾਂ ਵਾਲਾ ਸਮਾ ਸਿਰਫ਼ ਉਹੀ ਹੈ ਜਦੋਂ ਮਨੁੱਖ ਨੂੰ ਪਰਮਾਤਮਾ ਚੇਤੇ ਆਉਂਦਾ ਹੈ। ਕਿਸੇ ਖ਼ਾਸ਼ ਦਿਹਾੜੇ ਨਹੀਂ, ਸਗੋਂ ਹਰ ਰੋਜ਼ ਸਵੇਰੇ ਉੱਠ ਕੇ ਇਸ ਦੀ ਅਰਦਾਸ ਇਉਂ ਹੋਣੀ ਚਾਹੀਦੀ ਹੈ, 'ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ'।

ਪਰਤੱਖ ਨੂੰ ਪ੍ਰਮਾਣ ਦੀ ਕੀਹ ਲੋੜ?

ਇਹੀ ਨਿਰੀ ਫ਼ਰਜ਼ੀ ਗੱਲ ਨਹੀਂ ਕਿ 'ਸੰਗ੍ਰਾਂਦ' ਦੇ ਪਰਚੇ ਕਰਕੇ ਵਹਿਮ-ਪ੍ਰਸਤੀ ਵਧ ਰਹੀ ਹੈ। ਸੰਗ੍ਰਾਂਦ ਵਾਲੇ ਦਿਨ ਜਾ ਕੇ ਗੁਰਦੁਆਰੇ ਵੇਖੋ, ਇਸ ਦੇ ਸਰਧਾਲੂਆਂ ਦੀ ਉਸ ਦਿਨ ਇਹ ਤਾਂਘ ਹੁੰਦੀ ਹੈ ਕਿ ਅੱਜ 'ਮਹੀਨੇ' ਵਾਲਾ ਸ਼ਬਦ ਸੁਣਾਇਆ ਜਾਏ, ਹਾਲਾਂ ਕਿ ਸਾਰੀ ਬਾਣੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਹੋਣ ਕਰਕੇ, ਜ਼ਿੰਦਗੀ ਦੀ ਰਹਿਬਰੀ ਵਾਲੀ ਹੋਣ ਕਰਕੇ, ਇਕੋ ਦਰਜਾ ਰੱਖਦੀ ਹੈ। 'ਸੰਗ੍ਰਾਂਦ' ਦੇ ਵਹਿਮ ਵਿਚ 'ਬਾਣੀ' 'ਬਾਣੀ' ਵਿਚ ਫ਼ਰਕ ਸਮਝਿਆ ਜਾਂਦਾ ਹੈ, ਕਿਉਂਕਿ ਅਸਲ ਨੀਅਤ 'ਬਾਣੀ' ਸੁਣਨ ਦੀ ਨਹੀਂ ਹੁੰਦੀ, ਸਿਰਫ਼ 'ਮਹੀਨਾ' ਸੁਣਨ ਦੀ ਹੁੰਦੀ ਹੈ। ਨਿਰਾ ਇਹੀ ਨਹੀਂ, ਸ੍ਰੀ ਦਰਬਾਰ ਸਾਹਿਬ ਵਿਚ 'ਸੰਗ੍ਰਾਂਦ' ਵਾਲੇ ਦਿਨ ਜਾ ਕੇ ਵੇਖੋ, ਉਥੇ ਹੋਰ ਅਚਰਜ ਖੇਡ ਵਰਤਦੀ ਹੈ। 'ਆਸਾ ਦੀ ਵਾਰ' ਦੇ ਕੀਰਤਨ ਦੀ ਸਮਾਪਤੀ ਤੇ ਜਦੋਂ 'ਬਾਰਹਮਾਹ' ਵਿਚ 'ਮਹੀਨਾ' ਸੁਣਾਣਾ ਸ਼ੁਰੂ ਕੀਤਾ ਜਾਂਦਾ ਹੈ, ਤਾਂ ਸ਼ੁਰੂ ਵਿਚ ਹੀ ਲਫ਼ਜ਼ 'ਜੇਠ' 'ਹਾੜ' ਆਦਿਕ ਸੁਣ ਕੇ ਸਾਰੀ ਪਉੜੀ ਨੂੰ ਸੁਣਨ ਦੀ ਲੋੜ ਹੀ ਨਹੀਂ ਸਮਝੀ ਜਾਂਦੀ। 'ਮਹੀਨਾ' ਸੁਣ ਕੇ ਹੀ 'ਵਾਹਿਗੁਰੂ, ਵਾਹਿਗੁਰੂ' ਆਖਦੀਆਂ ਬਹੁਤ ਸੰਗਤਾਂ ਚਾਲੇ ਪਾ ਦੇਂਦੀਆਂ ਹਨ।

ਦੁਕਾਨਦਾਰੀ:

ਕਈ ਦੁਕਾਨਦਾਰਾਂ ਨੇ ਇਸ ਵਹਿਮ-ਪ੍ਰਸਤੀ ਤੋਂ ਅਜੀਬ ਲਾਭ ਉਠਾਣ ਦੀ ਕੋਸ਼ਿਸ਼ ਕੀਤੀ ਜਾਪਦੀ ਹੈ। ਆਪਣੀਆਂ ਛਾਪੀਆਂ 'ਬੀੜਾਂ' ਨੂੰ ਸ਼ਾਇਦ ਹਰ-ਮਨ-ਪਿਆਰਾ ਕਰਨ ਲਈ ਇਸ 'ਬਾਰਹਮਾਹ' ਨੂੰ ਭੀ ਉਹੋ ਜਿਹੀ ਉਚੇਚੀ ਰੰਗ-ਬਰੰਗੀ ਥਾਂ ਦਿੱਤੀ ਗਈ ਹੈ ਜੋ ਹਰੇਕ 'ਰਾਗ' ਦੇ 'ਆਰੰਭ' ਨੂੰ ਦਿੱਤੀ ਗਈ ਹੈ।

ਸੂਰਜ-ਪ੍ਰਸਤੀ ਦਾ ਪਰਚਾਰ ਬੇ-ਮਲੂਮੇ ਜਿਹੇ:

ਸੋ ਹਰ ਪਾਸਿਓਂ ਸੰਗ੍ਰਾਂਦ ਦੀ ਰਾਹੀਂ ਇਹ ਵਹਿਮ ਵਧ ਰਿਹਾ ਹੈ ਕਿ ਸੂਰਜ ਦੇ ਨਵੀਂ 'ਰਾਸਿ' ਵਿਚ ਆਉਣ ਵਾਲਾ ਪਹਿਲਾ ਦਿਹਾੜਾ ਖ਼ਾਸ ਤੌਰ ਤੇ ਭਾਗਾਂ ਵਾਲਾ ਹੈ, ਤੇ, ਇਸ ਤਰ੍ਹਾਂ ਬੇ-ਮਲੂਮੇ ਜਿਹੇ ਸਿੱਖਾਂ ਵਿਚ ਸੂਰਜ-ਪ੍ਰਸਤੀ ਦਾ ਪਰਚਾਰ ਕੀਤਾ ਜਾ ਰਿਹਾ ਹੈ। ਇਸ 'ਸੰਗ੍ਰਾਂਦ' ਦੇ ਭਰਮ ਤੋਂ ਹੀ, ਇਸ 'ਵਰ੍ਹੇ ਦਿਨ ਦੇ ਦਿਨ' ਦੇ ਵਹਿਮ ਤੋਂ ਹੀ ਅਗਾਂਹ ਹੋਰ ਭਰਮ ਵਧਦੇ ਜਾ ਰਹੇ ਹਨ ਕਿ ਅੱਜ 'ਵਰ੍ਹੇ ਦਿਨ ਦੇ ਦਿਨ' ਪਰਦੇਸ ਨਹੀਂ ਜਾਣਾ, ਸਵੇਰੇ ਸਵੇਰੇ ਹੱਥੋਂ ਮਾਇਆ ਨਹੀਂ ਖ਼ਰਚਣੀ, ਇਤਿਆਦਿਕ।

ਭਾਈ ਗੁਰਦਾਸ ਜੀ:

ਅਜਿਹੇ ਭਰਮਾਂ ਨੂੰ ਹੀ ਭਾਈ ਗੁਰਦਾਸ ਜੀ ਨੇ ਮਨਮਤਿ ਦੱਸ ਕੇ ਸਿੱਖਾਂ ਨੂੰ ਇਹਨਾਂ ਵਲੋਂ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਫਿਰ ਓਧਰੇ ਪਰਤਦੇ ਜਾਪਦੇ ਹਾਂ। ਆਪ ਲਿਖਦੇ ਹਨ:

"ਸਉਣ ਸਗਨ ਬੀਚਾਰਨੇ, ਨਉਂ ਗ੍ਰਹ 'ਬਾਰਹ ਰਾਸਿ' ਵੀਚਾਰਾ ॥ ਕਾਮਣ ਟੂਣੇ ਔਂਸੀਆਂ, ਕਣਸੋਈ ਪਾਸਾਰ ਪਸਾਰਾ ॥ ਗੱਦਹੁੰ ਕੁੱਤੇ ਬਿੱਲੀਆਂ, ਇੱਲ ਮਲਾਲੀ ਛਾਰਾ ॥ ਨਾਰਿ ਪੁਰਖ ਪਾਣੀ ਅਗਨਿ, ਛਿੱਕ ਪੱਦ ਹਿਡਕੀ ਵਰਤਾਰਾ ॥ ਥਿਤਿ 'ਵਾਰ' ਭੱਦ੍ਰਾ ਭਰਮ, ਦਿਸ਼ਾ ਸੂਲ ਸਹਸਾ ਸੰਸਾਰਾ ॥ ਵਲ-ਛਲ ਕਰਿ ਵਿਸ਼ਵਾਸ ਲੱਖ, ਬਹੁ ਚੁੱਖੀਂ ਕਿਉਂ ਰਵੈ ਭਤਾਰਾ ॥ ਗੁਰਮੁਖਿ ਸੁਖ ਫਲੁ ਪਾਰ-ਉਤਾਰਾ ॥8॥5॥

{ਕੀਰਤਨ, ਅੰਮ੍ਰਿਤ, ਕਰਾਮਾਤਿ ਆਦਿਕ ਮਜ਼ਬੂਨਾਂ ਬਾਰੇ ਮੇਰੇ ਵਿਚਾਰਾਂ ਵਾਸਤੇ ਪੜ੍ਹੋ ਮੇਰੀ ਪੁਸਤਕ 'ਬੁਰਾਈ ਦਾ ਟਾਕਰਾ'। 'ਸਿੰਘ ਬ੍ਰਦਰਜ਼' ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਤੋਂ ਮਿਲੇਗੀ}।

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ

ੴ ਸਤਿਗੁਰ ਪ੍ਰਸਾਦਿ ॥

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥ ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥ ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥ ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥ ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥ ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥ {ਪੰਨਾ 1107}

ਪਦ ਅਰਥ: ਤੂ ਸੁਣਿ = ਹੇ ਹਰੀ! ਤੂੰ (ਮੇਰੀ ਬੇਨਤੀ) ਸੁਣ। ਕਿਰਤ = ਕੀਤੇ ਹੋਏ। ਕਰੰਮਾ = ਕਰਮ, ਕੰਮ। ਪੂਰਬਿ = ਪੂਰਬਲੇ ਸਮੇ ਵਿਚ, ਪਹਿਲੇ ਜਨਮਾਂ ਵਿਚ। ਕਮਾਇਆ = ਕਮਾਈ। ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਸਹੰਮਾ = ਸਹਿਮ, ਦੁੱਖ। ਤੂ ਦੇਹਿ = (ਜੋ) ਤੂੰ ਦੇਂਦਾ ਹੈਂ। ਸੁ ਭਲਾ = ਉਹ (ਹਰੇਕ ਜੀਵ ਵਾਸਤੇ) ਭਲਾ ਹੈ। ਗਤਿ = ਹਾਲਤ। ਦੁਹੇਲੀ = ਦੁੱਖੀ। ਬੇਲੀ = ਮਦਦ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਨਿਰੰਕਾਰੀ ਰਚਨਾ = ਨਿਰੰਕਾਰ ਦੀ ਰਚਨਾ ਵਿਚ। ਸੁ ਕਰਮਾ = ਸ੍ਰੇਸ਼ਟ ਕੰਮ। ਪੰਥੁ = ਰਸਤਾ। ਨਿਹਾਲੇ = ਤੱਕ ਰਹੀ ਹੈ। ਸਾਧਨ = ਜੀਵ-ਇਸਤ੍ਰੀ। ਆਤਮ ਰਾਮਾ = ਹੇ ਸਰਬ-ਵਿਆਪਕ ਪਰਮਾਤਮਾ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

ਅਰਥ: ਹੇ ਹਰੀ! (ਮੇਰੀ ਬੇਨਤੀ) ਸੁਣ। ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ।

ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ। ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ? ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ। (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ।

ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?) , ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ) ।

ਹੇ ਨਾਨਕ! (ਆਖ-) ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ) , ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ।1।

ਭਾਵ: ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਸ ਜਨਮ ਵਿਚ ਭੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਤੇ, ਦੁਖੀ ਜੀਵਨ ਗੁਜ਼ਾਰਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਪੀ ਕੇ ਆਤਮਕ ਆਨੰਦ ਮਾਣਦਾ ਹੈ। ਇਹੀ ਹੈ ਜਨਮ-ਮਨੋਰਥ।

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥ ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥ ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥ ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥ ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥ {ਪੰਨਾ 1107}

ਪਦ ਅਰਥ: ਬਾਬੀਹਾ = ਪਪੀਹਾ, ਚਾਤ੍ਰਿਕ। ਬਾਣੀਆ = ਮਿੱਠਾ ਬੋਲ। ਸਾਧਨ = ਜੀਵ-ਇਸਤ੍ਰੀ। ਸਭਿ = ਸਾਰੇ। ਚੋਲੈ = ਖਾਂਦੀ ਹੈ, ਮਾਣਦੀ ਹੈ। ਅੰਕਿ = ਅੰਕ ਵਿਚ, ਅੰਗ ਨਾਲ। ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸੋਹਾਗਣਿ = ਚੰਗੇ ਭਾਗਾਂ ਵਾਲੀ। ਨਾਰੇ = ਨਾਰਿ, ਜੀਵ-ਇਸਤ੍ਰੀ। ਨਵ ਘਰ = ਨੌ ਗੋਲਕਾਂ, ਨੌ ਇੰਦ੍ਰੀਆਂ ਵਾਲੇ ਸਰੀਰ ਨੂੰ। ਥਾਪਿ = ਟਿਕਾ ਕੇ, ਜੁਗਤਿ ਵਿਚ ਰੱਖ ਕੇ। ਊਚਉ = ਉੱਚਾ। ਮਹਲ ਘਰੁ = ਪ੍ਰਭੂ ਦਾ ਨਿਵਾਸ-ਥਾਂ, ਪ੍ਰਭੂ ਦੇ ਚਰਨ। ਨਿਜ ਘਰਿ ਮੁਰਾਰੇ = ਪ੍ਰਭੂ ਦੇ ਸ੍ਵੈ-ਸਰੂਪ ਵਿਚ, ਪ੍ਰਭੂ ਦੇ ਆਪਣੇ ਘਰ ਵਿਚ। ਨਿਸਿ = ਰਾਤ। ਬਾਸੁਰ = ਦਿਨ। ਰੰਗਿ = ਪਿਆਰ ਵਿਚ। ਰਾਵੈ = ਮਾਣਦੀ ਹੈ, ਸਿਮਰਦੀ ਹੈ। ਸਬਦਿ = ਸ਼ਬਦ ਨਾਲ। ਸੁਹਾਵੈ = ਸੋਹਣੀ ਲੱਗਦੀ ਹੈ।

ਅਰਥ: (ਜਿਵੇਂ) ਪਪੀਹਾ 'ਪ੍ਰਿਉ ਪ੍ਰਿਉ' ਬੋਲਦਾ ਹੈ ਜਿਵੇਂ ਕੋਇਲ ('ਕੂ ਕੂ' ਦੀ ਮਿੱਠੀ) ਬੋਲੀ ਬੋਲਦੀ ਹੈ (ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ। ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ। ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ।

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ– ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ। ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ।2।

ਭਾਵ: ਨਾਮ ਦੀ ਬਰਕਤ ਨਾਲ, ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਮਨੁੱਖ ਆਪਣੇ ਸਾਰੇ ਗਿਆਨ-ਇੰਦ੍ਰਿਆਂ ਨੂੰ ਮਰਯਾਦਾ ਵਿਚ ਰੱਖ ਕੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਚਾ ਟਿਕਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।

ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥ ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥ ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥ ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥ ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥ ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥ {ਪੰਨਾ 1107}

ਪਦ ਅਰਥ: ਹਰਿ ਰਸ ਭਿੰਨੇ = ਹੇ ਰਸ-ਭਿੰਨੇ ਹਰੀ! ਪ੍ਰੀਤਮ ਆਪਣੇ = ਹੇ ਮੇਰੇ ਪ੍ਰੀਤਮ! ਮਨਿ = (ਮੇਰੇ) ਮਨ ਵਿਚ। ਤਨਿ = (ਮੇਰੇ) ਸਰੀਰ ਵਿਚ। ਰਵਤ ਰਵੰਨੇ = ਹੇ ਰਮੇ ਹੋਏ! ਨ ਬੀਸਰੈ = (ਮੇਰਾ ਮਨ) ਨਹੀਂ ਭੁਲਾਂਦਾ। ਬਿਸਾਰੀ = ਬਿਸਾਰੀਂ, ਮੈਂ ਵਿਸਾਰ ਸਕਾਂ। ਹਉ = ਮੈਂ। ਗਾਏ = ਗਾਇ, ਗਾ ਕੇ। ਕੇਰਾ = ਦਾ। ਰਹਣੁ ਨ ਜਾਏ = ਮਨ ਧੀਰਜ ਨਹੀਂ ਫੜਦਾ। ਗਹੀ = ਫੜੀ। ਦ੍ਰਿਸਟਿ = ਨਜ਼ਰ। ਦੀਰਘ = ਲੰਮੀ। ਦੀਰਘ ਦ੍ਰਿਸਟਿ = ਲੰਮੀ ਨਜ਼ਰ ਵਾਲਾ, ਲੰਮੇ ਜਿਗਰੇ ਵਾਲਾ। ਧੀਰਾ = ਧੀਰਜ ਵਾਲਾ।

ਅਰਥ: ਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਹੇ ਮੇਰੇ ਮਨ ਤਨ ਵਿਚ ਰਮੇ ਹੋਏ! ਤੂੰ (ਮੇਰੀ ਅਰਜ਼ੋਈ) ਸੁਣ, (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।

ਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤਿ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।

ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ। ਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ।3।

ਭਾਵ: ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇਕ ਪਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਹੈ।

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥ ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥ ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥ ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥ ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥ ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥ {ਪੰਨਾ 1107}

ਪਦ ਅਰਥ: ਬਰਸੈ = ਵਰ੍ਹਦੀ ਹੈ। ਅੰਮ੍ਰਿਤ ਧਾਰ ਬੂੰਦ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਬੂੰਦਾਂ ਦੀ ਧਾਰ। ਸਹਜਿ = ਸਹਜ ਅਵਸਥਾ ਵਿਚ (ਟਿਕੇ ਹੋਏ ਨੂੰ) , ਆਤਮਕ ਅਡੋਲਤਾ ਵਿਚ (ਟਿਕੇ ਹੋਏ ਨੂੰ) । ਸੁਭਾਇ = ਪ੍ਰੇਮ ਵਿਚ (ਟਿਕੇ ਹੋਏ ਨੂੰ) । ਸਿਉ = ਨਾਲ। ਮੰਦਰਿ = ਮੰਦਰ ਵਿਚ। ਜਾ = ਜਦੋਂ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਧਨ = ਜੀਵ-ਇਸਤ੍ਰੀ। ਊਭੀ = ਉੱਚੀ (ਹੋ ਹੋ ਕੇ) , ਉਤਾਵਲੀ। ਸਾਰੀ = ਸੰਭਾਲਦੀ ਹੈ। ਘਰਿ ਘਰਿ = ਹਰੇਕ ਹਿਰਦੇ-ਘਰ ਵਿਚ। ਕੰਤੁ = ਪ੍ਰਭੂ-ਪਤੀ। ਰਾਵੈ = ਰੰਗ ਮਾਣਦਾ ਹੈ। ਹਉ = ਮੈਨੂੰ। ਕੰਤਿ = ਕੰਤ ਨੇ, ਪ੍ਰਭੂ-ਪਤੀ ਨੇ। ਉਨਵਿ = ਨਿਵ ਕੇ, ਲਿਫ਼ ਕੇ, ਹੇਠਾਂ ਆ ਕੇ, ਤਰਸ ਕਰ ਕੇ। ਘਨ = ਹੇ ਘਨ! ਹੇ ਬੱਦਲ! ਬਰਸੁ = ਵਰ੍ਹ, ਵਰਖਾ ਕਰ। ਸੁਭਾਏ = ਪ੍ਰੇਮ ਨਾਲ। ਸੁਖਾਵੈ = ਸੁਖਾਂਦਾ ਹੈ, ਸੁਖ ਦੇਂਦਾ ਹੈ। ਘਰਿ = ਘਰ ਵਿਚ।

ਅਰਥ: (ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ) , ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ, ਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ। (ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ, (ਤੇ ਆਖਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ? (ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤਿ-ਸਾਲਾਹ ਦੀ ਵਰਖਾ ਕਰ) , ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ।

ਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤਿ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ।4।

ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਮਨ ਵਿਕਾਰਾਂ ਵਲੋਂ ਅਡੋਲ ਰਹਿੰਦਾ ਹੈ, ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਮਿਲਾਪ ਦੀ ਖਿੱਚ ਬਣੀ ਰਹਿੰਦੀ ਹੈ।

TOP OF PAGE

Sri Guru Granth Darpan, by Professor Sahib Singh