ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1108

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥ ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥ ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥ ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥ ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥੫॥ {ਪੰਨਾ 1108}

ਪਦ ਅਰਥ: ਸੁਹਾਵੜੇ = ਸੁਹਾਵਣੇ, ਸੋਹਣੇ। ਬਨ = ਜੰਗਲ, ਬਨਸਪਤੀ, ਰੁੱਖ-ਬਿਰਖ, ਬੇਲ-ਬੂਟੇ। ਮੰਝ = ਵਿਚ। ਬਾਰਿ = ਜੂਹ, ਖੁਲ੍ਹੀ ਜ਼ਮੀਨ। ਮੈ ਪਿਰੁ = ਮੇਰਾ ਪਤੀ-ਪ੍ਰਭੂ। ਬਾਹੁੜੈ = ਆ ਜਾਏ। ਧਨ = ਇਸਤ੍ਰੀ। ਬਿਰਹਿ = ਵਿਛੋੜੇ ਵਿਚ। ਛੀਜੈ = ਛਿੱਜਦਾ ਹੈ, ਟੁੱਟਦਾ ਹੈ, ਦੁਖੀ ਹੁੰਦਾ ਹੈ। ਅੰਬਿ = ਅੰਬ (ਦੇ ਰੁੱਖ) ਉਤੇ। ਅੰਕਿ = ਹਿਰਦੇ ਵਿਚ। ਮਰੁ = ਮੌਤ, ਆਤਮਕ ਮੌਤ। ਮਾਏ = ਹੇ ਮਾਂ! ਵਰੁ = ਖਸਮ, ਪਤੀ। ਘਰਿ = ਹਿਰਦੇ-ਘਰ ਵਿਚ। ਧਨ = ਜੀਵ-ਇਸਤ੍ਰੀ। ਪਾਏ = ਲੱਭ ਲਏ।

ਅਰਥ: ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, (ਇਸ ਮਹੀਨੇ) ਖੁਲ੍ਹੀ ਜੂਹ ਵਿਚ ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ। (ਮੇਰੇ ਹਿਰਦੇ ਦਾ ਕੌਲ-ਫੁੱਲ ਭੀ ਖਿੜ ਪਏ, ਜੇ) ਮੇਰਾ ਪਤੀ-ਪ੍ਰਭੂ ਹਿਰਦੇ-ਘਰ ਵਿਚ ਆ ਵੱਸੇ।

ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਹਿਰਦੇ-ਘਰ ਵਿਚ ਨਾਹ ਆ ਵੱਸੇ, ਉਸ ਜੀਵ-ਇਸਤ੍ਰੀ ਨੂੰ ਆਤਮਕ ਆਨੰਦ ਨਹੀਂ ਆ ਸਕਦਾ, ਉਸ ਦਾ ਸਰੀਰ (ਪ੍ਰਭੂ ਤੋਂ) ਵਿਛੋੜੇ ਦੇ ਕਾਰਨ (ਕਾਮਾਦਿਕ ਵੈਰੀਆਂ ਦੇ) ਹੱਲਿਆਂ ਨਾਲ ਕਮਜ਼ੋਰ ਹੋ ਜਾਂਦਾ ਹੈ। (ਚੇਤਰ ਦੇ ਮਹੀਨੇ) ਕੋਇਲ ਅੰਬ ਦੇ ਰੁੱਖ ਉਤੇ ਮਿੱਠੇ ਬੋਲ ਬੋਲਦੀ ਹੈ (ਵਿਜੋਗਣ ਨੂੰ ਇਹ ਬੋਲ ਮਿੱਠੇ ਨਹੀਂ ਲੱਗਦੇ, ਚੋਭਵੇਂ ਦੁਖਦਾਈ ਲੱਗਦੇ ਹਨ, ਤੇ ਵਿਛੋੜੇ ਦਾ) ਦੁੱਖ ਉਸ ਪਾਸੋਂ ਹਿਰਦੇ ਵਿਚ ਸਹਾਰਿਆ ਨਹੀਂ ਜਾਂਦਾ।

ਹੇ ਮਾਂ! ਮੇਰਾ ਮਨ-ਭੌਰਾ (ਅੰਦਰਲੇ ਖਿੜੇ ਹੋਏ ਹਿਰਦੇ-ਕਮਲ ਨੂੰ ਛੱਡ ਕੇ ਦੁਨੀਆ ਦੇ ਰੰਗ-ਤਮਾਸ਼ਿਆਂ ਦੇ) ਫੁੱਲਾਂ ਤੇ ਡਾਲੀਆਂ ਉਤੇ ਭਟਕਦਾ ਫਿਰਦਾ ਹੈ। ਇਹ ਆਤਮਕ ਜੀਵਨ ਨਹੀਂ ਹੈ, ਇਹ ਤਾਂ ਆਤਮਕ ਮੌਤ ਹੈ।

ਹੇ ਨਾਨਕ! ਚੇਤਰ ਦੇ ਮਹੀਨੇ ਵਿਚ (ਬਸੰਤ ਦੇ ਮੌਸਮ ਵਿਚ) ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਆਤਮਕ ਆਨੰਦ ਮਾਣਦੀ ਹੈ, ਜੇ ਜੀਵ-ਇਸਤ੍ਰੀ (ਆਪਣੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਨੂੰ ਲੱਭ ਲਏ।

ਭਾਵ: ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ। ਹਰ ਪਾਸੇ ਫੁੱਲ ਖਿੜੇ ਹੁੰਦੇ ਹਨ, ਕੋਇਲ ਅੰਬ ਉਤੇ ਬੈਠੀ ਮਿੱਠੇ ਬੋਲ ਬੋਲਦੀ ਹੈ। ਪਰ ਪਤੀ ਤੋਂ ਵਿਛੁੜੀ ਨਾਰ ਨੂੰ ਇਹ ਸਭ ਕੁਝ ਚੋਭਵਾਂ ਲੱਗਦਾ ਹੈ। ਜਿਸ ਮਨੁੱਖ ਦਾ ਮਨ ਅੰਦਰਲੇ ਹਿਰਦੇ-ਕੌਲ-ਫੁੱਲ ਨੂੰ ਛੱਡ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਵਿਚ ਭਟਕਦਾ ਫਿਰਦਾ ਹੈ, ਉਸ ਦਾ ਇਹ ਜੀਊਣ ਅਸਲ ਵਿਚ ਆਤਮਕ ਮੌਤ ਹੈ। ਆਤਮਕ ਆਨੰਦ ਤਦੋਂ ਹੀ ਹੈ ਜਦੋਂ ਪਰਮਾਤਮਾ ਹਿਰਦੇ ਵਿਚ ਆ ਵੱਸੇ।

ਵੈਸਾਖੁ ਭਲਾ ਸਾਖਾ ਵੇਸ ਕਰੇ ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ {ਪੰਨਾ 1108}

ਪਦ ਅਰਥ: ਸਾਖਾ = ਸਾਖਾਂ, ਨਵੀਆਂ-ਫੁੱਟੀਆਂ ਟਾਹਣੀਆਂ, ਲਗਰਾਂ। ਵੇਸ ਕਰੇ = ਸੋਹਣੇ ਕੱਪੜੇ ਪਾਏ ਹੋਏ ਹਨ, ਨਰਮ ਨਰਮ ਕੂਲੇ ਕੂਲੇ ਪੱਤੇ ਨਿਕਲੇ ਹੋਏ ਹਨ। ਧਨ = ਇਸਤ੍ਰੀ। ਦੇਖੈ = ਵੇਖਦੀ ਹੈ, ਉਡੀਕਦੀ ਹੈ। ਦੁਆਰਿ = ਬੂਹੇ ਵਿਚ (ਖਲੋਤੀ) । ਕਰੇ = ਕਰਿ, ਕਰ ਕੇ। ਘਰਿ = ਘਰ ਵਿਚ। ਦੁਤਰ = ਜਿਸ ਵਿਚੋਂ ਤਰ ਕੇ ਲੰਘਣਾ ਔਖਾ ਹੋਵੇ। ਤਾਰੇ = ਤਾਰਿ, ਪਾਰ ਲੰਘਾ। ਅਢੁ = ਅੱਧੀ ਕੌਡੀ। ਮੋਲੋ = ਮੁੱਲ। ਤੁਧੁ ਭਾਵਾਂ = ਜੇ ਤੈਨੂੰ ਚੰਗੀ ਲੱਗਣ ਲੱਗ ਪਵਾਂ। ਦੇਖਿ = ਵੇਖ ਕੇ, ਦਰਸਨ ਕਰ ਕੇ। ਦਿਖਾਵੈ = (ਮੈਨੂੰ ਭੀ) ਦਰਸਨ ਕਰਾ ਦੇਵੇ। ਢੋਲੋ = ਢੋਲੇ ਦਾ, ਪਿਆਰੇ ਪਤੀ ਦਾ। ਜਾਨਾ = ਜਾਣਦੀ ਹਾਂ। ਮਾਨਾ = ਮੰਨਦੀ ਹਾਂ। ਮਹਲੁ = ਟਿਕਾਣਾ। ਪਛਾਨਾ = ਪਛਾਣ ਲੈਂਦੀ ਹਾਂ। ਵੈਸਾਖੀਂ = ਵੈਸਾਖ ਵਿਚ। ਸਬਦਿ = ਸ਼ਬਦ ਵਿਚ। ਮਾਨਾ = ਪਤੀਜ ਗਿਆ, ਗਿੱਝ ਗਿਆ।

ਅਰਥ: ਵੈਸਾਖ (ਦਾ ਮਹੀਨਾ ਕੇਹਾ) ਚੰਗਾ ਲੱਗਦਾ ਹੈ! (ਰੁੱਖਾਂ ਦੀਆਂ) ਲਗਰਾਂ (ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲੇ ਕੂਲੇ ਪੱਤਰਾਂ ਦਾ) ਹਾਰ-ਸਿੰਗਾਰ ਕਰਦੀਆਂ ਹਨ। (ਇਹਨਾਂ ਲਗਰਾਂ ਦਾ ਹਾਰ-ਸਿੰਗਾਰ ਵੇਖ ਕੇ ਪਤੀ ਤੋਂ ਵਿਛੁੜੀ ਨਾਰ ਦੇ ਅੰਦਰ ਭੀ ਪਤੀ ਨੂੰ ਮਿਲਣ ਲਈ ਧ੍ਰੂਹ ਪੈਂਦੀ ਹੈ, ਤੇ ਉਹ ਆਪਣੇ ਘਰ ਦੇ ਬੂਹੇ ਵਿਚ ਖਲੋਤੀ ਰਾਹ ਤੱਕਦੀ ਹੈ। ਇਸੇ ਤਰ੍ਹਾਂ ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਮਾਹ-ਭਰੀ) ਜੀਵ-ਇਸਤ੍ਰੀ ਆਪਣੇ (ਹਿਰਦੇ-) ਦਰ ਤੇ ਪ੍ਰਭੂ-ਪਤੀ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ– ਹੇ ਪ੍ਰਭੂ-ਪਤੀ!) ਮਿਹਰ ਕਰ ਕੇ (ਮੇਰੇ ਹਿਰਦੇ-ਘਰ ਵਿਚ) ਆਓ। ਹੇ ਪਿਆਰੇ! (ਮੇਰੇ) ਘਰ ਵਿਚ ਆਓ, ਮੈਨੂੰ ਇਸ ਬਿਖਮ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਾ, ਤੈਥੋਂ ਬਿਨਾ ਮੇਰੀ ਕਦਰ ਅੱਧੀ ਕੌਡੀ ਜਿਤਨੀ ਭੀ ਨਹੀਂ ਹੈ। ਪਰ, ਹੇ ਮਿਤ੍ਰ-ਪ੍ਰਭੂ! ਜੇ ਗੁਰੂ ਤੇਰਾ ਦਰਸਨ ਕਰ ਕੇ ਮੈਨੂੰ ਭੀ ਦਰਸਨ ਕਰਾ ਦੇਵੇ, ਤੇ ਜੇ ਮੈਂ ਤੈਨੂੰ ਚੰਗੀ ਲੱਗ ਪਵਾਂ, ਤਾਂ ਕੌਣ ਮੇਰਾ ਮੁੱਲ ਪਾ ਸਕਦਾ ਹੈ? ਫਿਰ ਤੂੰ ਮੈਨੂੰ ਕਿਤੇ ਦੂਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਅੰਦਰ ਵੱਸ ਰਿਹਾ ਹੈਂ, ਉਸ ਟਿਕਾਣੇ ਦੀ ਮੈਨੂੰ ਪਛਾਣ ਹੋ ਜਾਇਗੀ ਜਿਥੇ ਤੂੰ ਵੱਸਦਾ ਹੈਂ।

ਹੇ ਨਾਨਕ! ਵੈਸਾਖ ਵਿਚ (ਕੁਦਰਤਿ-ਰਾਣੀ ਦਾ ਸੋਹਜ-ਸਿੰਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੁੜੀ ਰਹਿੰਦੀ ਹੈ, ਜਿਸ ਦਾ ਮਨ (ਸਿਫ਼ਤਿ-ਸਾਲਾਹ ਵਿਚ ਹੀ) ਗਿੱਝ ਜਾਂਦਾ ਹੈ।6।

ਭਾਵ: ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਉਸ ਨੂੰ ਕੁਦਰਤਿ ਦੀ ਸੁੰਦਰਤਾ ਭੀ ਪਰਮਾਤਮਾ ਦੇ ਚਰਨਾਂ ਵਿਚ ਹੀ ਜੋੜਨ ਲਈ ਸਹਾਇਤਾ ਕਰਦੀ ਹੈ।

ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥ ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥ ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥ ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥ ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥ ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥ {ਪੰਨਾ 1108}

ਪਦ ਅਰਥ: ਕਿਉ ਬਿਸਰੈ = ਕਿਵੇਂ ਵਿੱਸਰੇ? ਨਹੀਂ ਵਿੱਸਰਦਾ। ਤਾਪਹਿ = ਤਪਦੇ ਹਨ, ਭਖਦੇ ਹਨ। ਸਰ = ਵਾਂਗ। ਭਾਰ = ਭੱਠ। ਸਾਧਨ = ਜੀਵ-ਇਸਤ੍ਰੀ। ਬਿਨਉ = ਬੇਨਤੀ। ਸਾਰੇਦੀ = ਸੰਭਾਲਦੀ ਹੈ, ਯਾਦ ਕਰਦੀ ਹੈ। ਸਾਰੀ = ਮੈਂ ਯਾਦ ਕਰਦੀ ਹਾਂ। ਪ੍ਰਭ ਭਾਵਾ = ਪ੍ਰਭੂ ਨੂੰ ਚੰਗੀ ਲੱਗ ਪਵਾਂ। ਮਹਲਿ = ਮਹਲ ਵਿਚ। ਬੈਰਾਗੀ = ਵਿਰਕਤ, ਮਾਇਆ ਤੋਂ ਨਿਰਲੇਪ। ਆਵਣ ਦੇਹਿ = ਜੇ ਤੂੰ ਆਉਣ ਦੀ ਆਗਿਆ ਦੇਵੇਂ। ਆਵਾ = ਮੈਂ (ਤੇਰੇ ਪਾਸ) ਆ ਸਕਦੀ ਹਾਂ। ਮਹਲੀ = ਮਹਲਾਂ ਵਿਚ। ਕਰਮਿ = ਬਖ਼ਸ਼ਸ਼ ਨਾਲ। ਗਹਿਲੀ = ਗ੍ਰਹਣ ਕਰਨ ਵਾਲੀ। ਜਾਣੈ = ਜਾਣ ਲਏ, ਜਾਣ-ਪਛਾਣ ਪਾ ਲਏ, ਸਾਂਝ ਪਾ ਲਏ। ਗੁਣ ਗਹਿਲੀ = ਪ੍ਰਭੂ ਦੇ ਗੁਣ ਗ੍ਰਹਣ ਕਰਨ ਵਾਲੀ।

ਅਰਥ: ਜੇਠ ਮਹੀਨਾ (ਉਹਨਾਂ ਨੂੰ ਹੀ) ਚੰਗਾ ਲੱਗਦਾ ਹੈ ਜਿਨ੍ਹਾਂ ਨੂੰ ਪ੍ਰੀਤਮ-ਕਦੇ ਨਹੀਂ ਵਿੱਸਰਦਾ। (ਜੇਠ ਵਿਚ ਲੋਆਂ ਪੈਣ ਨਾਲ) ਭੱਠ ਵਾਂਗ ਥਲ ਤਪਣ ਲੱਗ ਪੈਂਦੇ ਹਨ (ਇਸੇ ਤਰ੍ਹਾਂ ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਹਨ, ਉਹਨਾਂ ਦੀ ਤਪਸ਼ ਅਨੁਭਵ ਕਰ ਕੇ) ਗੁਰਮੁਖਿ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਅਰਦਾਸ ਕਰਦੀ ਹੈ, ਉਸ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲਦੀ ਹੈ, ਜੋ ਇਸ ਤਪਸ਼ ਤੋਂ ਨਿਰਾਲਾ ਆਪਣੇ ਸਦਾ-ਥਿਰ ਮਹਲ ਵਿਚ ਟਿਕਿਆ ਰਹਿੰਦਾ ਹੈ, ਉਸ ਅੱਗੇ ਜੀਵ-ਇਸਤ੍ਰੀ ਬੇਨਤੀ ਕਰਦੀ ਹੈ– ਹੇ ਪ੍ਰਭੂ! ਮੈਂ ਤੇਰੀ ਸਿਫ਼ਤਿ-ਸਾਲਾਹ ਕਰਦੀ ਹਾਂ, ਤਾ ਕਿ ਤੈਨੂੰ ਚੰਗੀ ਲੱਗ ਪਵਾਂ, ਤੂੰ ਮੈਨੂੰ ਆਗਿਆ ਦੇਵੇਂ ਮੈਂ ਭੀ ਤੇਰੇ ਮਹਲ ਵਿਚ ਆ ਜਾਵਾਂ (ਤੇ ਬਾਹਰਲੀ ਤਪਸ਼ ਤੋਂ ਬਚ ਸਕਾਂ) ।

ਜਿਤਨਾ ਚਿਰ ਜੀਵ-ਇਸਤ੍ਰੀ ਪ੍ਰਭੂ ਤੋਂ ਵੱਖ ਰਹਿ ਕੇ (ਵਿਕਾਰਾਂ ਦੀ ਤਪਸ਼ ਨਾਲ) ਨਿਢਾਲ ਤੇ ਕਮਜ਼ੋਰ ਹੈ, ਉਤਨਾ ਚਿਰ (ਤਪਸ਼ੋਂ ਬਚੇ ਹੋਏ ਪ੍ਰਭੂ ਦੇ) ਮਹਲ ਦਾ ਆਨੰਦ ਨਹੀਂ ਮਾਣ ਸਕਦੀ।

ਹੇ ਨਾਨਕ! ਜੇਠ (ਦੀ ਸਾੜਦੀ ਲੋ) ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਨੂੰ ਹਿਰਦੇ ਵਿਚ ਵਸਾ ਲੈਣ ਵਾਲੀ ਜੇਹੜੀ ਜੀਵ-ਇਸਤ੍ਰੀ ਪ੍ਰਭੂ ਨਾਲ ਜਾਣ-ਪਛਾਣ ਪਾ ਲੈਂਦੀ ਹੈ, ਉਹ ਉਸ (ਸ਼ਾਂਤ-ਚਿੱਤ ਪ੍ਰਭੂ) ਵਰਗੀ ਹੋ ਜਾਂਦੀ ਹੈ, ਉਸ ਦੀ ਮਿਹਰ ਨਾਲ ਉਸ ਵਿਚ ਇਕ-ਰੂਪ ਹੋ ਜਾਂਦੀ ਹੈ (ਤੇ ਵਿਕਾਰਾਂ ਦੀ ਤਪਸ਼-ਲੋ ਤੋਂ ਬਚੀ ਰਹਿੰਦੀ ਹੈ) ।7।

ਭਾਵ: ਕਾਮਾਦਿਕ ਵਿਕਾਰਾਂ ਦੀ ਅੱਗ ਨਾਲ ਸੰਸਾਰੀ ਜੀਵਾਂ ਦੇ ਹਿਰਦੇ ਤਪਦੇ ਰਹਿੰਦੇ ਹਨ। ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹਿਰਦੇ ਵਿਚ ਵਸਾ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਸ ਦਾ ਹਿਰਦਾ ਸਦਾ ਸ਼ਾਂਤ ਰਹਿੰਦਾ ਹੈ, ਉਹ ਮਨੁੱਖ ਵਿਕਾਰਾਂ ਦੀ ਤਪਸ਼-ਲੋ ਤੋਂ ਬਚਿਆ ਰਹਿੰਦਾ ਹੈ।

ਆਸਾੜੁ ਭਲਾ ਸੂਰਜੁ ਗਗਨਿ ਤਪੈ ॥ ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥ ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥ ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥ ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥ {ਪੰਨਾ 1108}

ਪਦ ਅਰਥ: ਆਸਾੜੁ = ਹਾੜ ਮਹੀਨਾ। ਗਗਨਿ = ਆਕਾਸ਼ ਵਿਚ। ਭਲਾ = ਚੰਗਾ, ਜੋਬਨ ਵਿਚ। ਸਹੈ– ਸਹਾਰਦੀ ਹੈ। ਭਖੈ = ਤਪਦੀ ਹੈ। ਰਸੁ = ਜਲ। ਮਰੀਐ = ਮਰੀਦਾ ਹੈ, ਦੁਖੀ ਹੋਵੀਦਾ ਹੈ। ਧੋਖੈ = ਧੁਖ ਧੁਖ ਕੇ, ਕ੍ਰਾਹ ਕ੍ਰਾਹ ਕੇ। ਸੋ = ਉਹ ਸੂਰਜ। ਕਿਰਤੁ ਨ ਹਾਰੇ = ਕਰਤੱਬ ਨਹੀਂ ਛੱਡਦਾ। ਫਿਰੈ = ਚੱਕਰ ਲਾਂਦਾ ਹੈ। ਧਨ = ਕਮਜ਼ੋਰ ਜਿੰਦ। ਤਾਕੈ = ਤੱਕਦੀ ਹੈ, ਭਾਲਦੀ ਹੈ। ਟੀਡੁ = ਬੀਂਡਾ। ਲਵੈ = ਲੌਂਦਾ ਹੈ, ਟੀਂ ਟੀਂ ਕਰਦਾ ਹੈ। ਬਾਰਿ = ਜੂਹ। ਮੰਝਿ ਬਾਰੇ = ਖੁਲ੍ਹੀ ਜੂਹ ਵਿਚ। ਬਾਧਿ = ਬੰਨ੍ਹ ਕੇ। ਚਲੀ = ਤੁਰਦੀ ਹੈ। ਆਗੈ = ਅਗਾਂਹ ਸਾਹਮਣੇ, ਜ਼ਿੰਦਗੀ ਦੇ ਸਫ਼ਰ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਸਮਾਲੇ = ਹਿਰਦੇ ਵਿਚ ਸੰਭਾਲਦੀ ਹੈ। ਇਹੁ ਮਨੁ = ਸੱਚ ਸੰਭਾਲਣ ਵਾਲਾ ਮਨ। ਮਰਣੁ ਜੀਵਣੁ = ਹਰ ਵੇਲੇ ਦਾ ਸਾਥ।

ਅਰਥ: (ਜਦੋਂ) ਹਾੜ ਮਹੀਨਾ ਚੰਗਾ ਜੋਬਨ ਵਿਚ ਹੁੰਦਾ ਹੈ, ਆਕਾਸ਼ ਵਿਚ ਸੂਰਜ ਤਪਦਾ ਹੈ। (ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਂਦਾ ਹੈ, ਧਰਤੀ ਦੁੱਖ ਸਹਾਰਦੀ ਹੈ (ਧਰਤੀ ਦੇ ਜੀਅ-ਜੰਤ ਔਖੇ ਹੁੰਦੇ ਹਨ) , ਧਰਤੀ ਅੱਗ (ਵਾਂਗ) ਭਖਦੀ ਹੈ। (ਸੂਰਜ) ਅੱਗ (ਵਾਂਗ) ਪਾਣੀ ਨੂੰ ਸੁਕਾਂਦਾ ਹੈ, (ਹਰੇਕ ਦੀ ਜਿੰਦ) ਕ੍ਰਾਹ ਕ੍ਰਾਹ ਕੇ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ (ਕਰੀ ਜਾਂਦਾ ਹੈ) । (ਸੂਰਜ ਦਾ) ਰਥ ਚੱਕਰ ਲਾਂਦਾ ਹੈ, ਕਮਜ਼ੋਰ ਜਿੰਦ ਕਿਤੇ ਛਾਂ ਦਾ ਆਸਰਾ ਲੈਂਦੀ ਹੈ, ਬੀਂਡਾ ਭੀ ਬਾਹਰ ਜੂਹ ਵਿਚ (ਰੁੱਖ ਦੀ ਛਾਵੇਂ) ਟੀਂ ਟੀਂ ਪਿਆ ਕਰਦਾ ਹੈ (ਹਰੇਕ ਜੀਵ ਤਪਸ਼ ਤੋਂ ਜਾਨ ਲੁਕਾਂਦਾ ਦਿੱਸਦਾ ਹੈ) ।

(ਅਜੇਹੀ ਮਾਨਸਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਹਮਣੇ (ਭਾਵ, ਜੀਵਨ-ਸਫ਼ਰ ਵਿਚ) ਮੌਜੂਦ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਆਨੰਦ ਸਿਰਫ਼ ਉਸ ਨੂੰ ਹੈ ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੀ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਮਨ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਬਣ ਜਾਂਦਾ ਹੈ (ਉਸ ਨੂੰ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ।8।

ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਨੂੰ ਇਸ ਜੀਵਨ-ਸਫ਼ਰ ਵਿਚ ਹਾੜ ਦੀ ਕਹਰ ਦੀ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥ ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ ॥ ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ ॥ ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ ॥ ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥ ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ ॥੯॥ {ਪੰਨਾ 1108}

ਪਦ ਅਰਥ: ਸਾਵਣਿ = ਸਾਵਣ ਵਿਚ। ਸਰਸ = ਰਸ ਵਾਲਾ ਹੋ, ਹਰਾ ਹੋ। ਘਣ = ਬੱਦਲ। ਆਏ = ਆਈ ਹੈ। ਮੈ ਭਾਵੈ = ਮੈਨੂੰ ਪਿਆਰਾ ਲੱਗਦਾ ਹੈ। ਪਿਰ = ਪਤੀ ਜੀ। ਸਿਧਾਏ = ਚਲੇ ਗਏ ਹਨ। ਹਾਵੈ = ਹਾਹੁਕੇ ਵਿਚ। ਦਾਮਨਿ = ਬਿਜਲੀ। ਚਮਕਿ = ਚਮਕ ਕੇ। ਖਰੀ = ਬਹੁਤ। ਦੁਹੇਲੀ = ਦੁਖਦਾਈ। ਮਾਏ = ਹੇ ਮਾਂ! ਕਹੁ = ਦੱਸੋ। ਤਨਿ = ਤਨ ਉਤੇ। ਸੁਖਾਵਏ = ਸੁਖਾਵੈ, ਸੁਖਾਂਦਾ ਹੈ। ਕੰਤੀ = ਕੰਤ ਵਾਲੀ, ਜਿਸ ਨੂੰ ਕੰਤ ਪਿਆਰ ਕਰਦਾ ਹੈ। ਅੰਕਿ = ਗਲਵੱਕੜੀ ਵਿਚ। ਸਮਾਵਏ = ਸਮਾਵੈ, ਲੀਨ ਹੋ ਜਾਂਦੀ ਹੈ।

ਅਰਥ: (ਹਾੜ ਦੀ ਅੱਤ ਦਰਜੇ ਦੀ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ। ਉਸ ਤਪਸ਼ ਦੇ ਪਿਛੋਂ ਸਾਵਨ ਮਹੀਨੇ ਵਿਚ ਘਟਾਂ ਚੜ੍ਹਦੀਆਂ ਹਨ। ਪਸ਼ੂ ਪੰਛੀ ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਉਸ ਦੀ ਹਰਿਆਵਲ ਵੇਖ ਕੇ ਹਰੇਕ ਪ੍ਰਾਣੀ ਬੋਲ ਉਠਦਾ ਹੈ-) ਹੇ ਮੇਰੇ ਮਨ! ਸਾਵਣ ਮਹੀਨੇ ਵਿਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ (ਤੂੰ ਭੀ ਉਮਾਹ ਵਿਚ ਆ) ।

(ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਕਾਲੀਆਂ ਘਟਾਂ ਨੂੰ ਵੇਖ ਕੇ ਤੜਪ ਉਠਦਾ ਹੈ। ਉਮਾਹ ਪੈਦਾ ਕਰਨ ਵਾਲੇ ਇਹ ਸਾਮਾਨ ਵਿਛੋੜੇ ਵਿਚ ਉਸ ਨੂੰ ਦੁਖਦਾਈ ਪ੍ਰਤੀਤ ਹੁੰਦੇ ਹਨ। ਬਿਰਹੋਂ ਵਿਚ ਉਹ ਇਉਂ ਆਖਦੀ ਹੈ-) ਹੇ ਮਾਂ! (ਇਹ ਬੱਦਲ ਵੇਖ ਵੇਖ ਕੇ) ਮੈਨੂੰ ਆਪਣਾ ਪਤੀ ਮਨ ਵਿਚ ਰੋਮ ਰੋਮ ਵਿਚ ਪਿਆਰਾ ਲੱਗ ਰਿਹਾ ਹੈ, ਪਰ ਮੇਰੇ ਪਤੀ ਜੀ ਤਾਂ ਪਰਦੇਸ ਗਏ ਹੋਏ ਹਨ। (ਜਿਤਨਾ ਚਿਰ) ਪਤੀ ਘਰ ਵਿਚ ਨਹੀਂ ਆਉਂਦਾ, ਮੈਂ ਹਾਹੁਕਿਆਂ ਨਾਲ ਮਰ ਰਹੀ ਹਾਂ, ਬਿਜਲੀ ਚਮਕ ਕੇ (ਸਗੋਂ) ਮੈਨੂੰ ਡਰਾ ਨਹੀਂ ਹੈ। (ਪਤੀ ਦੇ ਵਿਛੋੜੇ ਵਿਚ) ਮੇਰੀ ਸੱਖਣੀ ਸੇਜ ਮੈਨੂੰ ਬਹੁਤ ਦੁਖਦਾਈ ਹੋ ਰਹੀ ਹੈ, (ਪਤੀ ਤੋਂ ਵਿਛੋੜੇ ਦਾ) ਦੁੱਖ ਮੈਨੂੰ ਮੌਤ (ਬਰਾਬਰ) ਹੋ ਗਿਆ ਹੈ।

(ਜਿਸ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਪਤੀ ਦਾ ਪਿਆਰ ਹੈ, ਬਿਰਹਣੀ ਨਾਰ ਵਾਂਗ) ਉਸ ਨੂੰ ਪ੍ਰਭੂ ਦੇ ਮਿਲਾਪ ਤੋਂ ਬਿਨਾ ਨਾਹ ਨੀਂਦ, ਨਾਹ ਭੁੱਖ। ਉਸ ਨੂੰ ਤਾਂ ਕੱਪੜਾ ਭੀ ਸਰੀਰ ਉਤੇ ਨਹੀਂ ਸੁਖਾਂਦਾ (ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ) ।

ਹੇ ਨਾਨਕ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੋ ਸਕਦੀ ਹੈ, ਜੋ ਸਦਾ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ।9।

ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਂਦਾ ਹੈ, ਇਸ ਪਿਆਰ ਦੇ ਟਾਕਰੇ ਤੇ ਸਰੀਰਕ ਸੁਖਾਂ ਦੇ ਕੋਈ ਭੀ ਸਾਧਨ ਉਸ ਦੇ ਮਨ ਨੂੰ ਧ੍ਰੂਹ ਨਹੀਂ ਪਾ ਸਕਦੇ।

ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥ ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ ॥ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥ ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ ॥੧੦॥ {ਪੰਨਾ 1108}

ਪਦ ਅਰਥ: ਭਰਮਿ = ਭਟਕਣਾ ਵਿਚ। ਭੁਲੀ = ਕੁਰਾਹੇ ਪੈ ਗਈ। ਭਰਿ ਜੋਬਨਿ = ਪੂਰੇ ਜੋਬਨ ਵਿਚ, ਪੂਰੇ ਜੋਬਨ ਸਮੇ। ਨੀਰਿ = ਪਾਣੀ ਨਾਲ। ਬਰਸ ਰੁਤੇ = ਵਰਖਾ ਦੀ ਰੁੱਤੇ। ਰੰਗੁ ਮਾਣੀ = ਰੰਗ ਮਾਣਦੀ। ਨਿਸਿ = ਰਾਤ ਵੇਲੇ। ਦਾਦਰ = ਡੱਡੂ। ਲਵੰਤੇ = ਬੋਲਦੇ ਹਨ। ਚਵੈ = ਬੋਲਦਾ ਹੈ। ਭੁਇਅੰਗਮ = ਸੱਪ। ਡਸੰਤੇ = ਡੰਗ ਮਾਰਦੇ। ਸਾਇਰ = ਸਮੁੰਦਰ, ਸਰੋਵਰ, ਤਲਾਬ। ਭਰ ਸੁਭਰ = ਨਕਾ-ਨਕ ਭਰੇ ਹੋਏ। ਚਲਉ = ਮੈਂ ਚੱਲਾਂ। ਜਹ = ਜਿਥੇ। ਤਹ = ਤਿਥੈ।

ਅਰਥ: ਭਾਦਰੋਂ (ਦਾ ਮਹੀਨਾ) ਆ ਗਿਆ ਹੈ। ਵਰਖਾ ਰੁੱਤ ਵਿਚ ਟੋਏ ਟਿੱਬੇ ਪਾਣੀ ਨਾਲ ਭਰੇ ਹੋਏ ਹਨ, (ਇਸ ਨਜ਼ਾਰੇ ਦਾ) ਰੰਗ ਮਾਣਿਆ ਜਾ ਸਕਦਾ ਹੈ।

(ਪਰ) ਜੇਹੜੀ ਇਸਤ੍ਰੀ ਭਰ-ਜੋਬਨ ਵਿਚ (ਜੋਬਨ ਦੇ ਮਾਣ ਦੇ) ਭੁਲੇਖੇ ਵਿਚ ਗ਼ਲਤੀ ਖਾ ਗਈ, ਉਸ ਨੂੰ (ਪਤੀ ਦੇ ਵਿਛੋੜੇ ਵਿਚ) ਪਛਤਾਣਾ ਹੀ ਪਿਆ (ਉਸ ਨੂੰ ਨੀਰ-ਭਰੇ ਥਾਂ ਚੰਗੇ ਨਾਹ ਲੱਗੇ) ।

ਕਾਲੀ ਰਾਤ ਨੂੰ ਮੀਂਹ ਵਰ੍ਹਦਾ ਹੈ, ਡੱਡੂ ਗੁੜੈਂ ਗੁੜੈਂ ਕਰਦੇ ਹਨ, ਮੋਰ ਕੁਹਕਦੇ ਹਨ, ਪਪੀਹਾ ਭੀ 'ਪ੍ਰਿਉ ਪ੍ਰਿਉ' ਕਰਦਾ ਹੈ, (ਪਰ ਪਤੀ ਤੋਂ ਵਿਛੁੜੀ) ਨਾਰ ਨੂੰ (ਇਸ ਸੁਹਾਵਣੇ ਰੰਗ ਤੋਂ) ਆਨੰਦ ਨਹੀਂ ਮਿਲਦਾ। ਉਸ ਨੂੰ ਤਾਂ (ਭਾਦਰੋਂ ਵਿਚ ਇਹੀ ਦਿੱਸਦਾ ਹੈ ਕਿ) ਸੱਪ ਡੰਗਦੇ ਫਿਰਦੇ ਹਨ, ਮੱਛਰ ਡੰਗ ਮਾਰਦੇ ਹਨ। ਚੁਫੇਰੇ ਛੱਪੜ-ਤਲਾਬ (ਮੀਂਹ ਦੇ ਪਾਣੀ ਨਾਲ) ਨਕਾ-ਨਕ ਭਰੇ ਹੋਏ ਹਨ (ਬਿਰਹਣੀ ਨਾਰ ਨੂੰ ਇਸ ਵਿਚ ਕੋਈ ਸੁਹਜ-ਸੁਆਦ ਨਹੀਂ ਦਿੱਸਦਾ) ।

(ਇਸੇ ਤਰ੍ਹਾਂ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਤੋਂ ਵਿਛੋੜੇ ਦਾ ਅਹਿਸਾਸ ਹੋ ਜਾਂਦਾ ਹੈ, ਉਸ ਨੂੰ) ਪ੍ਰਭੂ ਦੀ ਯਾਦ ਤੋਂ ਬਿਨਾ (ਹੋਰ ਕਿਸੇ ਰੰਗ-ਤਮਾਸ਼ੇ ਵਿਚ) ਆਤਮਕ ਆਨੰਦ ਨਹੀਂ ਮਿਲਦਾ।

ਹੇ ਨਾਨਕ! (ਆਖ-) ਮੈਂ ਤਾਂ ਆਪਣੇ ਗੁਰੂ ਦੀ ਸਿੱਖਿਆ ਉਤੇ ਤੁਰ ਕੇ (ਉਸ ਦੇ ਦੱਸੇ ਰਾਹ ਉਤੇ) ਤੁਰਾਂਗੀ, ਜਿਥੇ ਪ੍ਰਭੂ-ਪਤੀ ਮਿਲ ਸਕਦਾ ਹੋਵੇ, ਉਥੇ ਹੀ ਜਾਵਾਂਗੀ।10।

ਭਾਵ: ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਗਿੱਝ ਜਾਂਦਾ ਹੈ, ਪਰਮਾਤਮਾ ਦੀ ਯਾਦ ਤੋਂ ਬਿਨਾ ਕਿਸੇ ਭੀ ਰੰਗ-ਤਮਾਸ਼ੇ ਵਿਚ ਉਸ ਨੂੰ ਆਤਮਕ ਆਨੰਦ ਨਹੀਂ ਮਿਲਦਾ।

ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥ ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥ ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ ॥ ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥ ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥ ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥ {ਪੰਨਾ 1108-1109}

ਪਦ ਅਰਥ: ਅਸੁਨਿ = ਅੱਸੂ ਮਹੀਨੇ ਵਿਚ। ਪਿਰਾ = ਹੇ ਪਤੀ! ਸਾਧਨ = ਇਸਤ੍ਰੀ। ਝੂਰਿ = ਝੂਰ ਕੇ, ਹਾਹੁਕੇ ਲੈ ਲੈ ਕੇ। ਤਾ = ਤਦੋਂ ਹੀ। ਪ੍ਰਭ = ਹੇ ਪ੍ਰਭੂ! ਮੇਲੇ = ਮੇਲੇਂ, ਜੇ ਤੂੰ ਆਪ ਮਿਲਾਏਂ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ। ਖੁਈ = ਖੁੰਝ ਗਈ, ਜੀਵਨ ਦੇ ਸਹੀ ਰਸਤੇ ਤੋਂ ਕੁਰਾਹੇ ਪੈ ਗਈ। ਵਿਗੁਤੀ = ਖ਼ੁਆਰ ਹੋਈ। ਮੁਤੀ = ਛੱਡੀ ਹੋਈ, ਛੁੱਟੜ। ਪਿਰ = ਹੇ ਪਤੀ! ਕੁਕਹ ਕਾਹ = ਪਿਲਛੀ ਤੇ ਕਾਹੀ {ਨੋਟ: ਅੱਸੂ ਦੀ ਰੁੱਤੇ ਦਰਿਆਵਾਂ ਕੰਢੇ ਉੱਗੀ ਹੋਈ ਪਿਲਛੀ ਤੇ ਕਾਹੀ ਨੂੰ ਬੂਰ ਪੈਂਦਾ ਹੈ। ਪਿਲਛੀ ਤੇ ਕਾਹੀ ਦਾ ਫੁੱਲਣਾ ਬੁਢੇਪੇ ਨੂੰ ਅੱਖਾਂ ਅੱਗੇ ਲਿਆ ਕੇ ਉਦਾਸੀ ਪੈਦਾ ਕਰਦਾ ਹੈ}। ਆਗੈ = ਅੱਗੇ ਲੰਘ ਗਈ ਹੈ। ਘਾਮ = ਤਪਸ਼, ਘੁੰਮਾ, ਗਰਮੀ (ਭਾਵ, ਸਰੀਰਕ ਨਿੱਘ, ਤਾਕਤ) । ਪਿਛੈ = ਉਸ ਘਾਮ ਦੇ ਪਿਛੇ ਪਿਛੇ। ਜਾਡਾ = ਸਿਆਲ (ਭਾਵ, ਕਮਜ਼ੋਰੀ) । ਸਹਜਿ = ਅਡੋਲਤਾ ਵਿਚ। ਬਸੀਠਾ = ਵਕੀਲ, ਵਿਚੋਲਾ।

ਅਰਥ: (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਤੇ) ਅੱਸੂ (ਦੀ ਮਿੱਠੀ ਰੁੱਤ) ਵਿਚ (ਇਸਤ੍ਰੀ ਦੇ ਦਿਲ ਵਿਚ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਤਿਵੇਂ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਵਿਛੋੜੇ ਵਿਚ ਕਾਮਾਦਿਕ ਵੈਰੀਆਂ ਦੇ ਹੱਲਿਆਂ ਦੇ ਦੁੱਖ ਵੇਖ ਲਏ ਹਨ, ਉਹ ਅਰਦਾਸ ਕਰਦੀ ਹੈ-) ਹੇ ਪ੍ਰਭੂ-ਪਤੀ! (ਮੇਰੇ ਹਿਰਦੇ ਵਿਚ) ਆ ਵੱਸ (ਤੈਥੋਂ ਵਿਛੁੜ ਕੇ) ਮੈਂ ਹਾਹੁਕੇ ਲੈ ਲੈ ਕੇ ਆਤਮਕ ਮੌਤੇ ਮਰ ਰਹੀ ਹਾਂ, ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਮੈਂ ਔਝੜੇ ਪਈ ਹੋਈ ਹਾਂ। ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲ ਸਕੀਦਾ ਹੈ ਜੇ ਤੂੰ ਆਪ ਮਿਲਾਏਂ।

(ਜਦੋਂ ਤੋਂ) ਦੁਨੀਆ ਦੇ ਝੂਠੇ ਮੋਹ ਵਿਚ ਫਸ ਕੇ ਮੈਂ ਖ਼ੁਆਰ ਹੋ ਰਹੀ ਹਾਂ, ਤਦੋਂ ਤੋਂ, ਹੇ ਪਤੀ! ਤੈਥੋਂ ਵਿਛੁੜੀ ਹੋਈ ਹਾਂ। ਪਿਲਛੀ ਤੇ ਕਾਹੀ (ਦੇ ਸੁਫ਼ੈਦ ਬੂਰ ਵਾਂਗ ਮੇਰੇ ਕੇਸ) ਚਿੱਟੇ ਹੋ ਗਏ ਹਨ, (ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ) , ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ) । (ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮਨ ਡੋਲਦਾ ਹੈ, ਪਰ) ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ।

ਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ।11।

ਭਾਵ: ਜਿਹੜਾ ਮਨੁੱਖ ਦੁਨੀਆ ਦੇ ਝੂਠੇ ਮੋਹ ਵਿਚ ਫਸ ਜਾਂਦਾ ਹੈ, ਉਹ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ। ਪਰ ਜਿਹੜਾ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਪੈਂਦਾ ਹੈ ਉਹ ਮਾਇਆ ਦੇ ਮੋਹ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ ਤੇ ਉਸ ਨੂੰ ਪ੍ਰਭੂ-ਮਿਲਾਪ ਦਾ ਆਨੰਦ ਪ੍ਰਾਪਤ ਹੁੰਦਾ ਹੈ।

TOP OF PAGE

Sri Guru Granth Darpan, by Professor Sahib Singh