ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1109

ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥ ਦੀਪਕੁ ਸਹਜਿ ਬਲੈ ਤਤਿ ਜਲਾਇਆ ॥ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥ ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥ ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥ ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥ {ਪੰਨਾ 1109}

ਪਦ ਅਰਥ: ਕਤਕਿ = ਕੱਤਕ (ਦੇ ਮਹੀਨੇ) ਵਿਚ (ਜਦੋਂ ਕਿਸਾਨ ਮੁੰਜੀ ਮਕਈ ਆਦਿਕ ਸਾਵਣੀ ਦਾ ਫ਼ਸਲ ਕੱਟ ਕੇ ਘਰ ਲੈ ਆਉਂਦਾ ਹੈ) । ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ। ਪਇਆ = ਮਿਲ ਜਾਂਦਾ ਹੈ। ਜੋ = ਜਿਹੜਾ ਜੀਵ। ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ। ਦੀਪਕੁ = ਦੀਵਾ, (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ। ਸਹਜਿ = ਆਤਮਕ ਅਡੋਲਤਾ ਵਿਚ। ਬਲੈ = ਜਗ ਪੈਂਦਾ ਹੈ। ਤਤਿ = ਤੱਤ ਨੇ, ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ। ਜਲਾਇਆ = ਜਗਾ ਦਿੱਤਾ। ਦੀਪਕ ਰਸ ਤੇਲੋ = ਆਤਮਕ ਜੀਵਨ ਦੀ ਸੂਝ ਦੇ ਆਨੰਦ ਦਾ ਤੇਲ। ਧਨ = ਜੀਵ-ਇਸਤ੍ਰੀ। ਓਮਾਹੈ– ਉਮਾਹ ਵਿਚ, ਉਤਸ਼ਾਹ ਵਿਚ। ਸਰਸੀ = ਸ-ਰਸੀ, ਆਨੰਦ ਮਾਣਦੀ ਹੈ। ਮਾਰੀ = ਆਤਮਕ ਮੌਤੇ ਮਾਰ ਦਿੱਤਾ। ਮਰੈ = ਆਤਮਕ ਮੌਤੇ ਮਰ ਜਾਂਦੀ ਹੈ। ਸੀਝੈ = ਕਾਮਯਾਬ ਹੁੰਦੀ। ਗੁਣਿ = ਗੁਣ ਨੇ, ਪ੍ਰਭੂ ਦੀ ਸਿਫ਼ਤਿ-ਸਾਲਾਹ ਨੇ। ਮਾਰੀ = ਵਿਕਾਰਾਂ ਵਲੋਂ ਮਾਰ ਦਿੱਤੀ। ਮਰਸੀ = ਵਿਕਾਰਾਂ ਵਲੋਂ ਬਚੀ ਰਹੇਗੀ। ਦੇ = ਦੇਂਦਾ ਹੈ। ਘਰਿ = ਘਰ ਵਿਚ। ਨਿਜ ਘਰਿ = ਆਪਣੇ ਘਰ ਵਿਚ, ਆਪਣੇ ਹਿਰਦੇ-ਘਰ ਵਿਚ। ਤਿਨਾੜੀ = ਉਹਨਾਂ ਦੀ। ਨਾਨਕ = ਹੇ ਨਾਨਕ! ਕਪਟ = ਕਿਵਾੜ। ਕਪਟ ਦਰ = ਦਰਵਾਜ਼ੇ ਦੇ ਕਿਵਾੜ। ਦਰ = ਦਰਵਾਜ਼ਾ। ਖਟੁ ਮਾਸਾ = ਛੇ ਮਹੀਨੇ।12।

ਅਰਥ: ਹੇ ਭਾਈ! (ਜਿਵੇਂ) ਕੱਤਕ (ਦੇ ਮਹੀਨੇ) ਵਿਚ (ਕਿਸਾਨ ਨੂੰ ਮੁੰਜੀ ਮਕਈ ਆਦਿਕ ਸਾਵਣੀ ਦੇ ਫ਼ਸਲ ਦੀ ਕੀਤੀ ਕਮਾਈ ਮਿਲ ਜਾਂਦੀ ਹੈ, ਤਿਵੇਂ ਹਰੇਕ ਜੀਵ ਨੂੰ ਆਪਣੇ) ਕੀਤੇ ਕਰਮਾਂ ਦਾ ਫਲ (ਮਨ ਵਿਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ) ਮਿਲ ਜਾਂਦਾ ਹੈ।

ਹੇ ਭਾਈ! (ਆਪਣੇ ਕੀਤੇ ਭਲੇ ਕਰਮਾਂ ਅਨੁਸਾਰ) ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗ ਪੈਂਦਾ ਹੈ (ਉਸ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਕਾਰਨ (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ ਜਗ ਪੈਂਦਾ ਹੈ (ਇਹ ਦੀਵਾ ਉਸ ਦੇ ਅੰਦਰ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ ਜਗਾਇਆ ਹੁੰਦਾ ਹੈ। ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ (ਉਸ ਦੇ ਅੰਦਰ) ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦੇ ਆਨੰਦ ਦਾ (ਮਾਨੋ, ਦੀਵੇ ਵਿਚ) ਤੇਲ ਬਲ ਰਿਹਾ ਹੈ, ਉਹ ਜੀਵ-ਇਸਤ੍ਰੀ ਉਤਸ਼ਾਹ ਵਿਚ ਆਤਮਕ ਆਨੰਦ ਮਾਣਦੀ ਹੈ।

(ਹੇ ਭਾਈ! ਜਿਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਕ ਮੌਤੇ ਮਰ ਗਈ, ਉਹ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦੀ, ਪਰ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਨੇ ਵਿਕਾਰਾਂ ਵਲੋਂ) ਮਾਰਿਆ ਉਹ ਹੀ ਵਿਕਾਰਾਂ ਵਲੋਂ ਬਚੀ ਰਹੇਗੀ।

ਹੇ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਆਪਣੀ ਭਗਤੀ ਦੇਂਦਾ ਹੈ ਉਹ (ਵਿਕਾਰਾਂ ਵਲ ਭਟਕਣ ਦੇ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ ਹੀ (ਪ੍ਰਭੂ-ਮਿਲਾਪ ਦੀ) ਤਾਂਘ ਬਣੀ ਰਹਿੰਦੀ ਹੈ (ਉਹ ਸਦਾ ਅਰਦਾਸ ਕਰਦੇ ਹਨ– ਹੇ ਪਾਤਿਸ਼ਾਹ! ਸਾਨੂੰ) ਮਿਲ, (ਸਾਡੇ ਅੰਦਰੋਂ ਵਿਛੋੜਾ ਪਾਣ ਵਾਲੇ) ਕਿਵਾੜ ਖੋਹਲ ਦੇਹ, (ਤੇਰੇ ਨਾਲੋਂ) ਇਕ ਘੜੀ (ਦਾ ਵਿਛੋੜਾ) ਛੇ ਮਹੀਨੇ (ਦਾ ਵਿਛੋੜਾ ਜਾਪਦਾ) ਹੈ।12।

ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਵਾਲੇ ਚਾਨਣ ਦਾ, ਮਾਨ, ਦੀਵਾ ਜਗ ਪੈਂਦਾ ਹੈ। ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਇਕ ਘੜੀ-ਪਲ ਦਾ ਵਿਛੋੜਾ ਭੀ ਸਹਾਰ ਨਹੀਂ ਸਕਦਾ।

ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥ ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥ ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥ ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥ ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥ ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥ {ਪੰਨਾ 1109}

ਪਦ ਅਰਥ: ਗੁਣ = ਗੁਣਾਂ ਦੇ ਕਾਰਨ, ਸਿਫ਼ਤਿ-ਸਾਲਾਹ ਕਰਨ ਨਾਲ। ਅੰਕਿ = ਹਿਰਦੇ ਵਿਚ। ਹਰਿ ਸਮਾਵਏ = ਪ੍ਰਭੂ ਆ ਵੱਸਦਾ ਹੈ। ਗੁਣ ਰਵੈ = ਜੋ (ਜੀਵ-ਇਸਤ੍ਰੀ) ਪ੍ਰਭੂ ਦੇ ਗੁਣ ਚੇਤੇ ਕਰਦੀ ਹੈ। ਮੈ ਪਿਰੁ = ਮੇਰਾ ਪਤੀ, ਪਿਆਰਾ ਪ੍ਰਭੂ-ਪਤੀ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਭਾਵਏ = (ਉਸ ਨੂੰ) ਪਿਆਰਾ ਲੱਗਦਾ ਹੈ। ਬਿਧਾਤਾ = ਸਿਰਜਣਹਾਰ। ਚੰਚਲੁ = ਨਾਸਵੰਤ। ਸਬਾਇਆ = ਸਾਰਾ। ਗਿਆਨੁ = ਪ੍ਰਭੂ ਨਾਲ ਜਾਣ-ਪਛਾਣ। ਧਿਆਨੁ = ਸੁਰਤਿ ਦਾ ਟਿਕਾਉ। ਗੁਣ = ਪ੍ਰਭੂ ਦੀ ਸਿਫ਼ਤਿ-ਸਾਲਾਹ। ਪ੍ਰਭ ਭਾਣੇ = ਜਦੋਂ ਪ੍ਰਭੂ ਦੀ ਰਜ਼ਾ ਹੋਈ। ਤਾ = ਤਦੋਂ। ਗੀਤ ਨਾਦ ਕਵਿਤ ਕਵੇ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਬਾਣੀ ਕਾਵਿ। ਸੁਣਿ = ਸੁਣ ਕੇ। ਨਾਮਿ = ਨਾਮ ਵਿਚ (ਜੁੜਿਆਂ) । ਨਾਹ ਪਿਆਰੀ = ਖਸਮ-ਪ੍ਰਭੂ ਨੂੰ ਪਿਆਰੀ। ਅਭ = ਹਿਰਦਾ। ਨਾਹ = ਨਾਥ, ਖ਼ਸਮ। ਅਭ ਭਗਤੀ = ਦਿਲੀ ਪਿਆਰ।

ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ।

ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ। ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।

ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ।

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ।13।

ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕਿਆ ਰਹਿੰਦਾ ਹੈ, ਪਰਮਾਤਮਾ ਨਾਲ ਉਸ ਦੀ ਪੱਕੀ ਪਿਆਰ ਦੀ ਗੰਢ ਬੱਝ ਜਾਂਦੀ ਹੈ। ਜਗਤ ਦਾ ਕੋਈ ਭੀ ਦੁੱਖ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।

ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥ ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥ ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥ ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥ ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥ ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥ {ਪੰਨਾ 1109}

ਪਦ ਅਰਥ: ਪੋਖਿ = ਪੋਹ (ਦੇ ਮਹੀਨੇ) ਵਿਚ। ਤੁਖਾਰੁ = ਕੱਕਰ, ਕੋਰਾ। ਰਸੁ = ਨਮੀ। ਸੋਖੈ = ਸੁਕਾ ਦੇਂਦਾ ਹੈ। ਵਸਹਿ = ਤੂੰ ਵੱਸਦਾ। ਮੁਖੇ = ਮੁਖਿ, ਮੁਖ ਵਿਚ। ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਮਾਣੀ = ਮਾਣੈ, ਮਾਣਦਾ ਹੈ। ਅੰਡਜ = ਅੰਡੇ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ = ਜਿਓਰ ਤੋਂ ਪੈਦਾ ਹੋਣ ਵਾਲੇ। ਸੇਤਜ = ਮੁੜ੍ਹਕੇ ਤੋਂ ਪੈਦਾ ਹੋਣ ਵਾਲੇ। ਉਤਭੁਜ = ਧਰਤੀ ਵਿਚੋਂ ਉੱਗਣ ਵਾਲੇ। ਘਟਿ ਘਟਿ = ਹਰੇਕ ਘਟ ਵਿਚ। ਗਤਿ = ਉੱਚੀ ਆਤਮਕ ਅਵਸਥਾ। ਪਾਵਉ = ਪਾਵਉਂ, ਮੈਂ ਪਾ ਲਵਾਂ, ਪ੍ਰਾਪਤ ਕਰ ਲਵਾਂ। ਮਤਿ = ਅਕਲ। ਰੰਗਿ = ਪਿਆਰ ਵਿਚ। ਰਸਿ = ਰਸ ਨਾਲ, ਆਨੰਦ ਨਾਲ। ਰਸੀਆ = ਪ੍ਰੇਮੀ। ਸਨੇਹੋ = ਪਿਆਰ।

ਅਰਥ: ਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ) । ਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ) ।

ਜਿਸ ਜੀਵ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ। ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ।

ਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ) ।

ਹੇ ਨਾਨਕ! ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ।14।

ਭਾਵ: ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਦੇ ਅੰਦਰ ਕੋਰਾ-ਪਨ ਜ਼ੋਰ ਪਾ ਲੈਂਦਾ ਹੈ, ਉਹ ਕੋਰਾ-ਪਨ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਮਨੁੱਖ ਦੇ ਅੰਦਰ ਉੱਚੀ ਆਤਮਕ ਅਵਸਥਾ ਪੈਦਾ ਕਰਦੀ ਹੈ ਤੇ ਕਾਇਮ ਰੱਖਦੀ ਹੈ।

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥ ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥ ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥ ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥ ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥ ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥ {ਪੰਨਾ 1109}

ਪਦ ਅਰਥ: ਮਾਘਿ = ਮਾਘ (ਮਹੀਨੇ) ਵਿਚ। ਪੁਨੀਤ = ਪਵਿਤ੍ਰ। ਤੀਰਥੁ = ਪਵਿਤ੍ਰ ਅਸਥਾਨ (ਖ਼ਾਸ ਤੌਰ ਤੇ ਉਹ) ਜੋ ਕਿਸੇ ਨਦੀ ਆਦਿਕ ਦੇ ਨੇੜੇ ਹੋਵੇ। ਅੰਤਰਿ = ਹਿਰਦੇ ਵਿਚ। ਜਾਨਿਆ = ਪਛਾਣ ਲਿਆ, ਲੱਭ ਲਿਆ। ਸਹਜਿ = ਸਹਜ ਵਿਚ, ਅਡੋਲ ਅਵਸਥਾ ਵਿਚ। ਗਹਿ = ਗ੍ਰਹਿਣ ਕਰ ਕੇ। ਅੰਕੇ = ਅੰਕ ਵਿਚ, ਹਿਰਦੇ ਵਿਚ। ਸੁਣਿ = (ਤੇਰੇ ਗੁਣ) ਸੁਣ ਕੇ। ਬੰਕੇ = ਸੋਹਣੇ। ਸਰਿ = ਸਰੋਵਰ ਵਿਚ, ਤੀਰਥ ਉਤੇ। ਨਾਵਾ = ਨ੍ਹਾਵਾਂ, ਇਸ਼ਨਾਨ ਕਰ ਲੈਂਦਾ ਹਾਂ। ਤਹ = ਉਸ ਆਤਮਕ ਅਵਸਥਾ ਵਿਚ। ਬੇਣੀ ਸੰਗਮ = ਤ੍ਰਿਬੇਣੀ, ਗੰਗਾ ਜਮਨਾ ਸਰਸ੍ਵਤੀ ਤਿੰਨਾਂ ਪਵਿਤ੍ਰ ਨਦੀਆਂ ਦਾ ਮਿਲਾਪ-ਅਸਥਾਨ। ਜਪਿ = ਜਪ ਕੇ। ਜਾਤਾ = ਡੂੰਘੀ ਸਾਂਝ ਪਾ ਲਈ।

ਅਰਥ: ਮਾਘ (ਮਹੀਨੇ) ਵਿਚ (ਲੋਕ ਪ੍ਰਯਾਗ ਆਦਿਕ ਉਤੇ ਇਸ਼ਨਾਨ ਕਰਨ ਵਿਚ ਪਵਿਤ੍ਰਤਾ ਮੰਨਦੇ ਹਨ ਪਰ) ਜਿਸ ਜੀਵ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ। ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਕੇ ਉਸ ਦੇ ਚਰਨਾਂ ਵਿਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ।

ਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿਚ ਵਸਾ ਕੇ ਤੇਰੀ ਸਿਫ਼ਤਿ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ (ਸਮਝਦਾ ਹਾਂ) । ਤੇਰੇ ਚਰਨਾਂ ਵਿਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸ੍ਵਤੀ ਤਿੰਨਾਂ ਨਦੀਆਂ ਦਾ ਮਿਲਾਪ-ਥਾਂ ਹੈ ਤ੍ਰਿਬੇਣੀ ਹੈ, ਉਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ।

ਜਿਸ ਮਨੁੱਖ ਨੇ ਹਰੇਕ ਜੁਗ ਵਿਚ ਵਿਆਪਕ ਪਰਮੇਸਰ ਨਾਲ ਸਾਂਝ ਪਾ ਲਈ ਉਸ ਨੇ (ਤੀਰਥ-ਇਸ਼ਨਾਨ ਆਦਿਕ) ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ।

ਹੇ ਨਾਨਕ! ਮਾਘ ਮਹੀਨੇ ਵਿਚ (ਤੀਰਥ-ਇਸ਼ਨਾਨ ਆਦਿਕ ਦੇ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ-ਨਾਮ ਦਾ ਮਹਾ ਰਸ ਪੀ ਲਿਆ, ਉਸ ਨੇ ਅਠਾਹਠ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ।15।

ਭਾਵ: ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥ ਉਤੇ ਇਸ਼ਨਾਨ ਕਰਨ ਵਿਚ ਪਵਿੱਤ੍ਰਤਾ ਮੰਨਦੇ ਹਨ। ਪਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਵਸਾਣੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।

ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥ ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥ ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥ ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥ ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥ {ਪੰਨਾ 1109}

ਪਦ ਅਰਥ: ਮਨਿ = ਮਨ ਵਿਚ। ਰਹਸੀ = ਖ਼ੁਸ਼ ਹੋਈ, ਖਿੜ ਪਈ। ਸੁਭਾਇਆ = ਚੰਗਾ ਲੱਗਾ। ਅਨਦਿਨੁ = ਹਰ ਰੋਜ਼। ਰਹਸੁ = ਖਿੜਾਉ, ਆਨੰਦ। ਆਪੁ = ਆਪਾ-ਭਾਵ। ਮਨ ਮੋਹੁ = ਮਨ ਦਾ ਮੋਹ, ਮਨ (ਵਿਚ ਪੈਦਾ ਹੋਇਆ ਮਾਇਆ) ਦਾ ਮੋਹ । ਤਿਸੁ = ਉਸ (ਪ੍ਰਭੂ) ਨੂੰ। ਆਓ = ਆਗਮਨ, ਨਿਵਾਸ। ਘਰਿ = ਹਿਰਦੇ-ਘਰ। ਕਰੀ = ਕਰੀਂ, ਮੈਂ ਕਰਦੀ ਹਾਂ। ਮਹਲੀ = ਪ੍ਰਭੂ ਦੇ ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਲਹਾ ਨ = ਮੈਂ ਨਹੀਂ ਲੱਭ ਸਕਦੀ। ਥਾਓ = ਥਾਉ, ਥਾਂ। ਪਾਟ ਪਟੰਬਰ = ਪਾਟ ਪਟ ਅੰਬਰ, ਰੇਸ਼ਮ ਦੇ ਕੱਪੜੇ। ਪਿਰਿ = ਪਿਰ ਨੇ। ਲੋੜੀ = ਲੋੜ ਲਈ, ਪਸੰਦ ਕਰ ਲਈ। ਗੁਰਿ ਅਪਣੈ = ਆਪਣੇ ਗੁਰੂ ਦੀ ਰਾਹੀਂ। ਘਰਿ = ਹਿਰਦੇ-ਘਰ ਵਿਚ। ਵਰੁ = ਖਸਮ-ਪ੍ਰਭੂ।

ਅਰਥ: (ਸਿਆਲੀ ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਫਿਰਨ ਤੇ) ਫੱਗਣ ਦੇ ਮਹੀਨੇ ਵਿਚ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ ਜਿਸ ਜੀਵ-ਇਸਤ੍ਰੀ ਨੂੰ ਆਪਣੇ ਮਨ ਵਿਚ) ਪ੍ਰਭੂ ਦਾ ਪਿਆਰ ਮਿੱਠਾ ਲੱਗਾ, ਉਸ ਦੇ ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ; ਜਿਸ ਨੇ ਆਪਾ-ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ।

(ਪਰ ਆਪਾ-ਭਾਵ ਗਵਾਣਾ ਕੋਈ ਸੌਖੀ ਖੇਡ ਨਹੀਂ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਤਾਂ ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦਾ ਹੈ, ਪ੍ਰਭੂ ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ ਹੈ।

ਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ) ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕੀਤੇ, ਪਰ ਉਸ ਦੇ ਚਰਨਾਂ ਵਿਚ ਮੈਨੂੰ ਟਿਕਾਣਾ ਨਾਹ ਹੀ ਮਿਲਿਆ। ਹਾਂ, ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਉਹ ਸਾਰੇ ਹਾਰ-ਸਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਿੰਗਾਰੀ ਗਈ।

ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਸ ਨੂੰ ਹਿਰਦੇ-ਘਰ ਵਿਚ ਹੀ ਖਸਮ-ਪ੍ਰਭੂ ਮਿਲ ਪਿਆ। 16।

ਭਾਵ: ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਰਾਹੀਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਆਪਣੇ-ਅੰਦਰ-ਵੱਸਦਾ ਪਰਮਾਤਮਾ ਮਿਲ ਪੈਂਦਾ ਹੈ। ਪਰ ਇਹ ਆਪਾ-ਭਾਵ ਦੂਰ ਕਰਨਾ ਕੋਈ ਸੌਖੀ ਖੇਡ ਨਹੀਂ, ਉਹ ਹੀ ਦੂਰ ਕਰਦਾ ਹੈ ਜਿਸ ਉਤੇ ਪਰਮਾਤਮਾ ਮਿਹਰ ਕਰੇ।

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥ ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥ ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥ ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥੧੭॥੧॥ {ਪੰਨਾ 1109}

ਪਦ ਅਰਥ: ਬੇ = ਦੋ। ਬੇ ਦਸ = ਦੋ ਤੇ ਦਸ, ਬਾਰਾਂ। ਬੇ ਦਸ ਮਾਹ = ਬਾਰਾਂ ਹੀ ਮਹੀਨੇ। ਰੁਤੀ = ਰੁੱਤਾਂ। ਥਿਤੀ = ਥਿੱਤਾਂ {ਚੰਦ੍ਰਮਾ ਦੇ ਵਧਣ ਘਟਣ ਨਾਲ ਏਕਮ ਦੂਜ ਤੀਜ ਆਦਿਕ}। ਵਾਰ = ਦਿਨ। ਭਲੇ = ਸੁਲੱਖਣੇ, ਭਾਗਾਂ ਵਾਲੇ, ਚੰਗੇ। ਮੂਰਤ = ਮੁਹੂਰਤ। ਸਾਚੇ = ਸਦਾ-ਥਿਰ ਪ੍ਰਭੂ ਜੀ {ਆਦਰ ਵਾਸਤੇ ਬਹੁ-ਵਚਨ}। ਆਏ = ਆਇ, ਆ ਕੇ। ਸਹਜਿ = ਅਡੋਲ ਅਵਸਥਾ ਵਿਚ, ਅਡੋਲ ਹੋਏ ਹਿਰਦੇ ਵਿਚ। ਸਾਰੇ = ਸਿਰੇ ਚੜ੍ਹ ਗਏ, ਸਫਲ ਹੋ ਗਏ। ਬਿਧਿ = ਢੰਗ, ਜੁਗਤਿ। ਜਿਨਿ = ਜਿਸ (ਪ੍ਰਭੂ) ਨੇ। ਸੀਗਾਰੀ = ਸੰਵਾਰ ਦਿੱਤੀ, ਮਨ ਪਵਿਤ੍ਰ ਕਰ ਦਿੱਤਾ। ਤਿਸਹਿ = ਉਸੇ (ਪ੍ਰਭੂ) ਨੂੰ। ਰੰਗੁ = ਆਤਮਕ ਆਨੰਦ। ਘਰਿ = ਹਿਰਦੇ ਵਿਚ। ਪਿਰਿ = ਪਿਰ ਨੇ। ਰਾਵੀ = ਮਿਲਾ ਲਈ। ਮਸਤਕਿ = ਮੱਥੇ ਉਤੇ। ਅਹਿ = ਦਿਨ। ਨਿਸਿ = ਰਾਤ। ਥਿਰੁ = ਸਦਾ ਕਾਇਮ। ਸੋਹਾਗੋ = ਚੰਗਾ ਭਾਗ।

ਅਰਥ: ਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ, ਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ) ।

(ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ (ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ। (ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ। (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ।

ਗੁਰੂ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦੇ ਮੱਥੇ ਦਾ ਲੇਖ ਉੱਘੜਿਆ, (ਉਸ ਅਨੁਸਾਰ) ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ-ਸੇਜ ਸੁੰਦਰ ਹੋ ਗਈ ਹੈ। ਹੇ ਨਾਨਕ! ਉਸ ਸੁਭਾਗ ਜੀਵ-ਇਸਤ੍ਰੀ ਨੂੰ ਪ੍ਰੀਤਮ-ਪ੍ਰਭੂ ਦਿਨ ਰਾਤ ਮਿਲਿਆ ਰਹਿੰਦਾ ਹੈ, ਪ੍ਰਭੂ-ਪਤੀ ਉਸ ਦਾ ਸਦਾ ਲਈ ਕਾਇਮ ਰਹਿਣ ਵਾਲਾ ਸੁਹਾਗ ਬਣ ਜਾਂਦਾ ਹੈ। 17।1।

ਭਾਵ: ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ, ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਖ਼ਾਸ ਪਵਿੱਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ। ਉਹ ਮਨੁੱਖ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦਾ, ਉਸ ਨੂੰ ਯਕੀਨ ਹੁੰਦਾ ਹੈ ਕਿ ਪਰਮਾਤਮਾ ਦਾ ਆਸਰਾ ਲਿਆਂ ਸਭ ਕੰਮ ਰਾਸ ਆ ਜਾਂਦੇ ਹਨ।

TOP OF PAGE

Sri Guru Granth Darpan, by Professor Sahib Singh