ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1110

ਤੁਖਾਰੀ ਮਹਲਾ ੧ ॥ ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥ ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥ ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥ ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥ ਰਾਖਣਹਾਰਾ ਅਗਮ ਅਪਾਰਾ ਸੁਣਿ ਬੇਨੰਤੀ ਮੇਰੀਆ ॥ ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥੧॥ ਦੂਜਾ ਪਹਰੁ ਭਇਆ ਜਾਗੁ ਅਚੇਤੀ ਰਾਮ ॥ ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥ ਰਾਖਹੁ ਖੇਤੀ ਹਰਿ ਗੁਰ ਹੇਤੀ ਜਾਗਤ ਚੋਰੁ ਨ ਲਾਗੈ ॥ ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥ ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥ ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥੨॥ ਤੀਜਾ ਪਹਰੁ ਭਇਆ ਨੀਦ ਵਿਆਪੀ ਰਾਮ ॥ ਮਾਇਆ ਸੁਤ ਦਾਰਾ ਦੂਖਿ ਸੰਤਾਪੀ ਰਾਮ ॥ ਮਾਇਆ ਸੁਤ ਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ॥ ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥ ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥ ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥੩॥ ਚਉਥਾ ਪਹਰੁ ਭਇਆ ਦਉਤੁ ਬਿਹਾਗੈ ਰਾਮ ॥ ਤਿਨ ਘਰੁ ਰਾਖਿਅੜਾ ਜੋੁ ਅਨਦਿਨੁ ਜਾਗੈ ਰਾਮ ॥ ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥ ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥ ਕਰ ਕੰਪਿ ਚਰਣ ਸਰੀਰੁ ਕੰਪੈ ਨੈਣ ਅੰਧੁਲੇ ਤਨੁ ਭਸਮ ਸੇ ॥ ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥੪॥ ਖੂਲੀ ਗੰਠਿ ਉਠੋ ਲਿਖਿਆ ਆਇਆ ਰਾਮ ॥ ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥ ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥ ਆਪਣ ਵਾਰੀ ਸਭਸੈ ਆਵੈ ਪਕੀ ਖੇਤੀ ਲੁਣੀਐ ॥ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥ ਨਾਨਕ ਸੁਰਿ ਨਰ ਸਬਦਿ ਮਿਲਾਏ ਤਿਨਿ ਪ੍ਰਭਿ ਕਾਰਣੁ ਕੀਆ ॥੫॥੨॥ {ਪੰਨਾ 1110}

ਪਦ ਅਰਥ: ਪਹਿਲੈ ਪਹਰੈ = (ਰਾਤ ਦੇ) ਪਹਿਲੇ ਪਹਰ ਵਿਚ, (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ, ਉਮਰ ਦੇ ਪਹਿਲੇ ਹਿੱਸੇ ਵਿਚ। ਸਲੋਨੜੀਏ = ਹੇ ਸੋਹਣੇ ਲੋਇਣਾਂ ਵਾਲੀਏ! ਹੇ ਸੋਹਣੀਆਂ ਅੱਖਾਂ ਵਾਲੀਏ! ਰੈਣਿ = ਰਾਤ। ਅੰਧਿਆਰੀ = ਹਨੇਰੀ, ਘੁੱਪ ਹਨੇਰੇ ਵਾਲੀ। ਰੈਣਿ ਅੰਧਿਆਰੀ = ਘੁੱਪ ਹਨੇਰੀ ਰਾਤ (ਜਿਸ ਵਿਚ ਅੱਖਾਂ ਨੂੰ ਕੁਝ ਭੀ ਨਹੀਂ ਦਿੱਸਦਾ) । ਵਖਰੁ = ਸੌਦਾ। ਰਾਖੁ = ਸੰਭਾਲ ਲੈ। ਮੁਈਏ! ਹੇ ਮੁਈ ਹੋਈ ਇਸਤ੍ਰੀਏ! ਹੇ ਆਤਮਕ ਜੀਵਨ ਵਲੋਂ ਮਰੀ ਹੋਈ ਜੀਵ-ਇਸਤ੍ਰੀਏ! ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! ਆਵੈ = ਆ ਰਹੀ ਹੈ। ਕਵਣੁ = ਕੌਣ? ਸੂਤੀ = ਸੁੱਤੀ ਹੋਈ, ਮਾਇਆ ਦੇ ਮੋਹ ਵਿਚ ਗ਼ਾਫ਼ਿਲ ਹੋ ਰਹੀ। ਜਮ ਰਸੁ = ਜਮ ਦਾ ਰਸ, ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ। ਚੂਸਏ = {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ} ਚੂਸੇ, ਚੂਸਦੀ ਰਹਿੰਦੀ ਹੈ। ਰੈਣਿ ਅੰਧੇਰੀ = ਹਨੇਰੀ ਰਾਤ। ਪਤਿ = ਇੱਜ਼ਤ। ਕਿਆ ਪਤਿ ਤੇਰੀ = ਤੇਰੀ ਕੀਹ ਇੱਜ਼ਤ ਹੋਵੇਗੀ? ਤੈਨੂੰ ਇੱਜ਼ਤ ਨਹੀਂ ਮਿਲੇਗੀ। ਮੂਸਏ = ਮੂਸੈ, ਲੁੱਟਦਾ ਹੈ। ਅਗਮ = ਹੇ ਅਪਹੁੰਚ! ਅਪਾਰਾ = ਬੇ ਬੇਅੰਤ! ਨਾਨਕ = ਹੇ ਨਾਨਕ! ਕਿਆ ਸੂਝੈ = ਕੀਹ ਸੁੱਝਦਾ ਹੈ? ਕੁਝ ਭੀ ਨਹੀਂ ਦਿੱਸਦਾ।1।

ਅਰਥ: ਹੇ ਸੋਹਣੇ ਨੇਤ੍ਰਾਂ ਵਾਲੀਏ! (ਹੇ ਜੀਵ-ਇਸਤ੍ਰੀਏ! ਆਤਮਕ ਜੀਵਨ ਦਾ ਰਸਤਾ ਵੇਖਣ ਲਈ ਤੈਨੂੰ ਸੋਹਣੇ ਗਿਆਨ ਨੇਤ੍ਰ ਮਿਲੇ ਸਨ, ਪਰ ਜ਼ਿੰਦਗੀ ਦੀ ਰਾਤ ਦੇ) ਪਹਿਲੇ ਹਿੱਸੇ ਵਿਚ (ਤੇਰੀਆਂ ਉਹਨਾਂ) ਅੱਖਾਂ ਵਾਸਤੇ (ਅਗਿਆਨਤਾ ਦੀ) ਹਨੇਰੀ ਰਾਤ (ਬਣੀ ਰਹਿੰਦੀ ਹੈ) । (ਇਸ ਆਤਮਕ ਹਨੇਰੇ ਵਿਚ ਰਹਿ ਕੇ) ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਹੋਸ਼ ਕਰ, ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਜਿਹੜੀ ਭੀ ਜੀਵ-ਇਸਤ੍ਰੀ ਇਥੇ ਆਉਂਦੀ ਹੈ, ਇਥੋਂ ਚਲੇ ਜਾਣ ਵਾਸਤੇ ਹਰੇਕ ਦੀ) ਵਾਰੀ ਆ ਜਾਂਦੀ ਹੈ। (ਜ਼ਰੂਰ ਹਰੇਕ ਦੀ) ਵਾਰੀ ਆ ਜਾਂਦੀ ਹੈ। (ਪਰ ਜਿਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਆਤਮਕ ਜੀਵਨ ਵਲੋਂ) ਬੇ-ਪਰਵਾਹ ਹੋਈ ਰਹਿੰਦੀ ਹੈ, ਉਹ ਜਮਾਂ ਨਾਲ ਵਾਹ ਪਾਣ ਵਾਲਾ ਮਾਇਕ ਪਦਾਰਥਾਂ ਦਾ ਰਸ ਚੂਸਦੀ ਰਹਿੰਦੀ ਹੈ? (ਅਜਿਹੀ ਨੂੰ) ਜਗਾਏ ਭੀ ਕੌਣ?

ਹੇ ਸੋਹਣੇ ਨੈਣਾਂ ਵਾਲੀਏ! (ਜੇ ਆਤਮਕ ਜੀਵਨ ਵਲੋਂ ਤੇਰੀਆਂ ਅੱਖਾਂ ਵਾਸਤੇ) ਹਨੇਰੀ ਰਾਤ (ਹੀ ਬਣੀ ਰਹੀ, ਤਾਂ) ਲੋਕ ਪਰਲੋਕ ਵਿਚ ਕਿਤੇ ਭੀ) ਤੈਨੂੰ ਇੱਜ਼ਤ ਨਹੀਂ ਮਿਲੇਗੀ। (ਅਜਿਹੀ ਸੁੱਤੀ ਹੋਈ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ ਕਾਮਾਦਿਕ ਹਰੇਕ) ਚੋਰ ਸੰਨ੍ਹ ਲਾਈ ਰੱਖਦਾ ਹੈ (ਤੇ, ਉਸ ਦਾ ਹਿਰਦਾ-) ਘਰ ਲੁੱਟ ਲੈਂਦਾ ਹੈ।

ਹੇ ਨਾਨਕ! (ਆਖ-) ਹੇ ਰੱਖਿਆ ਕਰ ਸਕਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਬੇ-ਅੰਤ ਪ੍ਰਭੂ! ਮੇਰੀ ਬੇਨਤੀ ਸੁਣ (ਮੇਰੀ ਜੀਵਨ-ਰਾਤ ਨੂੰ ਵਿਕਾਰਾਂ ਦਾ ਘੁੱਪ ਹਨੇਰਾ ਦਬਾਈ ਨਾਹ ਰੱਖੇ) । ਹੇ ਨਾਨਕ! ਮੂਰਖ ਮਨੁੱਖ ਕਦੇ ਭੀ (ਪਰਮਾਤਮਾ ਨੂੰ) ਯਾਦ ਨਹੀਂ ਕਰਦਾ (ਵਿਕਾਰਾਂ ਦੀ ਘੁੱਪ) ਹਨੇਰੀ (ਜੀਵਨ-) ਰਾਤ ਵਿਚ (ਉਸ ਨੂੰ ਆਤਮਕ ਜੀਵਨ ਦਾ ਸਹੀ ਰਸਤਾ) ਸੁੱਝਦਾ ਹੀ ਨਹੀਂ।1।

ਪਦ ਅਰਥ: ਜਾਗੁ = ਸੁਚੇਤ ਹੋ। ਅਚੇਤੀ = ਹੇ ਅਚੇਤ ਜੀਵ-ਇਸਤ੍ਰੀਏ! ਹੇ ਗ਼ਾਫ਼ਿਲ ਜੀਵ-ਇਸਤ੍ਰੀਏ! ਖਾਜੈ = ਖਾਧੀ ਜਾ ਰਹੀ ਹੈ। ਖੇਤੀ = ਆਤਮਕ ਗੁਣਾਂ ਵਾਲੀ ਫ਼ਸਲ। ਹੇਤੀ = ਹੇਤਿ, ਪਿਆਰ ਦੀ ਬਰਕਤਿ ਨਾਲ। ਜਾਗਤ = (ਵਿਕਾਰਾਂ ਦੇ ਹੱਲੇ ਵੱਲੋਂ) ਸੁਚੇਤ ਰਿਹਾਂ। ਚੋਰੁ = (ਕਾਮਾਦਿਕ ਕੋਈ ਭੀ) ਚੋਰ {ਇਕ-ਵਚਨ}। ਮਗਿ = ਰਸਤੇ ਉੱਤੇ {mwgL = ਰਸਤਾ}। ਭਾਗੈ = ਭੱਜ ਜਾਂਦਾ ਹੈ। ਰਵਿ = ਸੂਰਜ, ਗਿਆਨ, ਆਤਮਕ ਜੀਵਨ ਦੀ ਸੂਝ। ਸਸਿ = ਚੰਦ੍ਰਮਾ, ਸੀਤਲਤਾ, ਸ਼ਾਂਤੀ। ਦੀਪਕ = ਦੀਵੇ। ਦੁਆਰੈ = ਦਰ ਤੇ। ਮਨਿ = ਮਨ ਵਿਚ। ਸਾਚਾ = ਸਦਾ-ਥਿਰ ਪ੍ਰਭੂ। ਮੁਖਿ = ਮੂੰਹ ਨਾਲ। ਧਿਆਵਏ = ਧਿਆਵੈ, ਧਿਆਉਂਦਾ ਹੈ {ਇਕ-ਵਚਨ}। ਨਾਨਕ = ਹੇ ਨਾਨਕ! ਅਜਹੁ = ਅਜੇ ਭੀ। ਕਿਵ = ਕਿਵੇਂ? ਦੂਜੇ = (ਪਰਮਾਤਮਾ ਨੂੰ ਛੱਡ ਕੇ) ਹੋਰ (ਦੇ ਪਿਆਰ) ਵਿਚ। ਪਾਵਏ = ਪਾਵੈ, ਪਾ ਸਕਦਾ ਹੈ।2।

ਅਰਥ: ਹੇ ਗ਼ਾਫ਼ਿਲ ਜੀਵ-ਇਸਤ੍ਰੀ! (ਹੁਣ ਤਾਂ ਤੇਰੀ ਜ਼ਿੰਦਗੀ ਦੀ ਰਾਤ ਦਾ) ਦੂਜਾ ਪਹਰ ਲੰਘ ਰਿਹਾ ਹੈ (ਹੁਣ ਤਾਂ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋ। ਹੇ ਆਤਮਕ ਮੌਤ ਸਹੇੜ ਰਹੀ ਜੀਵ-ਇਸਤ੍ਰੀਏ! (ਆਪਣੇ ਆਤਮਕ ਜੀਵਨ ਦਾ) ਸੌਦਾ ਸਾਂਭ ਕੇ ਰੱਖ, (ਤੇਰੇ ਆਤਮਕ ਗੁਣਾਂ ਵਾਲੀ) ਫ਼ਸਲ (ਵਿਕਾਰਾਂ ਦੇ ਮੂੰਹ ਆ ਕੇ) ਖਾਧੀ ਜਾ ਰਹੀ ਹੈ।

ਹੇ ਭਾਈ! ਹਰੀ ਨਾਲ ਗੁਰੂ ਨਾਲ ਪ੍ਰੇਮ ਪਾ ਕੇ (ਆਪਣੀ ਆਤਮਕ ਗੁਣਾਂ ਵਾਲੀ) ਫ਼ਸਲ ਸਾਂਭ ਕੇ ਰੱਖੋ, (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਿਹਾਂ (ਕਾਮਾਦਿਕ ਕੋਈ ਭੀ) ਚੋਰ (ਆਤਮਕ ਜੀਵਨ ਦੇ ਧਨ ਨੂੰ) ਸੰਨ੍ਹ ਨਹੀਂ ਲਾ ਸਕਦਾ। ਹੇ ਭਾਈ! (ਵਿਕਾਰਾਂ ਵਿਚ ਫਸ ਕੇ) ਜਮਾਂ ਦੇ ਰਸਤੇ ਉੱਤੇ ਨਾਹ ਤੁਰੋ, ਅਤੇ ਦੁੱਖ ਨਾਹ ਸਹੇੜੋ। (ਵਿਕਾਰਾਂ ਤੋਂ ਬਚੇ ਰਿਹਾਂ) ਜਮਰਾਜ ਦਾ ਡਰ-ਭਉ ਦੂਰ ਹੋ ਜਾਂਦਾ ਹੈ।

ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸਦਾ ਰਹਿੰਦਾ ਹੈ, ਜਿਹੜਾ ਮਨੁੱਖ ਆਪਣੇ ਮੂੰਹ ਨਾਲ (ਪਰਮਾਤਮਾ ਦਾ ਨਾਮ) ਸਿਮਰਦਾ ਰਹਿੰਦਾ ਹੈ, ਗੁਰੂ ਦੀ ਮਤਿ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ ਗਿਆਨ ਅਤੇ ਸ਼ਾਂਤੀ ਦੇ ਦੀਵੇ ਜਗਦੇ ਰਹਿੰਦੇ ਹਨ।

ਪਰ, ਹੇ ਨਾਨਕ! ਮੂਰਖ ਮਨੁੱਖ ਅਜੇ ਭੀ ਪਰਮਾਤਮਾ ਨੂੰ ਯਾਦ ਨਹੀਂ ਕਰਦਾ (ਜਦੋਂ ਕਿ ਉਸ ਦੀ ਜ਼ਿੰਦਗੀ ਦੀ ਰਾਤ ਦਾ ਦੂਜਾ ਪਹਰ ਬੀਤ ਰਿਹਾ ਹੈ। ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ (ਪਿਆਰ) ਵਿਚ ਮਨੁੱਖ ਕਿਸੇ ਭੀ ਹਾਲਤ ਵਿਚ ਆਤਮਕ ਆਨੰਦ ਨਹੀਂ ਲੱਭ ਸਕਦਾ।2।

ਪਦ ਅਰਥ: ਨੀਦ ਵਿਆਪੀ = (ਮਾਇਆ ਦੇ ਮੋਹ ਦੀ) ਨੀਂਦ ਆਪਣਾ ਜ਼ੋਰ ਪਾਈ ਰੱਖਦੀ ਹੈ। ਸੁਤ = ਪੁੱਤਰ। ਦਾਰਾ = ਇਸਤ੍ਰੀ। ਦੂਖਿ = ਦੁੱਖ ਵਿਚ, ਚਿੰਤਾ-ਫ਼ਿਕਰ ਵਿਚ। ਸੰਤਾਪੀ = ਕਲਪਦੀ ਰਹਿੰਦੀ ਹੈ। ਚੋਗ ਚੁਗੈ = (ਮਨੁੱਖ ਮਾਇਕ ਪਦਾਰਥਾਂ ਦੇ) ਭੋਗ ਭੋਗਦਾ ਰਹਿੰਦਾ ਹੈ। ਤਾ = ਤਦੋਂ। ਸੁਖੁ = ਆਤਮਕ ਆਨੰਦ। ਕਾਲੁ = ਮੌਤ, ਆਤਮਕ ਮੌਤ। ਗ੍ਰਾਸੈ = ਖਾਂਦੀ, ਆਪਣੇ ਕਾਬੂ ਵਿਚ ਰੱਖਦੀ। ਤੀਜੈ = ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਗੁਜ਼ਰਦਿਆਂ ਹੀ। ਲੋਕਾ = ਹੇ ਲੋਕੋ! ਤ੍ਰਿਬਿਧਿ ਮਾਇਆ ਮੋਹਿ = ਤਿੰਨਾਂ ਗੁਣਾਂ ਵਾਲੀ ਮਾਇਆ ਦੇ ਮੋਹ ਵਿਚ {ਤਿੰਨ ਗੁਣ = ਰਜੋ ਤਮੋ ਸਤੋ}। ਵਿਆਪੀ = ਫਸੀ ਰਹਿੰਦੀ ਹੈ।3।

ਅਰਥ: ਹੇ ਭਾਈ! ਜਦੋਂ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਭੀ ਲੰਘਦਾ ਜਾ ਰਿਹਾ ਹੈ ਤਦੋਂ ਭੀ ਮਾਇਆ ਦੇ ਮੋਹ ਦੀ ਨੀਂਦ ਜੀਵ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ; ਮਾਇਆ ਪੁੱਤਰ ਇਸਤ੍ਰੀ ਆਦਿਕ ਕਈ ਕਿਸਮ ਦੇ ਚਿੰਤਾ-ਫ਼ਿਕਰ ਵਿਚ ਮਨੁੱਖ ਦੀ ਜਿੰਦ ਕਲਪਦੀ ਰਹਿੰਦੀ ਹੈ।

ਹੇ ਭਾਈ! ਮਨੁੱਖ ਨੂੰ ਮਾਇਆ ਦਾ ਪਿਆਰ, ਪੁੱਤਰਾਂ ਦਾ ਪਿਆਰ ਇਸਤ੍ਰੀ ਦਾ ਪਿਆਰ, ਦੁਨੀਆ ਦਾ ਪਿਆਰ (ਮੋਹੀ ਰੱਖਦਾ ਹੈ, ਜਿਉਂ ਜਿਉਂ ਮਨੁੱਖ) ਮਾਇਕ ਪਦਾਰਥਾਂ ਦੇ ਭੋਗ ਭੋਗਦਾ ਹੈ ਤਿਉਂ ਤਿਉਂ ਸਦਾ (ਇਹਨਾਂ ਵਿਚ) ਫਸਿਆ ਰਹਿੰਦਾ ਹੈ (ਤੇ ਦੁੱਖ ਪਾਂਦਾ ਹੈ) । ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤਦੋਂ ਆਤਮਕ ਆਨੰਦ ਹਾਸਲ ਕਰਦਾ ਹੈ, ਤੇ ਗੁਰੂ ਦੀ ਮਤਿ ਦੀ ਬਰਕਤਿ ਨਾਲ ਆਤਮਕ ਮੌਤ ਇਸ ਨੂੰ ਆਪਣੇ ਕਾਬੂ ਵਿਚ ਨਹੀਂ ਰੱਖ ਸਕਦੀ।

ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਨੁੱਖ ਦੀ ਜਿੰਦ ਸਦਾ ਕਲਪਦੀ ਹੈ, ਜਨਮ ਮਰਨ ਦਾ ਗੇੜ ਇਸ ਦੀ ਖ਼ਲਾਸੀ ਨਹੀਂ ਕਰਦਾ, ਆਤਮਕ ਮੌਤ ਇਸ ਦੀ ਖ਼ਲਾਸੀ ਨਹੀਂ ਕਰਦੀ। ਹੇ ਲੋਕੋ! ਜ਼ਿੰਦਗੀ ਦੀ ਰਾਤ ਦਾ ਤੀਜਾ ਪਹਰ ਲੰਘਦਿਆਂ ਭੀ (ਨਾਮ ਤੋਂ ਸੁੰਞੀ ਰਹਿਣ ਕਰਕੇ ਮਨੁੱਖ ਦੀ ਜਿੰਦ) ਤ੍ਰਿਗੁਣੀ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ।3।

ਪਦ ਅਰਥ: ਦਉਤ = ਉਦੈ, ਪਰਕਾਸ਼। ਬਿਹਾਗੈ = ਸੂਰਜ ਦਾ {ivhwg = ਸੂਰਜ}। ਦਉਤੁ ਬਿਹਾਗੈ = ਸੂਰਜ ਦਾ ਉਦੈ (ਹੋ ਜਾਂਦਾ ਹੈ) , ਸੂਰਜ ਚੜ੍ਹ ਪੈਂਦਾ ਹੈ, ਰਾਤ ਤੋਂ ਦਿਨ ਹੋ ਜਾਂਦਾ ਹੈ, ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ। ਤਿਨ = ਉਹਨਾਂ ਨੇ {ਬਹੁ-ਵਚਨ। ਤਿਨਿ = ਇਕ-ਵਚਨ}। ਘਰੁ ਰਾਖਿਆੜਾ = ਹਿਰਦਾ-ਘਰ ਵਿਕਾਰਾਂ ਤੋਂ ਬਚਾ ਲਿਆ, ਆਤਮਕ ਗੁਣਾਂ ਦੀ ਰਾਸ-ਪੂੰਜੀ ਬਚਾ ਲਈ। ਜੋੁ = ਜਿਹੜਾ ਮਨੁੱਖ, ਜਿਹੜਾ ਜਿਹੜਾ ਮਨੁੱਖ {ਅੱਖਰ 'ਜ' ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ 'ਜੋ' ਹੈ, ਇਥੇ 'ਜੁ' ਪੜ੍ਹਨਾ ਹੈ}। ਜਾਗੈ = ਜਾਗਦਾ ਰਹਿੰਦਾ ਹੈ, ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ {ਇਕ-ਵਚਨ। 'ਜਾਗਹਿ' ਬਹੁ-ਵਚਨ}। ਅਨਦਿਨੁ = ਹਰ ਰੋਜ਼, ਹਰ ਵੇਲੇ {Anuidnਂ}।

ਗੁਰ ਪੂਛਿ = ਗੁਰੂ ਨੂੰ ਪੁੱਛ ਕੇ, ਗੁਰੂ ਦੀ ਸਿੱਖਿਆ ਉਤੇ ਤੁਰ ਕੇ। ਜਾਗੇ = {ਬਹੁ-ਵਚਨ} ਜਿਹੜੇ ਜਾਗਦੇ ਰਹੇ, ਜਿਹੜੇ ਮਾਇਆ ਦੇ ਮੋਹ ਦੀ ਨੀਂਦ ਵਿਚ ਨਾਹ ਸੁੱਤੇ। ਨਾਮਿ = ਪ੍ਰਭੂ ਦੇ ਨਾਮ ਵਿਚ। ਲਾਗੇ = ਜੁੜੇ ਰਹੇ, ਲੱਗੇ ਰਹੇ। ਰੈਣਿ = ਰਾਤ, ਜ਼ਿੰਦਗੀ ਦੀ ਰਾਤ, ਸਾਰੀ ਜ਼ਿੰਦਗੀ। ਸੁਹੇਲੀਆ = ਸੁਖਦਾਈ, ਸੌਖੀ। ਸਬਦੁ ਕਮਾਵਹਿ = ਸ਼ਬਦ ਅਨੁਸਾਰ ਜੀਵਨ ਬਿਤੀਤ ਕਰਦੇ ਹਨ। ਜਨਮਿ = ਜਨਮ ਵਿਚ, ਜਨਮ-ਮਰਨ ਦੇ ਗੇੜ ਵਿਚ। ਬੇਲੀਆ = ਮਿੱਤਰ।

ਕਰਿ = ਹੱਥ {ਬਹੁ-ਵਚਨ}। ਚਰਣ = ਪੈਰ {ਬਹੁ-ਵਚਨ}। ਕੰਪਿ = ਕੰਬ ਕੇ। ਕੰਪੈ = {ਇਕ-ਵਚਨ} ਕੰਬਦਾ ਹੈ। ਅੰਧੁਲੇ = ਅੰਨ੍ਹੇ ਜਿਹੇ। ਨੈਣ ਅੰਧੁਲੇ = ਅੱਖਾਂ ਅੰਨ੍ਹੀਆਂ ਜਿਹੀਆਂ, ਅੱਖੀਂ ਘੱਟ ਦਿੱਸਦਾ ਹੈ। ਤਨੁ = ਸਰੀਰ। ਭਸਮ ਸੇ = ਸੁਆਹ ਵਰਗਾ (ਰੁੱਖਾ) । ਜੁਗ ਚਾਰੇ = ਚਹੁੰਆਂ ਹੀ ਜੁਗਾਂ ਵਿਚ {ਕੋਈ ਭੀ ਜੁਗ ਹੋਵੇ। ਇਹ ਅਟੱਲ ਨਿਯਮ ਹੈ ਕਿ ਨਾਮ ਤੋਂ ਬਿਨਾ ਦੁੱਖ ਹੀ ਦੁੱਖ ਹੈ}। ਮਨਿ = ਮਨ ਵਿਚ।4।

ਅਰਥ: ਹੇ ਭਾਈ! ਜਦੋਂ ਮਨੁੱਖ ਦੀ ਜ਼ਿੰਦਗੀ ਦੀ ਰਾਤ ਦਾ ਚੌਥਾ ਪਹਰ ਬੀਤ ਰਿਹਾ ਹੁੰਦਾ ਹੈ ਤਦੋਂ ਰਾਤ ਤੋਂ ਦਿਨ ਹੋ ਜਾਂਦਾ ਹੈ (ਤਦੋਂ ਕਾਲੇ ਕੇਸਾਂ ਤੋਂ ਧੌਲੇ ਹੋ ਜਾਂਦੇ ਹਨ) । ਪਰ ਆਤਮਕ ਜੀਵਨ ਦੀ ਰਾਸ-ਪੂੰਜੀ ਮਨੁੱਖਾਂ ਨੇ ਹੀ ਬਚਾਈ ਹੁੰਦੀ ਹੈ ਜਿਹੜਾ ਜਿਹੜਾ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਤੋਂ) ਸੁਚੇਤ ਰਹਿੰਦਾ ਹੈ।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹੇ, ਜਿਹੜੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹਨਾਂ ਦੀ ਜ਼ਿੰਦਗੀ ਦੀ ਰਾਤ (ਉਹਨਾਂ ਦੀ ਸਾਰੀ ਉਮਰ) ਸੌਖੀ ਲੰਘਦੀ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਤੀਤ ਕਰਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ (ਵਿਕਾਰਾਂ ਤੋਂ ਬਚਾਣ ਲਈ) ਪਰਮਾਤਮਾ (ਆਪ) ਉਹਨਾਂ ਦਾ ਮਦਦਗਾਰ ਬਣਿਆ ਰਹਿੰਦਾ ਹੈ।

ਹੇ ਨਾਨਕ! (ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ ਵਿਚ ਮਨੁੱਖ ਦੇ) ਹੱਥ ਪੈਰ ਕੰਬਣ ਲੱਗ ਪੈਂਦੇ ਹਨ, ਸਰੀਰ ਕੰਬਣ ਲੱਗ ਪੈਂਦਾ ਹੈ, ਅੱਖਾਂ ਤੋਂ ਘੱਟ ਦਿੱਸਦਾ ਹੈ, ਸਰੀਰ ਸੁਆਹ ਵਰਗਾ (ਰੁੱਖਾ ਜਿਹਾ) ਹੋ ਜਾਂਦਾ ਹੈ (ਜਿਹੜਾ ਮਨੁੱਖ ਅਜੇ ਭੀ ਹਰਿ-ਨਾਮ ਨਹੀਂ ਚੇਤੇ ਕਰਦਾ ਹੈ, ਉਸ ਨੂੰ ਭਾਗ-ਹੀਣ ਹੀ ਸਮਝੋ। ਜੁਗ ਕੋਈ ਭੀ ਹੋਵੇ, ਇਹ ਪੱਕਾ ਨਿਯਮ ਜਾਣੋ ਕਿ) ਪਰਮਾਤਮਾ ਦਾ ਨਾਮ ਮਨ ਵਿਚ ਵੱਸਣ ਤੋਂ ਬਿਨਾ ਮਨੁੱਖ ਚੌਹਾਂ ਹੀ ਜੁਗਾਂ ਵਿਚ ਦੁੱਖੀ ਰਹਿੰਦਾ ਹੈ।4।

ਨੋਟ: ਭਾਵ ਇਹ ਹੈ ਕਿ ਸਮਾ ਕੋਈ ਭੀ ਹੋਵੇ (ਸਤਜੁਗ ਹੋਵੇ, ਤ੍ਰੇਤਾ ਹੋਵੇ, ਦੁਆਪੁਰ ਹੋਵੇ, ਕਲਜੁਗ ਹੋਵੇ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਆਤਮਕ ਆਨੰਦ ਕਦੇ ਭੀ ਨਹੀਂ ਹੋ ਸਕਦਾ।

ਪਦ ਅਰਥ: ਖੂਲੀ = (ਜਦੋਂ) ਖੁਲ੍ਹ ਗਈ, ਜਦੋਂ ਖੁਲ੍ਹ ਜਾਂਦੀ ਹੈ। ਗੰਠਿ = ਗੰਢ, ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ। ਉਠੋ = ਉੱਠ। ਰਸ ਕਸ = ਸਾਰੇ ਰਸ, ਸਭ ਰਸਾਂ ਦੇ ਪਦਾਰਥ। ਠਾਕੇ = ਰੋਕ ਲਏ ਜਾਂਦੇ ਹਨ। ਬੰਧਿ = ਬੰਨ੍ਹ ਕੇ। ਚਲਾਇਆ = ਜੀਵ ਨੂੰ ਅੱਗੇ ਤੋਰ ਲਿਆ ਜਾਂਦਾ ਹੈ। ਜਾ = ਜਦੋਂ। ਪ੍ਰਭ ਭਾਇਆ = ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ। ਸਭਸੈ = ਹਰੇਕ ਜੀਵ ਦੀ। ਪਕੀ ਖੇਤੀ = ਪੱਕਾ ਹੋਇਆ ਫ਼ਸਲ। ਲੁਣੀਐ = ਕੱਟੀ ਜਾਂਦੀ ਹੈ, ਕੱਟਿਆ ਜਾਂਦਾ ਹੈ। ਚਸਾ = ਰਤਾ ਭਰ ਭੀ ਸਮਾ। ਲੀਜੈ = ਲਿਆ ਜਾਂਦਾ ਹੈ। ਸਹੁ = ਸਹਾਰ। ਜੀਆ = ਹੇ ਜੀਵ! ਨਾਨਕ = ਹੇ ਨਾਨਕ! ਸੁਰਿ ਨਰ = ਭਲੇ ਬੰਦੇ। ਸਬਦਿ = ਗੁਰੂ ਦੇ ਸ਼ਬਦ ਵਿਚ। ਤਿਨਿ = ਉਸ ਨੇ। ਪ੍ਰਭਿ = ਪ੍ਰਭੂ ਨੇ। ਤਿਨਿ ਪ੍ਰਭਿ = ਉਸ ਪ੍ਰਭੂ ਨੇ। ਕਾਰਣੁ = ਸਬਬ।5।

ਅਰਥ: ਹੇ ਭਾਈ! ਜਦੋਂ ਜੀਵ ਦੀ ਜ਼ਿੰਦਗੀ ਦੇ ਮਿਲੇ ਸੁਆਸਾਂ ਦੀ ਗੰਢ ਖੁਲ੍ਹ ਜਾਂਦੀ ਹੈ (ਸੁਆਸ ਮੁੱਕ ਜਾਂਦੇ ਹਨ) , ਤਾਂ ਪਰਮਾਤਮਾ ਵਲੋਂ ਲਿਖਿਆ ਹੁਕਮ ਆ ਜਾਂਦਾ ਹੈ (ਕਿ ਹੇ ਜੀਵ!) ਉੱਠ (ਤੁਰਨ ਲਈ ਤਿਆਰ ਹੋ ਜਾ) । ਜੀਵ ਦੇ ਸਾਰੇ ਖਾਣ-ਪੀਣ ਸਾਰੇ ਸੁਖ ਰੋਕ ਲਏ ਜਾਂਦੇ ਹਨ, ਜੀਵ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ (ਭਾਵ, ਜਾਣਾ ਚਾਹੇ ਜਾਂ ਨਾਹ ਜਾਣਾ ਚਾਹੇ, ਉਸ ਨੂੰ ਜਗਤ ਤੋਂ ਤੋਰ ਲਿਆ ਜਾਂਦਾ ਹੈ) । ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ, ਜੀਵ ਨੂੰ ਇਥੋਂ ਚੁੱਕ ਲਿਆ ਜਾਂਦਾ ਹੈ, (ਫਿਰ) ਨਾਹ ਜੀਵ ਦਾ ਇੱਥੇ ਕੁਝ ਦਿੱਸਦਾ ਹੈ, ਨਾਹ ਕੁਝ ਸੁਣਿਆ ਜਾਂਦਾ ਹੈ। ਹੇ ਭਾਈ! ਹਰੇਕ ਜੀਵ ਦੀ ਇਹ ਵਾਰੀ ਆ ਜਾਂਦੀ ਹੈ; (ਜਿਵੇਂ) ਪੱਕਾ ਫ਼ਸਲ (ਆਖ਼ਿਰ) ਕੱਟਿਆ ਹੀ ਜਾਂਦਾ ਹੈ।

ਹੇ ਭਾਈ! ਜੀਵ ਦੇ ਹਰੇਕ ਘੜੀ ਪਲ ਦੇ ਕੀਤੇ ਕਰਮਾਂ ਦਾ ਇਸ ਪਾਸੋਂ ਲੇਖਾ ਮੰਗਿਆ ਜਾਂਦਾ ਹੈ। ਹੇ ਜੀਵ! ਆਪਣੇ ਕੀਤੇ ਚੰਗੇ ਮੰਦੇ ਕੰਮਾਂ ਦਾ ਫਲ ਭੋਗਣਾ ਹੀ ਪੈਂਦਾ ਹੈ।

ਹੇ ਨਾਨਕ! ਉਸ ਪਰਮਾਤਮਾ ਨੇ ਅਜਿਹਾ ਸਬਬ ਬਣਾ ਰੱਖਿਆ ਹੈ ਕਿ ਭਲੇ ਮਨੁੱਖਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ।5।2।

TOP OF PAGE

Sri Guru Granth Darpan, by Professor Sahib Singh