ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1111 ਤੁਖਾਰੀ ਮਹਲਾ ੧ ॥ ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥ ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥ ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥ ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥ ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥ ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥੧॥ ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮ ॥ ਅਨਦਿਨੁ ਭੋਰੁ ਭਇਆ ਸਾਚਿ ਸਮਾਨੀ ਰਾਮ ॥ ਸਾਚਿ ਸਮਾਨੀ ਗੁਰਮੁਖਿ ਮਨਿ ਭਾਨੀ ਗੁਰਮੁਖਿ ਸਾਬਤੁ ਜਾਗੇ ॥ ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥ ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥ ਨਾਨਕ ਭੋਰੁ ਭਇਆ ਮਨੁ ਮਾਨਿਆ ਜਾਗਤ ਰੈਣਿ ਵਿਹਾਣੀ ॥੨॥ ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥ ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥ ਰਵਿ ਰਹਿਆ ਸੋਈ ਅਵਰੁ ਨ ਕੋਈ ਮਨ ਹੀ ਤੇ ਮਨੁ ਮਾਨਿਆ ॥ ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥ ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥ ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥੩॥ ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥ ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥ ਹਉਮੈ ਗੁਰਿ ਖੋਈ ਪਰਗਟੁ ਹੋਈ ਚੂਕੇ ਸੋਗ ਸੰਤਾਪੈ ॥ ਜੋਤੀ ਅੰਦਰਿ ਜੋਤਿ ਸਮਾਣੀ ਆਪੁ ਪਛਾਤਾ ਆਪੈ ॥ ਪੇਈਅੜੈ ਘਰਿ ਸਬਦਿ ਪਤੀਣੀ ਸਾਹੁਰੜੈ ਪਿਰ ਭਾਣੀ ॥ ਨਾਨਕ ਸਤਿਗੁਰਿ ਮੇਲਿ ਮਿਲਾਈ ਚੂਕੀ ਕਾਣਿ ਲੋਕਾਣੀ ॥੪॥੩॥ {ਪੰਨਾ 1110-1111} ਪਦ ਅਰਥ: ਤਾਰਾ ਲੰਮਾ = ਬੋਦੀ ਵਾਲਾ ਤਾਰਾ {ਨੋਟ: ਜਦੋਂ ਬੋਦੀ ਵਾਲਾ ਤਾਰਾ ਚੜ੍ਹਦਾ ਹੈ, ਤਾਂ ਲੋਕ ਬੜੀ ਤਾਂਘ ਨਾਲ ਵੇਖਦੇ ਹਨ। ਸੂਰਜ ਦੇ ਚਾਨਣ ਵਿਚ ਤਾਂ ਦਿੱਸਦਾ ਨਹੀਂ। ਹਨੇਰਾ ਪੈਂਦਿਆਂ ਹੀ ਲੋਕ ਆਕਾਸ਼ ਵੱਲ ਤੱਕਣ ਲੱਗ ਪੈਂਦੇ ਹਨ}, ਸਰਬ-ਵਿਆਪਕ ਰੱਬੀ ਜੋਤਿ। ਕਿਉ = ਕਿਉਂ? ਕਿਵੇਂ? ਕਿਸ ਤਰ੍ਹਾਂ? ਨਿਹਾਲਿਆ = ਵੇਖਿਆ ਜਾਏ। ਸੇਵਕ ਪੂਰ ਕਰੰਮਾ = ਉਸ ਸੇਵਕ ਦੇ ਪੂਰੇ ਕਰਮ (ਜਾਗ ਪੈਂਦੇ ਹਨ) । ਸਤਿਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਸਚੁ = ਸਦਾ-ਥਿਰ ਹਰਿ-ਨਾਮ। ਸਮਾਲਿਆ = ਹਿਰਦੇ ਵਿਚ ਵਸਾਇਆ। ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ। ਬੀਚਾਰਿਆ = (ਉਸ ਦੇ ਗੁਣਾਂ ਦੀ) ਵਿਚਾਰ ਕਰਦਾ ਹੈ। ਪੰਚ = ਪੰਜ ਗਿਆਨ-ਇੰਦ੍ਰੇ। ਧਾਵਤ ਰਹੇ = ਭਟਕਣ ਤੋਂ ਹਟ ਗਏ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਅੰਤਰਿ = ਉਸ ਦੇ ਅੰਦਰ। ਜੋਤਿ = ਪਰਮਾਤਮਾ ਦਾ ਨੂਰ। ਗੁਰ ਸਾਖੀ = ਗੁਰੂ ਦੀ ਸਿੱਖਿਆ ਨਾਲ। ਚੀਨੇ = ਵੇਖਦਾ ਹੈ। ਰਾਮ ਕਰੰਮਾ = ਪਰਮਾਤਮਾ ਦੇ ਕੌਤਕਾਂ ਨੂੰ। ਨਾਨਕ = ਹੇ ਨਾਨਕ! ਮਾਰਿ = ਮਾਰ ਕੇ। ਪਤੀਣੇ = ਪਤੀਜ ਗਏ।1। ਅਰਥ: ਹੇ ਭਾਈ! ਵਿਆਪਕ-ਸਰੂਪ ਪਰਮਾਤਮਾ (ਸਾਰੇ ਜਗਤ ਵਿਚ ਆਪਣਾ) ਪਰਕਾਸ਼ ਕਰ ਰਿਹਾ ਹੈ। ਪਰ ਉਸ ਨੂੰ ਅੱਖਾਂ ਨਾਲ ਵੇਖਿਆ ਕਿਵੇਂ ਜਾਏ? ਹੇ ਭਾਈ! ਗੁਰੂ ਨੇ ਆਪਣੇ ਸ਼ਬਦ ਦੀ ਰਾਹੀਂ (ਜਿਸ ਨੂੰ) ਦਰਸਨ ਕਰਾ ਦਿੱਤਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪਏ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਨੇ (ਸਰਬ-ਵਿਆਪਕ ਪਰਮਾਤਮਾ) ਵਿਖਾਲ ਦਿੱਤਾ, ਉਹ ਸਦਾ-ਥਿਰ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਉਸ ਦਾ ਦਰਸਨ ਕਰ ਕੇ ਉਹ ਮਨੁੱਖ ਦਿਨ ਰਾਤ ਉਸ ਦੇ ਗੁਣਾਂ ਨੂੰ ਆਪਣੇ ਚਿੱਤ ਵਿਚ ਵਸਾਂਦਾ ਹੈ। ਉਹ ਮਨੁੱਖ (ਆਪਣੇ ਅਸਲ) ਘਰ ਨੂੰ ਜਾਣ ਲੈਂਦਾ ਹੈ, ਉਸ ਦੇ ਪੰਜੇ ਗਿਆਨ-ਇੰਦ੍ਰੇ (ਵਿਕਾਰਾਂ ਵਲ) ਭਟਕਣ ਤੋਂ ਹਟ ਜਾਂਦੇ ਹਨ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੇ ਕਾਮ ਨੂੰ ਕ੍ਰੋਧ ਨੂੰ ਮਾਰ ਮੁਕਾਂਦਾ ਹੈ। ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਰੱਬੀ ਜੋਤਿ ਪਰਗਟ ਹੋ ਜਾਂਦੀ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸ ਨੂੰ) ਉਹ ਪਰਮਾਤਮਾ ਦੇ ਕੌਤਕ (ਜਾਣ ਕੇ) ਵੇਖਦਾ ਹੈ। ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ।1। ਪਦ ਅਰਥ: ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਜਾਗਿ ਰਹੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਚੂਕੀ = ਮੁੱਕ ਜਾਂਦੀ ਹੈ। ਅਭਿਮਾਨੀ = ਅਹੰਕਾਰ ਵਾਲੀ ਦਸ਼ਾ। ਅਨਦਿਨੁ = ਹਰ ਰੋਜ਼, ਹਰ ਵੇਲੇ {Anuidnਂ}। ਭੋਰੁ = ਦਿਨ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਨੀ = (ਸੁਰਤਿ) ਟਿਕੀ ਰਹਿੰਦੀ ਹੈ। ਮਨਿ = ਮਨ ਵਿਚ। ਭਾਨੀ = ਭਾ ਜਾਂਦੀ ਹੈ, ਪਿਆਰੀ ਲੱਗਦੀ ਹੈ। ਸਾਬਤੁ = ਸੰਪੂਰਨ, ਉਕਾਈ-ਹੀਣ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਾਚੁ ਨਾਮੁ = ਸਦਾ-ਥਿਰ ਹਰਿ-ਨਾਮ। ਗੁਰਿ = ਗੁਰੂ ਨੇ। ਜੋਤਿ = ਹਰੇਕ ਜੋਤਿ ਵਿਚ, ਹਰੇਕ ਜੀਵ ਵਿਚ। ਜਾਤਾ = (ਪਰਮਾਤਮਾ ਨੂੰ ਵੱਸਦਾ) ਪਛਾਣ ਲਿਆ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭਰਮਿ = ਭਟਕਣਾ ਦੇ ਕਾਰਨ। ਭੁਲਾਣੀ = ਕੁਰਾਹੇ ਪਈ ਰਹਿੰਦੀ ਹੈ। ਨਾਨਕ = ਹੇ ਨਾਨਕ! ਮਾਨਿਆ = ਪਤੀਜਿਆ ਰਹਿੰਦਾ ਹੈ। ਰੈਣਿ = ਜ਼ਿੰਦਗੀ ਦੀ ਰਾਤਿ।2। ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ। (ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤਿ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤਿ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ। ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ। ਹੇ ਭਾਈ! ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ।2। ਪਦ ਅਰਥ: ਗੁਣੀ = ਗੁਣਾਂ ਨੇ। ਘਰੁ ਕੀਆ = ਟਿਕਾਣਾ ਬਣਾ ਲਿਆ। ਏਕੋ = ਇਕ (ਪਰਮਾਤਮਾ) ਹੀ। ਰਵਿ ਰਹਿਆ = ਸਭ ਥਾਈਂ ਮੌਜੂਦ ਦਿੱਸਦਾ ਹੈ। ਬੀਆ = ਦੂਜਾ। ਤੇ = ਤੋਂ। ਮਨ ਹੀ ਤੇ = ਮਨ ਤੋਂ ਹੀ, ਅੰਤਰ ਆਤਮੇ ਹੀ। ਮਾਨਿਆ = ਪਤੀਜਿਆ ਰਹਿੰਦਾ ਹੈ, ਪਰਚਿਆ ਰਹਿੰਦਾ ਹੈ। ਜਿਨਿ = ਜਿਸ (ਪਰਮਾਤਮਾ) ਨੇ। ਘਟੁ ਘਟੁ ਥਾਪਿਆ = ਹਰੇਕ ਸਰੀਰ ਬਣਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਕਰਣ ਕਾਰਣ = (ਸਾਰੇ) ਜਗਤ ਦਾ ਮੂਲ। ਸਮਰਥ = ਸਭ ਤਾਕਤਾਂ ਦਾ ਮਾਲਕ। ਅਪਾਰਾ = ਬੇਅੰਤ। ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤ੍ਰਿਗੁਣੀ ਮਾਇਆ। ਮੇਟਿ = ਮਿਟਾ ਕੇ। ਗੁਣਹ = ਗੁਣਾਂ ਵਿਚ।3। ਅਰਥ: ਹੇ ਭਾਈ! (ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ। ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ। ਹੇ ਭਾਈ! (ਜਿਸ ਮਨੁੱਖ ਦੇ ਅੰਦਰ 'ਤਾਰਾ ਚੜਿਆ ਲੰਮਾ', ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ। ਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ। ਹੇ ਨਾਨਕ! (ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ। ਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮਤਿ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ।3। ਪਦ ਅਰਥ: ਆਵਣ ਜਾਣ = {ਬਹੁ-ਵਚਨ} ਜਨਮ ਮਰਨ ਦੇ ਗੇੜ। ਰਹੇ = ਮੁੱਕ ਗਏ। ਚੂਕਾ = ਮੁੱਕ ਗਿਆ। ਭੋਲਾ = ਭੋਲਾਵਾ, ਭੈੜੀ ਜੀਵਨ-ਚਾਲ। ਮਾਰਿ = ਮਾਰ ਕੇ। ਸਾਚਾ = ਸਦਾ-ਥਿਰ, ਅਡੋਲ, ਵਿਕਾਰਾਂ ਦੇ ਹੱਲਿਆਂ ਤੋਂ ਅਡੋਲ, ਪਵਿੱਤਰ। ਚੋਲਾ = ਸਰੀਰ-ਚੋਲਾ। ਗੁਰਿ = ਗੁਰੂ ਨੇ। ਖੋਈ = ਨਾਸ ਕਰ ਦਿੱਤੀ। ਪਰਗਟੁ = ਪ੍ਰਸਿੱਧ, ਸੋਭਾ ਵਾਲੀ। ਚੂਕੇ = ਮੁੱਕ ਗਏ। ਸੋਗ = ਗ਼ਮ। ਸੰਤਾਪੈ = ਦੁੱਖ-ਕਲੇਸ਼। ਸਮਾਣੀ = ਲੀਨ ਹੋ ਗਈ। ਆਪੁ = ਆਪਣੇ ਆਪ ਨੂੰ। ਆਪੈ = ਆਪਣੇ ਆਪ ਨੂੰ। ਪੇਈਅੜੈ = ਪੇਕੇ (ਘਰ) ਵਿਚ। ਪੇਈਅੜੈ ਘਰਿ = ਪੇਕੇ ਘਰ ਵਿਚ, ਇਸ ਲੋਕ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ। ਪਤੀਣੀ = ਪਤੀਜੀ ਰਹੀ। ਸਾਹੁਰੜੈ = ਪਰਲੋਕ ਵਿਚ। ਪਿਰ ਭਾਣੀ = ਪਿਰ ਨੂੰ ਭਾ ਗਈ, ਪ੍ਰਭੂ-ਪਤੀ ਨੂੰ ਚੰਗੀ ਲੱਗੀ। ਸਤਿਗੁਰਿ = ਗੁਰੂ ਨੇ। ਮੇਲਿ = ਮੇਲ ਕੇ। ਕਾਣਿ = ਮੁਥਾਜੀ। ਲੋਕਾਣੀ = ਜਗਤ ਦੀ।4। ਅਰਥ: ਹੇ ਭਾਈ! (ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ। ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ। ਹੇ ਭਾਈ! ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ। ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ। ਹੇ ਭਾਈ! ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ।4।3। ਤੁਖਾਰੀ ਮਹਲਾ ੧ ॥ ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥ ਪਿਰਿ ਛੋਡਿਅੜੀ ਸੁਤੀ ਪਿਰ ਕੀ ਸਾਰ ਨ ਜਾਣੀ ॥ ਪਿਰਿ ਛੋਡੀ ਸੁਤੀ ਅਵਗਣਿ ਮੁਤੀ ਤਿਸੁ ਧਨ ਵਿਧਣ ਰਾਤੇ ॥ ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥ ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥ ਨਾਨਕ ਸਚੇ ਨਾਮ ਵਿਹੂਣੀ ਭੁਲਿ ਭੁਲਿ ਪਛੋਤਾਣੀ ॥੧॥ ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥ ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥ ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥ ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥ ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥ ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥ ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥ ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥ ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥ ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥ ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥ ਨਾਨਕ ਅੰਮ੍ਰਿਤ ਬਿਰਖੁ ਮਹਾ ਰਸ ਫਲਿਆ ਮਿਲਿ ਪ੍ਰੀਤਮ ਰਸੁ ਚਾਖੈ ॥੩॥ ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥ ਅਨਦਿਨੁ ਰਤੜੀਏ ਸਹਜਿ ਮਿਲੀਜੈ ॥ ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥ ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥ ਜਬ ਨਾਚੀ ਤਬ ਘੂਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥ ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥ {ਪੰਨਾ 1111-1112} ਪਦ ਅਰਥ: ਭੋਲਾਵੜੈ = ਕੋਝੇ ਭੋਲਾਵੇ ਵਿਚ, ਕੋਝੇ ਭੁਲੇਖੇ ਵਿਚ। ਭੁਲੀ = ਕੁਰਾਹੇ ਪੈ ਗਈ। ਭੁਲਿ = ਗ਼ਲਤੀ ਕਰ ਕੇ। ਪਛੋਤਾਣੀ = ਅਫ਼ਸੋਸ ਕਰਦੀ ਰਹੀ, ਹੱਥ ਮਲਦੀ ਰਹੀ। ਪਿਰਿ = ਪਿਰ ਨੇ, ਪ੍ਰਭੂ-ਪਤੀ ਨੇ। ਛੋਡਿਅੜੀ = ਤਿਆਗ ਦਿੱਤੀ, ਪਿਆਰ ਕਰਨਾ ਛੱਡ ਦਿੱਤਾ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਪਈ ਰਹੀ। ਸਾਰ = ਕਦਰ। ਅਵਗਣਿ = ਅਵਗਣ ਦੇ ਕਾਰਨ, (ਇਸ) ਭੁੱਲ ਦੇ ਕਾਰਨ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੀ) ਭੁੱਲ ਦੇ ਕਾਰਨ। ਮੁਤੀ = (ਪਿਰ ਨੇ) ਤਿਆਗ ਦਿੱਤੀ। ਤਿਸੁ ਧਨ ਰਾਤੇ = ਉਸ (ਜੀਵ-) ਇਸਤ੍ਰੀ ਦੀ (ਜੀਵਨ) ਰਾਤ। ਵਿਧਣ = ਦੁੱਖ-ਭਰੀ। ਕਾਮਿ = ਕਾਮ ਵਿਚ। ਕ੍ਰੋਧ ਵਿਚ। ਵਿਗੁਤੀ = ਖ਼ੁਆਰ ਹੁੰਦੀ ਰਹੀ। ਤਾਤੇ = ਤਾਤਿ, ਈਰਖਾ। ਉਡਰਿ = ਉੱਡ ਕੇ। ਉਡਰਿ ਚਲਿਆ = ਉੱਡ ਤੁਰਿਆ। ਹੰਸੁ = ਜੀਵਾਤਮਾ। ਭਸਮ = ਮਿੱਟੀ। ਵਿਹੂਣੀ = ਸੱਖਣੀ।1। ਅਰਥ: ਹੇ ਭਾਈ! (ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ। (ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ। (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ। ਹੇ ਭਾਈ! ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ) । ਉਹ ਇਸਤ੍ਰੀ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਚੰਬੜੀ ਰਹਿੰਦੀ ਹੈ ਉਸ ਨੂੰ ਈਰਖਾ ਚੰਬੜੀ ਰਹਿੰਦੀ ਹੈ। ਹੇ ਭਾਈ! ਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ। ਪਰ, ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ।1। ਪਦ ਅਰਥ: ਨਾਹ = ਹੇ ਨਾਹ! ਹੇ ਨਾਥ! ਹੇ ਖਸਮ! ਨਿਜ ਘਰਿ = ਆਪਣੇ ਘਰ ਵਿਚ। ਹਉ = ਹਉਂ, ਮੈਂ। ਰੁਲਿ = ਰੁਲ ਕੇ, (ਵਿਕਾਰਾਂ ਵਿਚ) , ਖ਼ੁਆਰ ਹੋ ਕੇ। ਬਿਨੁ ਨਾਹੈ– ਖਸਮ ਤੋਂ ਬਿਨਾ। ਨ ਚਾਹੈ– ਪਸੰਦ ਨਹੀਂ ਕਰਦਾ। ਕਿਆ ਕਹੀਐ = ਕੀਹ ਆਖਣਾ ਚਾਹੀਦਾ ਹੈ? ਕਿਆ ਕੀਜੈ = ਕੀਹ ਕਰਨਾ ਚਾਹੀਦਾ ਹੈ? ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ ਰਸੁ = ਸਾਰੇ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ ਨਾਲ। ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਪੀਜੈ = ਪੀਣਾ ਚਾਹੀਦਾ ਹੈ। ਸੰਗਿ = ਸੰਗੀ। ਆਵੈ ਜਾਇ = ਜੰਮਦੀ ਮਰਦੀ ਹੈ, ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਘਨੇਰੀ = ਬਹੁਤ ਲੋਕਾਈ। ਨਾਨਕ = ਹੇ ਨਾਨਕ! ਲਾਹਾ = ਲਾਭ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ। ਜਾਈਐ = ਜਾਣਾ ਚਾਹੀਦਾ ਹੈ। ਸਾਚੀ ਮਤਿ = ਪਵਿੱਤਰ ਮਤਿ। ਸਚੁ = ਸਦਾ-ਥਿਰ ਹਰਿ-ਨਾਮ (ਨੂੰ ਸਿਮਰਿਆਂ) ।2। ਅਰਥ: ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ = ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ। ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ? (ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਹੇ ਨਾਨਕ! (ਆਖ– ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। (ਹੇ ਭਾਈ!) ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮਤਿ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ।2। ਪਦ ਅਰਥ: ਸਾਜਨ = ਸੱਜਣ ਪ੍ਰਭੂ ਜੀ! ਦੇਸਿ = ਦੇਸ ਵਿਚ, (ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ। ਵਿਦੇਸ = ਪਰਦੇਸ। ਵਿਦੇਸੀ = ਪਰਦੇਸੀ, ਪਰਦੇਸ ਵਿਚ ਰਹਿਣ ਵਾਲਾ। ਦੇਦੀ = ਦੇਂਦੀ। ਸਾਰਿ = ਚੇਤੇ ਕਰ ਕੇ, ਯਾਦ ਕਰ ਕੇ। ਸਮਾਲੇ = (ਹਿਰਦੇ ਵਿਚ) ਸਾਂਭਦੀ ਹੈ। ਤਿਨ ਸਜਣਾ = ਉਹਨਾਂ ਸੱਜਣਾਂ ਨੂੰ, ਪ੍ਰਭੂ ਸੱਜਣ ਜੀ ਨੂੰ। ਮੁੰਧ = {muÀDw} ਅੰਞਾਣ ਜੀਵ-ਇਸਤ੍ਰੀ। ਸਾਰੇਦੀ = ਸਾਰੇਂਦੀ, ਯਾਦ ਕਰਦੀ ਹੈ। ਕਿਉ ਪ੍ਰਭ ਮਿਲਾ = ਕਿਉਂ ਪ੍ਰਭ ਮਿਲਾਂ, ਮੈਂ ਕਿਵੇਂ ਪ੍ਰਭੂ ਨੂੰ ਮਿਲਾਂ? ਮਾਰਗੁ = ਰਸਤਾ। ਪੰਥੁ = ਰਸਤਾ। ਨ ਜਾਣਉ = ਨ ਜਾਣਉਂ, ਮੈਂ ਨਹੀਂ ਜਾਣਦੀ। ਵਿਖੜਾ = ਔਖਾ, ਔਕੜਾਂ-ਭਰਿਆ। ਪਾਰੇ = (ਵਿਖੜੇ ਰਸਤੇ ਤੋਂ) ਪਾਰਲੇ ਪਾਸੇ। ਸਬਦੀ = ਸ਼ਬਦ ਦੀ ਰਾਹੀਂ। ਵਿਛੁੰਨੀ = ਵਿਛੁੜੀ ਹੋਈ ਜੀਵ-ਇਸਤ੍ਰੀ। ਆਗੈ ਰਾਖੈ = (ਪ੍ਰਭੂ-ਪਤੀ ਦੇ) ਅੱਗੇ ਰੱਖ ਦੇਂਦੀ ਹੈ, ਭੇਟਾ ਕਰ ਦੇਂਦੀ ਹੈ। ਅੰਮ੍ਰਿਤ ਬਿਰਖੁ = ਆਤਮਕ ਜੀਵਨ ਦੇਣ ਵਾਲਾ ਨਾਮ-ਰੁੱਖ। ਮਹਾਰਸ ਫਲਿਆ = ਬੜੇ ਮਿੱਠੇ ਫਲਾਂ ਵਾਲਾ, ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਬੜੇ ਮਿੱਠੇ ਫਲ ਲੱਗੇ ਹੋਏ ਹਨ। ਮਿਲਿ ਪ੍ਰੀਤਮ = ਪ੍ਰੀਤਮ-ਪ੍ਰਭੂ ਨੂੰ ਮਿਲ ਕੇ। ਰਸੁ = ਸੁਆਦ। ਚਾਖੈ = ਚੱਖਦੀ ਹੈ {ਇਕ-ਵਚਨ}।3। ਅਰਥ: ਹੇ ਭਾਈ! ਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ। (ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ। (ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ। (ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ। ਹੇ ਨਾਨਕ! (ਆਖ– ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ।3। ਪਦ ਅਰਥ: ਮਹਲਿ = ਮਹਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਬੁਲਾਇੜੀਏ = ਹੇ ਸੱਦੀਏ ਹੋਈਏ! ਬਿਲਮੁ = {ivlMb} ਦੇਰ, ਢਿੱਲ। ਨ ਕੀਜੈ = ਨਹੀਂ ਕਰਨੀ ਚਾਹੀਦੀ। ਅਨੁਦਿਨੁ = {Anuidnਂ} ਹਰ ਰੋਜ਼, ਹਰ ਵੇਲੇ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਮਿਲੀਜੈ = ਮਿਲੇ ਰਹਿਣਾ ਚਾਹੀਦਾ ਹੈ, ਟਿਕੇ ਰਹਿਣਾ ਚਾਹੀਦਾ ਹੈ। ਸੁਖਿ = ਸੁਖ ਵਿਚ, ਆਨੰਦ ਵਿਚ। ਰੋਸੁ = ਗਿਲਾ। ਰੋਸੁ ਨ ਕੀਜੈ = ਰੋਸਾ ਨਹੀਂ ਕਰਨਾ ਚਾਹੀਦਾ, ਗਿਲਾ ਨਹੀਂ ਕਰਨਾ ਚਾਹੀਦਾ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ। ਸਾਚੈ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਰਾਤੀ = ਰੱਤੀ ਹੋਈ, ਪ੍ਰੇਮ-ਰੰਗ ਵਿਚ ਰੰਗੀ ਹੋਈ। ਮਿਲਾਈ = (ਗੁਰੂ ਦੀ) ਮਿਲਾਈ ਹੋਈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਆਵਣ ਜਾਣੀ = ਜਨਮ ਮਰਨ ਦੇ ਗੇੜ ਵਿਚ। ਨਾਚੀ = ਨੱਚਣ ਲੱਗ ਪਈ। ਘੂਘਟੁ = ਘੁੰਡ। ਮਟੁਕੀ ਫੋੜਿ = ਸਰੀਰ ਦੇ ਮੋਹ ਨੂੰ ਤੋੜ ਕੇ। ਨਿਰਾਰੀ = ਨਿਰਾਲੀ, ਨਿਰਲੇਪ, ਵੱਖਰੀ। ਆਪੈ ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਪਛਾਣੈ = ਪਛਾਣਦਾ ਹੈ, ਪੜਤਾਲਦਾ ਹੈ। ਤਤੁ = ਅਸਲੀਅਤ, ਅਸਲ ਜੀਵਨ-ਭੇਤ। ਬੀਚਾਰੀ = ਵਿਚਾਰਨ ਵਾਲਾ।4। ਅਰਥ: ਹੇ ਪ੍ਰਭੂ ਦੀ ਹਜ਼ੂਰੀ ਵਿਚ ਸੱਦੀ ਹੋਈਏ! ਢਿੱਲ ਨਹੀਂ ਕਰਨੀ ਚਾਹੀਦੀ। ਹੇ ਹਰ ਵੇਲੇ ਪ੍ਰੇਮ-ਰੰਗ ਵਿਚ ਰੰਗੀ ਹੋਈਏ! ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ (ਭਾਵ, ਹੇ ਭਾਈ! ਜਿਹੜੀ ਜੀਵ-ਇਸਤ੍ਰੀ ਹਰ ਵੇਲੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਭੀ ਢਿੱਲ ਨਹੀਂ ਕਰਦੀ, ਜਿਹੜੀ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਸ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਦਾ ਹੈ) । ਹੇ ਭਾਈ! ਆਤਮਕ ਅਨੰਦ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ, (ਕਿਸੇ ਆਪਣੇ ਉੱਦਮ ਤੇ ਮਾਣ ਕਰ ਕੇ ਇਸ ਗੱਲ ਦਾ) ਗਿਲਾ ਨਹੀਂ ਕਰਨਾ ਚਾਹੀਦਾ (ਕਿ ਮੇਰਾ ਉੱਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ। ਜਿਹੜੀ ਭੀ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਹਾਸਲ ਕਰਦੀ ਹੈ) ਅਹੰਕਾਰ ਦੂਰ ਕਰ ਕੇ (ਹੀ ਪ੍ਰਭੂ ਵਿਚ) ਲੀਨ ਹੁੰਦੀ ਹੈ। ਜਿਸ ਨੂੰ ਗੁਰੂ ਮਿਲਾਂਦਾ ਹੈ ਉਹੀ ਮਿਲਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਹੇ ਭਾਈ! (ਜਿਵੇਂ) ਜਦੋਂ ਕੋਈ ਇਸਤ੍ਰੀ ਨੱਚਣ ਲੱਗ ਪਏ ਤਾਂ ਉਹ ਘੁੰਡ ਨਹੀਂ ਕੱਢਦੀ, (ਤਿਵੇਂ ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ ਰਾਹ ਤੇ ਤੁਰਦੀ ਹੈ ਉਹ) ਸਰੀਰ ਦਾ ਮੋਹ ਛੱਡ ਕੇ (ਮਾਇਆ ਤੋਂ) ਨਿਰਲੇਪ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਅਸਲ ਜੀਵਨ-ਰਾਹ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ।4। 4। |
Sri Guru Granth Darpan, by Professor Sahib Singh |