ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1112 ਤੁਖਾਰੀ ਮਹਲਾ ੧ ॥ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥ ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥ ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥ ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥ ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥ ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥ ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥ ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥ ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥ ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥ ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥ ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੋ ॥ ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥ ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥ ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥ ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥ ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥ ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥ ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥ ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥ ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥ ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥ ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥ {ਪੰਨਾ 1112} ਪਦ ਅਰਥ: ਰੰਗੀਲੇ = ਚੋਜੀ, ਅਨੇਕਾਂ ਕੌਤਕ ਕਰਨ ਵਾਲੇ। ਹਮ = ਅਸੀ, ਮੈਂ। ਲਾਲੇ = ਗੋਲੇ, ਗ਼ੁਲਾਮ। ਗੁਰਿ = ਗੁਰੂ ਨੇ। ਅਲਖੁ = ਅ-ਲਖੁ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਵਰੁ = ਹੋਰ। ਭਾਲੇ = ਭਾਲਦਾ, ਲੱਭਦਾ। ਜਾ = ਜਦੋਂ। ਤਿਸੁ ਭਾਇਆ = ਉਸ (ਪ੍ਰਭੂ) ਨੂੰ ਚੰਗਾ ਲੱਗਾ। ਪ੍ਰਭਿ = ਪ੍ਰਭੂ ਨੇ। ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਪੁਰਖੁ = ਸਰਬ-ਵਿਆਪਕ। ਬਿਧਾਤਾ = ਸਿਰਜਣਹਾਰ। ਸਹਜਿ = ਆਤਮਕ ਅਡੋਲਤਾ ਵਿਚ। ਬਨਵਾਰੀ = ਪਰਮਾਤਮਾ {ਬਨ-ਮਾਲੀ, ਸਾਰੀ ਬਨਸਪਤੀ ਹੈ ਜਿਸ ਦੀ ਮਾਲਾ}। ਨਦਰਿ = ਮਿਹਰ ਦੀ ਨਿਗਾਹ। ਤਾਰਹਿ = {ਤੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ। ਤਰੀਐ = ਪਾਰ ਲੰਘ ਸਕੀਦਾ ਹੈ। ਸਚੁ = ਸਦਾ-ਥਿਰ ਨਾਮ। ਦੀਨ ਦਇਆਲਾ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਪ੍ਰਣਵਤਿ = ਬੇਨਤੀ ਕਰਦਾ ਹੈ। ਦਾਸਨਿਦਾਸਾ = ਦਾਸਾਂ ਦਾ ਦਾਸ। ਸਰਬ = ਸਾਰੇ।1। ਅਰਥ: ਹੇ ਭਾਈ! ਸੋਹਣੇ ਪ੍ਰਭੂ ਜੀ ਅਨੇਕਾਂ ਕੌਤਕ ਕਰਨ ਵਾਲੇ ਹਨ, ਮੈਂ ਉਸ ਸੋਹਣੇ ਪ੍ਰਭੂ ਦਾ (ਸਦਾ ਲਈ) ਗ਼ੁਲਾਮ ਹਾਂ। ਹੇ ਭਾਈ! (ਜਿਸ ਮਨੁੱਖ ਨੂੰ) ਗੁਰੂ ਨੇ ਅਲੱਖ ਪ੍ਰਭੂ ਦੀ ਸੂਝ ਬਖ਼ਸ਼ ਦਿੱਤੀ, (ਉਹ ਮਨੁੱਖ ਉਸ ਨੂੰ ਛੱਡ ਕੇ) ਕਿਸੇ ਹੋਰ ਦੀ ਭਾਲ ਨਹੀਂ ਕਰਦਾ। ਹੇ ਭਾਈ! ਜਦੋਂ ਪ੍ਰਭੂ ਦੀ ਰਜ਼ਾ ਹੋਈ, ਜਦੋਂ ਪ੍ਰਭੂ ਨੇ (ਕਿਸੇ ਜੀਵ ਉਤੇ) ਕਿਰਪਾ ਕੀਤੀ, ਤਦੋਂ ਗੁਰੂ ਨੇ ਉਸ ਨੂੰ ਅਲੱਖ ਪ੍ਰਭੂ ਦਾ ਗਿਆਨ ਦਿੱਤਾ। ਤਦੋਂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾਂ ਦੇਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਸਿਰਜਣਹਾਰ ਹੈ। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਜਦੋਂ ਤੂੰ ਆਪਣਾ ਸਦਾ-ਥਿਰ ਨਾਮ ਦੇਂਦਾ ਹੈਂ, ਜਦੋਂ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਜਦੋਂ ਤੂੰ (ਆਪ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਤਦੋਂ ਹੀ ਪਾਰ ਲੰਘ ਸਕੀਦਾ ਹੈ। ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈਂ।1। ਪਦ ਅਰਥ: ਭਰਿਪੁਰਿ = ਭਰਪੂਰ ਹੈ, ਸਭ ਵਿਚ ਵਿਆਪਕ ਹੈ। ਧਾਰਿ ਰਹੇ = (ਪ੍ਰਭੂ ਜੀ ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਹੇ ਹਨ। ਸਬਦੇ = (ਗੁਰੂ ਦੇ) ਸ਼ਬਦ ਦੀ ਰਾਹੀਂ (ਇਹ ਸਮਝ ਆਉਂਦੀ ਹੈ) । ਰਵਿ ਰਹਿਆ = ਸਭ ਜੀਵਾਂ ਵਿਚ ਮੌਜੂਦ ਹੈ। ਗੁਰ ਰੂਪਿ = ਵੱਡੀ ਹਸਤੀ ਵਾਲਾ ਪ੍ਰਭੂ। ਮੁਰਾਰੇ = {ਮੁਰ-ਅਰਿ} ਪਰਮਾਤਮਾ। ਤ੍ਰਿਭਵਨ ਧਾਰੇ = ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ। ਤਾ ਕਾ = ਉਸ (ਪਰਮਾਤਮਾ) ਦਾ। ਰੰਗੀ = ਕਈ ਰੰਗਾਂ ਦੇ। ਜਿਨਸੀ = ਕਈ ਜਿਨਸਾਂ ਦੇ। ਚੜੈ ਸਵਾਇਆ = (ਉਸ ਦਾ ਦਿੱਤਾ ਦਾਨ) ਵਧਦਾ ਰਹਿੰਦਾ ਹੈ। ਅਪਰੰਪਰੁ = ਪਰੇ ਤੋਂ ਪਰੇ ਪ੍ਰਭੂ, ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਹੀਰਾ = ਪਵਿੱਤਰ ਹੋ ਚੁਕਿਆ ਜੀਵਾਤਮਾ। ਹੀਰੈ = ਮਹਾਨ ਉੱਚੇ ਪਰਮਾਤਮਾ ਵਿਚ। ਬੇਧਿਆ = ਵਿੱਝ ਜਾਂਦਾ ਹੈ। ਗੁਣ ਕੈ ਹਾਰਿ = ਗੁਣਾਂ ਦੇ ਹਾਰ ਵਿਚ।2। ਅਰਥ: ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ) ਬਹੁਤ ਹੀ ਪਿਆਰ ਕਰਨ ਵਾਲਾ ਪਰਮਾਤਮਾ ਸਭ ਵਿਚ ਵਿਆਪਕ ਹੈ, (ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਿਹਾ ਹੈ, ਵੱਡੀ ਹਸਤੀ ਵਾਲਾ ਹੈ ਅਤੇ ਸਭ ਜੀਵਾਂ ਵਿਚ ਮੌਜੂਦ ਹੈ। ਹੇ ਭਾਈ! ਸਭ ਤੋਂ ਵੱਡੀ ਹਸਤੀ ਵਾਲਾ ਪਰਮਾਤਮਾ ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ, (ਕਿਸੇ ਭੀ ਜੀਵ ਨੇ ਅਜੇ ਤਕ) ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ। ਉਹ ਪਰਮਾਤਮਾ ਅਨੇਕਾਂ ਰੰਗਾਂ ਦੇ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਦਾ ਹੈ, (ਸਭ ਜੀਵਾਂ ਨੂੰ) ਸਦਾ (ਦਾਨ) ਦੇਂਦਾ ਹੈ, ਅਤੇ ਉਸ ਦਾ ਭੰਡਾਰਾ ਸਦਾ ਵਧਦਾ ਹੀ ਰਹਿੰਦਾ ਹੈ। ਹੇ ਭਾਈ! ਪਰਮਾਤਮਾ ਬਹੁਤ ਬੇਅੰਤ ਹੈ, ਉਹ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ। (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ। ਹੇ ਨਾਨਕ! (ਆਖ– ਹੇ ਭਾਈ! ਜਿਹੜਾ ਜੀਵ ਉਸ ਪਰਮਾਤਮਾ ਦੇ) ਗੁਣਾਂ ਦੇ ਹਾਰ ਵਿਚ (ਆਪਣੇ ਆਪ ਨੂੰ) ਪ੍ਰੋ ਲੈਂਦਾ ਹੈ ਉਹ ਪਵਿੱਤਰ ਹੋ ਚੁਕਿਆ ਜੀਵਾਤਮਾ ਮਹਾਨ ਉੱਚੇ ਪਰਮਾਤਮਾ ਵਿਚ ਇੱਕ-ਰੂਪ ਹੋ ਜਾਂਦਾ ਹੈ।2। ਪਦ ਅਰਥ: ਗੁਣਹਿ = (ਪਰਮਾਤਮਾ ਦੇ) ਗੁਣਾਂ ਵਿਚ। ਸਮਾਣੇ = ਲੀਨ ਹੋ ਜਾਂਦੇ ਹਨ। ਮਸਤਕਿ = (ਜਿਨ੍ਹਾਂ ਦੇ) ਮੱਥੇ ਉੱਤੇ। ਨਾਮ ਨੀਸਾਣੋ = (ਪ੍ਰਭੂ ਦੇ) ਨਾਮ (ਦੀ ਪ੍ਰਾਪਤੀ) ਦਾ ਨਿਸ਼ਾਨ (ਲੱਗ ਜਾਂਦਾ ਹੈ, ਲੇਖ ਲਿਖਿਆ ਜਾਂਦਾ ਹੈ) । ਸਚੁ = ਸਦਾ-ਥਿਰ ਹਰਿ-ਨਾਮ (ਸਿਮਰ ਕੇ) । ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਚੂਕਾ = ਮੁੱਕ ਗਿਆ। ਆਵਣ ਜਾਣੋ = ਜਨਮ ਮਰਨ ਦਾ ਗੇੜ। ਸਚੁ ਪਛਾਤਾ = ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ। ਸਾਚੈ = ਸਦਾ-ਥਿਰ ਪ੍ਰਭੂ ਵਿਚ। ਮਨਿ ਭਾਵੈ = (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ। ਸਾਚੇ ਊਪਰਿ = ਸਦਾ-ਥਿਰ ਪ੍ਰਭੂ ਤੋਂ ਵੱਡਾ। ਸਾਚੇ ਸਾਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ। ਮੋਹਨਿ = ਮੋਹਨ-ਪ੍ਰਭੂ ਨੇ। ਖੋਲਿ = ਖੋਲ੍ਹ ਕੇ, ਤੋੜ ਕੇ। ਨਿਰਾਰੇ = ਨਿਰਲੇਪ (ਕਰ ਦੇਂਦਾ ਹੈ) । ਜੋਤੀ = ਜੋਤਿ-ਰੂਪ ਪ੍ਰਭੂ ਵਿਚ। ਜਾ = ਜਦੋਂ।3। ਅਰਥ: ਹੇ ਭਾਈ! ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ। ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਉਚਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਵਾਲਾ ਮਨੁੱਖ ਸਦਾ-ਕਾਇਮ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਰਹਿੰਦਾ ਹੈ। ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿੱਸਦਾ, ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਰਿਹਾ ਹੁੰਦਾ ਹੈ। ਹੇ ਭਾਈ! ਉਸ ਮੋਹਨ (ਪ੍ਰਭੂ) ਨੇ ਮੇਰਾ ਮਨ (ਭੀ) ਮੋਹ ਲਿਆ ਹੋਇਆ ਹੈ। ਹੇ ਨਾਨਕ! ਆਖ– ਹੇ ਭਾਈ! ਜਦੋਂ (ਕੋਈ ਵਡ-ਭਾਗੀ ਮਨੁੱਖ ਉਸ) ਅੱਤ ਪਿਆਰੇ ਪਰਮਾਤਮਾ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ, ਪ੍ਰਭੂ ਉਸ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਉਸ ਨੂੰ (ਮਾਇਆ ਤੋਂ) ਨਿਰਲੇਪ ਕਰ ਦੇਂਦਾ ਹੈ।3। ਪਦ ਅਰਥ: ਸਚ ਘਰੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਘਰ, ਸੱਚੇ ਦਾ ਘਰ। ਖੋਜਿ = ਖੋਜਿ ਕੇ। ਗੁਰ ਥਾਨੋ = ਗੁਰੂ ਦਾ ਥਾਂ। ਸਾਚਾ ਗੁਰ ਥਾਨੋ = ਸਦਾ-ਥਿਰ ਸਾਧ ਸੰਗਤਿ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ। ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ, ਗੁਰੂ ਦੀ ਸਰਨ ਪਿਆਂ। ਦੇਵੈ = (ਗੁਰੂ) ਦੇਂਦਾ ਹੈ। ਸਚੁ ਦਾਨੋ = ਸਦਾ-ਥਿਰ ਹਰਿ-ਨਾਮ ਦਾ ਦਾਨ। ਸੋ = ਉਹ ਮਨੁੱਖ। ਸਦ = ਸਦਾ। ਦਾਣਾ = ਸਿਆਣਾ। ਅਮਰੁ = ਕਦੇ ਨਾਹ ਮਰਨ ਵਾਲਾ। ਜਾਪੈ = ਜਪਦਾ ਹੈ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਸਾਚਾ = ਸਦਾ-ਥਿਰ। ਚਿਰਾਣਾ ਮਹਲੁ = ਮੁੱਢ ਕਦੀਮਾਂ ਦਾ ਟਿਕਾਣਾ। ਦੋਤਿ = {ªoiq = ਜੋਤਿ} ਨੂਰ, ਪਰਕਾਸ਼। ਉਚਾਪਤਿ ਲੇਖੁ = (ਵਿਕਾਰਾਂ ਦੇ) ਕਰਜ਼ੇ ਦਾ ਲੇਖ। ਨ ਲਿਖੀਐ = ਨਹੀਂ ਲਿਖਿਆ ਜਾਂਦਾ। ਮੁਰਾਰੀ = {ਮੁਰ-ਅਰਿ} ਪਰਮਾਤਮਾ। ਨਾਨਕ = ਹੇ ਨਾਨਕ! ਸਾਚਾ = ਸਦਾ-ਥਿਰ ਹਰੀ ਦਾ ਰੂਪ। ਰਾਚਾ = ਮਸਤ, ਲੀਨ। ਤਰੀਐ = ਤਰ ਸਕੀਦੀ ਹੈ।4। ਅਰਥ: ਹੇ ਭਾਈ! ਜਿਸ ਮਨੁੱਖ ਨੂੰ ਸਦਾ-ਥਿਰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ, ਉਹ ਮਨੁੱਖ (ਸਾਧ ਸੰਗਤਿ ਵਿਚ) ਖੋਜ ਕਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਇਹ ਦਾਤਿ) ਨਹੀਂ ਮਿਲਦੀ। ਹੇ ਭਾਈ! (ਗੁਰੂ ਜਿਸ ਮਨੁੱਖ ਨੂੰ) ਸਦਾ ਦਾਤਾਂ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਦਾਨ ਦੇਂਦਾ ਹੈ, ਉਹ ਮਨੁੱਖ ਉਸ ਅਮਰ ਅਜੋਨੀ ਅਤੇ ਸਦਾ-ਥਿਰ ਪ੍ਰਭੂ (ਦਾ ਨਾਮ ਸਦਾ) ਜਪਦਾ ਰਹਿੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਸਦਾ-ਥਿਰ ਟਿਕਾਣਾ ਲੱਭ ਪੈਂਦਾ ਹੈ। ਹੇ ਨਾਨਕ! (ਆਖ– ਹੇ ਭਾਈ! ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਸ ਜੋਤਿ ਦੀ ਬਰਕਤਿ ਨਾਲ ਉਸ ਮਨੁੱਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ (ਭਾਵ, ਉਹ ਮਨੁੱਖ ਵਿਕਾਰਾਂ ਵਲੋਂ ਹੱਟ ਜਾਂਦਾ ਹੈ) , ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਹੇ ਭਾਈ! ਗੁਰੂ ਦੀ ਸਰਨ ਪਿਆਂ ਹੀ (ਮਾਇਆ ਦੇ ਮੋਹ ਦੇ ਸਮੁੰਦਰ ਤੋਂ) ਇਹ ਤਾਰੀ ਤਰੀ ਜਾ ਸਕਦੀ ਹੈ।4।5। |
Sri Guru Granth Darpan, by Professor Sahib Singh |