ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1113

ਤੁਖਾਰੀ ਮਹਲਾ ੧ ॥ ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥ ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥ ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥ ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥ ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥ ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥ ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥ ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥ ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥ ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥ ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥ ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥ ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥ ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥ ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥ ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥ ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥ ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥ ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥ ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥ ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥ ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥ ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥ ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥ ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥ ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥ ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥ ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥ ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥ {ਪੰਨਾ 1112-1113}

ਪਦ ਅਰਥ: ਏ ਅਚੇਤ ਮਨ = ਹੇ ਗ਼ਾਫ਼ਿਲ ਮਨ! ਹੇ ਲਾ-ਪਰਵਾਹ ਮਨ! ਗੁਣੀ ਸਮਾਣਿਆ = (ਪਰਮਾਤਮਾ ਦੇ) ਗੁਣਾਂ ਵਿਚ ਲੀਨ ਹੋ।

ਬਹੁ ਸਾਦ = ਅਨੇਕਾਂ ਸੁਆਦਾਂ ਵਿਚ। ਲੁਭਾਣੇ = ਫਸਣ ਵਾਲੇ, ਲੋਭ ਕਰਨ ਵਾਲੇ। ਕਿਰਤ ਕਮਾਣੇ = ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਦੁਤਰੁ = {duÔqr} ਜਿਸ ਤੋਂ ਪਾਰ ਲੰਘਣਾ ਔਖਾ ਹੈ। ਡਰਿ = ਡਰ ਨਾਲ। ਮਰੀਐ = ਮਰੀਦਾ ਹੈ, ਸਹਿਮੇ ਰਹੀਦਾ ਹੈ। ਪੰਥੁ = ਰਸਤਾ। ਦੁਹੇਲਾ = ਦੁਖਦਾਈ।

ਮਨਿ = ਮਨ ਵਿਚ। ਜਾਤਾ = ਜਾਣਿਆ, ਸਾਂਝ ਪਾਈ। ਸਾਝ = ਸ਼ਾਮ ਵੇਲੇ। ਪ੍ਰਭਾਤਾ = ਸਵੇਰੇ। ਅਵਘਟਿ = ਔਖੇ ਰਸਤੇ ਵਿਚ। ਰੁਧਾ = ਰੁਕਿਆ ਹੋਇਆ, ਫਸਿਆ ਹੋਇਆ। ਕਿਆ ਕਰੇ = ਕੀਹ ਕਰ ਸਕਦਾ ਹੈ? ਬੇ-ਬਸ ਹੋ ਜਾਂਦਾ ਹੈ। ਬੰਧਨਿ = ਬੰਧਨ ਨਾਲ {ਇਕ-ਵਚਨ}, (ਮਾਇਆ ਦੇ ਮੋਹ ਦੀ) ਰੱਸੀ ਨਾਲ। ਇਨਿ ਬਿਧਿ = ਇਸ ਤਰੀਕੇ ਨਾਲ। ਛੂਟੈ = ਬੰਧਨ ਵਿਚੋਂ ਨਿਕਲ ਸਕਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵੈ = ਸਿਮਰੇ। ਨਰਹਰੇ = ਪਰਮਾਤਮਾ।1।

ਅਰਥ: ਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ। ਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ।

ਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ। ਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ। ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ। ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ।

ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ। (ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ।1।

ਪਦ ਅਰਥ: ਆਲ = {AwlX} ਘਰ। ਆਲ ਜੰਜਾਲਾ = ਘਰ ਦੇ ਜੰਜਾਲ, ਘਰ ਦੀਆਂ ਫਾਹੀਆਂ, ਘਰ ਦੇ ਮੋਹ ਦੀਆਂ ਫਾਹੀਆਂ। ਸੇਵਹੁ = ਸਿਮਰੋ, ਸਿਮਰਦਾ ਰਹੁ। ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਰਾਲਾ = ਨਿਰਲੇਪ।

ਏਕੰਕਾਰੁ = ਇਕ ਓਅੰਕਾਰ, ਜੋ ਇਕ ਆਪ ਹੀ ਆਪ ਅਤੇ ਸਰਬ-ਵਿਆਪਕ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਜਿੰਨਿ = ਜਿਨਿ, ਜਿਸ ਨੇ {ਛੰਤ ਦੀ ਚਾਲ ਪੂਰੀ ਰੱਖਣ ਲਈ ਇਕ ਮਾਤ੍ਰਾ ਵਧਾ ਕੇ 'ਜਿਨਿ' ਨੂੰ 'ਜਿੰਨਿ' ਲਿਖਿਆ ਹੈ}। ਪਉਣੁ = ਹਵਾ। ਅਗਨਿ = ਅੱਗ। ਬਾਧੇ = (ਮਰਯਾਦਾ ਵਿਚ) ਬੰਨ੍ਹੇ ਹੋਏ ਹਨ। ਗੁਰਿ ਦਿਖਾਇਆ = (ਜਿਸ ਨੂੰ) ਗੁਰੂ ਨੇ ਵਿਖਾਲ ਦਿੱਤਾ ਹੈ। ਜਗਤਿ = ਜਗਤ ਵਿਚ। ਖੇਲੁ = (ਪਰਮਾਤਮਾ ਦਾ ਰਚਿਆ) ਤਮਾਸ਼ਾ।

ਆਚਾਰਿ = ਆਚਾਰੀ, ਕਰਮ-ਕਾਂਡੀ, ਮਿਥੀ ਹੋਈ ਖ਼ਾਸ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ। ਆਚਾਰ = ਧਾਰਮਿਕ ਮਿਥੀ ਹੋਈ ਮਰਯਾਦਾ। ਵੀਚਾਰਿ = ਵੀਚਾਰੀ, ਵਿਚਾਰ-ਵਾਨ, ਗਿਆਨਵਾਨ। ਆਪੇ = ਆਪ ਹੀ। ਸਖਾ = ਮਿੱਤਰ। ਸੈਨੁ = ਸੱਜਣ। ਜਪੋ = ਜਪੁ, ਜਪਦਾ ਰਹੁ।2।

ਅਰਥ: ਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ। ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ।

ਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰਦਾ ਰਹੁ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ। ਹੇ ਮੇਰੇ ਮਨ! (ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ) ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ (ਅਤੇ ਨਾਮ ਵਿਚ ਜੋੜਿਆ ਹੈ) ।

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਹੈ ਅਨੇਕਾਂ ਸੰਜਮ ਅਨੇਕਾਂ ਜਪ ਅਤੇ ਅਨੇਕਾਂ ਤਪ। ਹੇ ਮੇਰੇ ਮਨ! ਨਾਮ ਜਪਿਆਂ ਹੀ ਤੂੰ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ ਹੈਂ, ਨਾਮ ਜਪਿਆਂ ਹੀ ਤੂੰ ਉੱਚੀ ਆਤਮਕ ਜੀਵਨ ਦੀ ਵਿਚਾਰ ਦਾ ਮਾਲਕ ਹੈਂ।2।

ਪਦ ਅਰਥ: ਥਿਰੁ = (ਪ੍ਰਭੂ-ਚਰਨਾਂ ਵਿਚ) ਅਡੋਲ। ਨ ਖਾਵਹੀ = ਨ ਖਾਵਹਿ, {ਮੱਧਮ ਪੁਰਖ, ਇਕ-ਵਚਨ} ਤੂੰ ਨਹੀਂ ਖਾਹਿਂਗਾ। ਚੋਟ = (ਵਿਕਾਰਾਂ ਦੀ) ਸੱਟ। ਗੁਣ ਗਾਵਹਿ = (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ। ਸਹਜਿ = ਸਹਜ ਵਿਚ, ਆਤਮਕ ਅਡੋਲਤਾ ਵਿਚ। ਸਮਾਵਹੀ = ਸਮਾਵਹਿ, ਤੂੰ ਸਮਾ ਜਾਹਿਂਗਾ।

ਗਾਇ = ਗਾ ਕੇ। ਗੁਣ ਰਾਮ = ਰਾਮ ਦੇ ਗੁਣ। ਰਸਾਇ = ਰਸਾ ਕੇ, ਸੁਆਦ ਨਾਲ। ਰਸੀਅਹਿ = ਤੂੰ ਰਸ ਜਾਹਿਂਗਾ, ਤੇਰੇ ਅੰਦਰ ਰਸ ਜਾਣਗੇ। ਅੰਜਨੁ = ਸੁਰਮਾ। ਗੁਰ ਗਿਆਨ ਅੰਜਨੁ = ਗੁਰੂ ਦੇ ਗਿਆਨ ਦਾ ਸੁਰਮਾ, ਗੁਰੂ ਦੀ ਬਖ਼ਸ਼ੀ ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਗਿਆਨ = ਆਤਮਕ ਜੀਵਨ ਦੀ ਸੂਝ। ਸਾਰਹੇ = ਸਾਰਹਿ, ਜੇ ਤੂੰ ਪਾ ਲਏਂ (ਅੱਖਾਂ ਵਿਚ) । ਦੀਪਕੁ = ਦੀਵਾ। ਤ੍ਰੈ ਲੋਕ = ਤਿੰਨ ਲੋਕ (ਧਰਤੀ, ਆਕਾਸ਼, ਪਾਤਾਲ) ਸਾਰਾ ਜਗਤ। ਤ੍ਰੈ ਲੋਕ ਦੀਪਕੁ = ਸਾਰੇ ਜਗਤ ਦਾ ਦੀਵਾ, ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਪ੍ਰਭੂ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਦੂਤ = ਵੈਰੀ। ਪੰਚ ਦੂਤ = ਕਾਮਾਦਿਕ ਪੰਜ ਵੈਰੀ। ਸੰਘਾਰਹੇ = ਸੰਘਾਰਹਿ, ਤੂੰ ਮਾਰ ਲਏਂਗਾ।

ਭੈ = ਸਾਰੇ ਡਰ {ਬਹੁ-ਵਚਨ}। ਕਾਟਿ = ਕੱਟ ਕੇ। ਤਰਹਿ = ਤੂੰ ਪਾਰ ਲੰਘ ਜਾਹਿਂਗਾ। ਦੁਤਰੁ = (ਉਹ ਸੰਸਾਰ-ਸਮੁੰਦਰ) ਜਿਸ ਤੋਂ ਪਾਰ ਲੰਘਣਾ ਔਖਾ ਹੈ। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਾਰਏ = ਸਾਰ ਦੇਂਦਾ ਹੈ, (ਪ੍ਰਭੂ) ਸਵਾਰ ਦੇਂਦਾ ਹੈ। ਕਾਰਜ = ਸਾਰੇ ਕੰਮ। ਸਿਉ = ਨਾਲ। ਧਾਰਏ = ਧਾਰੈ, ਧਾਰਦਾ ਹੈ।3।

ਅਰਥ: ਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ। ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ।

ਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ, ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ) , ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ) । ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ।

ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ, ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ।

ਹੇ ਮਨ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸੰਵਾਰ ਦੇਂਦਾ ਹੈ। ਹੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ ਆਤਮਕ) ਰੂਪ ਹੋ ਜਾਂਦਾ ਹੈ (ਸੋਹਣਾ ਆਤਮਕ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ।3।

ਪਦ ਅਰਥ: ਕਿਆ ਲੈ ਆਇਆ = (ਜੰਮਣ ਸਮੇ ਆਪਣੇ ਨਾਲ) ਕੀਹ ਲੈ ਕੇ ਤੂੰ ਆਇਆ ਸੀ? ਲੈ = ਲੈ ਕੇ। ਜਾਇਸੀ = ਤੂੰ ਜਾਹਿਂਗਾ। ਤਾ = ਤਦੋਂ। ਛੁਟਸੀ = (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਕਰੇਂਗਾ। ਜਾ = ਜਦੋਂ। ਭਰਮੁ = (ਮਾਇਆ ਦੀ ਖ਼ਾਤਰ) ਭਟਕਣਾ। ਚੁਕਾਇਸੀ = ਤੂੰ ਦੂਰ ਕਰੇਂਗਾ।

ਸੰਚਿ = ਇਕੱਠਾ ਕਰ। ਵਖਰੁ = ਸੌਦਾ (ਵਿਹਾਝ) । ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਭਾਉ = ਪ੍ਰੇਮ, ਪਿਆਰ। ਪਛਾਣਹੇ = ਪਛਾਣਹਿ, ਜੇ ਤੂੰ ਪਛਾਣ ਲਏਂ। ਮੈਲੁ = ਵਿਕਾਰਾਂ ਦੀ ਮੈਲ। ਪਰਹਰਿ = ਦੂਰ ਕਰ ਕੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਚੁ ਮਹਲੁ = ਸਦਾ-ਥਿਰ ਟਿਕਾਣਾ। ਸਚੁ ਘਰੁ = ਸਦਾ-ਥਿਰ ਘਰ। ਜਾਣਹੇ = ਜਾਣਹਿ, ਤੂੰ ਜਾਣ ਲਏਂਗਾ, ਤੂੰ ਲੱਭ ਲਏਂਗਾ।

ਪਤਿ = (ਲੋਕ ਪਰਲੋਕ ਦੀ) ਇੱਜ਼ਤ। ਘਰਿ = ਘਰ ਵਿਚ, (ਅਸਲ) ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸਿਧਾਵਹਿ = ਤੂੰ ਪਹੁੰਚ ਜਾਹਿਂਗਾ। ਝੋਲਿ = ਹਿਲਾ ਕੇ, ਨਿਤਾਰ ਕੇ, ਪ੍ਰੇਮ ਨਾਲ। ਅੰਮ੍ਰਿਤ ਰਸੋ = ਅੰਮ੍ਰਿਤ ਰਸੁ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਧਿਆਈਐ = ਧਿਆਉਣਾ ਚਾਹੀਦਾ ਹੈ। ਰਸੁ = ਸੁਆਦ। ਪਾਈਐ = ਮਿਲ ਸਕਦਾ ਹੈ। ਵਡਭਾਗਿ = ਵੱਡੀ ਕਿਸਮਤ ਨਾਲ। ਜਪੀਐ = ਜਪਿਆ ਜਾ ਸਕਦਾ ਹੈ। ਹਰਿ ਜਸੋ = ਹਰਿ-ਜਸੁ।4।

ਅਰਥ: ਹੇ ਮੇਰੇ ਮਨ! ਨਾਹ ਤੂੰ (ਜਨਮ ਸਮੇ) ਆਪਣੇ ਨਾਲ ਕੁਝ ਲੈ ਕੇ ਆਇਆ ਸੀ, ਨਾਹ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੁਝ ਲੈ ਕੇ ਜਾਹਿਂਗਾ (ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚ ਫਸ ਰਿਹਾ ਹੈਂ) । ਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ।

ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ) । ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ, ਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ। ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ।

ਹੇ ਮੇਰੇ ਮਨ! ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਤੂੰ (ਲੋਕ ਪਰਲੋਕ ਦੀ) ਇੱਜ਼ਤ (ਲੋਕ ਪਰਲੋਕ ਦਾ) ਨਾਮਣਾ ਖੱਟ ਲਏਂਗਾ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ। ਹੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ। ਹੇ ਮਨ! ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ।4।

ਪਦ ਅਰਥ: ਮੰਦਰਿ = ਮੰਦਰ ਉੱਤੇ, ਕੋਠੇ ਉੱਤੇ। ਕਿਉ ਚੜੈ = ਕਿਵੇਂ (ਕੋਈ) ਚੜ੍ਹ ਸਕਦਾ ਹੈ? (ਕੋਈ) ਨਹੀਂ ਚੜ੍ਹ ਸਕਦਾ। ਨ ਅੰਬੜੈ = ਨਹੀਂ ਅੱਪੜ ਸਕਦਾ। ਪਾਰਿ = (ਦਰੀਆ ਦੇ) ਪਾਰਲੇ ਪਾਸੇ।

ਪਾਰਿ = ਪਾਰਲੇ ਪਾਸੇ, (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ। ਅਪਾਰੁ = ਬੇਅੰਤ ਪ੍ਰਭੂ। ਸਬਦ ਸੁਰਤਿ = ਸ਼ਬਦ ਦੀ ਸੁਰਤਿ, ਸ਼ਬਦ ਦੀ ਸੋਝੀ। ਲੰਘਾਵਏ = ਲੰਘਾਵੈ, (ਪਾਰ) ਲੰਘਾਂਦੀ ਹੈ। ਮਿਲਿ = ਮਿਲ ਕੇ। ਕਰਹਿ ਰਲੀਆ = ਜੇ ਤੂੰ ਆਤਮਕ ਆਨੰਦ ਮਾਣੇਂ। ਨ ਪਛੋਤਾਵਏ = ਨ ਪਛੋਤਾਵੈ, ਨਹੀਂ ਪਛੁਤਾਂਦਾ {ਵਰਤਮਾਨ ਕਾਲ, ਅੱਨ ਪੁਰਖ, ਇਕ-ਵਚਨ}। ਦਇਆਲ = ਹੇ ਦਇਆਲ ਪ੍ਰਭੂ! ਸਾਚਾ ਦਾਨੁ = ਸਦਾ-ਥਿਰ ਨਾਮ ਦਾ ਦਾਨ। ਪਾਵਓ = ਪਾਵਓਂ, ਮੈਂ ਪ੍ਰਾਪਤ ਕਰਾਂ। ਨਾਮ ਸੰਗਤਿ = ਨਾਮ ਦਾ ਸਾਥ। ਨਾਨਕੁ ਪਇਅੰਪੈ = ਨਾਨਕ ਬੇਨਤੀ ਕਰਦਾ ਹੈ। ਪ੍ਰੀਤਮ = ਹੇ ਪ੍ਰੀਤਮ! {ਲਫ਼ਜ਼ 'ਪ੍ਰੀਤਮੁ' ਅਤੇ 'ਪ੍ਰੀਤਮ' ਦਾ ਵਿਆਕਰਣਿਕ ਫ਼ਰਕ ਧਿਆਨ ਨਾਲ ਵੇਖਣ ਦੀ ਲੋੜ ਹੈ}। ਸਮਝਾਵਓ = ਸਮਝਾਵਓਂ, ਮੈਂ ਸਮਝਾਵਾਂ।5।

ਅਰਥ: ਹੇ ਮੇਰੇ ਮਨ! (ਜਿਵੇਂ) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕਦਾ (ਤਿਵੇਂ ਉੱਚੇ ਆਤਮਕ ਟਿਕਾਣੇ ਤੇ ਵੱਸਦੇ ਪਰਮਾਤਮਾ ਤਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ) । ਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕਦਾ।

ਹੇ ਮਨ! ਸੱਜਣ ਪ੍ਰਭੂ! ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ) । ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ। ਹੇ ਮਨ! ਜੇ ਤੂੰ ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ (ਤਾਂ ਤੂੰ ਭੀ ਇਸ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏਂ। ਜਿਹੜਾ ਭੀ ਮਨੁੱਖ ਸਾਧ ਸੰਗਤਿ ਵਿਚ ਮਿਲ ਕੇ ਨਾਮ ਜਪਦਾ ਹੈ, ਉਸ ਨੂੰ) ਮੁੜ ਪਛੁਤਾਣਾ ਨਹੀਂ ਪੈਂਦਾ (ਕਿਉਂਕਿ ਉਸ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ-ਠਿੱਲ੍ਹਾਂ ਦੁੱਖ ਨਹੀਂ ਦੇ ਸਕਦੀਆਂ) ।

ਨਾਨਕ ਬੇਨਤੀ ਕਰਦਾ ਹੈ– ਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤਿ ਹਾਸਲ ਕਰੀ ਰੱਖਾਂ। ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ।5।6।

ਤੁਖਾਰੀ ਛੰਤ ਮਹਲਾ ੪   ੴ ਸਤਿਗੁਰ ਪ੍ਰਸਾਦਿ ॥ ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥ ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥ ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥ ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥ ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥ ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥ {ਪੰਨਾ 1113}

ਪਦ ਅਰਥ: ਅੰਤਰਿ = ਅੰਦਰ, ਮੇਰੇ ਅੰਦਰ, ਮੇਰੇ ਹਿਰਦੇ ਵਿਚ। ਪਿਰੀ = ਪਿਰ ਦਾ, ਪ੍ਰਭੂ-ਪਤੀ ਦਾ। ਕਿਉ ਜੀਵੀਐ = ਕਿਵੇਂ ਜੀਵਿਆ ਜਾ ਸਕਦਾ ਹੈ? ਆਤਮਕ ਜੀਵਨ ਪ੍ਰਾਪਤ ਨਹੀਂ ਹੋ ਸਕਦਾ। ਜਬ ਲਗੁ = ਜਦੋਂ ਤਕ। ਦਰਸੁ = ਦਰਸਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਕਿਉ ਪੀਵੀਐ = ਨਹੀਂ ਪੀਤਾ ਜਾ ਸਕਦਾ। ਹਰਿ ਬਿਨੁ ਜੀਵੀਐ = (ਕਿਉ) ਹਰਿ ਬਿਨੁ ਜੀਵੀਐ, ਪ੍ਰਭੂ-ਮਿਲਾਪ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ। ਰਹਨੁ ਨ ਜਾਇ = ਰਿਹਾ ਨਹੀਂ ਜਾ ਸਕਦਾ, ਸ਼ਾਂਤੀ ਨਹੀਂ ਮਿਲਦੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਪ੍ਰਿਉ ਪ੍ਰਿਉ ਕਰੇ = ਪਿਆਰੇ (ਪ੍ਰਭੂ) ਨੂੰ ਮੁੜ ਮੁੜ ਯਾਦ ਕਰਦੀ ਹੈ। ਪਿਆਸ = ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਬੁੱਝਦੀ) ।

ਕਰਹੁ = ਕਰਦੇ ਹੋ। ਹਰਿ ਪਿਆਰੇ = ਹੇ ਪਿਆਰੇ ਹਰੀ! ਸਦ = ਸਦਾ। ਸਾਰਿਆ = ਸੰਭਾਲਿਆ ਹੈ, ਯਾਦ ਕੀਤਾ ਹੈ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮੈ = ਮੈਨੂੰ। ਹਉ = ਮੈਂ। ਵਿਟਹੁ = ਤੋਂ। ਵਾਰਿਆ = ਕੁਰਬਾਨ।1।

ਅਰਥ: (ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ। (ਹੇ ਸਖੀ!) ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ।

(ਹੇ ਸਖੀ! ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ ਭੀ) ਪੀਤਾ ਨਹੀਂ ਜਾ ਸਕਦਾ, ਪ੍ਰਭੂ-ਪਤੀ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ। (ਹੇ ਸਖੀ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸਦਾ ਹੈ, ਉਹ) ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ। (ਹੇ ਸਖੀ!) ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਮਿਟਦੀ) ।

ਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ।

ਹੇ ਭਾਈ! ਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ।1।

TOP OF PAGE

Sri Guru Granth Darpan, by Professor Sahib Singh