ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1114

ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥ ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥ ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥ ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥ ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥ ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥ {ਪੰਨਾ 1114}

ਪਦ ਅਰਥ: ਦੇਖਾਂ = ਮੈਂ ਵੇਖਦੀ ਹਾਂ। ਪਿਰੁ = ਪਤੀ। ਰਸਿ = ਰਸ ਨਾਲ, ਸੁਆਦ ਨਾਲ। ਰਵਾ = ਰਵਾਂ, ਮੈਂ ਯਾਦ ਕਰਦੀ ਹਾਂ। ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਵਿਗਾਸੁ = ਖਿੜਾਉ, ਖ਼ੁਸ਼ੀ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ! ਨਿਤ = ਸਦਾ। ਚਵਾ = ਚਵਾਂ, ਮੈਂ ਉਚਾਰਦੀ ਹਾਂ।

ਪ੍ਰਿਉ ਚਵਾ ਪਿਆਰੇ = ਪਿਆਰੇ ਪਤੀ ਨੂੰ ਯਾਦ ਕਰਦੀ ਹਾਂ। ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ) । ਨਿਸਤਾਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। ਤ੍ਰਿਪਤਿ = (ਮਾਇਆ ਦੀ ਭੁੱਖ ਵੱਲੋਂ) ਰਜੇਵਾਂ। ਆਵਏ = ਆਵੈ, ਆਉਂਦੀ। ਕਾਮਣਿ = (ਜੀਵ-) ਇਸਤ੍ਰੀ। ਧਿਆਵਏ = ਧਿਆਵੈ, ਧਿਆਉਂਦੀ ਹੈ।

ਮੰਗਤ ਜਨ ਦੀਜੈ = ਮੰਗਤੇ ਦਾਸ ਨੂੰ ਦੇਹੁ। ਮੈ = ਮੈਨੂੰ। ਦੇਹੁ ਮਿਲਾਏ = ਮਿਲਾ ਦੇਹ। ਅਨਦਿਨੁ = ਹਰ ਰੋਜ਼, ਹਰ ਵੇਲੇ। ਗੋਪਾਲੁ = {ਗੋ = ਸ੍ਰਿਸ਼ਟੀ} ਸ੍ਰਿਸ਼ਟੀ ਨੂੰ ਪਾਲਣ ਵਾਲਾ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ। ਵਿਟਹੁ = ਤੋਂ। ਘੁਮਾਏ = ਘੁਮਾਈ, ਸਦਕੇ, ਕੁਰਬਾਨ।2।

ਅਰਥ: ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ, ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ।

ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ। ਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ।

ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ, ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ (ਤੇ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ = ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ।2।

ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥ ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥ ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥ ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥ {ਪੰਨਾ 1114}

ਪਦ ਅਰਥ: ਹਮ = ਅਸੀਂ ਜੀਵ। ਪਾਥਰ = ਪੱਥਰ {ਬਹੁ-ਵਚਨ}। ਨਾਵ = ਬੇੜੀ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਭਵਜਲੁ = ਸੰਸਾਰ-ਸਮੁੰਦਰ। ਤਾਰੀਐ = ਪਾਰ ਲੰਘਾ ਲੈ। ਗੁਰ ਸਬਦੁ = ਗੁਰੂ ਦਾ ਸ਼ਬਦ। ਸੁਭਾਇ = ਪਿਆਰ ਵਿਚ (ਜੋੜ ਕੇ) । ਮੈ = ਮੈਨੂੰ। ਮੂੜ = ਮੂਰਖ।

ਮੁਗਧ = ਮੂਰਖ, ਅਗਿਆਨੀ। ਮਿਤਿ = ਮਾਪ, ਤੇਰੀ ਮਿਤਿ, ਤੇਰਾ ਮਾਪ, ਤੂੰ ਕੇਡਾ ਵੱਡਾ ਹੈਂ = ਇਹ ਗੱਲ। ਅਗੰਮੁ = ਅਪਹੁੰਚ। ਵਡ = ਵੱਡਾ। ਦਰਿਆਲੁ = ਦਇਆ ਦਾ ਘਰ। ਕਰਿ = ਕਰ ਕੇ। ਨਿਰਗੁਣੀ = ਗੁਣ-ਹੀਨ। ਨਿਮਾਣਿਆ = ਨਿਆਸਰਿਆਂ ਨੂੰ। ਕਰਿ = ਕਰ ਕੇ। ਭਰਮੇ = ਭਟਕਦੇ ਰਹੇ। ਤਉ = ਤੇਰੀ। ਹਮ ਲਾਗਹ = ਅਸੀਂ ਲੱਗੇ ਰਹੀਏ। ਪਾਏ = ਪੈਰੀਂ।

ਅਰਥ: ਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ। ਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।

ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ = ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ। ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ।

ਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ। ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ।3।

ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥ ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥ ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥ ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥ ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥ ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥ {ਪੰਨਾ 1114}

ਪਦ ਅਰਥ: ਲੋਹ = ਲੋਹਾ। ਮਿਲਿ = (ਗੁਰੂ-ਪਾਰਸ ਨੂੰ) ਮਿਲ ਕੇ। ਕੰਚਨੁ = ਸੋਨਾ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਜੋਤਿ = ਜਿੰਦ। ਮਿਲਾਇ = ਮਿਲਾ ਕੇ। ਕਾਇਆ = ਸਰੀਰ। ਗੜੁ = ਕਿਲ੍ਹਾ। ਸੋਹਿਆ = ਸੋਹਣਾ ਬਣ ਗਿਆ ਹੈ।

ਪ੍ਰਭਿ = ਪ੍ਰਭੂ ਨੇ। ਮੋਹਿਆ = ਮੋਹ ਲਿਆ ਹੈ, ਆਪਣੇ ਪ੍ਰੇਮ ਵਿਚ ਜਕੜ ਲਿਆ ਹੈ। ਸਾਸਿ = (ਹਰੇਕ) ਸਾਹ ਦੇ ਨਾਲ। ਗਿਰਾਸਿ = (ਹਰੇਕ) ਗਿਰਾਹੀ ਦੇ ਨਾਲ। ਕਿਉ ਵਿਸਾਰੀਐ = ਨਹੀਂ ਵਿਸਾਰਨਾ ਚਾਹੀਦਾ। ਅਗੋਚਰੁ =
{ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਬਦੀ = ਸ਼ਬਦ ਦੀ ਰਾਹੀਂ। ਹਉ = ਹਉ, ਮੈਂ। ਕੈ = ਤੋਂ।

ਸੀਸੁ = ਸਿਰ। ਦੇਉ = ਦੇਉਂ, ਮੈਂ ਦੇ ਦਿਆਂ। ਭਾਵੇ = ਚੰਗਾ ਲੱਗੇ। ਪ੍ਰਭ = ਹੇ ਪ੍ਰਭੂ! ਦਾਤੇ = ਹੇ ਦਾਤਾਰ! ਅੰਕਿ = ਅੰਕ ਵਿਚ, ਗੋਦ ਵਿਚ, ਚਰਨਾਂ ਵਿਚ। ਸਮਾਵੈ = ਲੀਨ ਹੋ ਜਾਂਦਾ ਹੈ।4।

ਅਰਥ: ਹੇ ਭਾਈ! ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ, (ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ।

ਹੇ ਭਾਈ! (ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ। ਹੇ ਭਾਈ! ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ। ਹੇ ਭਾਈ! ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ।

ਹੇ ਨਾਨਕ! (ਆਖ-) ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ।4।1।

ਤੁਖਾਰੀ ਮਹਲਾ ੪ ॥ ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥ ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥ ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥ ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥ ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥ ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥ {ਪੰਨਾ 1114}

ਪਦ ਅਰਥ: ਅਗਮ = ਹੇ ਅਪਹੁੰਚ ਪ੍ਰਭੂ! ਅਗਾਧਿ = ਹੇ ਅਥਾਹ ਹਰੀ! ਅਪਰੰਪਰ = ਹੇ ਪਰੇ ਤੋਂ ਪਰੇ ਹਰੀ! ਅਪਰਪਰਾ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭਦਾ। ਧਿਆਵਹਿ = ਧਿਆਉਂਦੇ ਹਨ {ਬਹੁ-ਵਚਨ}। ਜਗਦੀਸ = {ਜਗਤ ਈਸ} ਹੇ ਜਗਤ ਦੇ ਮਾਲਕ! ਤੇ ਜਨ = {ਬਹੁ-ਵਚਨ} ਉਹ ਮਨੁੱਖ। ਭਉ = ਭਉਜਲ, ਸੰਸਾਰ-ਸਮੁੰਦਰ। ਬਿਖਮੁ = ਔਖਾ (ਸੰਸਾਰ-ਸਮੁੰਦਰ) । ਤਰਾ = ਤਰ ਜਾਂਦੇ ਹਨ, ਪਾਰ ਲੰਘ ਜਾਂਦੇ ਹਨ।

ਤਿਨ ਤਰਿਆ = ਉਹਨਾਂ ਮਨੁੱਖਾਂ ਨੇ ਤਰਿਆ, ਉਹ ਮਨੁੱਖ ਪਾਰ ਲੰਘੇ। ਸੁਹੇਲਾ = ਸੌਖੇ ਹੀ। ਗੁਰ ਵਾਕਿ ਸਤਿਗੁਰ = ਗੁਰ ਸਤਿਗੁਰ ਵਾਕਿ, ਗੁਰੂ ਦੇ ਬਚਨ ਅਨੁਸਾਰ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ। ਭਾਇ = ਪ੍ਰੇਮ ਵਿਚ, ਪ੍ਰੇਮ ਦੇ ਆਸਰੇ। ਚਲੇ = ਜੀਵਨ-ਸਫ਼ਰ ਵਿਚ ਤੁਰਦੇ ਰਹੇ, ਜੀਵਨ ਬਿਤੀਤ ਕਰਦੇ ਰਹੇ।

ਜੋਤੀ ਜੋਤਿ ਮਿਲਿ = ਚਾਨਣ-ਰੂਪ ਪ੍ਰਭੂ ਦੀ ਜੋਤਿ ਵਿਚ ਮਿਲ ਕੇ। ਮਿਲਿ = ਮਿਲ ਕੇ। ਜੋਤਿ ਸਮਾਣੀ = ਉਹਨਾਂ ਦੀ ਜਿੰਦ ਲੀਨ ਹੋ ਗਈ। ਕਰਿ = ਕਰੀ, ਕੀਤੀ। ਧਰਣੀ ਧਰਾ = ਧਰਤੀ ਦਾ ਆਸਰਾ ਹਰੀ। ਧਰਣੀ = ਧਰਤੀ। ਧਰਾ = ਆਸਰਾ।1।

ਅਰਥ: ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਬੇਅੰਤ ਹਰੀ! ਹੇ ਪਰੇ ਤੋਂ ਪਰੇ ਹਰੀ! ਹੇ ਜਗਤ ਦੇ ਮਾਲਕ ਹਰੀ! ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਸੌਖੇ ਹੀ ਪਾਰ ਲੰਘ ਜਾਂਦੇ ਹਨ। ਹੇ ਭਾਈ! ਜਿਹੜੇ ਮਨੁੱਖ ਗੁਰੂ ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਿਤੀਤ ਕਰਦੇ ਰਹੇ, ਉਹਨਾਂ ਨੂੰ ਪਰਮਾਤਮਾ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ।

ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਪਰੇ ਤੋਂ ਪਰੇ ਹਰੀ! ਹੇ ਬੇਅੰਤ ਹਰੀ! ਹੇ ਧਰਤੀ ਦੇ ਆਸਰੇ ਹਰੀ! ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ, ਉਹਨਾਂ ਦੀ ਜਿੰਦ ਤੇਰੀ ਜੋਤਿ ਵਿਚ ਮਿਲ ਕੇ ਤੇਰੀ ਜੋਤਿ ਵਿਚ ਹੀ ਲੀਨ ਹੋਈ ਰਹਿੰਦੀ ਹੈ।1।

ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥ ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥ ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥ ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥ ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥ ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥ {ਪੰਨਾ 1114}

ਪਦ ਅਰਥ: ਸੁਆਮੀ = ਮਾਲਕ। ਅਗਮ = ਹੇ ਅਪਹੁੰਚ! ਘਟਿ = ਸਰੀਰ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਤੂ ਪੂਰਿ ਰਹਿਆ = ਤੂੰ ਵਿਆਪਕ ਹੈਂ। ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ। ਅਭੇਉ = ਅ-ਭੇਉ, ਜਿਸ ਦਾ ਭੇਤ ਨਾਹ ਪਾਇਆ ਜਾ ਸਕੇ। ਅਗੰਮੁ = ਅਪਹੁੰਚ। ਬਚਨਿ = ਬਚਨ ਦੀ ਰਾਹੀਂ। ਗੁਰ ਬਚਨਿ = ਗੁਰੂ ਦੇ ਬਚਨ ਦੀ ਰਾਹੀਂ। ਲਹਿਆ = ਲੱਭ ਲਿਆ।

ਧਨੁ ਧੰਨੁ = ਧੰਨ ਹਨ ਧੰਨ ਹਨ, ਭਾਗਾਂ ਵਾਲੇ ਹਨ। ਤੇ ਜਨ = {ਬਹੁ-ਵਚਨ} ਉਹ ਮਨੁੱਖ। ਮਿਲਿ = ਮਿਲ ਕੇ। ਰਵੇ = ਚੇਤੇ ਕੀਤੇ, ਯਾਦ ਕੀਤੇ। ਬਿਬੇਕ = ਪਰਖ, ਚੰਗੇ ਮੰਦੇ ਦੀ ਪਰਖ। ਬਿਬੇਕ ਬੁਧਿ = ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ। ਬੀਚਾਰਿ = (ਪ੍ਰਭੂ ਦੇ ਗੁਣਾਂ ਨੂੰ) ਵਿਚਾਰ ਕੇ, ਮਨ ਵਿਚ ਵਸਾ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਖਿਨੁ ਖਿਨੁ = ਹਰੇਕ ਖਿਨ, ਹਰ ਵੇਲੇ। ਚਵੇ = ਉਚਾਰੇ।

ਜਾ = ਜਦੋਂ। ਬਹਹਿ = ਬਹਿੰਦੇ ਹਨ {ਬਹੁ-ਵਚਨ}। ਖੜੇ = ਖਲੋਤੇ ਹੋਏ ਹਨ। ਕਹਿਆ = ਸਿਮਰਿਆ। ਸੁਆਮੀ = ਮਾਲਕ।2।

ਅਰਥ: ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਦਾ) ਮਾਲਕ ਹੈਂ; ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ। ਹੇ ਭਾਈ! ਅਦ੍ਰਿਸ਼ਟ ਅਭੇਵ ਅਤੇ ਅਪਹੁੰਚ ਪ੍ਰਭੂ ਗੁਰੂ ਸਤਿਗੁਰੂ ਦੇ ਬਚਨ ਦੀ ਰਾਹੀਂ ਲੱਭ ਪੈਂਦਾ ਹੈ।

ਹੇ ਭਾਈ! ਉਹ ਪੂਰਨ ਪੁਰਖ ਭਾਗਾਂ ਵਾਲੇ ਹਨ ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਯਾਦ ਕੀਤੇ ਹਨ। ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿਨ ਸਿਮਰਦੇ ਰਹਿੰਦੇ ਹਨ।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ (ਕਿਤੇ) ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ, ਜਦੋਂ ਖਲੋਂਦੇ ਹਨ ਤਦੋਂ ਭੀ ਉਹ ਹਰਿ-ਨਾਮ ਹੀ ਉਚਾਰਦੇ ਹਨ (ਭਾਵ, ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ) ।

ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਜੀਵਾਂ ਦਾ) ਮਾਲਕ ਹੈਂ; ਅਤੇ ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।2।

ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥ ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥ ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥ ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥ ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥ ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥੩॥ {ਪੰਨਾ 1114-1115}

ਪਦ ਅਰਥ: ਸੇਵਹਿ = ਸੇਵਾ-ਭਗਤੀ ਕਰਦੇ ਹਨ, ਸਿਮਰਦੇ ਹਨ। ਤੇ = {ਬਹੁ-ਵਚਨ} ਉਹ ਮਨੁੱਖ। ਗੁਰਮਤਿ = ਗੁਰੂ ਦੀ ਮਤਿ ਉਤੇ ਤੁਰ ਕੇ। ਕੋਟਿ ਪਾਪ = ਕ੍ਰੋੜਾਂ ਪਾਪ। ਸਭਿ = ਸਾਰੇ। ਪਰਹਰਿ = ਦੂਰ ਕਰ ਕੇ।

ਦੋਖ = ਐਬ, ਔਗੁਣ। ਬਿਨਸੇ = ਨਾਸ ਹੋ ਜਾਂਦੇ ਹਨ। ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਇਕੁ = ਇਕ ਪਰਮਾਤਮਾ ਨੂੰ। ਸਫਲਿਓ = ਕਾਮਯਾਬ। ਸਭ = ਸਾਰਾ। ਕਰਤੈ = ਕਰਤਾਰ ਨੇ। ਬਚਨੀ = ਬਚਨਾਂ ਦੀ ਰਾਹੀਂ। ਸਚੁ = ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ। ਭਾਖਿਆ = ਉਚਾਰਿਆ, ਜਪਿਆ।

ਧੰਨੁ = ਭਾਗਾਂ ਵਾਲੇ। ਪੂਰੇ = ਸਭ ਗੁਣਾਂ ਵਾਲੇ। ਜਪਿ = ਜਪ ਕੇ। ਭਉ = ਭਉ ਸਾਗਰ, ਸੰਸਾਰ-ਸਮੁੰਦਰ। ਬਿਖਮੁ = ਔਖਾ ਤਰਿਆ ਜਾਣ ਵਾਲਾ। ਤਰੇ = ਪਾਰ ਲੰਘ ਗਏ।3।

ਅਰਥ: ਹੇ ਭਾਈ! ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਹਾਸਲ ਕਰਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ, ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗੁਣ ਨਾਸ ਹੋ ਗਏ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਿਆ, ਕਰਤਾਰ ਨੇ ਉਹਨਾਂ ਦਾ ਸਾਰਾ ਜਨਮ ਸਫਲ ਕਰ ਦਿੱਤਾ।

ਹੇ ਭਾਈ! ਉਹ ਮਨੁੱਖ ਭਾਗਾਂ ਵਾਲੇ ਹਨ, ਮਹਾ ਪੁਰਖ ਹਨ, ਗੁਣਾਂ ਦੇ ਭਾਂਡੇ ਹਨ, ਜਿਹੜੇ ਗੁਰੂ ਦੀ ਮਤਿ ਉਤੇ ਤੁਰ ਕੇ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਹੇ ਭਾਈ! ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਕਰਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ (ਪਰਮਾਤਮਾ ਨੇ ਉਹਨਾਂ ਦੇ ਸਾਰੇ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ) ।3।

TOP OF PAGE

Sri Guru Granth Darpan, by Professor Sahib Singh