ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1115 ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥ ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾ ॥ ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥ ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥ ਨਾਨਕ ਦਇਆਲੁ ਹੋਆ ਤਿਨ ਊਪਰਿ ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥ ਤੂ ਅੰਤਰਜਾਮੀ ਹਰਿ ਆਪਿ ਜਿਉ ਤੂ ਚਲਾਵਹਿ ਪਿਆਰੇ ਹਉ ਤਿਵੈ ਚਲਾ ॥੪॥੨॥ {ਪੰਨਾ 1115} ਪਦ ਅਰਥ: ਅੰਤਰਜਾਮੀ = {ANqr`-Xw} ਅੰਦਰ ਤਕ ਪਹੁੰਚ ਵਾਲਾ, ਅੰਦਰ ਦੀ ਜਾਣਨ ਵਾਲਾ। ਜਿਉ = ਜਿਉਂ, ਜਿਵੇਂ, ਜਿਸ ਤਰ੍ਹਾਂ। ਚਲਾਵਹਿ = ਜੀਵਨ-ਰਾਹ ਤੇ ਤੂੰ ਤੋਰਦਾ ਹੈਂ। ਹਉ = ਹਉਂ, ਮੈਂ। ਚਲਾ = ਚੱਲਾਂ, ਮੈਂ ਚੱਲਦਾ ਹਾਂ। ਹਾਥਿ = ਹੱਥ ਵਿਚ। ਜਾ = ਜਦੋਂ। ਆਇ = ਆ ਕੇ। ਮਿਲਾ = ਮਿਲਾਂ, ਮੈਂ ਮਿਲਦਾ ਹਾਂ। ਕਉ = ਨੂੰ। ਹਰਿ = ਹੇ ਹਰੀ! ਸੁਆਮੀ = ਹੇ ਸੁਆਮੀ! ਸਭੁ = ਸਾਰਾ। ਛੁਟਕਿ ਗਇਆ = ਮੁੱਕ ਗਿਆ, ਮੁੱਕ ਜਾਂਦਾ ਹੈ। ਗਣਤ = ਦੰਦ-ਕਥਾ, ਨੁਕਤਾ-ਚੀਨੀ, ਕਰਮਾਂ ਦੀ ਗਿਣਤੀ-ਵਿਚਾਰ। ਕੋ = ਕੋਈ ਧਿਰ। ਭਾਈ = ਹੇ ਭਾਈ! ਗੁਰ ਬਚਨੀ = ਗੁਰ ਬਚਨੀਂ, ਗੁਰੂ ਦੇ ਬਚਨਾਂ ਦੀ ਰਾਹੀਂ। ਨਾਨਕ = ਹੇ ਨਾਨਕ! ਭਲਾ = ਭਲਾ ਜਾਣ ਕੇ। ਭਾਣਾ = ਰਜ਼ਾ, ਹੁਕਮ।4। ਅਰਥ: ਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੁਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ। ਹੇ ਹਰੀ! ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ। ਜਦੋਂ ਤੂੰ (ਮੈਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ, ਤਦੋਂ (ਹੀ) ਮੈਂ ਆ ਕੇ ਮਿਲਦਾ ਹਾਂ। ਹੇ ਹਰੀ! ਹੇ ਸੁਆਮੀ! ਜਿਨ੍ਹਾਂ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜਦਾ ਹੈਂ, ਉਹਨਾਂ ਦੇ (ਪਿਛਲੇ ਕੀਤੇ ਕਰਮਾਂ ਦਾ) ਸਾਰਾ ਲੇਖ ਮੁੱਕ ਜਾਂਦਾ ਹੈ (ਉਹਨਾਂ ਦੇ ਅੰਦਰੋਂ ਪਿਛਲੇ ਕੀਤੇ ਸਾਰੇ ਮੰਦ ਕਰਮਾਂ ਦੇ ਸੰਸਕਾਰ ਮਿਟ ਜਾਂਦੇ ਹਨ) । ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਗੁਰੂ ਦੇ ਬਚਨਾਂ ਉਤੇ ਤੋਰ ਕੇ (ਆਪਣੇ ਨਾਲ) ਮਿਲਾਂਦਾ ਹੈ, ਕੋਈ ਭੀ ਧਿਰ ਉਹਨਾਂ ਦੇ (ਪਿਛਲੇ ਕਰਮਾਂ ਦੀ) ਵਿਚਾਰ ਨਾਹ ਕਰਿਓ (ਕਿਉਂਕਿ ਉਹਨਾਂ ਦੇ ਅੰਦਰੋਂ ਤਾਂ ਉਹ ਸਾਰੇ ਸੰਸਕਾਰ ਮਿਟ ਜਾਂਦੇ ਹਨ) । ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਦੇ ਹਨ, ਪਰਮਾਤਮਾ ਉਹਨਾਂ ਉੱਤੇ ਆਪ ਦਇਆਵਾਨ ਹੁੰਦਾ ਹੈ। ਹੇ ਹਰੀ! ਤੂੰ ਆਪ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਹੇ ਪਿਆਰੇ! ਜਿਵੇਂ ਤੂੰ (ਅਸਾਂ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ, ਮੈਂ ਉਸੇ ਤਰ੍ਹਾਂ ਹੀ ਤੁਰਦਾ ਹਾਂ।4।2। ਤੁਖਾਰੀ ਮਹਲਾ ੪ ॥ ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥ ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ ॥ ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥ ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥ ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥ ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥ {ਪੰਨਾ 1115} ਪਦ ਅਰਥ: ਜਗ ਜੀਵਨੁ = ਜਗਤ ਦਾ ਜੀਵਨ, ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ। ਜਗਦੀਸੁ = ਜਗਤ ਦਾ ਈਸ਼, ਜਗਤ ਦਾ ਮਾਲਕ। ਨਾਥੁ = ਖਸਮ। ਤੂ = ਤੈਨੂੰ। ਜਿਨ ਕੈ = ਜਿਨ੍ਹਾਂ ਦੇ ਭਾਗ ਵਿਚ। ਧੁਰਿ = ਧੁਰੋਂ, ਪ੍ਰਭੂ ਦੀ ਹਜ਼ੂਰੀ ਤੋਂ। ਲੇਖੁ = (ਸਿਮਰਨ ਦੇ ਸੰਸਕਾਰਾਂ ਦਾ) ਲੇਖ। ਮਾਥੁ = ਮੱਥਾ। ਜਿਨ ਕਉ = ਜਿਨ੍ਹਾਂ ਵਾਸਤੇ। ਨਿਮਖ = {inmy = } ਅੱਖ ਫਰਕਣ ਜਿਤਨਾ ਸਮਾ। ਸਭਿ ਪਾਪ = ਸਾਰੇ ਪਾਪ। ਗੁਰਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰ ਕੇ। ਜਾਪਿਆ = ਜਪਿਆ। ਤੇ ਜਨ = {ਬਹੁ-ਵਚਨ} ਉਹ ਬੰਦੇ। ਤਿਨ ਦੇਖੇ = ਉਹਨਾਂ ਨੂੰ ਵੇਖ ਕੇ, ਉਹਨਾਂ ਦਾ ਦਰਸਨ ਕਰ ਕੇ। ਹਉ = ਮੈਂ। ਸਨਾਥੁ = ਨਾਥ ਵਾਲਾ, ਖਸਮ ਵਾਲਾ।1। ਅਰਥ: ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ। ਹੇ ਪ੍ਰਭੂ! ਧੁਰ ਦਰਗਾਹ ਤੋਂ ਜਿਨ੍ਹਾਂ ਦੇ ਭਾਗਾਂ ਵਿਚ (ਹਰਿ-ਸਿਮਰਨ ਦੇ ਸੰਸਕਾਰਾਂ ਦਾ) ਲੇਖ ਲਿਖਿਆ ਹੋਇਆ ਹੈ, ਜਿਨ੍ਹਾਂ ਦਾ ਮੱਥਾ ਭਾਗਾਂ ਵਾਲਾ ਹੈ, ਉਹਨਾਂ ਨੇ ਤੈਨੂੰ ਸਿਮਰਿਆ ਹੈ। ਹੇ ਭਾਈ! ਉਹਨਾਂ ਨੇ ਮੇਰੇ ਰਾਮ ਨੂੰ ਸਿਮਰਿਆ ਹੈ। ਹੇ ਭਾਈ! ਮਾਲਕ-ਹਰੀ ਨੇ ਜਿਨ੍ਹਾਂ ਦੇ ਭਾਗਾਂ ਵਿਚੋਂ ਧੁਰੋਂ ਸਿਮਰਨ ਦਾ ਲੇਖ ਲਿਖ ਦਿੱਤਾ ਹੈ, ਉਹ (ਸਦਾ) ਹਰਿ-ਨਾਮ ਦਾ ਸਿਮਰਨ ਕਰਦੇ ਹਨ। ਹੇ ਭਾਈ! ਜਿਨ੍ਹਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਪਾਪ ਅੱਖ ਝਮਕਣ ਜਿਤਨੇ ਸਮੇ ਵਿਚ ਹੀ ਦੂਰ ਹੋ ਜਾਂਦੇ ਹਨ। ਹੇ ਭਾਈ! ਉਹ ਮਨੁੱਖ ਭਾਗਾਂ ਵਾਲੇ ਹਨ, ਮੁਬਾਰਿਕ ਹਨ, ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ। ਉਹਨਾਂ ਦਾ ਦਰਸਨ ਕਰ ਕੇ ਮੈਂ (ਭੀ) ਖਸਮ ਵਾਲਾ (ਅਖਵਾਣ ਜੋਗਾ) ਹੋ ਗਿਆ ਹਾਂ (ਕਿਉਂਕਿ ਮੈਂ ਭੀ ਖਸਮ-ਪ੍ਰਭੂ ਦਾ ਨਾਮ ਜਪਣ ਲੱਗ ਪਿਆ ਹਾਂ) । ਹੇ ਪ੍ਰਭੂ! ਤੂੰ ਜਗਤ ਦੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਾਰੀ (ਸ੍ਰਿਸ਼ਟੀ) ਦਾ ਪੈਦਾ ਕਰਨ ਵਾਲਾ ਹੈਂ, ਤੂੰ ਸ੍ਰਿਸ਼ਟੀ ਦਾ ਖਸਮ ਹੈਂ।1। ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥ ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥ ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥ ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥ ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ ॥ ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥ {ਪੰਨਾ 1115} ਪਦ ਅਰਥ: ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ {ਮਹੀ = ਧਰਤੀ। ਤਲਿ = ਤਲ ਉਤੇ} ਧਰਤੀ ਦੇ ਤਲ ਉਤੇ, ਪੁਲਾੜ ਵਿਚ। ਭਰਪੂਰਿ = ਵਿਆਪਕ। ਸਾਚੁ = ਸਦਾ ਕਾਇਮ ਰਹਿਣ ਵਾਲਾ। ਧਣੀ = ਮਾਲਕ। ਮਨਿ = ਮਨ ਵਿਚ। ਚੀਤਿ = ਚਿੱਤ ਵਿਚ। ਜਪਿ ਜਪਿ = ਮੁੜ ਮੁੜ ਜਪ ਕੇ। ਘਣੀ = ਬਹੁਤ ਲੁਕਾਈ। ਤੇ = ਉਹ {ਬਹੁ-ਵਚਨ}। ਮੁਕਤ = ਵਿਕਾਰਾਂ ਤੋਂ ਸੁਤੰਤਰ। ਤਿਨ ਕੇ ਮੁਖ = ਉਹਨਾਂ ਦੇ ਮੂੰਹ। ਊਜਲ = ਰੌਸ਼ਨ। ਦੁਆਰਿ = ਦੁਆਰੇ ਤੇ, ਦਰ ਤੇ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ} ਉਹ ਬੰਦੇ। ਹਲਤਿ = {A>} ਇਸ ਲੋਕ ਵਿਚ। ਪਲਤਿ = {pr>} ਪਰਲੋਕ ਵਿਚ। ਸੁਹੇਲੇ = ਸੁਖੀ। ਰਖਨਹਾਰਿ = ਰਖਨਹਾਰ ਨੇ, ਬਚਾਣ ਦੀ ਸਮਰਥਾ ਵਾਲੇ ਨੇ। ਭਾਈ = ਹੇ ਭਾਈ! ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ। ਸਫਲ = ਫਲ ਵਾਲੀ, ਕਾਮਯਾਬ।2। ਅਰਥ: ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉੱਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਪਰਮਾਤਮਾ ਦਾ ਨਾਮ (ਸਦਾ) ਜਪਿਆ (ਉਹ ਵਿਕਾਰਾਂ ਤੋਂ ਬਚ ਗਏ) । ਹੇ ਭਾਈ! ਪ੍ਰਭੂ ਦਾ ਨਾਮ ਮੁੜ ਮੁੜ ਜਪ ਕੇ ਬੇਅੰਤ ਲੁਕਾਈ ਮੁਕਤ ਹੋ ਜਾਂਦੀ ਹੈ। ਹੇ ਭਾਈ! ਜਿਹੜੇ ਪ੍ਰਾਣੀ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ (ਪ੍ਰਭੂ-ਦਰ ਤੇ ਉਹ ਆਦਰ-ਸਤਕਾਰ ਪ੍ਰਾਪਤ ਕਰਦੇ ਹਨ) । ਉਹ ਬੰਦੇ ਇਸ ਲੋਕ ਵਿਚ ਤੇ ਪਰਲੋਕ ਵਿਚ ਸੁਖੀ ਜੀਵਨ ਵਾਲੇ ਹੋ ਜਾਂਦੇ ਹਨ। ਬਚਾਣ ਦੀ ਸਮਰਥਾ ਵਾਲੇ ਪਰਮਾਤਮਾ ਨੇ ਉਹਨਾਂ ਨੂੰ ਆਪ (ਵਿਕਾਰਾਂ ਤੋਂ) ਬਚਾ ਲਿਆ ਹੁੰਦਾ ਹੈ। ਹੇ ਹਰੀ ਦੇ ਸੰਤ ਜਨੋਂ! ਹੇ ਸਾਧ ਸੰਗਤਿ! ਹੇ ਭਾਈ! ਸੁਣੋ = ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦੀ ਕੀਤੀ ਹੋਈ ਸੇਵਾ-ਭਗਤੀ ਕਾਮਯਾਬ ਹੁੰਦੀ ਹੈ। ਹੇ ਪ੍ਰਭੂ! ਤੂੰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈਂ, ਤੂੰ ਸਭ ਜੀਵਾਂ ਦੇ ਸਿਰ ਉਤੇ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ।2। ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥ ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ ॥ ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥ ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥ ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥ ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥ {ਪੰਨਾ 1115} ਪਦ ਅਰਥ: ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਰਵਿਆ = ਵਿਆਪਕ, ਮੌਜੂਦ। ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ, ਘਾਹ ਦੇ ਤੀਲੇ ਵਿਚ। ਤ੍ਰਿਭਵਣਿ = ਤਿੰਨ-ਭਵਨੀ ਜਗਤ ਵਿਚ। ਮੁਖਿ = ਮੂੰਹ ਨਾਲ। ਚਵਿਆ = ਉਚਾਰਿਆ। ਸਭਿ = ਸਾਰੇ ਜੀਵ। ਚਵਹਿ = ਉਚਾਰਦੇ ਹਨ। ਕਰਤੇ = ਕਰਤਾਰ ਦਾ। ਅਸੰਖ = ਜਿਨ੍ਹਾਂ ਦੀ ਸੰਖਿਆ ਨਹੀਂ ਹੋ ਸਕਦੀ, ਅਣ-ਗਿਣਤ। ਧਿਆਵਏ = ਧਿਆਵੈ, ਧਿਆਉਂਦੀ ਹੈ {ਇਕ-ਵਚਨ}। ਕਰਤੇ ਭਾਵਏ = ਕਰਤਾਰ ਨੂੰ ਪਿਆਰਾ ਲੱਗਦਾ ਹੈ। ਸਫਲੁ = ਕਾਮਯਾਬ। ਸੋ = ਉਹ ਮਨੁੱਖ। ਦਰਸਨੁ = (ਉਸ ਮਨੁੱਖ ਦਾ) ਦਰਸਨ। ਕਰਤੇ = ਹੇ ਕਰਤਾਰ! ਜਿਸੁ ਹਿਰਦੈ = ਜਿਸ ਦੇ ਹਿਰਦੇ ਵਿਚ। ਸਦ = ਸਦਾ। ਚਵਿਆ = ਉਚਾਰਿਆ। ਅਰਥ: ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ। ਹੇ ਪ੍ਰਭੂ! ਜੰਗਲ ਵਿਚ, ਘਾਹ ਦੇ ਤੀਲੇ ਵਿਚ, ਤ੍ਰਿਭਵਣੀ-ਜਗਤ ਵਿਚ = ਹਰ ਥਾਂ ਤੂੰ ਹੀ ਤੂੰ ਵੱਸ ਰਿਹਾ ਹੈਂ। ਹੇ ਭਾਈ! ਸਾਰੀ ਸ੍ਰਿਸ਼ਟੀ (ਭਾਵ, ਸਾਰੀ ਸ੍ਰਿਸ਼ਟੀ ਦੇ ਜੀਵ) ਆਪਣੇ ਮੂੰਹ ਨਾਲ ਹਰਿ-ਨਾਮ ਹੀ ਉਚਾਰ ਰਹੀ ਹੈ। ਹੇ ਭਾਈ! ਅਸੰਖਾਂ ਜੀਵ ਅਣਗਿਣਤ ਜੀਵ ਸਾਰੇ ਹੀ ਕਰਤਾਰ ਦਾ ਨਾਮ ਸਦਾ ਉਚਾਰ ਰਹੇ ਹਨ। ਹੇ ਭਾਈ! (ਸਾਰੀ ਸ੍ਰਿਸ਼ਟੀ) ਹਰੀ ਦਾ ਨਾਮ ਸਿਮਰ ਰਹੀ ਹੈ। ਹੇ ਭਾਈ! ਹਰੀ ਦਾ ਉਹ ਸੰਤ ਹਰੀ ਦਾ ਉਹ ਸਾਧੂ ਧੰਨ ਹੈ ਧੰਨ ਹੈ, ਜਿਹੜਾ ਹਰਿ-ਪ੍ਰਭੂ ਨੂੰ ਜਿਹੜਾ ਕਰਤਾਰ ਨੂੰ ਪਿਆਰਾ ਲੱਗਦਾ ਹੈ। ਹੇ ਕਰਤਾਰ! ਜਿਸ ਦੇ ਹਿਰਦੇ ਵਿਚ (ਤੂੰ ਵੱਸਦਾ ਹੈਂ) , ਜੋ ਸਦਾ (ਤੇਰਾ) ਨਾਮ ਉਚਾਰਦਾ ਹੈ, ਉਹ ਮਨੁੱਖ ਕਾਮਯਾਬ (ਜੀਵਨ ਵਾਲਾ) ਹੈ, (ਮੈਨੂੰ ਉਸ ਦਾ) ਦਰਸਨ ਬਖ਼ਸ਼। ਹੇ ਹਰੀ! ਹਰੇਕ ਥਾਂ ਵਿਚ ਇਕ ਤੂੰ ਹੀ ਤੂੰ ਮੌਜੂਦ ਹੈਂ।3। ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥ ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥ ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥ ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥ ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥ ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥ {ਪੰਨਾ 1115-1116} ਪਦ ਅਰਥ: ਭੰਡਾਰ = ਖ਼ਜ਼ਾਨੇ। ਅਸੰਖ = ਬੇਅੰਤ। ਸੁਆਮੀ = ਹੇ ਸੁਆਮੀ! ਜਿਸ ਕੈ ਮਸਤਕਿ = ਜਿਸ ਦੇ ਮੱਥੇ ਉੱਤੇ {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਗੁਰ ਹਾਥੁ = ਗੁਰੂ ਦਾ ਹੱਥ। ਟਿਕਹਿ = ਟਿਕ ਜਾਂਦੇ ਹਨ। ਤਿਸ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ। ਭਉ = ਡਰ-ਅਦਬ। ਭਾਵਨੀ = ਸਰਧਾ, ਪਿਆਰ। ਬਿਨੁ ਭੈ = ਡਰ-ਅਦਬ ਤੋਂ ਬਿਨਾ {ਸੰਬੰਧਕ ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਜਾਂਦਾ ਹੈ}। ਨਾਨਕ = ਹੇ ਨਾਨਕ! ਤਿਸਹਿ = ਉਸ (ਮਨੁੱਖ) ਨੂੰ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।4। ਅਰਥ: ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ। ਹੇ ਭਾਈ! ਜਿਸ (ਮਨੁੱਖ) ਦੇ ਮੱਥੇ ਉਤੇ ਗੁਰੂ ਦਾ ਹੱਥ ਹੋਵੇ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ। ਹੇ ਭਾਈ! ਜਿਸ (ਮਨੁੱਖ) ਦੇ ਅੰਦਰ (ਪਰਮਾਤਮਾ ਦਾ) ਡਰ ਅਦਬ ਹੈ (ਪਰਮਾਤਮਾ ਵਾਸਤੇ) ਸਰਧਾ-ਪਿਆਰ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਟਿਕੇ ਰਹਿੰਦੇ ਹਨ। ਹੇ ਭਾਈ! ਪਰਮਾਤਮਾ ਦੇ ਡਰ-ਅਦਬ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਪਰਮਾਤਮਾ ਦਾ) ਪ੍ਰੇਮ ਪ੍ਰਾਪਤ ਨਹੀਂ ਕੀਤਾ। ਕੋਈ ਭੀ ਮਨੁੱਖ (ਪਰਮਾਤਮਾ ਦੇ) ਡਰ-ਅਦਬ ਤੋਂ ਬਿਨਾ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕਿਆ (ਕੋਈ ਭੀ ਵਿਕਾਰਾਂ ਤੋਂ ਬਚ ਨਹੀਂ ਸਕਿਆ) । ਹੇ ਨਾਨਕ! (ਆਖ– ਹੇ ਪ੍ਰਭੂ!) ਉਸੇ ਮਨੁੱਖ ਦੇ ਹਿਰਦੇ ਵਿਚ ਤੇਰਾ ਡਰ-ਅਦਬ ਤੇਰਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ ਜਿਸ ਉੱਤੇ ਆਪਣੀ ਮਿਹਰ ਕਰਦਾ ਹੈਂ। ਹੇ ਮੇਰੇ ਸੁਆਮੀ! (ਤੇਰੇ ਘਰ ਵਿਚ) ਤੇਰੇ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ, (ਪਰ ਇਹ ਖ਼ਜ਼ਾਨੇ) ਉਸ (ਮਨੁੱਖ) ਨੂੰ ਮਿਲਦੇ ਹਨ ਜਿਸ ਨੂੰ ਤੂੰ (ਆਪ) ਦੇਂਦਾ ਹੈਂ।4।3। |
Sri Guru Granth Darpan, by Professor Sahib Singh |