ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1116 ਤੁਖਾਰੀ ਮਹਲਾ ੪ ॥ ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥ ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥ ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥ ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥ ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥ ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥੧॥ {ਪੰਨਾ 1116} ਪਦ ਅਰਥ: ਨਾਵਣੁ = {ਨਾਵ, ਕਰਤਾ ਕਾਰਕ, ਇਕ-ਵਚਨ} ਇਸ਼ਨਾਨ, ਤੀਰਥ-ਇਸ਼ਨਾਨ। ਪੁਰਬੁ = {pvLn`} ਪਵਿੱਤਰ ਦਿਨ, ਚਾਨਣੇ ਪੱਖ ਦੀ ਪਹਿਲੀ, ਪੂਰਨਮਾਸ਼ੀ। ਅਭੀਚੁ = {AiBijq` = ਪੂਰਨ ਜਿੱਤ ਦੇਣ ਵਾਲਾ} ਉਹ ਲਗਨ ਜੋ ਕਿਤੇ ਪੈਂਡੇ ਪੈਣ ਵਾਸਤੇ ਸ਼ੁਭ ਸਮਝਿਆ ਜਾਂਦਾ ਹੈ। ਪੁਰਬੁ ਅਭੀਚੁ = ਉਹ ਪਵਿੱਤਰ ਦਿਨ ਜਦੋਂ ਤੀਰਥ-ਇਸ਼ਨਾਨ ਵੈਰੀਆਂ ਉੱਤੇ ਜਿੱਤ ਦੇਣ ਵਾਲਾ ਮੰਨਿਆ ਜਾਂਦਾ ਹੈ। ਗੁਰ ਸਤਿਗੁਰ ਦਰਸੁ = ਗੁਰੂ ਦਾ ਸਤਿਗੁਰੂ ਦਾ ਦਰਸਨ। ਦੁਰਮਤਿ ਮੈਲੁ = ਖੋਟੀ ਮਤਿ ਦੀ ਮੈਲ। ਹਰੀ = {Taken away} ਦੂਰ ਹੋ ਗਈ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰੁ = ਹਨੇਰਾ। ਅੰਤਰਿ = ਅੰਦਰ। ਪ੍ਰਗਾਸੀ = ਪਰਗਟ ਹੋ ਗਈ। ਜੋਤਿ ਪ੍ਰਗਾਸੀ = ਜੋਤਿ ਨੇ ਪਰਕਾਸ਼ ਕੀਤਾ। ਜਨਮ ਮਰਣ ਦੁਖ = ਜਨਮ ਮਰਨ ਦੇ ਦੁੱਖ। ਬਿਨਸੇ = ਨਾਸ ਹੋ ਗਏ। ਅਬਿਨਾਸੀ = ਨਾਸ-ਰਹਿਤ। ਆਪਿ ਕਰਤੈ = ਕਰਤਾਰ ਨੇ ਆਪ। ਕੀਆ = ਕੀਤਾ। ਕੁਲਖੇਤਿ = ਕੁਲਖੇਤ ਤੇ। ਨਾਵਣਿ = {ਲਫ਼ਜ਼ 'ਨਾਵਣ' ਤੋਂ ਅਧਿਕਰਣ ਕਾਰਕ, ਇਕ-ਵਚਨ} ਨਾਵਣ ਤੇ, ਨਾਵਣ (ਦੇ ਮੌਕੇ) ਤੇ, ਤੀਰਥ-ਇਸ਼ਨਾਨ ਦੇ ਸਮੇ ਤੇ।1। ਅਰਥ: ਹੇ ਭਾਈ! (ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸ਼ਨ ਹੋ ਗਿਆ, (ਇਹ ਗੁਰ-ਦਰਸ਼ਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ। (ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਦੀ) ਖੋਟੀ ਮਤਿ ਦੀ ਮੈਲ ਕੱਟੀ ਜਾਂਦੀ ਹੈ, (ਉਸ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ ਵਾਲਾ ਹਨੇਰਾ ਦੂਰ ਹੋ ਜਾਂਦਾ ਹੈ। ਹੇ ਭਾਈ! (ਜਿਸ ਮਨੁੱਖ ਨੇ) ਗੁਰੂ ਦਾ ਦਰਸਨ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਅਗਿਆਨ (-ਹਨੇਰਾ) ਦੂਰ ਕਰ ਲਿਆ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਨੇ ਆਪਣਾ ਪਰਕਾਸ਼ ਕਰ ਦਿੱਤਾ, (ਗੁਰੂ ਦੇ ਦਰਸਨ ਦੀ ਬਰਕਤਿ ਨਾਲ ਉਸ ਮਨੁੱਖ ਨੇ) ਅਬਿਨਾਸ਼ੀ ਪ੍ਰਭੂ (ਦਾ ਮਿਲਾਪ) ਹਾਸਲ ਕਰ ਲਿਆ, ਉਸ ਮਨੁੱਖ ਦੇ ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਗਏ। ਹੇ ਭਾਈ! ਗੁਰੂ (ਅਮਰਦਾਸ ਅਭੀਚ ਪੁਰਬ ਦੇ) ਤੀਰਥ-ਇਸ਼ਨਾਨ (ਦੇ ਸਮੇ) ਤੇ ਕੁਲਖੇਤ ਤੇ ਗਿਆ, ਹਰੀ ਨੇ ਕਰਤਾਰ ਨੇ ਆਪ (ਗੁਰੂ ਦੇ ਜਾਣ ਦੇ ਇਸ ਉੱਦਮ ਨੂੰ ਉਥੇ ਇਕੱਠੇ ਹੋਏ ਲੋਕਾਂ ਵਾਸਤੇ) ਪਵਿੱਤਰ ਦਿਹਾੜਾ ਬਣਾ ਦਿੱਤਾ। ਹੇ ਭਾਈ! (ਜਿਸ ਮਨੁੱਖ ਨੂੰ) ਗੁਰੂ ਦਾ ਸਤਿਗੁਰੂ ਦਾ ਦਰਸਨ ਹੋ ਗਿਆ, (ਇਹ ਗੁਰ-ਦਰਸਨ ਉਸ ਮਨੁੱਖ ਵਾਸਤੇ) ਤੀਰਥ-ਇਸ਼ਨਾਨ ਹੈ, (ਉਸ ਮਨੁੱਖ ਵਾਸਤੇ) ਅਭੀਚ (ਨਛੱਤ੍ਰ ਦਾ) ਪਵਿੱਤਰ ਦਿਹਾੜਾ ਹੈ।1। ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥ ਅਨਦਿਨੁ ਭਗਤਿ ਬਣੀ ਖਿਨੁ ਖਿਨੁ ਨਿਮਖ ਵਿਖਾ ॥ ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥ ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥ ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥ ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥੨॥ {ਪੰਨਾ 1116} ਪਦ ਅਰਥ: ਮਾਰਗਿ = ਮਾਰਗ ਉਤੇ, ਰਸਤੇ ਤੇ। ਪੰਥਿ = ਰਸਤੇ ਤੇ, ਰਾਹ ਤੇ। ਗੁਰ ਸੰਗਿ = ਗੁਰੂ ਦੇ ਨਾਲ। ਸਿਖਾ = ਅਨੇਕਾਂ ਸਿੱਖ। ਅਨਦਿਨੁ = ਹਰ ਰੋਜ਼, ਹਰ ਵੇਲੇ। ਬਣੀ = ਬਣੀ ਰਹਿੰਦੀ ਸੀ। ਖਿਨੁ ਖਿਨੁ = ਹਰੇਕ ਖਿਨ। ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਵਿਖਾ = ਕਦਮ। ਨਿਮਖ ਨਿਮਖ = ਹਰੇਕ ਨਿਮਖ ਵਿਚ। ਵਿਖਾ ਵਿਖਾ = ਹਰੇਕ ਕਦਮ ਤੇ। ਕੇਰੀ = ਦੀ। ਸਭੁ ਲੋਕ = ਸਾਰੀ ਲੁਕਾਈ, ਬਹੁਤ ਲੁਕਾਈ। ਤੀਰਥ ਉਦਮੁ = ਤੀਰਥਾਂ ਤੇ ਜਾਣ ਦਾ ਉੱਦਮ। ਅਰਥਾ = ਵਾਸਤੇ। ਉਧਰਣ ਅਰਥਾ = ਬਚਾਣ ਵਾਸਤੇ, ਕੁਰਾਹੇ ਪਏ ਰਹਿਣ ਤੋਂ ਬਚਾਣ ਲਈ।2। ਅਰਥ: ਹੇ ਭਾਈ! ਅਨੇਕਾਂ ਸਿੱਖ ਗੁਰੂ (ਅਮਰਦਾਸ ਜੀ) ਦੇ ਨਾਲ ਉਸ ਲੰਮੇ ਪੈਂਡੇ ਵਿਚ ਗਏ। ਹੇ ਭਾਈ! ਹਰੇਕ ਖਿਨ, ਨਿਮਖ ਨਿਮਖ, ਕਦਮ ਕਦਮ ਤੇ ਹਰ ਰੋਜ਼ ਪਰਮਾਤਮਾ ਦੀ ਭਗਤੀ (ਦਾ ਅਵਸਰ) ਬਣਿਆ ਰਹਿੰਦਾ ਸੀ। ਹੇ ਭਾਈ! (ਉਸ ਸਾਰੇ ਪੈਂਡੇ ਵਿਚ) ਸਦਾ ਪਰਮਾਤਮਾ ਦੀ ਭਗਤੀ ਦਾ ਉੱਦਮ ਬਣਿਆ ਰਹਿੰਦਾ ਸੀ, ਬਹੁਤ ਲੁਕਾਈ (ਗੁਰੂ ਦਾ) ਦਰਸਨ ਕਰਨ ਆਉਂਦੀ ਸੀ। ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਗੁਰੂ ਦਾ ਦਰਸਨ ਕੀਤਾ, ਪਰਮਾਤਮਾ ਨੇ ਆਪ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ (ਭਾਵ, ਜਿਹੜੇ ਮਨੁੱਖ ਗੁਰੂ ਦਾ ਦਰਸਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ) । ਹੇ ਭਾਈ! (ਤੀਰਥਾਂ ਉਤੇ ਇਕੱਠੀ ਹੋਈ) ਸਾਰੀ ਲੁਕਾਈ ਨੂੰ (ਗ਼ਲਤ ਰਸਤੇ ਤੋਂ) ਬਚਾਣ ਲਈ ਸਤਿਗੁਰੂ ਨੇ ਤੀਰਥਾਂ ਉਤੇ ਜਾਣ ਦਾ ਉੱਦਮ ਕੀਤਾ ਸੀ। ਸਤਿਗੁਰੂ ਦੇ ਨਾਲ ਅਨੇਕਾਂ ਸਿੱਖ ਉਸ ਲੰਮੇ ਪੈਂਡੇ ਵਿਚ ਗਏ (ਸਨ) ।2। ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥ ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥ ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥ ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥ ਜੋਗੀ ਦਿਗੰਬਰ ਸੰਨਿਆਸੀ ਖਟੁ ਦਰਸਨ ਕਰਿ ਗਏ ਗੋਸਟਿ ਢੋਆ ॥ ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ ॥੩॥ {ਪੰਨਾ 1116} ਪਦ ਅਰਥ: ਪ੍ਰਥਮ = ਪਹਿਲਾਂ। ਕੁਲਖੇਤਿ = ਕੁਲਖੇਤ ਤੇ। ਗੁਰ ਪੁਰਬੁ = ਗੁਰੂ ਦਾ ਪਵਿੱਤਰ ਦਿਹਾੜਾ, ਗੁਰੁ ਦੇ ਕੁਲਖੇਤ ਆਉਣ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ। ਹੋਆ = ਹੋ ਗਿਆ, ਬਣ ਗਿਆ। ਸੰਸਾਰਿ = ਸੰਸਾਰ ਵਿਚ। ਤ੍ਰੈ ਲੋਆ = ਤਿੰਨੇ ਲੋਕ, ਤਿੰਨਾਂ ਲੋਕਾਂ ਦੇ ਜੀਵ, ਬੇਅੰਤ ਲੋਕ। ਤੀਨਿ ਲੋਕ = (ਧਰਤੀ ਆਕਾਸ਼ ਪਾਤਾਲ) ਤਿੰਨੇ ਲੋਕ, ਬੇਅੰਤ ਲੋਕ। ਸੁਰਿ ਨਰ = ਦੈਵੀ ਸੁਭਾਵ ਵਾਲੇ ਮਨੁੱਖ। ਮੁਨਿ ਜਨ = ਅਨੇਕਾਂ ਰਿਸ਼ੀ-ਸੁਭਾਵ ਬੰਦੇ। ਸਭਿ = ਸਾਰੇ। ਪਰਸਿਆ = (ਦਰਸਨ) ਪਰਸਿਆ, ਦਰਸਨ ਕੀਤਾ। ਕਿਲਵਿਖ = ਪਾਪ। ਦਿਗੰਬਰ = {ਦਿਗ = ਦਿਸ਼ਾ। ਅੰਬਰ = ਬਸਤ੍ਰ, ਕੱਪੜੇ। ਚਾਰੇ ਹੀ ਦਿਸ਼ਾ ਜਿਨ੍ਹਾਂ ਦੇ ਪਹਿਨਣ ਵਾਲੇ ਕੱਪੜੇ ਹਨ} ਨਾਂਗੇ। ਖਟੁ = ਛੇ। ਦਰਸਨ = ਭੇਖ। ਖਟੁ ਦਰਸਨੁ = ਛੇ ਭੇਖ, (ਜੋਗੀ, ਸੰਨਿਆਸੀ, ਜੰਗਮ, ਬੋਧੀ, ਸਰੇਵੜੇ, ਬੈਰਾਗੀ) ਛਿਆਂ ਭੇਖਾਂ ਦੇ ਸਾਧੂ। ਗੋਸਟਿ = ਚਰਚਾ, ਵਿਚਾਰ। ਢੋਆ = ਭੇਟਾ।3। ਅਰਥ: ਹੇ ਭਾਈ! ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ। ਸੰਸਾਰ ਵਿਚ (ਭਾਵ, ਦੂਰ ਦੂਰ ਤਕ) (ਸਤਿਗੁਰੂ ਜੀ ਦੇ ਕੁਲੇਖਤ ਆਉਣ ਦੀ) ਖ਼ਬਰ ਹੋ ਗਈ, ਬੇਅੰਤ ਲੋਕ (ਦਰਸਨ ਕਰਨ ਲਈ) ਆ ਗਏ। ਹੇ ਭਾਈ! (ਗੁਰੂ ਅਮਰਦਾਸ ਜੀ ਦਾ) ਦਰਸਨ ਕਰਨ ਲਈ ਬਹੁਤ ਲੋਕ ਆ ਪਹੁੰਚੇ। ਦੈਵੀ ਸੁਭਾਵ ਵਾਲੇ ਮਨੁੱਖ, ਰਿਸ਼ੀ ਸੁਭਾਵ ਵਾਲੇ ਮਨੁੱਖ ਬਹੁਤ ਆ ਇਕੱਠੇ ਹੋਏ। ਹੇ ਭਾਈ! ਜਿਨ੍ਹਾਂ (ਵਡਭਾਗੀ ਮਨੁੱਖਾਂ) ਨੇ ਪੂਰੇ ਗੁਰੂ ਸਤਿਗੁਰੂ ਦਾ ਦਰਸਨ ਕੀਤਾ, ਉਹਨਾਂ ਦੇ (ਪਿਛਲੇ ਸਾਰੇ) ਪਾਪ ਨਾਸ ਹੋ ਗਏ। ਹੇ ਭਾਈ! ਜੋਗੀ, ਨਾਂਗੇ, ਸੰਨਿਆਸੀ (ਸਾਰੇ ਹੀ) ਛੇ ਭੇਖਾਂ ਦੇ ਸਾਧੂ (ਦਰਸਨ ਕਰਨ ਆਏ) । ਕਈ ਕਿਸਮ ਦੀ ਪਰਸਪਰ ਸ਼ੁਭ ਵਿਚਾਰ (ਉਹ ਸਾਧੂ ਲੋਕ ਆਪਣੇ ਵੱਲੋਂ ਗੁਰੂ ਦੇ ਦਰ ਤੇ) ਭੇਟਾ ਪੇਸ਼ ਕਰ ਕੇ ਗਏ। ਹੇ ਭਾਈ! ਗੁਰੂ (ਅਮਰਦਾਸ) ਜੀ ਪਹਿਲਾਂ ਕੁਲਖੇਤ (ਕੁਰੂਖੇਤ੍ਰ) ਤੇ ਪਹੁੰਚੇ। (ਉਥੋਂ ਦੇ ਲੋਕਾਂ ਵਾਸਤੇ ਉਹ ਦਿਨ) ਗੁਰੂ ਸਤਿਗੁਰੂ ਨਾਲ ਸੰਬੰਧ ਰੱਖਣ ਵਾਲਾ ਪਵਿੱਤਰ ਦਿਨ ਬਣ ਗਿਆ।3। ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥ ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥ ਸਭ ਛੁਟੀ ਸਤਿਗੁਰੂ ਪਿਛੈ ਜਿਨਿ ਹਰਿ ਹਰਿ ਨਾਮੁ ਧਿਆਇਆ ॥ ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥ ਸਭ ਗੁਰੂ ਗੁਰੂ ਜਗਤੁ ਬੋਲੈ ਗੁਰ ਕੈ ਨਾਇ ਲਇਐ ਸਭਿ ਛੁਟਕਿ ਗਇਆ ॥ ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥੪॥ {ਪੰਨਾ 1116} ਪਦ ਅਰਥ: ਦੁਤੀਆ = ਦੂਜੇ ਥਾਂ, ਫਿਰ। ਜਮੁਨ = ਜਮੁਨਾ (ਨਦੀ) ਤੇ। ਗੁਰਿ = ਗੁਰੂ (ਅਮਰਦਾਸ ਜੀ) ਨੇ। ਜਾਗਾਤੀ = ਮਸੂਲੀਏ, ਸਰਕਾਰੀ ਮਸੂਲ ਉਗਰਾਹੁਣ ਵਾਲੇ। ਦੇ = ਦੇ ਕੇ। ਗੁਰ ਪਿਛੈ = ਗੁਰੂ ਦੇ ਅਨੁਸਾਰ ਤੁਰਨ ਵਾਲਿਆਂ ਨੂੰ। ਸਭ = ਸਾਰੀ ਲੁਕਾਈ। ਛੁਟੀ = (ਮਸੂਲ ਦੇਣ ਤੋਂ) ਬਚ ਗਈ। ਜਿਨਿ = ਜਿਸ (ਜਿਸ) ਨੇ। ਗੁਰ ਬਚਨਿ = ਗੁਰੂ ਦੇ ਹੁਕਮ ਉਤੇ। ਗੁਰ ਮਾਰਗਿ = ਗੁਰੂ ਦੇ ਦੱਸੇ ਰਸਤੇ ਉਤੇ। ਗੁਰ ਪੰਥਿ = ਗੁਰੂ ਦੇ ਰਾਹ ਉਤੇ। ਜੋ ਚਾਲੇ = ਜਿਹੜੇ (ਮਨੁੱਖ) ਤੁਰੇ। ਤਿਨ ਨੇੜਿ = ਉਹਨਾਂ ਦੇ ਨੇੜੇ। ਜਮੁ ਜਾਗਾਤੀ = ਮਸੂਲੀਆ ਜਮਰਾਜ। ਸਭ ਜਗਤੁ = ਸਾਰੀ ਦੁਨੀਆ, ਸਾਰੀ ਲੁਕਾਈ। ਨਾਇ ਲਇਐ = ਜੇ ਨਾਮ ਲਿਆ ਜਾਏ। ਸਭਿ = ਸਾਰੇ ਜੀਵ। ਛੁਟਕਿ ਗਇਆ = (ਜਮ ਜਾਗਾਤੀ ਦੀ ਧੌਂਸ ਤੋਂ) ਬਚ ਗਏ।4। ਅਰਥ: ਹੇ ਭਾਈ! ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ। (ਜਾਤ੍ਰੀਆਂ ਪਾਸੋਂ) ਸਰਕਾਰੀ ਮਸੂਲ ਉਗਰਾਹੁਣ ਵਾਲੇ ਭੀ ਭੇਟਾ ਰੱਖ ਕੇ (ਸਤਿਗੁਰੂ ਜੀ ਨੂੰ) ਮਿਲੇ। ਆਪਣੇ ਆਪ ਨੂੰ ਗੁਰੂ ਦਾ ਸਿੱਖ ਆਖਣ ਵਾਲੇ ਸਭਨਾਂ ਨੂੰ (ਉਹਨਾਂ ਮਸੂਲੀਆਂ ਨੇ ਬਿਨਾ ਮਸੂਲ ਲਏ) ਪਾਰ ਲੰਘਾ ਦਿੱਤਾ। ਗੁਰੂ ਦੇ ਪਿੱਛੇ ਤੁਰਨ ਵਾਲੀ ਸਾਰੀ ਲੁਕਾਈ ਮਸੂਲ ਭਰਨ ਤੋਂ ਬਚ ਗਈ। (ਇਸੇ ਤਰ੍ਹਾਂ) ਹੇ ਭਾਈ! ਜਿਸ ਜਿਸ ਨੇ ਪਰਮਾਤਮਾ ਦਾ ਨਾਮ ਸਿਮਰਿਆ, ਜਿਹੜੇ ਮਨੁੱਖ ਗੁਰੂ ਦੇ ਬਚਨ ਉੱਤੇ ਤੁਰਦੇ ਹਨ, ਗੁਰੂ ਦੇ ਦੱਸੇ ਰਸਤੇ ਉਤੇ ਤੁਰਦੇ ਹਨ, ਜਮਰਾਜ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਆਉਂਦਾ। ਹੇ ਭਾਈ! (ਜਿਹੜੀ) ਲੁਕਾਈ ਗੁਰੂ ਦਾ ਆਸਰਾ ਲੈਂਦੀ ਹੈ, (ਜਮਰਾਜ ਮਸੂਲੀਆ ਉਸ ਦੇ ਨੇੜੇ ਨਹੀਂ ਆਉਂਦਾ) । ਹੇ ਭਾਈ! ਜੇ ਗੁਰੂ ਦਾ ਨਾਮ ਲਿਆ ਜਾਏ (ਜੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆ ਜਾਏ) ਤਾਂ (ਨਾਮ ਲੈਣ ਵਾਲੇ) ਸਾਰੇ (ਜਮ ਜਾਗਾਤੀ ਦੀ ਧੌਂਸ ਤੋਂ) ਬਚ ਜਾਂਦੇ ਹਨ। ਹੇ ਭਾਈ! ਫਿਰ (ਗੁਰੂ ਅਮਰਦਾਸ ਜੀ) ਜਮੁਨਾ ਨਦੀ ਤੇ ਪਹੁੰਚੇ। ਸਤਿਗੁਰੂ ਜੀ ਨੇ (ਉਥੇ ਭੀ) ਪਰਮਾਤਮਾ ਦਾ ਨਾਮ ਹੀ ਜਪਿਆ-ਜਪਾਇਆ।4। ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥ ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥ ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥ ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥ ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥੫॥ {ਪੰਨਾ 1116} ਪਦ ਅਰਥ: ਤ੍ਰਿਤੀਆ = (ਦੋ ਥਾਵਾਂ ਤੇ ਹੋ ਕੇ) ਤੀਜੇ ਥਾਂ। ਸੁਰਸਰੀ = ਗੰਗਾ। ਤਹ = ਉਥੇ (ਗੰਗਾ ਤੇ) । ਕਉਤਕੁ = ਤਮਾਸ਼ਾ। ਚਲਤੁ = ਅਜਬ ਖੇਡ। ਸਭ = ਸਾਰੀ ਲੁਕਾਈ। ਮੋਹੀ = ਮਸਤ ਹੋ ਗਈ। ਦੇਖਿ = ਵੇਖ ਕੇ। ਦਰਸਨੁ ਗੁਰ ਸੰਤ = ਗੁਰੂ-ਸੰਤ ਦਾ ਦਰਸਨ। ਕਿਨੈ = ਕਿਸੇ (ਭੀ ਮਸੂਲੀਏ) ਨੇ। ਆਢੁ ਦਾਮੁ = ਅੱਧੀ ਕੌਡੀ। ਬੋਲਕ = (ਮਸੂਲੀਆਂ ਦੀਆਂ) ਗੋਲਕਾਂ ਵਿਚ। ਮੁੰਦਣਿ = (ਦੰਦਣ ਵਾਂਗ) ਮੂੰਹ ਬੰਦ ਹੋ ਜਾਣਾ। ਮੋਹਣ ਮੁੰਦਣਿ = ਇਉਂ ਮੋਹੇ ਗਏ ਕਿ ਮੂੰਹੋਂ ਬੋਲਣ ਜੋਗੇ ਨਾਹ ਰਹੇ। ਹਮ ਕਿਆ ਕਰਹ = ਅਸੀਂ ਕੀਹ ਕਰੀਏ? ਮਾਂਗਹ = ਅਸੀਂ ਮੰਗੀਏ। ਸਭ = ਸਾਰੀ ਲੁਕਾਈ। ਭਾਗਿ = ਭੱਜ ਕੇ। ਸਤਿਗੁਰ ਪਿਛੈ ਪਈ = ਗੁਰੂ ਦੀ ਸਰਨ ਜਾ ਪਈ ਹੈ। ਕਰਿ ਵੀਚਾਰੁ = ਵਿਚਾਰ ਕੇ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਕਈ ਇਲਾਜ, ਕਈ ਹੀਲੇ (ਸੋਚੇ) । ਸਭਿ = ਸਾਰੇ (ਜਾਗਾਤੀ) । ਉਠਿ = ਉੱਠ ਕੇ।5। ਅਰਥ: ਹੇ ਭਾਈ! (ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਕ ਅਜਬ ਤਮਾਸ਼ਾ ਹੋਇਆ। ਸੰਤ-ਗੁਰੂ (ਅਮਰਦਾਸ ਜੀ) ਦਾ ਦਰਸਨ ਕਰ ਕੇ ਸਾਰੀ ਲੁਕਾਈ ਮਸਤ ਹੋ ਗਈ। ਕਿਸੇ (ਭੀ ਮਸੂਲੀਏ) ਨੇ (ਕਿਸੇ ਭੀ ਜਾਤ੍ਰੂ ਪਾਸੋਂ) ਅੱਧੀ ਕੌਡੀ (ਮਸੂਲ ਭੀ) ਵਸੂਲ ਨਾਹ ਕੀਤਾ। ਹੇ ਭਾਈ! (ਮਸੂਲੀਆਂ ਦੀਆਂ) ਗੋਲਕਾਂ ਵਿਚ ਅੱਧੀ ਕੌਡੀ ਭੀ ਮਸੂਲ ਨਾਹ ਪਿਆ। ਮਸੂਲੀਏ ਇਉਂ ਹੈਰਾਨ ਜਿਹੇ ਹੋ ਕੇ ਬੋਲਣ ਜੋਗੇ ਨਾਹ ਰਹੇ, (ਆਖਣ ਲੱਗੇ) = ਹੇ ਭਾਈ! ਅਸੀਂ (ਹੁਣ) ਕੀਹ ਕਰੀਏ? ਅਸੀਂ ਕਿਸ ਪਾਸੋਂ (ਮਸੂਲ) ਮੰਗੀਏ? ਇਹ ਸਾਰੀ ਹੀ ਲੁਕਾਈ ਭੱਜ ਕੇ ਗੁਰੂ ਦੀ ਸਰਨ ਜਾ ਪਈ ਹੈ (ਤੇ, ਜਿਹੜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਦੱਸ ਰਹੇ ਹਨ, ਉਹਨਾਂ ਪਾਸੋਂ ਅਸੀਂ ਮਸੂਲ ਲੈ ਨਹੀਂ ਸਕਦੇ) । ਹੇ ਭਾਈ! ਮਸੂਲੀਆਂ ਨੇ ਕਈ ਹੀਲੇ ਸੋਚੇ, ਕਈ ਸੋਚਾਂ ਸੋਚੀਆਂ, (ਆਖ਼ਿਰ ਉਹਨਾਂ ਨੇ) ਵਿਚਾਰ ਕਰ ਕੇ ਵੇਖ ਲਿਆ (ਕਿ ਮਸੂਲ ਉਗਰਾਹੁਣ ਵਿਚ ਸਾਡੀ ਪੇਸ਼ ਨਹੀਂ ਜਾ ਸਕਦੀ) , ਆਪਣੀਆਂ ਗੋਲਕਾਂ ਬੰਦ ਕਰ ਕੇ ਉਹ ਸਾਰੇ ਉੱਠ ਕੇ ਚਲੇ ਗਏ। ਹੇ ਭਾਈ! (ਦੋ ਤੀਰਥਾਂ ਤੇ ਹੋ ਕੇ ਸਤਿਗੁਰੂ ਅਮਰਦਾਸ ਜੀ) ਤੀਜੇ ਥਾਂ ਗੰਗਾ ਪਹੁੰਚੇ। ਉਥੇ ਇਕ ਅਜਬ ਤਮਾਸ਼ਾ ਹੋਇਆ।5। |
Sri Guru Granth Darpan, by Professor Sahib Singh |