ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1117 ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥ ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥ ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮਿ ਕਰਿ ਗੁਰ ਗੋਵਿਦੁ ਧਿਆਇਆ ॥ ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥ ਕੀਰਤਨ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥ ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥੬॥੪॥੧੦॥ {ਪੰਨਾ 1117} ਪਦ ਅਰਥ: ਮਿਲਿ = ਮਿਲ ਕੇ। ਮਹਾ ਜਾਨਾ = ਮਹਾ ਜਨਾਂ, ਵੱਡੇ ਬੰਦੇ, ਤੁਰਨੇ-ਸਿਰ ਬੰਦੇ। ਨਗਰ ਮਹਾ ਜਨਾ = ਨਗਰ ਦੇ ਤੁਰਨੇ-ਸਿਰ ਮਨੁੱਖ। ਓਟ = ਸਰਨ। ਗਹੀ = ਫੜੀ। ਪੁਛਿ = (ਗੁਰੂ ਨੂੰ) ਪੁੱਛ ਕੇ। ਸਹੀ ਕੀਤਾ = ਨਿਰਨਾ ਕੱਢਿਆ। ਗੁਰੁ ਸਤਿਗੁਰੁ ਗੁਰੁ ਗੋਵਿੰਦ ਸਿਮ੍ਰਿਤਿ = ਗੁਰੂ ਸਤਿਗੁਰੂ ਨੂੰ, ਗੁਰੂ ਗੋਵਿੰਦ ਨੂੰ (ਹਿਰਦੇ ਵਿਚ ਵਸਾਣਾ ਹੀ) ਅਸਲ ਸਿਮ੍ਰਿਤੀ ਹੈ। ਸਭਨੀ = ਸਭਨੀਂ, ਸਾਰੇ ਤੁਰਨੇ-ਸਿਰ ਮਨੁੱਖਾਂ ਨੇ। ਸੁਕਿ = ਸੁਕਦੇਵ ਨੇ। ਪ੍ਰਹਿਲਾਦਿ = ਪ੍ਰਹਿਲਾਦ ਨੇ। ਸ੍ਰੀ ਰਾਮਿ = ਸ੍ਰੀ ਰਾਮ (ਚੰਦਰ) ਨੇ। ਕਰਿ = ਕਰ ਕੇ, ਆਖ ਆਖ ਕੇ। ਕਰਿ ਗੁਰ ਗੋਵਿਦੁ = 'ਗੁਰ ਗੋਵਿੰਦ' ਉਚਾਰ ਉਚਾਰ ਕੇ। ਦੇਹੀ = ਸਰੀਰ। ਦੇਹੀ ਨਗਰਿ = ਸਰੀਰ-ਨਗਰ ਵਿਚ। ਦੇਹੀ ਕੋਟਿ = ਸਰੀਰ-ਕਿਲ੍ਹੇ ਵਿਚ। ਵਟਵਾਰੇ = ਰਾਹ-ਮਾਰ, ਡਾਕੂ। ਥਾਉ ਥੇਹੁ = ਸਾਰਾ ਹੀ ਨਿਸ਼ਾਨ। ਕੀਰਤਨ ਨਿਤ ਹੋਵਹਿ = ਨਿੱਤ ਕੀਰਤਨ ਹੋ ਰਹੇ ਹਨ, ਹਰ ਵੇਲੇ ਕੀਰਤਨ ਹੋਣ ਲੱਗ ਪਏ। ਗੁਰ ਬਚਨਿ = ਗੁਰੂ ਦੇ ਉਪਦੇਸ਼ ਦੀ ਰਾਹੀਂ। ਨਾਨਕਿ = (ਗੁਰੂ) ਨਾਨਕ ਦੀ ਰਾਹੀਂ। ਲਹੀ = ਲੱਭ ਲਈ।6। ਅਰਥ: ਹੇ ਭਾਈ! ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ। (ਉਹਨਾਂ) ਗੁਰੂ ਦੀ ਓਟ ਲਈ, ਸਤਿਗੁਰੂ ਦਾ ਪੱਲਾ ਫੜਿਆ। (ਗੁਰੂ ਪਾਸੋਂ) ਪੁੱਛ ਕੇ ਉਹਨਾਂ ਪੰਚਾਂ ਨੇ ਇਹ ਨਿਰਨਾ ਕਰ ਲਿਆ ਕਿ 'ਗੁਰੂ ਸਤਿਗੁਰੂ' 'ਗੁਰੁ ਗੋਵਿੰਦ' ਨੂੰ (ਹਿਰਦੇ ਵਿਚ ਵਸਾਣਾ ਹੀ ਅਸਲ) ਸਿਮ੍ਰਿਤੀ ਹੈ। ਹੇ ਭਾਈ! ਉਹਨਾਂ ਸਾਰੇ ਮਹਾਂ ਜਨਾਂ ਨੇ (ਗੁਰੂ ਪਾਸੋਂ ਪੁੱਛ ਕੇ) ਇਹ ਨਿਰਨਾ ਕਰ ਲਿਆ (ਕਿ ਜਿਵੇਂ) ਸੁਕਦੇਵ ਨੇ ਪ੍ਰਹਿਲਾਦ ਨੇ ਸ੍ਰੀ ਰਾਮ ਚੰਦਰ ਨੇ 'ਗੋਵਿੰਦ, ਗੋਵਿੰਦ' ਆਖ ਆਖ ਕੇ 'ਗੁਰ ਗੋਵਿੰਦ' ਦਾ ਨਾਮ ਸਿਮਰਿਆ ਸੀ (ਤਿਵੇਂ ਗੁਰ ਗੋਵਿੰਦ ਨੂੰ ਸਿਮਰਨਾ ਹੀ ਅਸਲ) ਸਿਮ੍ਰਿਤੀਆਂ ਤੇ ਸ਼ਾਸਤਰ ਹਨ। (ਉਹਨਾਂ ਸੁਕ ਪ੍ਰਹਿਲਾਦ ਸ੍ਰੀ ਰਾਮ ਨੇ) ਸਰੀਰ-ਨਗਰ ਵਿਚ ਵੱਸਣ ਵਾਲੇ ਸਰੀਰ-ਕਿਲ੍ਹੇ ਵਿਚ ਵੱਸਣ ਵਾਲੇ (ਕਾਮਾਦਿਕ) ਪੰਜ ਚੋਰਾਂ ਨੂੰ ਪੰਜ ਡਾਕੂਆਂ ਨੂੰ (ਮਾਰ ਕੇ) ਉਹਨਾਂ ਦਾ (ਆਪਣੇ ਅੰਦਰੋਂ) ਨਿਸ਼ਾਨ ਹੀ ਮਿਟਾ ਦਿੱਤਾ ਸੀ। ਹੇ ਭਾਈ! (ਨਗਰ ਦੇ ਪੰਚਾਂ ਨੇ ਗੁਰੂ) ਨਾਨਕ ਦੀ ਰਾਹੀਂ ਗੁਰੂ ਦੇ ਉਪਦੇਸ਼ ਦੀ ਰਾਹੀਂ ਪਰਮਾਤਮਾ ਦੀ ਭਗਤੀ ਕਰਨ ਦੀ ਦਾਤਿ ਹਾਸਲ ਕਰ ਲਈ। (ਨਗਰ ਵਿਚ) ਸਦਾ ਕੀਰਤਨ ਹੋਣ ਲੱਗ ਪਏ = (ਇਹੀ ਉਹਨਾਂ ਮਹਾ ਜਨਾਂ ਵਾਸਤੇ) ਪੁਰਾਣਾਂ ਦੇ ਪਾਠ ਅਤੇ ਪੁੰਨ-ਦਾਨ (ਹੋ ਗਏ) । ਹੇ ਭਾਈ! ਨਗਰ ਦੇ ਤੁਰਨੇ-ਸਿਰ ਮਨੁੱਖ ਮਿਲ ਕੇ (ਗੁਰੂ ਅਮਰਦਾਸ ਜੀ ਦੇ ਕੋਲ) ਆਏ। (ਉਹਨਾਂ) ਗੁਰੂ ਦੀ ਓਟ ਲਈ, (ਉਹਨਾਂ) ਸਤਿਗੁਰੂ ਦਾ ਪੱਲਾ ਫੜਿਆ।6।4।10।
ਛੰਤ ਮਹਲਾ 1 . . . . . .6 ਤੁਖਾਰੀ ਛੰਤ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥ ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥ ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥ ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥ ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥ ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥੧॥ {ਪੰਨਾ 1117} ਪਦ ਅਰਥ: ਘੋਲਿ = ਘੋਲੀ, ਮੈਂ ਸਦਕੇ। ਘੁਮਾਈ = ਮੈਂ ਵਾਰਨੇ। ਲਾਲਨਾ = ਹੇ ਲਾਲਨ! ਹੇ ਸੋਹਣੇ ਲਾਲ! ਗੁਰਿ = ਗੁਰੂ ਦੀ ਰਾਹੀਂ। ਸੁਣਿ = ਸੁਣ ਕੇ। ਭੀਨਾ = (ਨਾਮ-ਰਸ ਵਿਚ) ਭਿੱਜ ਗਿਆ ਹੈ। ਜਲ ਮੀਨਾ = ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਜੀਊਂ ਨਹੀਂ ਸਕਦੀ) । ਰੰਗੁ = ਪ੍ਰੇਮ। ਮੁਰਾਰਾ = ਹੇ ਮੁਰਾਰੀ! {ਮੁਰ-ਅਰਿ = ਮੁਰ ਦੈਂਤ ਦਾ ਵੈਰੀ} ਹੇ ਪਰਮਾਤਮਾ! ਠਾਕੁਰ = ਹੇ ਠਾਕੁਰ! ਹੇ ਮਾਲਕ! ਅਪਾਰਾ = ਅ-ਪਾਰ, ਬੇਅੰਤ। ਦਾਤੇ = ਹੇ ਦੇਣ ਵਾਲੇ! ਸੁਆਮੀ = ਹੇ ਮਾਲਕ! ਬਿਨਉ = {ivnX} ਬੇਨਤੀ। ਬਿਨਉ ਦੀਨਾ = ਦੀਨ ਦੀ ਬੇਨਤੀ। ਬਲਿਹਾਰੀ = ਕੁਰਬਾਨ। ਜੀਅੜਾ = ਨਿੱਕੀ ਜਿਹੀ ਜਿੰਦ। ਬਲਿ ਬਲਿ = ਕੁਰਬਾਨ।1। ਅਰਥ: ਹੇ ਸੋਹਣੇ ਲਾਲ! ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪੈ ਕੇ) ਮੈਂ ਆਪਣਾ ਇਹ) ਮਨ (ਤੈਨੂੰ) ਦੇ ਦਿੱਤਾ ਹੈ, ਮੈਂ ਤੈਥੋਂ ਸਦਕੇ ਜਾਂਦਾ ਹਾਂ। ਹੇ ਲਾਲ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਕੇ ਮੇਰਾ ਮਨ (ਤੇਰੇ ਨਾਮ-ਰਸ ਨਾਲ) ਭਿੱਜ ਗਿਆ ਹੈ। ਹੇ ਮੁਰਾਰੀ! (ਮੇਰਾ ਇਹ) ਮਨ (ਤੇਰੇ ਨਾਮ-ਰਸ ਨਾਲ ਇਉਂ) ਭਿੱਜ ਗਿਆ ਹੈ (ਮੇਰੇ ਅੰਦਰ ਤੇਰਾ ਇਤਨਾ) ਪਿਆਰ ਬਣ ਗਿਆ ਹੈ (ਕਿ ਇਸ ਨਾਮ-ਜਲ ਤੋਂ ਬਿਨਾ ਇਹ ਮਨ ਜੀਊ ਹੀ ਨਹੀਂ ਸਕਦਾ) ਜਿਵੇਂ ਪਾਣੀ ਦੀ ਮੱਛੀ (ਪਾਣੀ ਤੋਂ ਬਿਨਾ ਰਹਿ ਨਹੀਂ ਸਕਦੀ) । ਹੇ ਮੇਰੇ ਮਾਲਕ! ਤੇਰਾ ਮੁੱਲ ਪਾਇਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਇਵਜ਼ ਮਿਲ ਨਹੀਂ ਸਕਦਾ) , ਤੇਰੇ ਟਿਕਾਣੇ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਹੇ ਸਾਰੇ ਗੁਣ ਦੇਣ ਵਾਲੇ ਮਾਲਕ! ਮੇਰੀ ਗਰੀਬ ਦੀ ਇਕ ਬੇਨਤੀ ਸੁਣ = (ਮੈਨੂੰ) ਨਾਨਕ ਨੂੰ ਆਪਣਾ ਦਰਸਨ ਬਖ਼ਸ਼, ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਇਹ ਨਿਮਾਣੀ ਜਿਹੀ ਜਿੰਦ ਤੈਥੋਂ ਵਾਰਨੇ ਕਰਦਾ ਹਾਂ।1। ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥ ਖੰਨੀਐ ਵੰਞਾ ਦਰਸਨ ਤੇਰੇ ॥ ਦਰਸਨ ਤੇਰੇ ਸੁਣਿ ਪ੍ਰਭ ਮੇਰੇ ਨਿਮਖ ਦ੍ਰਿਸਟਿ ਪੇਖਿ ਜੀਵਾ ॥ ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥ ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥ ਕਹੁ ਨਾਨਕ ਜੀਅੜਾ ਬਲਿਹਾਰੀ ਦੇਹੁ ਦਰਸੁ ਪ੍ਰਭ ਮੇਰੇ ॥੨॥ {ਪੰਨਾ 1117} ਪਦ ਅਰਥ: ਸਭਿ ਗੁਣ = ਸਾਰੇ ਗੁਣ। ਵੰਞਾ = ਵੰਞਾਂ, ਮੈਂ (ਸਦਕੇ) ਜਾਂਦਾ ਹਾਂ। ਖੰਨੀਐ ਵੰਞਾ = ਮੈਂ ਟੋਟੇ ਟੋਟੇ ਹੁੰਦਾ ਹਾਂ। ਪ੍ਰਭ ਮੇਰੇ = ਹੇ ਮੇਰੇ ਪ੍ਰਭੂ! ਨਿਮਖ = {inmy = } ਅੱਖ ਝਮਕਣ ਜਿਤਨਾ ਸਮਾ। ਦ੍ਰਿਸਟਿ = ਨਿਗਾਹ, ਨਜ਼ਰ। ਪੇਖਿ = ਵੇਖ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੁਨੀਜੈ = ਸੁਣਿਆ ਜਾਂਦਾ ਹੈ। ਕਰਹਿ = ਜੇ ਤੂੰ ਕਰੇਂ। ਤ = ਤਾਂ। ਪੀਵਾ = ਪੀਵਾਂ, ਮੈਂ ਪੀ ਸਕਦਾ ਹਾਂ। ਪਿਆਸੀ = ਤਿਹਾਈ। ਆਸ ਪਿਆਸੀ = (ਪ੍ਰਭੂ-ਪਤੀ ਦੇ ਦਰਸਨ ਦੀ) ਆਸ ਨਾਲ ਤਿਹਾਈ। ਕੈ ਤਾਈ = ਕੈ ਤਾਈਂ, ਦੀ ਖ਼ਾਤਰ। ਪਿਰ ਕੈ ਤਾਈ = ਪ੍ਰਭੂ-ਪਤੀ (ਦੇ ਦਰਸਨ) ਦੀ ਖ਼ਾਤਰ। ਚਾਤ੍ਰਿਕੁ = ਪਪੀਹਾ। ਬੂੰਦੇਰੇ = (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਵਾਸਤੇ।2। ਅਰਥ: ਹੇ ਮੇਰੇ ਪ੍ਰਭੂ! (ਮੇਰਾ) ਇਹ ਸਰੀਰ ਤੇਰਾ (ਦਿੱਤਾ ਹੋਇਆ ਹੈ) , (ਮੇਰਾ) ਇਹ ਮਨ ਤੇਰਾ (ਬਖ਼ਸ਼ਿਆ ਹੋਇਆ ਹੈ) , ਸਾਰੇ ਗੁਣ ਭੀ ਤੇਰੇ ਹੀ ਬਖ਼ਸ਼ੇ ਮਿਲਦੇ ਹਨ। ਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ। ਹੇ ਮੇਰੇ ਪ੍ਰਭੂ! (ਮੈਂ) ਤੇਰੇ ਦਰਸਨ (ਤੋਂ ਸਦਕੇ ਜਾਂਦਾ ਹਾਂ) । ਅੱਖ ਝਮਕਣ ਜਿਤਨੇ ਸਮੇ ਲਈ ਹੀ (ਮੇਰੇ ਵਲ) ਨਿਗਾਹ ਕਰ। (ਤੈਨੂੰ) ਵੇਖ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਹੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਸੁਣੀਂਦਾ ਹੈ। ਜੇ ਤੂੰ (ਮੇਰੇ ਉਤੇ) ਮਿਹਰ ਕਰੇਂ ਤਾਂ ਹੀ ਮੈਂ (ਤੇਰਾ ਨਾਮ ਜਲ) ਪੀ ਸਕਦਾ ਹਾਂ। ਹੇ ਮੇਰੇ ਪ੍ਰਭੂ-ਪਤੀ! ਤੇਰੇ ਦਰਸਨ ਦੀ ਖ਼ਾਤਰ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਹੈ, ਉਸ ਤਾਂਘ ਦੀ (ਮਾਨੋ) ਪਿਆਸ ਲੱਗੀ ਹੋਈ ਹੈ (ਦਰਸਨ ਤੋਂ ਬਿਨਾ ਉਹ ਪਿਆਸ ਮਿਟਦੀ ਨਹੀਂ) ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਨੂੰ ਤਾਂਘਦਾ ਰਹਿੰਦਾ ਹੈ। ਹੇ ਨਾਨਕ! ਆਖ– ਹੇ ਮੇਰੇ ਪ੍ਰਭੂ! ਮੈਨੂੰ (ਆਪਣਾ) ਦਰਸਨ ਦੇਹ, ਮੈਂ ਆਪਣੀ ਇਹ ਜਿੰਦ ਤੈਥੋਂ ਕੁਰਬਾਨ ਕਰਦਾ ਹਾਂ।2। ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥ ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥ ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥ ਸੋਈ ਕਰਮੁ ਕਮਾਵੈ ਪ੍ਰਾਣੀ ਜੇਹਾ ਤੂ ਫੁਰਮਾਏ ॥ ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥ ਕਹੁ ਨਾਨਕ ਜੀਅੜਾ ਬਲਿਹਾਰੀ ਜੀਉ ਪਿੰਡੁ ਤਉ ਦਿਤਾ ॥੩॥ {ਪੰਨਾ 1117} ਪਦ ਅਰਥ: ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ। ਅਮਿਤਾ = ਅਮਿੱਤਾ, ਹੱਦ-ਬੰਨੇ ਤੋਂ ਪਰੇ। ਪ੍ਰਾਨ ਹਿਤ = ਮੇਰੇ ਪ੍ਰਾਣਾਂ ਦਾ ਹਿਤੂ। ਹਿਤ ਚਿਤਾ = ਹਿਤ ਚਿੱਤਾ, ਮੇਰੇ ਚਿੱਤ ਦਾ ਹਿਤੂ, ਮੇਰੀ ਜਿੰਦ ਦਾ ਹਿਤੂ। ਸੁਖ ਦਾਤਾ = ਸੁਖ ਦੇਣ ਵਾਲਾ। ਪ੍ਰਾਨ ਦਾਤਾ = ਜਿੰਦ ਦੇਣ ਵਾਲਾ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਜਾਤਾ = ਪਛਾਣਦਾ ਹੈ, ਸਾਂਝ ਪਾਂਦਾ ਹੈ। ਸਗਲ = ਸਾਰੇ। ਰੰਗ = ਆਤਮਕ ਆਨੰਦ। ਕਰਮੁ = ਕੰਮ। ਫੁਰਮਾਏ = ਫ਼ੁਰਮਾਇਆ, ਹੁਕਮ ਕੀਤਾ ਹੁੰਦਾ ਹੈ। ਜਾ ਕਉ = ਜਿਸ (ਮਨੁੱਖ) ਉੱਤੇ। ਜਗਦੀਸੁਰਿ = ਜਗਤ ਦੇ ਈਸਰ ਨੇ, ਜਗਤ ਦੇ ਮਾਲਕ ਨੇ। ਤਿਨਿ = ਉਸ (ਮਨੁੱਖ) ਨੇ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਜਿਤਾ = ਜਿੱਤਾ, ਜਿੱਤ ਲਿਆ। ਜੀਉ = ਜਿੰਦ। ਪਿੰਡੁ = ਸਰੀਰ। ਤਉ ਦਿਤਾ = ਤਉ ਦਿੱਤਾ, ਤੇਰਾ ਦਿੱਤਾ ਹੋਇਆ।3। ਅਰਥ: ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਬੇਅੰਤ ਵੱਡਾ ਸ਼ਾਹ ਹੈਂ। ਹੇ ਪ੍ਰਭੂ! ਤੂੰ (ਸਾਡਾ) ਪ੍ਰੀਤਮ ਹੈਂ, (ਸਾਡਾ) ਪਿਆਰਾ ਹੈਂ। ਤੂੰ ਸਾਡੇ ਪ੍ਰਾਣਾਂ ਦਾ ਰਾਖਾ ਹੈਂ, ਤੂੰ ਸਾਡੀ ਜਿੰਦ ਦਾ ਰਾਖਾ ਹੈਂ। ਹੇ ਪ੍ਰਭੂ! ਤੂੰ (ਸਾਨੂੰ) ਜਿੰਦ ਦੇਣ ਵਾਲਾ ਹੈਂ, ਸਾਰੇ ਸੁਖ ਦੇਣ ਵਾਲਾ ਹੈਂ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਜਾਂਦੇ ਹਨ। ਹੇ ਪ੍ਰਭੂ! ਜਿਹੋ ਜਿਹਾ ਹੁਕਮ ਤੂੰ ਕੀਤਾ ਹੁੰਦਾ ਹੈ, ਜੀਵ ਉਹੀ ਕੰਮ ਕਰਦਾ ਹੈ। ਹੇ ਭਾਈ! ਜਗਤ ਦੇ ਮਾਲਕ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ, ਉਸ ਨੇ ਗੁਰੂ ਦੀ ਸੰਗਤਿ ਵਿਚ (ਰਹਿ ਕੇ ਆਪਣੇ) ਮਨ ਨੂੰ ਵੱਸ ਵਿਚ ਕਰ ਲਿਆ। ਹੇ ਨਾਨਕ! ਆਖ– (ਹੇ ਪ੍ਰਭੂ! ਮੇਰੀ ਇਹ) ਨਿਮਾਣੀ ਜਿੰਦ ਤੈਥੋਂ ਸਦਕੇ ਹੈ। ਇਹ ਜਿੰਦ ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ।3। ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥ ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥ ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥ ਅਬਿਨਾਸੀ ਅਬਿਗਤ ਸੁਆਮੀ ਪੂਰਨ ਪੁਰਖ ਬਿਧਾਤੇ ॥ ਉਸਤਤਿ ਕਹਨੁ ਨ ਜਾਇ ਤੁਮਾਰੀ ਕਉਣੁ ਕਹੈ ਤੂ ਕਦ ਕਾ ॥ ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥ {ਪੰਨਾ 1117} ਪਦ ਅਰਥ: ਨਿਰਗੁਣੁ = ਗੁਣ-ਹੀਨ। ਕਾ ਸਦਕਾ = ਦੀ ਬਰਕਤਿ ਨਾਲ। ਸੰਤਨ ਕਾ ਸਦਕਾ = ਸੰਤਾਂ ਦੀ ਸਰਨ ਪੈਣ ਦੀ ਬਰਕਤਿ ਨਾਲ। ਸਤਿਗੁਰਿ = ਸਤਿਗੁਰੂ ਨੇ। ਮੋਹਿ ਪਾਪੀ = ਮੇਰਾ ਪਾਪੀ ਦਾ। ਢਾਕਨਹਾਰੇ = ਹੇ (ਸਾਡੇ ਪਰਦੇ) ਢੱਕਣ ਦੀ ਸਮਰੱਥਾ ਵਾਲੇ! ਜੀਅ ਦਾਤੇ = ਹੇ ਜਿੰਦ ਦੇਣ ਵਾਲੇ! ਪ੍ਰਾਨ ਦਾਤੇ = ਹੇ ਪ੍ਰਾਣ ਦੇਣ ਵਾਲੇ! ਸੁਖਦਾਤੇ = ਹੇ ਸੁਖ ਦੇਣ ਵਾਲੇ! ਅਬਿਗਤ = ਹੇ ਅਵਿਅਕਤ! ਹੇ ਅਦ੍ਰਿਸ਼ਟ! ਪੂਰਨ = ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਉਸਤਤਿ = ਵਡਿਆਈ। ਕਉਣੁ ਕਹੈ– ਕੌਣ ਦੱਸ ਸਕਦਾ ਹੈ? ਕੋਈ ਨਹੀਂ ਦੱਸ ਸਕਦਾ। ਕਦ ਕਾ = ਕਦੋਂ ਦਾ? ਤਾ ਕੈ = ਉਸ (ਗੁਰੂ) ਤੋਂ। ਨਿਮਕਾ = ਨਿਮਖ-ਮਾਤ੍ਰ, ਅੱਖ ਝਮਕਣ ਜਿਤਨੇ ਸਮੇ ਲਈ।4। ਅਰਥ: ਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ। ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ) । ਹੇ ਅਸਾਂ ਜੀਵਾਂ ਦੇ ਮਾਲਕ! ਹੇ ਸਭ ਜੀਵਾਂ ਦਾ ਪਰਦਾ ਢੱਕਣ ਦੀ ਸਮਰਥਾ ਵਾਲੇ! ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ! ਹੇ ਨਾਸ-ਰਹਿਤ ਸੁਆਮੀ! ਹੇ ਅਦ੍ਰਿਸ਼ਟ ਸੁਆਮੀ! ਹੇ ਸਭ ਗੁਣਾਂ ਨਾਲ ਭਰਪੂਰ ਪ੍ਰਭੂ! ਹੇ ਸਰਬ-ਵਿਆਪਕ! ਹੇ ਸਿਰਜਣਹਾਰ! ਤੇਰੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਨਹੀਂ ਦੱਸ ਸਕਦਾ ਕਿ ਤੂੰ ਕਦੋਂ ਦਾ ਹੈਂ। ਦਾਸ ਨਾਨਕ ਉਸ (ਗੁਰੂ) ਤੋਂ ਕੁਰਬਾਨ ਹੈ (ਜਿਸ ਦੀ ਕਿਰਪਾ ਨਾਲ) ਪਰਮਾਤਮਾ ਦਾ ਨਾਮ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਿਲ ਜਾਂਦਾ ਹੈ।4।1।11।
ਗਿਣਤੀ ਦਾ ਵੇਰਵਾ: |
Sri Guru Granth Darpan, by Professor Sahib Singh |