ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1118

ਕੇਦਾਰਾ ਮਹਲਾ ੪ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥ ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥ ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥ ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥ ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥ ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥ ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥ ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥ ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥ ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥ {ਪੰਨਾ 1118}

ਪਦ ਅਰਥ: ਰੇ ਮੇਰੇ ਮਨ = ਹੇ ਮੇਰੇ ਮਨ! ਨਿਤ = ਸਦਾ। ਗਾਵੀਐ = ਗਾਵਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਅਗਮ = {AgMX} ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ} ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਨ ਜਾਈ ਲਖਿਆ = ਸਮਝਿਆ ਨਹੀਂ ਜਾ ਸਕਦਾ। ਲਖਾਵੀਐ = ਸਮਝਿਆ ਜਾ ਸਕਦਾ ਹੈ। ਰਹਾਉ।

ਆਪੇ = ਆਪ ਹੀ। ਕਉ = ਨੂੰ। ਲਿਵ = ਲਗਨ, ਪ੍ਰੀਤ। ਲਾਵੀਐ = ਲਾਈ ਜਾਂਦੀ ਹੈ, ਲੱਗਦੀ ਹੈ। ਸਭੁ ਕੋ = ਹਰੇਕ ਜੀਵ। ਕੇਰੀ = ਦੀ। ਹਰਿ ਭਾਵੈ = (ਜਿਹੜਾ ਮਨੁੱਖ) ਹਰੀ ਨੂੰ ਚੰਗਾ ਲੱਗਦਾ ਹੈ। ਥਾਇ ਪਾਵੀਐ = ਥਾਂ ਤੇ ਪਾਇਆ ਜਾਂਦਾ ਹੈ, ਕਬੂਲ ਹੁੰਦਾ ਹੈ।1।

ਅਮੋਲਕੁ = ਜੋ ਕਿਸੇ (ਦੁਨੀਆਵੀ) ਮੁੱਲ ਤੋਂ ਨਹੀਂ ਮਿਲ ਸਕਦਾ। ਪਹਿ = ਪਾਸ, ਕੋਲ। ਦੇਵੈ = ਦੇਂਦਾ ਹੈ। ਤਾ = ਤਦੋਂ। ਧਿਆਵੀਐ = ਸਿਮਰਿਆ ਜਾ ਸਕਦਾ ਹੈ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਦੇਇ = ਦੇਂਦਾ ਹੈ। ਤਿਸੁ ਲੇਖਾ = ਉਸ (ਦੇ ਕਰਮਾਂ) ਦਾ ਲੇਖਾ। ਸਭੁ = ਸਾਰਾ। ਛਡਾਵੀਐ = ਛਡਾਇਆ ਜਾਂਦਾ ਹੈ, ਮੁਕਾਇਆ ਜਾਂਦਾ ਹੈ।2।

ਅਰਾਧਹਿ = ਆਰਾਧਦੇ ਹਨ {ਬਹੁ-ਵਚਨ}। ਸੇ = ਉਹ ਮਨੁੱਖ {ਬਹੁ-ਵਚਨ}। ਧੰਨੁ ਜਨ = {DNX} ਭਾਗਾਂ ਵਾਲੇ ਮਨੁੱਖ। ਕਹੀਅਹਿ = ਆਖੇ ਜਾਂਦੇ ਹਨ। ਮਸਤਕਿ = ਮੱਥੇ ਉੱਤੇ। ਧੁਰਿ = ਧੁਰ-ਦਰਗਾਹ ਤੋਂ। ਭਾਗੁ ਲਿਖਿ ਪਾਵੀਐ = ਚੰਗੀ ਕਿਸਮਤ ਲਿਖ ਕੇ ਪਾਈ ਜਾਂਦੀ ਹੈ। ਤਿਨ ਦੇਖੇ = ਉਹਨਾਂ ਨੂੰ ਵੇਖਿਆਂ। ਬਿਗਸੈ = ਖਿੜ ਆਉਂਦਾ ਹੈ, ਖ਼ੁਸ਼ ਹੁੰਦਾ ਹੈ। ਸੁਤੁ = ਪੁੱਤਰ। ਮਿਲਿ ਮਾਤ = ਮਾਂ ਨੂੰ ਮਿਲ ਕੇ। ਗਲਿ = ਗਲ ਨਾਲ। ਲਾਵੀਐ = ਲਾਇਆ ਜਾਂਦਾ ਹੈ।3।

ਬਾਰਿਕ = ਬੱਚੇ, ਬਾਲਕ {ਬਹੁ-ਵਚਨ}। ਪ੍ਰਭ = ਹੇ ਪ੍ਰਭੂ! ਮੋ ਕਉ = ਮੈਨੂੰ। ਮਤੀ = ਸਿੱਖਿਆ। ਜਿਤੁ = ਜਿਸ (ਮਤਿ) ਦੀ ਰਾਹੀਂ। ਪਾਵੀਐ = ਲੱਭਿਆ ਜਾ ਸਕਦਾ ਹੈ। ਬਛੁਰਾ = ਵੱਛਾ। ਦੇਖਿ = ਵੇਖ ਕੇ। ਗਊ ਸੁਖੁ ਮਾਨੈ = ਗਾਂ ਸੁਖ ਮੰਨਦੀ ਹੈ, ਗਾਂ ਖ਼ੁਸ਼ ਹੁੰਦੀ ਹੈ। ਹਰਿ ਗਲਿ = ਹਰੀ ਦੇ ਗਲ ਨਾਲ। ਲਾਵੀਐ = ਲਾਇਆ ਜਾਂਦਾ ਹੈ।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ। ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ। ਰਹਾਉ।

ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ। ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ।1।

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ। ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ।

ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ।2।

ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਹੇ ਭਾਈ! ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ) , ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ।3।

ਹੇ ਮੇਰੇ ਪਿਤਾ ਪ੍ਰਭੂ! ਅਸੀਂ ਜੀਵ ਤੇਰੇ ਬੱਚੇ ਹਾਂ। (ਹੇ ਪ੍ਰਭੂ!) ਮੈਨੂੰ ਅਜਿਹੀ ਮਤਿ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ।

ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ।4।1।

ਕੇਦਾਰਾ ਮਹਲਾ ੪ ਘਰੁ ੧   ੴ ਸਤਿਗੁਰ ਪ੍ਰਸਾਦਿ ॥ ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥ ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥ ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥ ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥ {ਪੰਨਾ 1118-1119}

ਪਦ ਅਰਥ: ਰੇ ਮੇਰੇ ਮਨ = ਹੇ ਮੇਰੇ ਮਨ! ਕਹੁ = ਉਚਾਰਿਆ ਕਰ। ਧੋਇ = ਧੋ ਕੇ। ਇਨ ਬਿਧਿ = ਇਸ ਤਰ੍ਹਾਂ। ਲਹੁ = ਲੱਭ ਲੈ। ਰਹਾਉ।

ਅਭਿਮਾਨੁ = ਅਹੰਕਾਰ। ਬਿਖੈ ਰਸ = ਵਿਸ਼ਿਆਂ ਦੇ ਸੁਆਦ। ਇਨ ਸੰਗਤਿ ਤੇ = ਇਹਨਾਂ ਦੀ ਸੰਗਤਿ ਤੋਂ। ਰਹੁ = ਹਟ ਜਾਹ। ਮਿਲਿ = ਮਿਲ ਕੇ। ਕੀਜੈ = ਕਰਨੀ ਚਾਹੀਦੀ ਹੈ। ਗੋਸਟਿ = ਵਿਚਾਰ। ਹਰਿ ਗੋਸਟਿ = ਪਰਮਾਤਮਾ ਦੇ ਗੁਣਾਂ ਦੀ ਵਿਚਾਰ। ਸਾਧੂ ਸਿਉ = ਗੁਰੂ ਨਾਲ, ਗੁਰਸਿੱਖ ਨਾਲ। ਰਸਾਇਣੁ = {ਰਸ-ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਰਮਹੁ = ਸਿਮਰੋ।1।

ਅੰਤਰ ਕਾ = ਅੰਦਰ ਦਾ। ਜੋਰੁ = ਹੈਂਕੜ। ਆਪਨ ਗਹੁ = ਆਪਣੇ ਆਪ ਨੂੰ ਵੱਸ ਵਿਚ ਰੱਖੋ। ਕਉ = ਨੂੰ, ਉਤੇ। ਸੁਆਮੀ = ਹੇ ਸੁਆਮੀ! ਹਰੇ = ਹੇ ਹਰੀ! ਕਰਿ = ਬਣਾ ਦੇਹ।2।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ। ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ) । ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ। ਰਹਾਉ।

ਹੇ ਮਨ! ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ = ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ। ਹੇ ਮਨ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸ੍ਰੇਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ। ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ।1।

ਹੇ ਭਾਈ! ਆਪਣੇ ਅੰਦਰ ਦਾ ਇਹ ਮਾਣ ਹੈਂਕੜ ਦੂਰ ਕਰ ਕਿ ਤੂੰ ਬਹੁਤ ਕੁਝ ਜਾਣਦਾ ਹੈਂ (ਕਿ ਤੂੰ ਬੜਾ ਸਿਆਣਾ ਹੈਂ) । ਹੇ ਭਾਈ! ਆਪਣੇ ਆਪ ਨੂੰ ਵੱਸ ਵਿਚ ਰੱਖ।

ਹੇ ਹਰੀ! ਹੇ ਸੁਆਮੀ! ਦਾਸ ਨਾਨਕ ਉਤੇ ਦਇਆਵਾਨ ਹੋਹੁ। (ਦਾਸ ਨਾਨਕ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਾਈ ਰੱਖ।2।1।2।

TOP OF PAGE

Sri Guru Granth Darpan, by Professor Sahib Singh