ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1119

ਕੇਦਾਰਾ ਮਹਲਾ ੫ ਘਰੁ ੨   ੴ ਸਤਿਗੁਰ ਪ੍ਰਸਾਦਿ ॥ ਮਾਈ ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥ ਦਰਸਨ ਪਿਆਸ ਲੋਚਨ ਤਾਰ ਲਾਗੀ ॥ ਬਿਸਰੀ ਤਿਆਸ ਬਿਡਾਨੀ ॥੧॥ ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥ ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥ {ਪੰਨਾ 1119}

ਪਦ ਅਰਥ: ਮਾਈ = ਹੇ ਮਾਂ! ਸੰਤ ਸੰਗਿ = ਗੁਰੂ ਦੀ ਸੰਗਤਿ ਵਿਚ। ਜਾਗੀ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ। ਪ੍ਰਿਅ ਰੰਗ = ਪਿਆਰੇ (ਪ੍ਰਭੂ) ਦੇ ਕੌਤਕ {ਬਹੁ-ਵਚਨ}। ਦੇਖੈ = ਵੇਖਦੀ ਹੈ। ਜਪਤੀ = ਜਪਦੀ ਜਪਦੀ। ਨਿਧਾਨੀ = ਨਿਧਾਨ ਵਾਲੀ, ਖ਼ਜ਼ਾਨੇ ਵਾਲੀ, ਖ਼ਜ਼ਾਨੇ ਦੀ ਮਾਲਕ, ਸੁਖਾਂ ਦੇ ਖ਼ਜ਼ਾਨੇ ਦੀ ਮਾਲਕ। ਰਹਾਉ।

ਪਿਆਸ = ਤਾਂਘ। ਲੋਚਨ = ਅੱਖਾਂ। ਲੋਚਨ ਤਾਰ = ਅੱਖਾਂ ਦੀ ਤਾਰ। ਤਿਆਸ = ਤ੍ਰਿਹ, ਪਿਆਸ। ਬਿਡਾਨੀ = ਬਿਗਾਨੀ, ਹੋਰ ਹੋਰ ਪਾਸੇ ਦੀ।1।

ਅਬ = ਹੁਣ। ਸਹਜ = ਆਤਮਕ ਅਡੋਲਤਾ। ਦਾਇਕ = ਦੇਣ ਵਾਲਾ। ਪੇਖਤ = ਵੇਖਦਿਆਂ। ਲਪਟਾਨੀ = ਮਗਨ ਹੋ ਜਾਂਦਾ ਹੈ। ਦੇਖਿ = ਵੇਖ ਕੇ। ਦਮੋਦਰ = {ਦਾਮ-ਉਦਰ। ਦਾਮ = ਰੱਸੀ, ਤੜਾਗੀ। ਉਦਰ = ਪੇਟ। ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਨਾਨਕ = ਹੇ ਨਾਨਕ! ਪ੍ਰਿਅ ਬਾਨੀ = ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਰਹਸੁ = ਹੁਲਾਸ, ਖ਼ੁਸ਼ੀ।2।

ਅਰਥ: ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤਿ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ, (ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ। ਰਹਾਉ।

ਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤਿ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ। ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ।1।

ਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ।

ਹੇ ਨਾਨਕ! (ਆਖ– ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਹੇ ਮਾਂ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।2।1।

ਕੇਦਾਰਾ ਮਹਲਾ ੫ ਘਰੁ ੩   ੴ ਸਤਿਗੁਰ ਪ੍ਰਸਾਦਿ ॥ ਦੀਨ ਬਿਨਉ ਸੁਨੁ ਦਇਆਲ ॥ ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ ਰਾਖੁ ਹੋ ਕਿਰਪਾਲ ॥ ਰਹਾਉ ॥ ਅਨਿਕ ਜਤਨ ਗਵਨੁ ਕਰਉ ॥ ਖਟੁ ਕਰਮ ਜੁਗਤਿ ਧਿਆਨੁ ਧਰਉ ॥ ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥ ਸਰਣਿ ਬੰਦਨ ਕਰੁਣਾ ਪਤੇ ॥ ਭਵ ਹਰਣ ਹਰਿ ਹਰਿ ਹਰਿ ਹਰੇ ॥ ਏਕ ਤੂਹੀ ਦੀਨ ਦਇਆਲ ॥ ਪ੍ਰਭ ਚਰਨ ਨਾਨਕ ਆਸਰੋ ॥ ਉਧਰੇ ਭ੍ਰਮ ਮੋਹ ਸਾਗਰ ॥ ਲਗਿ ਸੰਤਨਾ ਪਗ ਪਾਲ ॥੨॥੧॥੨॥ {ਪੰਨਾ 1119}

ਪਦ ਅਰਥ: ਦੀਨ ਬਿਨਉ = ਦੀਨ ਦੀ ਬੇਨਤੀ, ਗ਼ਰੀਬ ਦੀ ਬੇਨਤੀ। ਦਇਆਲ = ਹੇ ਦਇਆਲ! ਪੰਚ ਦਾਸ = ਕਾਮਾਦਿਕ ਪੰਜਾਂ ਦਾ ਗ਼ੁਲਾਮ। ਤੀਨਿ = ਰਜੋ, ਸਤੋ, ਤਮੋ = ਇਹ ਤਿੰਨੇ ਹੀ। ਦੋਖੀ = ਵੈਰੀ। ਅਨਾਥ ਨਾਥ = ਹੇ ਅਨਾਥਾਂ ਦੇ ਨਾਥ! ਹੋ ਕਿਰਪਾਲ = ਹੇ ਕਿਰਪਾਲ! ਰਹਾਉ।

ਗਵਨੁ ਕਰਉ = (ਮੈਂ ਤੀਰਥਾਂ ਤੇ) ਗਵਨ ਕਰਦਾ ਹਾਂ। ਅਨਿਕ ਜਤਨ ਕਰਉ = ਮੈਂ ਕਈ ਜਤਨ ਕਰਦਾ ਹਾਂ। ਖਟੁ ਕਰਮ = ਬ੍ਰਾਹਮਣਾਂ ਵਾਸਤੇ ਜ਼ਰੂਰੀ ਮਿਥੇ ਹੋਏ ਛੇ ਕਰਮ:

{AÆXwpnm%XXnz, Xjnz Xwjn qQw [
wnwz pRiqgRhÓcYv, = t` kmwL&XgRjNmn:
} (M.S. 10. 75)

ਜੁਗਤਿ = ਮਰਯਾਦਾ। ਧਿਆਨੁ ਧਰਉ = ਮੈਂ ਸਮਾਧੀ ਲਾਂਦਾ ਹਾਂ। ਉਪਾਵ ਸਗਲ = ਸਾਰੇ ਹੀਲੇ। ਕਰਿ = ਕਰ ਕੇ। ਨਹ ਹੁਟਹਿ = ਥੱਕਦੇ ਨਹੀਂ ਹਨ। ਬਿਕਰਾਲ = ਡਰਾਉਣੇ (ਕਾਮਾਦਿਕ) ।1।

ਬੰਦਨ = ਸਿਰ ਨਿਵਾਉਣਾ। ਕਰੁਣਾਪਤੇ = ਹੇ ਕਰੁਣਾ ਦੇ ਪਤੀ! {ਕਰੁਣਾ = ਤਰਸ} ਹੇ ਤਰਸ ਦੇ ਮਾਲਕ ਪ੍ਰਭੂ! ਭਵ ਹਰਣ = ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹਰੇ = ਹੇ ਹਰੀ! ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਉਧਰੇ = ਬਚ ਗਏ। ਸਾਗਰ = ਸਮੁੰਦਰ। ਲਗਿ = ਲੱਗ ਕੇ। ਪਗ = ਪੈਰੀਂ। ਪਾਲ = ਪੱਲੇ।2।

ਅਰਥ: ਹੇ ਦਇਆਲ ਪ੍ਰਭੂ! ਹੇ ਅਨਾਥਾਂ ਦੇ ਨਾਥ! ਮੇਰੀ ਗਰੀਬ ਦੀ ਬੇਨਤੀ ਸੁਣ = (ਮੇਰਾ ਇਹ) ਇਕ ਮਨ ਹੈ, (ਕਾਮਾਦਿਕ) ਪੰਜਾਂ ਦਾ ਗ਼ੁਲਾਮ (ਬਣਿਆ ਪਿਆ) ਹੈ, ਮਾਇਆ ਦੇ ਤਿੰਨ ਗੁਣ ਇਸ ਦੇ ਵੈਰੀ ਹਨ। ਹੇ ਕਿਰਪਾਲ ਪ੍ਰਭੂ! (ਮੈਨੂੰ ਇਹਨਾਂ ਤੋਂ) ਬਚਾ ਲੈ। ਰਹਾਉ।

ਹੇ ਪ੍ਰਭੂ! (ਇਹਨਾਂ ਤੋਂ ਬਚਣ ਲਈ) ਮੈਂ ਕਦੀ ਜਤਨ ਕਰਦਾ ਹਾਂ, ਮੈਂ ਤੀਰਥਾਂ ਤੇ ਜਾਂਦਾ ਹਾਂ, ਮੈਂ ਛੇ (ਰੋਜ਼ਾਨਾ) ਕਰਮਾਂ ਦੀ ਮਰਯਾਦਾ ਨਿਬਾਹੁੰਦਾ ਹਾਂ, ਮੈਂ ਸਮਾਧੀਆਂ ਲਾਂਦਾ ਹਾਂ। ਹੇ ਪ੍ਰਭੂ! ਮੈਂ ਸਾਰੇ ਹੀਲੇ ਕਰ ਕੇ ਥੱਕ ਗਿਆ ਹਾਂ, ਪਰ ਇਹ ਡਰਾਉਣੇ ਵਿਕਾਰ (ਮੇਰੇ ਉੱਤੇ ਹੱਲੇ ਕਰਨੋਂ) ਥੱਕਦੇ ਨਹੀਂ ਹਨ।1।

ਹੇ ਦਇਆ ਦੇ ਮਾਲਕ ਪ੍ਰਭੂ! ਹੇ ਜਨਮ ਮਰਨ ਦਾ ਗੇੜ ਦੂਰ ਕਰਨ ਵਾਲੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਸਿਰ ਨਿਵਾਉਂਦਾ ਹਾਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ! (ਮੇਰਾ) ਸਿਰਫ਼ ਤੂੰ ਹੀ (ਰਾਖਾ) ਹੈਂ। ਹੇ ਪ੍ਰਭੂ! ਨਾਨਕ ਨੂੰ ਤੇਰੇ ਹੀ ਚਰਨਾਂ ਦਾ ਆਸਰਾ ਹੈ।

ਹੇ ਪ੍ਰਭੂ! ਤੇਰੇ ਸੰਤ ਜਨਾਂ ਦੀ ਚਰਨੀਂ ਲੱਗ ਕੇ, ਤੇਰੇ ਸੰਤ ਜਨਾਂ ਦਾ ਪੱਲਾ ਫੜ ਕੇ (ਅਨੇਕਾਂ ਜੀਵ) ਭਰਮ ਤੇ ਮੋਹ ਦੇ ਸਮੁੰਦਰ (ਵਿਚ ਡੁੱਬਣ) ਤੋਂ ਬਚ ਗਏ।2।1।2।

ਕੇਦਾਰਾ ਮਹਲਾ ੫ ਘਰੁ ੪   ੴ ਸਤਿਗੁਰ ਪ੍ਰਸਾਦਿ ॥ ਸਰਨੀ ਆਇਓ ਨਾਥ ਨਿਧਾਨ ॥ ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥ ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥ ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥ ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥ ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥ {ਪੰਨਾ 1119}

ਪਦ ਅਰਥ: ਨਾਥ = ਹੇ ਨਾਥ! ਨਿਧਾਨ = ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮਨ ਭੀਤਰਿ = ਮਨ ਵਿਚ। ਮਾਗਨ ਕਉ = ਮੰਗਣ ਵਾਸਤੇ।1। ਰਹਾਉ।

ਪੂਰਨ = ਹੇ ਸਭ ਗੁਣਾਂ ਨਾਲ ਭਰਪੂਰ! ਪਰਮੇਸੁਰ = ਹੇ ਪਰਮ ਈਸੁਰ! ਹੇ ਸਭ ਤੋਂ ਉੱਚੇ ਮਾਲਕ! ਮਾਨ = ਲਾਜ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਸੁਆਮੀ = ਹੇ ਮਾਲਕ! ਰਸਨ = ਜੀਭ (ਨਾਲ) । ਬਖਾਨ = ਉਚਾਰਨੇ।1।

ਗੋਪਾਲ = ਹੇ ਗੋਪਾਲ! ਦਮੋਦਰ = ਹੇ ਦਮੋਦਰ! ਕਥਾ = ਸਿਫ਼ਤਿ-ਸਾਲਾਹ। ਗਿਆਨ = ਸੂਝ। ਰੰਗਿ = ਰੰਗ ਵਿਚ। ਰਾਗਹੁ = ਰਾਂਗਹੁ, ਰੰਗ ਦੇਹ। ਸੰਗਿ = ਨਾਲ। ਧਿਆਨੁ = ਸੁਰਤਿ।2।

ਅਰਥ: ਹੇ ਨਾਥ! ਹੇ (ਸਭ ਸੁਖਾਂ ਦੇ) ਖ਼ਜ਼ਾਨੇ! ਮੇਰੇ ਮਨ ਵਿਚ ਤੇਰੇ ਨਾਮ ਦਾ ਪਿਆਰ ਪੈਦਾ ਹੋ ਗਿਆ ਹੈ। ਹੇ ਹਰੀ! ਤੇਰੇ ਨਾਮ ਦਾ ਦਾਨ ਮੰਗਣ ਲਈ ਮੈਂ ਤੇਰੀ ਸਰਨ ਆਇਆ ਹਾਂ।1। ਰਹਾਉ।

ਹੇ ਸੁਖ ਦਾਤੇ! ਹੇ ਸਰਬ ਗੁਣ ਭਰਪੂਰ! ਹੇ ਸਭ ਤੋਂ ਉੱਚੇ ਮਾਲਕ! ਮਿਹਰ ਕਰ, (ਮੇਰੀ ਸਰਨ ਪਏ ਦੀ) ਲਾਜ ਰੱਖ। ਹੇ ਸੁਆਮੀ! ਗੁਰੂ ਦੀ ਸੰਗਤਿ ਵਿਚ (ਰੱਖ ਕੇ ਮੈਨੂੰ ਆਪਣਾ) ਪਿਆਰ ਬਖ਼ਸ਼। ਹੇ ਹਰੀ! ਮੇਰੀ ਜੀਭ ਤੇਰੇ ਗੁਣ ਉਚਾਰਦੀ ਰਹੇ।1।

ਹੇ ਗੋਪਾਲ! ਹੇ ਦਇਆਲ! ਹੇ ਗੋਬਿੰਦ! ਹੇ ਦਮੋਦਰ! ਮੈਨੂੰ ਆਪਣੀ ਪਵਿੱਤਰ ਸਿਫ਼ਤਿ-ਸਾਲਾਹ ਦੀ ਸੂਝ (ਬਖ਼ਸ਼) । ਹੇ ਹਰੀ! ਨਾਨਕ ਨੂੰ ਆਪਣੇ (ਪਿਆਰ-) ਰੰਗ ਵਿਚ ਰੰਗ ਦੇਹ। (ਨਾਨਕ ਦੀ) ਸੁਰਤਿ ਤੇਰੇ ਸੋਹਣੇ ਚਰਨਾਂ ਵਿਚ ਟਿਕੀ ਰਹੇ।2।1।3।

ਕੇਦਾਰਾ ਮਹਲਾ ੫ ॥ ਹਰਿ ਕੇ ਦਰਸਨ ਕੋ ਮਨਿ ਚਾਉ ॥ ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥ ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥ ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥ {ਪੰਨਾ 1119-1120}

ਪਦ ਅਰਥ: ਕੋ = ਦਾ। ਮਨਿ = ਮਨ ਵਿਚ। ਕਰਿ = ਕਰ ਕੇ। ਸਤ ਸੰਗਿ = ਸਾਧ ਸੰਗਤਿ ਵਿਚ। ਰਹਾਉ।

ਕਰਉ = ਕਰਉਂ, ਮੈਂ ਕਰਾਂ। ਸੇਵਾ ਸਤ ਪੁਰਖ = ਗੁਰਮੁਖਾਂ ਦੀ ਸੇਵਾ। ਪਿਆਰੇ = ਹੇ ਪਿਆਰੇ ਪ੍ਰਭੂ! ਜਤ = {X>} ਜਿੱਥੇ। ਸੁਨੀਐ = ਸੁਣਿਆ ਜਾਂਦਾ ਹੈ। ਤਤ = ਉਥੇ। ਮਨਿ = ਮਨ ਵਿਚ। ਰਹਸਾਉ = ਰਹਸੁ, ਖਿੜਾਉ। ਵਾਰੀ, ਫੇਰੀ, ਘੁਮਾਈ = ਮੈਂ ਸਦਕੇ ਜਾਂਦਾ ਹਾਂ। ਅਨੂਪੁ = {ਅਨ-ਊਪ} ਜਿਸ ਵਰਗਾ ਹੋਰ ਕੋਈ ਨਹੀਂ, ਬਹੁਤ ਹੀ ਸੁੰਦਰ। ਠਾਉ = ਥਾਂ।1।

ਪ੍ਰਤਿਪਾਲਹਿ = ਤੂੰ ਪਾਲਦਾ ਹੈਂ। ਸਮਾਲਹਿ = ਤੂੰ ਸੰਭਾਲ ਕਰਦਾ ਹੈਂ। ਛਾਉ = ਆਸਰਾ। ਪੁਰਖ = ਹੇ ਸਰਬ-ਵਿਆਪਕ! ਬਿਧਾਤੇ = ਹੇ ਸਿਰਜਣਹਾਰ! ਘਟਿ ਘਟਿ = ਹਰੇਕ ਘਟ ਵਿਚ। ਦਿਖਾਉ = ਮੈਂ ਵੇਖਦਾ ਹਾਂ।2।

ਅਰਥ: ਹੇ ਭਾਈ! ਮੇਰੇ ਮਨ ਵਿਚ ਹਰੀ ਦੇ ਦਰਸਨ ਦੀ ਤਾਂਘ ਹੈ। ਹੇ ਹਰੀ! ਮਿਹਰ ਕਰ ਕੇ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, (ਤੇ ਉਥੇ ਰੱਖ ਕੇ) ਮੈਨੂੰ ਆਪਣਾ ਨਾਮ ਬਖ਼ਸ਼। ਰਹਾਉ।

ਹੇ ਪਿਆਰੇ ਹਰੀ! (ਮਿਹਰ ਕਰ) ਮੈਂ ਗੁਰਮੁਖਾਂ ਦੀ ਸੇਵਾ ਕਰਦਾ ਰਹਾਂ (ਕਿਉਂਕਿ ਗੁਰਮੁਖਾਂ ਦੀ ਸੰਗਤਿ ਵਿਚ) ਜਿਥੇ ਭੀ ਤੇਰਾ ਨਾਮ ਸੁਣਿਆ ਜਾਂਦਾ ਹੈ ਉਥੇ ਹੀ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ। ਹੇ ਪ੍ਰਭੂ! ਮੈਂ ਤੈਥੋਂ ਵਾਰਨੇ ਜਾਂਦਾ ਹਾਂ, ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ।1।

ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ। ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ।2। 2।4।

TOP OF PAGE

Sri Guru Granth Darpan, by Professor Sahib Singh