ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1123

ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥ ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥ ਤੇਰਾ ਜਨੁ ਏਕੁ ਆਧੁ ਕੋਈ ॥ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਹ੍ਹੈ ਸੋਈ ॥੧॥ ਰਹਾਉ ॥ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥ ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥ ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥ ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥ ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥ ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥ {ਪੰਨਾ 1123}

ਪਦ ਅਰਥ: ਬਿਬਰਜਿਤ = ਮਨ੍ਹਾ, ਵਰਜੇ ਹੋਏ, ਮਾੜੇ। ਉਸਤਤਿ = ਵਡਿਆਈ, ਕਿਸੇ ਬੰਦੇ ਦੀ ਵਡਿਆਈ, ਖ਼ੁਸ਼ਾਮਦ। ਅਭਿਮਾਨਾ = ਅਹੰਕਾਰ। ਕੰਚਨੁ = ਸੋਨਾ। ਸਮ = ਬਰਾਬਰ। ਤੇ = ਉਹ ਬੰਦੇ।1।

ਏਕੁ ਆਧੁ = ਕੋਈ ਵਿਰਲਾ। ਹਰਿ ਪਦੁ = ਰੱਬੀ ਮਿਲਾਪ ਦੀ ਅਵਸਥਾ। ਚੀਨ੍ਹ੍ਹੈ– ਪਛਾਣਦਾ ਹੈ।1। ਰਹਾਉ।

ਰਜੁ ਗੁਣ = ਮਾਇਆ ਦਾ ਉਹ ਗੁਣ ਜੋ ਮੋਹ ਅਹੰਕਾਰ ਆਦਿਕ ਦਾ ਮੂਲ ਹੈ। ਤਮ ਗੁਣ = ਉਹ ਗੁਣ ਜਿਸ ਦੇ ਕਾਰਨ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਏ। (ਤਮ = ਸਾਹ ਘੁੱਟਿਆ ਜਾਣਾ) । ਸਤ ਗੁਣ = ਮਾਇਆ ਦੇ ਗੁਣਾਂ ਵਿਚੋਂ ਪਹਿਲਾ ਗੁਣ ਜਿਸ ਦਾ ਨਤੀਜਾ ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਆਦਿਕ ਹੈ। ਇਸ ਅਵਸਥਾ ਵਿਚ ਮਨੁੱਖ ਸ਼ਾਂਤੀ, ਦਇਆ ਆਦਿਕ ਕੰਮਾਂ ਤੇ ਜ਼ੋਰ ਦੇਂਦਾ ਹੈ, ਤੇ ਇਹਨਾਂ ਦੇ ਕਰਨ ਨਾਲ ਹੀ ਉਸ ਨੂੰ ਜੀਵਨ-ਹੁਲਾਰਾ ਆਉਂਦਾ ਹੈ।2।

ਨਿਹਕਾਮਾ = ਕਾਮਨਾ-ਰਹਿਤ। ਸੁਚਿ = ਪਵਿੱਤ੍ਰਤਾ, ਸਰੀਰਕ ਸੁਚ। ਸੰਜਮ = ਇੰਦ੍ਰਿਆਂ ਨੂੰ ਕਾਬੂ ਕਰਨ ਦੇ ਜਤਨ। ਚਿਤਵਤ = ਸਿਮਰਦਿਆਂ।3।

ਮੰਦਰਿ = ਮੰਦਰ ਵਿਚ, ਘਰ ਵਿਚ। ਦੀਪਕੁ = ਦੀਵਾ। ਪਰਗਾਸਿਆ = ਜਗ ਪਿਆ। ਤਹ = ਉੱਥੇ। ਪੂਰਿ ਰਹੇ = ਪਰਗਟ ਹੋਏ।4।

ਅਰਥ: ਹੇ ਭਾਈ! ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ = ਇਹ ਦੋਵੇਂ ਕੰਮ ਮਾੜੇ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ) । ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ = ਆਦਰ। ਲੋਹਾ = ਨਿਰਾਦਰੀ}।1।

ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ। (ਜੋ ਤੇਰਾ ਬਣਦਾ ਹੈ) ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਸਾਂਝ ਪਾਂਦਾ ਹੈ।1। ਰਹਾਉ।

ਕੋਈ ਜੀਵ ਰਜੋ ਗੁਣ ਵਿਚ ਹਨ, ਕੋਈ ਤਮੋ ਗੁਣ ਵਿਚ ਹਨ, ਕੋਈ ਸਤੋ ਗੁਣ ਵਿਚ ਹਨ। ਪਰ (ਜੀਵਾਂ ਦੇ ਕੀਹ ਵੱਸ?) ਇਹ ਸਭ ਕੁਝ, ਹੇ ਪ੍ਰਭੂ! ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ। ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ।2।

ਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ, ਇਸ ਲਈ ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ) ।3।

ਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ– ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ, ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ।4।1।

ਸ਼ਬਦ ਦਾ ਭਾਵ: ਸੰਤ ਦਾ ਕਰਤੱਬ = ਵਿਕਾਰਾਂ ਤੋਂ ਮਨੁੱਖ ਪਰਹੇਜ਼ ਕਰਦਾ ਹੈ; ਨਾਹ ਕਿਸੇ ਦੀ ਨਿੰਦਾ, ਨਾਹ ਕਿਸੇ ਦੀ ਖ਼ੁਸ਼ਾਮਦ, ਤੀਰਥ ਵਰਤ ਆਦਿਕ ਵਲੋਂ ਬੇ-ਪਰਵਾਹ; ਕੋਈ ਭਟਕਣਾ ਨਹੀਂ ਰਹਿ ਜਾਂਦੀ।

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥ ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥ ਹਰਿ ਕੇ ਨਾਮ ਕੇ ਬਿਆਪਾਰੀ ॥ ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥ ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥ ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥ ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥ ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥ ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥ {ਪੰਨਾ 1123}

ਪਦ ਅਰਥ: ਬਨਜਿਆ = ਵਣਜ ਕੀਤਾ। ਸੰਤਹੁ = ਸੰਤਾਂ ਨੇ। ਖੇਪ = ਸੌਦਾ।1।

ਬਿਆਪਾਰੀ = ਵਪਾਰੀ। ਹਾਥਿ ਚੜਿਆ = ਲੱਭ ਪਿਆ। ਸੰਸਾਰੀ = ਸੰਸਾਰ ਵਿਚ ਗ੍ਰਸੇ ਰਹਿਣ ਵਾਲੀ ਸੁਰਤ।1। ਰਾਹਉ।

ਬਿਉਹਾਰੀ = ਵਪਾਰੀ। ਚਲਾਏ = ਲੱਦ ਲਏ। ਭੰਡਾਰੀ = (ਰੱਬੀ) ਖ਼ਜ਼ਾਨੇ ਵਿਚ।2।

ਆਪਹਿ = ਪ੍ਰਭੂ ਆਪ ਹੀ। ਪਾਸਾਰੀ = ਪਸਾਰੀ, ਸੌਦਾ ਵੇਚਣ ਵਾਲਾ। ਦਹਦਿਸ = ਦਸੀਂ ਪਾਸੀਂ। ਨਿਹਚਲੁ = ਸਦਾ-ਥਿਰ ਰਹਿਣ ਵਾਲਾ।3।

ਸੁਰਤਿ = (ਪ੍ਰਭੂ-ਚਰਨਾਂ ਵਿਚ ਜੁੜੀ ਹੋਈ) ਸੁਰਤ। ਗੋਨਿ = ਛੱਟ। ਭਰਿ ਡਾਰੀ = ਭਰ ਲਈ। ਨਿਬਹੀ = ਤੋੜ ਪਹੁੰਚ ਗਈ ਹੈ।4।

ਅਰਥ: ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ। ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ।1।

ਜੋ ਮਨੁੱਖ ਪ੍ਰਭੂ ਦੇ ਨਾਮ ਦਾ ਵਣਜ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦਾ ਨਾਮ-ਰੂਪ ਅਮੋਲਕ ਹੀਰਾ ਲੱਭ ਪੈਂਦਾ ਹੈ। ਤੇ, ਉਹਨਾਂ ਦੀ ਉਹ ਬਿਰਤੀ ਮੁੱਕ ਜਾਂਦੀ ਹੈ, ਜੋ ਸਦਾ ਸੰਸਾਰ ਵਿਚ ਹੀ ਜੋੜੀ ਰੱਖਦੀ ਹੈ।1। ਰਹਾਉ।

ਸੱਚੇ ਨਾਮ ਦਾ ਵਪਾਰ ਕਰਨ ਵਾਲੇ ਬੰਦੇ ਤਦੋਂ ਹੀ ਸੱਚੇ ਨਾਮ ਵਿਚ ਲੱਗਦੇ ਹਨ, ਜਦੋਂ ਪ੍ਰਭੂ ਆਪ ਉਹਨਾਂ ਨੂੰ ਇਸ ਵਣਜ ਵਿਚ ਲਾਂਦਾ ਹੈ। ਉਹ ਮਨੁੱਖ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਦੇ ਲੱਦੇ ਲੱਦ ਤੁਰਦੇ ਹਨ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦੇ ਹਨ।2।

ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ; ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਉਹ ਆਪ ਹੀ ਜੀਵ-ਵਣਜਾਰਿਆਂ ਨੂੰ (ਜਗਤ ਵਿਚ) ਦਸੀਂ ਪਾਸੀਂ ਤੋਰ ਰਿਹਾ ਹੈ।3।

ਕਬੀਰ ਆਖਦਾ ਹੈ– ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ। ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।4।2।

ਸ਼ਬਦ ਦਾ ਭਾਵ: ਸੰਤ ਦਾ ਕਰਤੱਬ = ਸੰਸਾਰ ਵਲ ਸਦਾ ਦੌੜਦੀ ਸੁਰਤ ਪ੍ਰਭੂ ਵਿਚ ਟਿਕ ਜਾਂਦੀ ਹੈ। ਜਿਵੇਂ ਦੁਨੀਆਦਾਰ ਮਾਇਕ ਵਣਜ-ਵਪਾਰ ਵਾਸਤੇ ਤਨੋਂ ਮਨੋਂ ਦੌੜ-ਭੱਜ ਕਰਦਾ ਹੈ, ਤਿਵੇਂ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਪ੍ਰਭੂ-ਪ੍ਰੀਤ ਨੂੰ ਹੀ ਆਪਣੇ ਜੀਵਨ ਦਾ ਨਿਸ਼ਾਨਾ ਸਮਝਦਾ ਹੈ।

ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥ ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥ ਬੋਲਹੁ ਭਈਆ ਰਾਮ ਕੀ ਦੁਹਾਈ ॥ ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥ ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥ ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥ ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥ ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹ੍ਹੈ ਤਾ ਮਨੁ ਖੀਵਾ ਭਾਈ ॥੩॥ ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥ ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥ {ਪੰਨਾ 1123}

ਪਦ ਅਰਥ: ਭਈਆ = ਹੇ ਭਾਈ! ਹੇ ਸੱਜਣ! ਦੁਹਾਈ = ਹੋਰ ਗੱਲ ਛੱਡ ਕੇ ਇੱਕੋ ਹੀ ਗੱਲ ਨੂੰ ਮੁੜ ਮੁੜ ਆਖੀ ਜਾਣ ਨੂੰ ਦੁਹਾਈ ਪਾ ਦੇਣਾ ਆਖੀਦਾ ਹੈ। ਰਾਮ ਕੀ ਦੁਹਾਈ = ਹੋਰ ਖ਼ਿਆਲ ਛੱਡ ਕੇ ਪਰਮਾਤਮਾ ਦੇ ਨਾਮ ਦਾ ਮੁੜ ਮੁੜ ਉੱਚਾਰਨ। ਬੋਲਹੁ ਰਾਮ ਕੀ ਦੁਹਾਈ = ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ। ਸੰਤ = ਹੇ ਸੰਤ ਜਨੋ! ਪੀਵਹੁ = (ਪ੍ਰਭੂ ਦੇ ਨਾਮ ਦਾ ਜਾਪ-ਰੂਪ ਅੰਮ੍ਰਿਤ) ਪੀਓ। ਦੁਰਲਭ = ਜੋ ਬਹੁਤ ਮੁਸ਼ਕਲ ਨਾਲ ਲੱਭੇ। ਸਦਾ ਮਤਿ ਦੁਰਲਭ = (ਹੇ ਸੰਤ ਜਨੋ! ਰਾਮ ਕੀ ਦੁਹਾਈ-ਰੂਪ ਅੰਮ੍ਰਿਤ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਮਿਲਦੀ ਹੈ। ਸਹਜੇ-ਸਹਜ ਅਵਸਥਾ ਵਿਚ (ਅਪੜਾ ਕੇ) । ਪਿਆਸ ਬੁਝਾਈ = (ਇਹ ਅੰਮ੍ਰਿਤ ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ।1। ਰਹਾਉ।

ਰੀ = {'ਇਸਤ੍ਰੀ-ਲਿੰਗ' ਹੈ, ਇਸ ਦੇ ਟਾਕਰੇ ਤੇ ਲਫ਼ਜ਼ 'ਰੇ' ਪੁਲਿੰਗ ਹੈ। 'ਰੇ ਲੋਈ!' ਵਿਚ ਲਫ਼ਜ਼ 'ਲੋਈ' ਪੁਲਿੰਗ ਹੀ ਹੋ ਸਕਦਾ ਹੈ। ਸੋ, ਰਾਗ ਆਸਾ ਦੇ ਸ਼ਬਦ "ਕਰਵਤੁ ਭਲਾ..." ਵਿਚ ਲਫ਼ਜ਼ 'ਲੋਈ' ਕਬੀਰ ਜੀ ਦੀ ਵਹੁਟੀ ਵਾਸਤੇ ਨਹੀਂ ਹੈ}। ਰੀ ਕਲਵਾਰਿ = ਹੇ ਕਲਾਲਣ! ਰੀ ਗਵਾਰਿ = ਹੇ ਗੰਵਾਰਨ! ਮੂਢ = ਮੂਰਖ। ਪਵਨੁ = ਚੰਚਲ (ਮਨ) {"ਸੰਤਹੁ ਮਨ ਪਵਨੈ ਸੁਖੁ ਬਨਿਆ = " ਸੋਰਠਿ ਕਬੀਰ}। ਉਲਟੋ ਪਵਨੁ = ਉਲਟਿਆ ਹੋਇਆ ਚੰਚਲ (ਮਨ) , ਵਿਗੜਿਆ ਹੋਇਆ ਚੰਚਲ ਮਨ। ਫਿਰਾਵਉ = ਫਿਰਾਵਉਂ, ਮੈਂ ਫਿਰਾ ਰਿਹਾ ਹਾਂ, ਮੈਂ ਮੋੜ ਰਿਹਾ ਹਾਂ, ਮੈਂ ਵਿਗਾੜ ਵਲੋਂ ਵਰਜ ਰਿਹਾ ਹਾਂ। ਮਤਵਾਰ = ਮਤਵਾਲਾ, ਮਸਤ। ਮੇਰ = ਸਭ ਤੋਂ ਉੱਚਾ ਪਰਬਤ ਜਿਸ ਵਿਚ ਸੋਨਾ ਤੇ ਹੀਰੇ ਆਦਿਕ ਮਿਲਦੇ ਮੰਨੇ ਗਏ ਹਨ; (2) ਮਾਲਾ ਦਾ ਸਭ ਤੋਂ ਉਪਰਲਾ ਮਣਕਾ; (3) ਸਰੀਰ ਦਾ ਸਭ ਤੋਂ ਉੱਚਾ ਸ਼ਿਰੋਮਣੀ ਹਿੱਸਾ, ਦਿਮਾਗ਼ ਦਸਮ-ਦੁਆਰ। ਸਰ = ਬਰਾਬਰ, ਵਰਗਾ। ਭਾਠੀ = ਭੱਠੀ, ਜਿਸ ਵਿਚ ਅਰਕ ਸ਼ਰਾਬ ਆਦਿਕ ਕੱਢੇ ਜਾਂਦੇ ਹਨ। ਅੰਮ੍ਰਿਤ ਧਾਰ = (ਨਾਮ) ਅੰਮ੍ਰਿਤ ਦੀਆਂ ਧਾਰਾਂ। ਚੁਆਵਉ = ਮੈਂ ਚੁਆ ਰਿਹਾ ਹਾਂ, ਮੈਂ ਕੱਢ ਰਿਹਾ ਹਾਂ।1।

ਭੈ ਬਿਚਿ = ਪ੍ਰਭੂ ਦੇ ਅਦਬ ਵਿਚ (ਰਿਹਾਂ) । ਭਾਉ = (ਪ੍ਰਭੂ ਨਾਲ) ਪਿਆਰ। ਭਾਇ = (ਉਸ) ਪਿਆਰ ਦੀ ਰਾਹੀਂ। ਕੋਊ = ਕੋਈ ਵਿਰਲੇ ਵਿਰਲੇ। ਹਰਿ ਰਸੁ = ਹਰਿ-ਨਾਮ ਅੰਮ੍ਰਿਤ ਦਾ ਸੁਆਦ। ਭਾਈ = ਹੇ ਭਾਈ! ਘਰ = ਸਰੀਰ, ਜੀਵ। ਭਾਵੈ = (ਜੋ ਉਸ ਪ੍ਰਭੂ ਨੂੰ) ਚੰਗਾ ਲੱਗਦਾ ਹੈ। ਤਿਸਹਿ = ਉਸ ਨੂੰ ਹੀ।2।

ਨਗਰੀ ਏਕੈ = ਇਸ ਆਪਣੇ ਸਰੀਰ-ਰੂਪ ਨਗਰ ਵਿਚ ਹੀ। ਧਾਵਤ = ਭਟਕਦੇ ਮਨ ਨੂੰ। ਤ੍ਰਿਕੁਟੀ = ਤ੍ਰਿਊੜੀ, ਖਿੱਝ। ਦਸਵਾ ਦਰੁ = ਦਸਵਾਂ ਦਰਵਾਜ਼ਾ, ਦਿਮਾਗ਼। ਖੂਲ੍ਹੈ– ਖੁਲ੍ਹ ਜਾਂਦਾ ਹੈ, (ਪ੍ਰਭੂ-ਚਰਨਾਂ ਨਾਲ) ਸੰਬੰਧ ਪੈਦਾ ਕਰ ਲੈਂਦਾ ਹੈ। ਖੀਵਾ = ਮਸਤ। ਭਾਈ = ਹੇ ਸੱਜਣ!।3।

ਅਭੈ ਪਦ = ਨਿਰਭੈਤਾ ਵਾਲੀ ਅਵਸਥਾ, ਮਨ ਦੀ ਉਹ ਹਾਲਤ ਜਿੱਥੇ ਦੁਨੀਆ ਦੇ ਕੋਈ ਡਰ ਨਹੀਂ ਪੋਂਹਦੇ। ਤਹ = ਉਸ ਅਵਸਥਾ ਵਿਚ, ਉੱਥੇ। ਕਹਿ = ਕਹੇ, ਆਖਦਾ ਹੈ। ਬੀਚਾਰੀ = ਵਿਚਾਰ ਕੇ, ਸੋਚ-ਸਮਝ ਕੇ। ਉਬਟ = {Skt. aq` = An elevation, hill, ਪ੍ਰਾਕ੍ਰਿਤ-ਰੂਪ ਹੈ 'ਉਬਟ'} ਔਖੀ ਘਾਟੀ, ਔਖੇ ਚੜ੍ਹਾਈ ਵਾਲੇ ਪਾਸੇ। ਮਦੁ = ਨਸ਼ਾ। ਖੁਮਾਰੀ = ਮਸਤੀ, ਨਸ਼ਾ। ਖੋਂਦ = {˜Odà) ਦਾਖ ਦਾ ਰਸ, ਅੰਗੂਰੀ ਸ਼ਰਾਬ। ਖੋਂਦ ਖੁਮਾਰੀ = ਅੰਗੂਰੀ ਸ਼ਰਾਬ ਦਾ ਨਸ਼ਾ।4।

ਅਰਥ: ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ; ਹੇ ਸੰਤ ਜਨੋ! (ਪ੍ਰਭੂ ਦੇ ਨਾਮ ਦਾ ਜਾਪ-ਰਸ ਅੰਮ੍ਰਿਤ) ਪੀਓ। ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ) ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, (ਇਹ ਅੰਮ੍ਰਿਤ) ਸਹਿਜ ਅਵਸਥਾ ਵਿਚ (ਅਪੜਾ ਕੇ, ਮਾਇਆ ਦੀ) ਪਿਆਸ ਬੁਝਾ ਦੇਂਦਾ ਹੈ।1। ਰਹਾਉ।

ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਮੈਂ ਤਾਂ (ਨਾਮ-ਅੰਮ੍ਰਿਤ ਦੀ ਮੌਜ ਵਿਚ) ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ (ਮਾਇਆ ਵਲੋਂ) ਵਰਜ ਰਿਹਾ ਹਾਂ। (ਪ੍ਰਭੂ-ਚਰਨਾਂ ਵਿਚ ਜੁੜੀ) ਸੁਰਤ ਦੀ ਭੱਠੀ ਬਣਾ ਕੇ ਮੈਂ ਜਿਉਂ ਜਿਉਂ (ਨਾਮ-) ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ, ਤਿਉਂ ਤਿਉਂ ਮੇਰਾ ਮਨ (ਉਸ ਵਿਚ) ਮਸਤ ਹੁੰਦਾ ਜਾ ਰਿਹਾ ਹੈ।1।

ਹੇ ਭਾਈ! ਜੋ ਜੋ ਮਨੁੱਖ ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦਾ ਹੈ, ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਉਸ ਪ੍ਰੇਮ ਦੀ ਬਰਕਤਿ ਨਾਲ ਉਹ ਵਿਰਲੇ (ਭਾਗਾਂ ਵਾਲੇ) ਬੰਦੇ ਇਹ ਗੱਲ ਸਮਝ ਲੈਂਦੇ ਹਨ ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ।2।

ਹੇ ਭਾਈ! ("ਰਾਮ ਕੀ ਦੁਹਾਈ" ਦੀ ਬਰਕਤਿ ਨਾਲ) ਜੋ ਮਨੁੱਖ ਇਸ ਨੌਂ-ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵਲੋਂ ਵਰਜ ਕੇ ਰੋਕ ਰੱਖਦਾ ਹੈ, ਉਸ ਦੀ ਤ੍ਰਿਊੜੀ ਮੁੱਕ ਜਾਂਦੀ ਹੈ (ਭਾਵ, ਮਾਇਆ ਦੇ ਕਾਰਨ ਪੈਦਾ ਹੋਈ ਖਿੱਝ ਖ਼ਤਮ ਹੋ ਜਾਂਦੀ ਹੈ) , ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਜੁੜ ਜਾਂਦੀ ਹੈ ਤੇ (ਉਸ ਮਿਲਾਪ ਵਿਚ ਉਸ ਦਾ) ਮਨ ਮਗਨ ਰਹਿੰਦਾ ਹੈ।3।

ਹੁਣ ਕਬੀਰ ਇਹ ਗੱਲ ਬੜੇ ਯਕੀਨ ਨਾਲ ਆਖਦਾ ਹੈ– ('ਰਾਮ ਕੀ ਦੁਹਾਈ' ਦੀ ਬਰਕਤਿ ਨਾਲ) ਮਨ ਵਿਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆ ਦੇ ਕੋਈ) ਡਰ ਨਹੀਂ ਪੋਂਹਦੇ, ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ। (ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਇਹ ਨਸ਼ਾ ਪ੍ਰਾਪਤ ਹੁੰਦਾ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ।4।3।

ਨੋਟ: ਸ਼ਬਦ ਦਾ ਮੁੱਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ। ਸਾਰੇ ਸ਼ਬਦ ਵਿਚ "ਰਾਮ ਕੀ ਦੁਹਾਈ" ਦਾ ਵਿਕਾਸ ਹੈ। ਸਿਮਰਨ ਦੀ ਬਰਕਤਿ ਨਾਲ ਜੋ ਤਬਦੀਲੀ ਜੀਵਨ ਵਿਚ ਪੈਦਾ ਹੁੰਦੀ ਹੈ, ਉਸ ਦਾ ਜ਼ਿਕਰ ਸ਼ਬਦ ਦੇ ਚਹੁੰਆਂ ਬੰਦਾਂ ਵਿਚ ਹੈ। ਲਫ਼ਜ਼ ਤ੍ਰਿਕੁਟੀ ਪਵਨ ਆਦਿਕ ਤੋਂ ਕਾਹਲੀ ਨਾਲ ਇਹ ਨਤੀਜਾ ਕੱਢ ਲੈਣਾ ਠੀਕ ਨਹੀਂ ਹੈ ਕਿ ਕਬੀਰ ਜੀ ਕਿਸੇ ਜੋਗ-ਅੱਭਿਆਸ ਜਾਂ ਪ੍ਰਾਣਾਯਾਮ ਦੀ ਹਾਮੀ ਭਰਦੇ ਹਨ।

ਸ਼ਬਦ ਦਾ ਭਾਵ: ਸਿਮਰਨ ਦਾ ਸਿੱਟਾ = ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨ ਨਾਮ-ਅੰਮ੍ਰਿਤ ਦੀ ਧਾਰ ਵਿਚ ਮਸਤ ਰਹਿੰਦਾ ਹੈ, ਮਾਇਆ ਦੇ ਮੋਹ ਦੇ ਕਾਰਨ ਉਪਜੀ ਖਿੱਝ ਦੂਰ ਹੋ ਜਾਂਦੀ ਹੈ।

TOP OF PAGE

Sri Guru Granth Darpan, by Professor Sahib Singh