ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1124

ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥ ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥ ਚਲਤ ਕਤ ਟੇਢੇ ਟੇਢੇ ਟੇਢੇ ॥ ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥੧॥ ਰਹਾਉ ॥ ਰਾਮ ਨ ਜਪਹੁ ਕਵਨ ਭ੍ਰਮ ਭੂਲੇ ਤੁਮ ਤੇ ਕਾਲੁ ਨ ਦੂਰੇ ॥ ਅਨਿਕ ਜਤਨ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੇ ॥੨॥ ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥ ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥੩॥ ਬਲੂਆ ਕੇ ਘਰੂਆ ਮਹਿ ਬਸਤੇ ਫੁਲਵਤ ਦੇਹ ਅਇਆਨੇ ॥ ਕਹੁ ਕਬੀਰ ਜਿਹ ਰਾਮੁ ਨ ਚੇਤਿਓ ਬੂਡੇ ਬਹੁਤੁ ਸਿਆਨੇ ॥੪॥੪॥ {ਪੰਨਾ 1124}

ਪਦ ਅਰਥ: ਲੀਨੇ = ਗ੍ਰਸੇ ਹੋਏ। ਏਕੈ ਗਤਿ = ਇਕ ਪ੍ਰਭੂ (ਦੇ ਮੇਲ) ਦੀ ਅਵਸਥਾ। ਫੂਟੀ ਆਖੈ = ਅੱਖਾਂ ਫੁੱਟ ਜਾਣ ਕਰਕੇ, ਅੰਨ੍ਹਾ ਹੋ ਜਾਣ ਦੇ ਕਾਰਨ। ਬੂਡਿ ਮੂਏ = ਡੁੱਬ ਮੁਏ।1।

ਕਤ = ਕਾਹਦੇ ਲਈ? ਕਿਉਂ? ਅਸਤਿ = {Skt. AiÔQ} ਹੱਡੀ। ਚਰਮ = ਚੰਮੜੀ। ਮੂੰਦੇ = ਭਰੇ ਹੋਏ। ਬੇਢੇ = ਵੇੜ੍ਹੇ ਹੋਏ, ਲਿੱਬੜੇ ਹੋਏ।1। ਰਹਾਉ।

ਤੁਮ ਤੇ = ਤੈਥੋਂ। ਰਾਖਹੁ = ਪਾਲ ਰਹੇ ਹੋ, ਰਾਖੀ ਕਰ ਰਹੇ ਹੋ। ਰਹੈ– ਰਹਿ ਜਾਂਦਾ ਹੈ, ਨਾਸ ਹੋ ਜਾਂਦਾ ਹੈ। ਅਵਸਥਾ = ਉਮਰ।2।

ਪਰਾਨੀ = ਜੀਵ। ਭੇਟੈ = ਮਿਲਦਾ ਹੈ। ਬਖਾਨੀ = ਉੱਚਾਰਦਾ ਹੈ।3।

ਬਲੂਆ = ਰੇਤ। ਘਰੂਆ = ਨਿੱਕਾ ਜਿਹਾ ਘਰ। ਫੁਲਵਤ = ਫੁੱਲਦਾ, ਮਾਣ ਕਰਦਾ। ਦੇਹ = ਸਰੀਰ। ਅਇਆਨੇ = ਹੇ ਅੰਞਾਣ! ਜਿਹ = ਜਿਨ੍ਹਾਂ ਨੇ।4।

ਅਰਥ: (ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ? ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ।1। ਰਹਾਉ।

(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ। ਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ।1।

(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ। ਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ।2।

(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ। ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ।3।

ਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ। ਹੇ ਕਬੀਰ! ਆਖ– ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ।4। 4।

ਸ਼ਬਦ ਦਾ ਭਾਵ: ਅਸਾਰਤਾ = ਸਰੀਰ ਦੇ ਮਾਣ ਵਿਚ ਰੱਬ ਨੂੰ ਵਿਸਾਰ ਦੇਣਾ ਮੂਰਖਤਾ ਹੈ। ਇਹ ਤਾਂ ਰੇਤ ਦੇ ਘਰ ਵਰਗਾ ਹੈ।

ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥ ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥੧॥ ਰਾਮੁ ਬਿਸਾਰਿਓ ਹੈ ਅਭਿਮਾਨਿ ॥ ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥ ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥ ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥੨॥੫॥ {ਪੰਨਾ 1124}

ਪਦ ਅਰਥ: ਟੇਢੀ = ਵਿੰਗੀ। ਚਲੇ = ਤੁਰਦੇ ਹਨ। ਬੀਰੇ = ਪਾਨ ਦੇ ਬੀੜੇ। ਖਾਨ ਲਾਗੇ = ਖਾਣ ਲੱਗਦੇ ਹਨ, ਖਾਣ ਵਿਚ ਮਸਤ ਹਨ। ਭਾਉ = ਪਿਆਰ। ਸਿਉ = ਨਾਲ। ਕਛੂਐ ਕਾਜੁ ਨ = ਕੋਈ ਕੰਮ ਨਹੀਂ, ਕੋਈ ਲੋੜ ਨਹੀਂ। ਦੀਵਾਨ = ਕਚਹਿਰੀ, ਹਕੂਮਤ।1।

ਅਭਿਮਾਨਿ = ਅਹੰਕਾਰ ਵਿਚ। ਕਨਿਕ = ਸੋਨਾ। ਕਾਮਨੀ = ਇਸਤ੍ਰੀ। ਮਹਾ = ਬੜੀ। ਪੇਖਿ = ਵੇਖ ਕੇ। ਸਚੁ = ਸਦਾ ਟਿਕੇ ਰਹਿਣ ਵਾਲੇ। ਮਾਨਿ = ਮਾਨੈ, ਮੰਨਦਾ ਹੈ, ਸਮਝਦਾ ਹੈ।1। ਰਹਾਉ।

ਮਦ = ਅਹੰਕਾਰ। ਇਹ ਬਿਧਿ = ਇਹਨੀਂ ਢੰਗੀਂ, ਇਹਨਾਂ ਤਰੀਕਿਆਂ ਨਾਲ। ਅਉਧ = ਉਮਰ। ਬਿਹਾਨਿ = ਗੁਜ਼ਰਦੀ ਹੈ, ਬੀਤਦੀ ਹੈ। ਕਹਿ = ਕਹੇ, ਆਖਦਾ ਹੈ। ਬੇਰ = ਸਮੇ। ਆਇ ਲਾਗੋ = ਆ ਅੱਪੜਦਾ ਹੈ। ਕਾਲੁ = ਮੌਤ। ਨਿਦਾਨਿ = ਓੜਕ ਨੂੰ।2।

ਅਰਥ: ਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ। ਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ।1। ਰਹਾਉ।

(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ, (ਤੇ ਆਖਦਾ ਹੈ-) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ।1।

(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ = ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ। ਕਬੀਰ ਆਖਦਾ ਹੈ– ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ।2।5।

ਸ਼ਬਦ ਦਾ ਭਾਵ: ਅਸਾਰਤਾ = ਧਨ, ਇਸਤ੍ਰੀ, ਹਕੂਮਤ ਦੇ ਮਾਣ ਵਿਚ ਰੱਬ ਨੂੰ ਵਿਸਾਰ ਕੇ ਮਨੁੱਖ ਜੀਵਨ ਅਜਾਈਂ ਗਵਾ ਲੈਂਦਾ ਹੈ।

ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥ ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ ਰਹਾਉ ॥ ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥ ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥ ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥ ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥ {ਪੰਨਾ 1124}

ਪਦ ਅਰਥ: ਨਉਬਤਿ ਬਜਾਇ = ਹਕੂਮਤ ਦਾ ਨਗਾਰਾ ਵਜਾ ਕੇ, ਹਕੂਮਤ ਕਰ ਕੇ। ਚਲੇ = ਤੁਰ ਪਏ। ਇਤਨਕੁ ਖਟੀਆ = ਮਾਇਆ ਇਤਨੀ ਕਮਾਈ। ਗਠੀਆ = ਗੰਢਾਂ ਬੰਨ੍ਹ ਲਈਆਂ। ਮਟੀਆ = ਮਿੱਟੀ ਵਿਚ (ਦੱਬ ਰੱਖੀ) ।1। ਰਹਾਉ।

ਦਿਹਰੀ = ਦਲੀਜ਼। ਮਿਹਰੀ = ਮਹਿਲੀ, ਵਹੁਟੀ। ਦੁਆਰੈ = ਬਾਹਰਲੇ ਦਰਵਾਜ਼ੇ ਤਕ। ਮਾਇ = ਮਾਂ। ਮਰਹਟ = ਮਰਘਟ, ਮਸਾਣ। ਹੰਸੁ = ਜਿੰਦ।1।

ਵੈ = ਉਹ। ਬਿਤ = ਧਨ। ਪੁਰ = ਨਗਰ। ਪਾਟਨ = ਸ਼ਹਿਰ। ਬਹੁਰਿ = ਫਿਰ ਕਦੇ। ਆਇ = ਆ ਕੇ। ਕੀ ਨ = ਕਿਉਂ ਨਹੀਂ? ਅਕਾਰਥ = ਵਿਅਰਥ।2।

ਅਰਥ: ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ। ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ।1। ਰਹਾਉ।

(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ, ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ।1।

ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ। ਕਬੀਰ ਆਖਦਾ ਹੈ– (ਹੇ ਭਾਈ!) ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ।2।6।

ਸ਼ਬਦ ਦਾ ਭਾਵ: ਅਸਾਰਤਾ = ਧਨ, ਹਕੂਮਤ, ਪੁੱਤਰ, ਇਸਤ੍ਰੀ ਆਦਿਕ ਸਭ ਨਾਲੋਂ ਆਖ਼ਰ ਸਾਥ ਟੁੱਟ ਜਾਂਦਾ ਹੈ। ਇਹਨਾਂ ਦੇ ਮੋਹ ਵਿਚ ਹੀ ਫਸੇ ਰਹਿਣ ਨਾਲ ਜੀਵਨ ਵਿਅਰਥ ਜਾਂਦਾ ਹੈ।

ਨੋਟ: ਸਧਾਰਨ ਤੌਰ ਤੇ ਦੁਨੀਆ ਦੀ ਅਸਾਰਤਾ ਦਾ ਜ਼ਿਕਰ ਕਰਦਿਆਂ ਭੀ ਕਬੀਰ ਜੀ ਹੇਂਦਕਾ ਲਫ਼ਜ਼ 'ਮਰਹਟ' (ਮਰਘਟ) ਵਰਤਦੇ ਹਨ। ਜੰਮ-ਪਲ ਜੁ ਹਿੰਦੂ-ਘਰ ਦੇ ਹੋਏ।

ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ   ੴ ਸਤਿਗੁਰ ਪ੍ਰਸਾਦਿ ॥ ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥ ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥੧॥ ਰੇ ਚਿਤ ਚੇਤਿ ਚੇਤ ਅਚੇਤ ॥ ਕਾਹੇ ਨ ਬਾਲਮੀਕਹਿ ਦੇਖ ॥ ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥ ਸੁਆਨ ਸਤ੍ਰੁ ਅਜਾਤੁ ਸਭ ਤੇ ਕ੍ਰਿਸ੍ਨ ਲਾਵੈ ਹੇਤੁ ॥ ਲੋਗੁ ਬਪੁਰਾ ਕਿਆ ਸਰਾਹੈ ਤੀਨਿ ਲੋਕ ਪ੍ਰਵੇਸ ॥੨॥ ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥ ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥੩॥੧॥ {ਪੰਨਾ 1124}

ਪਦ ਅਰਥ: ਖਟੁ ਕਰਮ = ਮਨੂ-ਸਿਮ੍ਰਿਤੀ ਵਿਚ ਦੱਸੇ ਛੇ ਕਰਮ ਜੋ ਹਰੇਕ ਬ੍ਰਾਹਮਣ ਲਈ ਜ਼ਰੂਰੀ ਹਨ।

{AÆXwpnmÆXnz Xjnz Xwjnz qQw [

dwn pRiqgRhÓcYv, = t` kmwLxXgRjNmn: MS. 10. 75}

ਵਿੱਦਿਆ ਪੜ੍ਹਨੀ ਤੇ ਪੜ੍ਹਾਣੀ, ਜੱਗ ਕਰਨਾ ਤੇ ਕਰਾਣਾ, ਦਾਨ ਦੇਣਾ ਤੇ ਲੈਣਾ। ਸੰਜੁਗਤੁ = ਸਮੇਤ, ਸਹਿਤ। ਚਰਨਾਰਬਿੰਦ = ਚਰਨ+ਅਰਬਿੰਦ, ਚਰਨ ਕਮਲ। ਸੁ ਪਚ = {Óv+pc} ਚੰਡਾਲ, ਜੋ ਕੁੱਤੇ ਨੂੰ ਰਿੰਨ੍ਹ ਲਏ। ਤੁਲਿ = ਬਰਾਬਰ। ਸਮਾਨਿ = ਵਰਗਾ।1।

ਰੇ ਅਚੇਤ ਚਿਤ = ਹੇ ਗ਼ਾਫ਼ਲ ਮਨ! ਕਾਹੇ ਨ = ਕਿਉਂ ਨਹੀਂ? ਪਦਹਿ = ਦਰਜੇ ਉੱਤੇ। ਅਮਰਿਓ = ਅੱਪੜਿਆ। ਬਿਸੇਖ = ਵਿਸ਼ੇਸ਼ਤਾ, ਵਡਿਆਈ।1। ਰਹਾਉ।

ਸੁਆਨ ਸਤ੍ਰੁ = ਕੁੱਤਿਆਂ ਦਾ ਵੈਰੀ, ਕੁੱਤੇ ਨੂੰ ਮਾਰ ਕੇ ਖਾ ਜਾਣ ਵਾਲਾ। ਅਜਾਤੁ = ਨੀਚ, ਚੰਡਾਲ। ਹੇਤੁ = ਪਿਆਰ। ਬਪੁਰਾ = ਵਿਚਾਰਾ, ਨਿਮਾਣਾ। ਸਰਾਹੈ– ਸਿਫ਼ਤਿ ਕਰੇ।2।

ਲੁਭਤੁ = ਲੁਬਧਕ, ਸ਼ਿਕਾਰੀ। ਕੁੰਚਰੁ = ਹਾਥੀ। ਦੁਰਮਤਿ = ਭੈੜੀ ਮੱਤ ਵਾਲੇ।3।

ਅਜਾਮਲ = ਕਨੌਜ ਦੇਸ਼ ਦਾ ਇਕ ਦੁਰਾਚਾਰੀ ਬ੍ਰਾਹਮਣ, ਜਿਸ ਨੇ ਇਕ ਵੇਸਵਾ ਨਾਲ ਵਿਆਹ ਕੀਤਾ ਸੀ। ਉਸ ਵੇਸਵਾ ਦੇ ਉਦਰ ਤੋਂ 10 ਪੁੱਤਰ ਜਨਮੇ। ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ, ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ।

ਕੁੰਚਰੁ = ਹਾਥੀ, ਗਜ। ਇਕ ਗੰਧਰਵ ਜੋ ਦੈਵਲ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ। ਵਰੁਣ ਦੇਵਤੇ ਦੇ ਤਲਾਬ ਵਿਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ। ਜਦੋਂ ਨਿਰਬਲ ਹੋ ਕੇ ਇਹ ਡੁੱਬਣ ਲੱਗਾ, ਤਦ ਕਮਲ ਸੁੰਡ ਵਿਚ ਲੈ ਕੇ ਈਸ਼੍ਵਰ ਨੂੰ ਅਰਾਧਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ। ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ। ਇਹ ਕਥਾ ਭਾਗਵਤ ਦੇ ਅਠਵੇਂ ਅਸਕੰਧ ਦੇ ਦੂਜੇ ਅਧਿਆਇ ਵਿਚ ਹੈ।

ਪਿੰਗੁਲਾ = ਜਨਕਪੁਰੀ ਵਿਚ ਇਕ ਗਨਕਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗੁਲਾ ਸੀ। ਉਸ ਨੇ ਇਕ ਦਿਨ ਧਨੀ ਸੁੰਦਰ ਜਵਾਨ ਵੇਖਿਆ, ਉਸ ਉੱਤੇ ਮੋਹਿਤ ਹੋ ਗਈ। ਪਰ ਉਹ ਉਸ ਪਾਸ ਨਾਹ ਆਇਆ। ਪਿੰਗੁਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ। ਅੰਤ ਨੂੰ ਉਸ ਦੇ ਮਨ ਵਿਚ ਵੈਰਾਗ ਪੈਦਾ ਹੋਇਆ ਕਿ ਜੇ ਅਜਿਹਾ ਪ੍ਰੇਮ ਮੈਂ ਪਰਮੇਸ਼ਰ ਵਿਚ ਲਾਂਦੀ, ਤਾਂ ਕੇਹਾ ਚੰਗਾ ਫਲ ਮਿਲਦਾ। ਪਿੰਗੁਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ।

ਅਰਥ: ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ। ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ? ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ = ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ।1। ਰਹਾਉ।

ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ, ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ।1।

(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ। ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ।2।

ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ = ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ। ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ?।3।1।

ਸ਼ਬਦ ਦਾ ਭਾਵ: ਸਿਮਰਨ ਦੀ ਵਡਿਆਈ। ਸਿਮਰਨ ਵੱਡੇ ਵੱਡੇ ਪਾਪੀਆਂ ਨੂੰ ਤਾਰ ਦੇਂਦਾ ਹੈ। ਸਿਮਰਨ ਤੋਂ ਸੱਖਣਾ ਮਨੁੱਖ ਹੀ ਅਸਲ ਨੀਚ ਹੈ।

TOP OF PAGE

Sri Guru Granth Darpan, by Professor Sahib Singh