ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1125

ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਤੁਝ ਤੇ ਬਾਹਰਿ ਕਿਛੂ ਨ ਹੋਇ ॥ ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥ ਕਿਆ ਕਹੀਐ ਕਿਛੁ ਕਹੀ ਨ ਜਾਇ ॥ ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਉ ॥ ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥ ਕਿਸੁ ਆਗੈ ਕੀਚੈ ਅਰਦਾਸਿ ॥੨॥ ਆਖਣੁ ਸੁਨਣਾ ਤੇਰੀ ਬਾਣੀ ॥ ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥ ਕਰੇ ਕਰਾਏ ਜਾਣੈ ਆਪਿ ॥ ਨਾਨਕ ਦੇਖੈ ਥਾਪਿ ਉਥਾਪਿ ॥੪॥੧॥ {ਪੰਨਾ 1125}

ਪਦ ਅਰਥ: ਤੁਝ ਤੇ ਬਾਹਰਿ = ਤੇਰੀ ਮਰਜ਼ੀ ਦੇ ਉਲਟ। ਦੇਖਹਿ = ਤੂੰ ਸੰਭਾਲ ਕਰਦਾ ਹੈਂ। ਜਾਣਹਿ ਸੋਇ = ਤੂੰ ਹੀ ਉਸ (ਆਪਣੇ ਕੀਤੇ) ਨੂੰ ਸਮਝਦਾ ਹੈਂ।1।

ਅਹੈ– ਹੈ, ਹੋ ਰਿਹਾ ਹੈ। ਰਜਾਇ = ਮਰਜ਼ੀ, ਹੁਕਮ, ਮਰਯਾਦਾ।1। ਰਹਾਉ।

ਕੀਚੈ = ਕੀਤੀ ਜਾਏ।2।

ਬਾਣੀ = ਸਿਫ਼ਤਿ-ਸਾਲਾਹ। ਵਿਡਾਣ = ਅਸਚਰਜ ਕੌਤਕ। ਵਿਡਾਣੀ = ਅਸਰਜ ਕੌਤਕ ਕਰਨ ਵਾਲਾ। ਸਰਬ ਵਿਡਾਣੀ = ਹੇ ਸਾਰੇ ਅਚਰਜ ਕੌਤਕ ਕਰਨ ਵਾਲੇ!।3।

ਥਾਪਿ = ਬਣਾ ਕੇ, ਪੈਦਾ ਕਰ ਕੇ। ਉਥਾਪਿ = ਢਾਹ ਕੇ।4।

ਅਰਥ: (ਹੇ ਪ੍ਰਭੂ! ਜਗਤ ਵਿਚ) ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਅਨੁਸਾਰ ਹੋ ਰਿਹਾ ਹੈ (ਚਾਹੇ ਉਹ ਜੀਵਾਂ ਵਾਸਤੇ ਸੁਖ ਹੈ ਚਾਹੇ ਦੁੱਖ ਹੈ। ਜੇ ਜੀਵਾਂ ਨੂੰ ਕੋਈ ਕਸ਼ਟ ਮਿਲ ਰਿਹਾ ਹੈ, ਤਾਂ ਭੀ ਉਸ ਦੇ ਵਿਰੁੱਧ ਰੋਸ ਵਜੋਂ) ਅਸੀਂ ਜੀਵ ਕੀਹ ਆਖ ਸਕਦੇ ਹਾਂ? (ਸਾਨੂੰ ਤੇਰੀ ਰਜ਼ਾ ਦੀ ਸਮਝ ਨਹੀਂ ਹੈ, ਇਸ ਵਾਸਤੇ ਸਾਥੋਂ ਜੀਵਾਂ ਪਾਸੋਂ) ਕੋਈ ਗਿਲਾ ਕੀਤਾ ਨਹੀਂ ਜਾ ਸਕਦਾ (ਕੋਈ ਗਿਲਾ ਫਬਦਾ ਨਹੀਂ ਹੈ) ।1। ਰਹਾਉ।

(ਜਗਤ ਵਿਚ) ਕੋਈ ਭੀ ਕੰਮ ਤੇਰੀ ਮਰਜ਼ੀ ਦੇ ਵਿਰੁੱਧ ਨਹੀਂ ਹੋ ਰਿਹਾ। ਤੂੰ ਆਪ ਹੀ ਸਭ ਕੁਝ ਕਰ ਕਰ ਕੇ ਸੰਭਾਲ ਕਰਦਾ ਹੈਂ ਤੂੰ ਆਪ ਹੀ (ਆਪਣੇ ਕੀਤੇ ਨੂੰ) ਸਮਝਦਾ ਹੈਂ।1।

(ਜੇ ਤੇਰੀ ਰਜ਼ਾ ਵਿਚ ਕੋਈ ਐਸੀ ਘਟਨਾ ਵਾਪਰੇ ਜੋ ਸਾਨੂੰ ਜੀਵਾਂ ਨੂੰ ਦੁਖਦਾਈ ਜਾਪੇ, ਤਾਂ ਭੀ ਤੈਥੋਂ ਬਿਨਾ) ਕਿਸੇ ਹੋਰ ਅੱਗੇ ਅਰਜ਼ੋਈ ਨਹੀਂ ਕੀਤੀ ਜਾ ਸਕਦੀ, ਸੋ ਅਸਾਂ ਜੀਵਾਂ ਨੇ ਜੇਹੜਾ ਭੀ ਕੋਈ ਤਰਲਾ ਕਰਨਾ ਹੈ ਤੇਰੇ ਪਾਸ ਹੀ ਕਰਨਾ ਹੈ।2।

ਹੇ ਸਾਰੇ ਅਚਰਜ ਕੌਤਕ ਕਰਨ ਵਾਲੇ ਪ੍ਰਭੂ! ਤੂੰ ਆਪ ਹੀ (ਆਪਣੇ ਕੀਤੇ ਕੰਮਾਂ ਦੇ ਰਾਜ਼) ਸਮਝਦਾ ਹੈਂ (ਸਾਨੂੰ ਜੀਵਾਂ ਨੂੰ) ਇਹੀ ਫਬਦਾ ਹੈ ਕਿ ਅਸੀਂ ਤੇਰੀ ਸਿਫ਼ਤਿ-ਸਾਲਾਹ ਹੀ ਕਰੀਏ ਤੇ ਸੁਣੀਏ।3।

ਹੇ ਨਾਨਕ! ਜਗਤ ਨੂੰ ਰਚ ਕੇ ਭੀ ਤੇ ਢਾਹ ਕੇ ਭੀ ਪ੍ਰਭੂ ਆਪ ਹੀ ਸੰਭਾਲ ਕਰਦਾ ਹੈ। ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ਤੇ ਆਪ ਹੀ (ਸਾਰੇ ਭੇਦ ਨੂੰ) ਸਮਝਦਾ ਹੈ (ਕਿ ਕਿਉਂ ਇਹ ਕੁਝ ਕਰ ਤੇ ਕਰਾ ਰਿਹਾ ਹੈ) ।4।1।

ੴ ਸਤਿਗੁਰ ਪ੍ਰਸਾਦਿ ॥ ਰਾਗੁ ਭੈਰਉ ਮਹਲਾ ੧ ਘਰੁ ੨ ॥ ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥ ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥ ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥ ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥ ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥ ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥੩॥ ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥ ਨਾਨਕ ਸਾਹਿਬੁ ਭਰਿਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥੪॥੧॥੨॥ {ਪੰਨਾ 1125}

ਪਦ ਅਰਥ: ਸਬਦਿ = ਸ਼ਬਦ ਦੀ ਰਾਹੀਂ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਮੁਨਿ = ਮੋਨਧਾਰੀ ਸਾਧੂ, ਸਦਾ ਚੁੱਪ ਸਾਧੀ ਰੱਖਣ ਵਾਲੇ। ਕੇਤੇ = ਕਿਤਨੇ ਹੀ, ਬੇਅੰਤ। ਇੰਦ੍ਰਾਦਿਕ = ਇੰਦ੍ਰ ਆਦਿਕ, ਇੰਦ੍ਰ ਅਤੇ ਉਸ ਵਰਗੇ ਹੋਰ। ਬ੍ਰਹਮਾਦਿ = ਬ੍ਰਹਮਾ ਆਦਿ, ਬ੍ਰਹਮਾ ਅਤੇ ਉਸ ਵਰਗੇ ਹੋਰ। ਸਨਕ, ਸਨੰਦਨ = ਬ੍ਰਹਮਾ ਦੇ ਪੁੱਤਰ। ਪਾਰਿ ਪਰੇ = (ਭਵਜਲ ਤੋਂ) ਪਾਰ ਲੰਘ ਗਏ।1।

ਭਵਜਲੁ = ਸੰਸਾਰ-ਸਮੁੰਦਰ। ਕਿਉ ਤਰੀਐ = ਕਿਵੇਂ ਤਰਿਆ ਜਾਏ? ਨਹੀਂ ਤਰਿਆ ਜਾ ਸਕਦਾ। ਰੋਗਿ = ਰੋਗ ਵਿਚ, ਦੁਬਿਧਾ ਦੇ ਰੋਗ ਵਿਚ। ਬਿਆਪਿਆ = ਗ੍ਰਸਿਆ ਹੋਇਆ, ਫਸਿਆ ਹੋਇਆ। ਦੁਬਿਧਾ = ਦੋ-ਕਿਸਮਾ-ਪਨ,
ਮੇਰ-ਤੇਰ। ਡੁਬਿ = ਡੁੱਬ ਕੇ। ਡੁਬਿ ਡੁਬਿ = ਮੁੜ ਮੁੜ ਡੁੱਬ ਕੇ। ਮਰੀਐ = ਆਤਮਕ ਮੌਤ ਸਹੇੜ ਲਈਦੀ ਹੈ।1। ਰਹਾਉ।

ਦੇਵਾ = ਪ੍ਰਕਾਸ਼-ਰੂਪ, ਚਾਨਣ ਦਾ ਸੋਮਾ। ਅਭੇਵਾ = ਜਿਸ ਦਾ ਭੇਤ ਨ ਪੈ ਸਕੇ। ਗੁਰਿ = ਗੁਰੂ ਨੇ। ਦਾਤੈ = ਦਾਤੇ ਨੇ।2।

ਰਾਜਾ = ਬਲੀ ਹਾਕਮ, ਇੰਦ੍ਰਿਆਂ ਦਾ ਮਾਲਕ, ਇੰਦ੍ਰਿਆਂ ਉਤੇ ਕਾਬੂ ਪਾ ਸਕਣ ਵਾਲਾ। ਮਨ ਤੇ = ਮਨ ਤੋਂ, ਮਨ (ਦੇ ਮਾਇਕ ਫੁਰਨਿਆਂ) ਤੋਂ। ਮਾਨਿਆ = ਮੰਨ ਗਿਆ, ਵਰਜਿਆ ਗਿਆ। ਮਨਸਾ = ਮਨ ਦੀ ਵਾਸਨਾ। ਮਨਹਿ = ਮਨਿ ਹੀ, ਮਨ ਵਿਚ ਹੀ। ਜੋਗੀ = ਪ੍ਰਭੂ-ਚਰਨਾਂ ਵਿਚ ਮਿਲਿਆ ਹੋਇਆ। ਬਿਨਸਿ = ਬਿਨਸ ਕੇ, ਮਰ ਕੇ, ਆਪਾ-ਭਾਵ ਵਲੋਂ ਖ਼ਤਮ ਹੋ ਕੇ। ਬਿਓਗੀ = ਬਿਰਹੀ, ਪ੍ਰੇਮੀ। ਗਾਈ = ਗਾਏ, ਗਾਂਦਾ ਹੈ।3।

ਗੁਰ ਤੇ = ਗੁਰੂ ਤੋਂ, ਗੁਰੂ ਤੋਂ ਉਪਦੇਸ਼ ਲੈ ਕੇ। ਤੇ = ਉਹ ਬੰਦੇ। ਭਰਿਪੁਰਿ = ਸਾਰੇ ਜਗਤ ਵਿਚ ਨਕਾ-ਨਕ ਭਰਿਆ ਹੋਇਆ। ਲੀਣ = ਸਾਰੇ ਜਗਤ ਵਿਚ ਵਿਆਪਕ। ਸਬਦਿ = ਸ਼ਬਦ ਵਿਚ ਜੁੜਿਆਂ।4।

ਅਰਥ: ਗੁਰੂ ਦੇ ਸ਼ਬਦ (ਦੀ ਅਗਵਾਈ) ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ, (ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਜਗਤ (ਮੇਰ-ਤੇਰ ਵਿਤਕਰੇ ਦੇ) ਰੋਗ ਵਿਚ ਫਸਿਆ ਰਹਿੰਦਾ ਹੈ, ਤੇ ਮੇਰ-ਤੇਰ (ਦੇ ਡੂੰਘੇ ਪਾਣੀਆਂ) ਵਿਚ ਮੁੜ ਮੁੜ ਡੁੱਬ ਕੇ (ਗੋਤੇ ਖਾ ਕੇ ਆਖ਼ਿਰ) ਆਤਮਕ ਮੌਤ ਸਹੇੜ ਲਈਦੀ ਹੈ।1। ਰਹਾਉ।

ਇੰਦ੍ਰ ਬ੍ਰਹਮਾ ਅਤੇ ਉਹਨਾਂ ਵਰਗੇ ਹੋਰ ਅਨੇਕਾਂ ਸਮਾਧੀਆਂ ਲਾਣ ਵਾਲੇ ਸਾਧੂ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦੇ ਰਹੇ, (ਬ੍ਰਹਮਾ ਦੇ ਪੁਤ੍ਰ) ਸਨਕ ਸਨੰਦਨ ਤੇ ਹੋਰ ਅਨੇਕਾਂ ਤਪੀ ਸਾਧੂ ਗੁਰੂ ਦੀ ਮੇਹਰ ਨਾਲ ਹੀ ਭਵਜਲ ਤੋਂ ਪਾਰ ਲੰਘੇ।1।

ਗੁਰੂ (ਆਤਮਕ ਜੀਵਨ ਦੇ) ਚਾਨਣ ਦਾ ਸੋਮਾ ਹੈ, ਗੁਰੂ ਅਲੱਖ ਅਭੇਵ ਪਰਮਾਤਮਾ (ਦਾ ਰੂਪ) ਹੈ, (ਗੁਰੂ ਦੇ ਦੱਸੇ ਰਸਤੇ ਤੇ ਤੁਰਿਆਂ ਹੀ) ਗੁਰੂ ਦੀ ਦੱਸੀ ਹੋਈ ਕਾਰ ਕਮਾਇਆਂ ਹੀ ਤਿੰਨਾਂ ਭਵਣਾਂ (ਵਿਚ ਵਿਆਪਕ ਪ੍ਰਭੂ) ਦੀ ਸੂਝ ਪੈਂਦੀ ਹੈ। ਨਾਮ ਦੀ ਦਾਤਿ ਦੇਣ ਵਾਲੇ ਗੁਰੂ ਨੇ ਜਿਸ ਮਨੁੱਖ ਨੂੰ ਆਪ (ਨਾਮ ਦੀ) ਦਾਤਿ ਦਿੱਤੀ, ਉਸ ਨੂੰ ਅਲੱਖ ਅਭੇਵ ਪ੍ਰਭੂ ਲੱਭ ਪਿਆ।2।

(ਗੁਰੂ ਦੀ ਮੇਹਰ ਨਾਲ) ਜੇਹੜਾ ਮਨ ਆਪਣੇ ਸਰੀਰਕ ਇੰਦ੍ਰਿਆਂ ਉਤੇ ਕਾਬੂ ਪਾਣ-ਜੋਗਾ ਹੋ ਗਿਆ; ਉਹ ਮਨ ਮਾਇਕ ਫੁਰਨਿਆਂ ਦੇ ਪਿਛੇ ਦੌੜ-ਭੱਜ ਬੰਦ ਕਰਨੀ ਮੰਨ ਗਿਆ, ਉਸ ਮਨ ਦੀ ਵਾਸਨਾ ਉਸ ਦੇ ਆਪਣੇ ਹੀ ਅੰਦਰ ਲੀਨ ਹੋ ਗਈ। (ਗੁਰੂ ਦੀ ਮੇਹਰ ਨਾਲ ਉਹ) ਮਨ ਪ੍ਰਭੂ-ਚਰਨਾਂ ਦਾ ਮਿਲਾਪੀ ਹੋ ਗਿਆ, ਉਹ ਮਨ ਆਪਾ-ਭਾਵ ਵਲੋਂ ਖ਼ਤਮ ਹੋ ਕੇ ਪ੍ਰਭੂ (-ਦੀਦਾਰ) ਦਾ ਪ੍ਰੇਮੀ ਹੋ ਗਿਆ, ਉਹ ਮਨ ਉੱਚੀ ਸੂਝ ਵਾਲਾ ਹੋ ਗਿਆ, ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਲੱਗ ਪਿਆ।3।

(ਪਰ,) ਹੇ ਨਾਨਕ! ਜਗਤ ਵਿਚ ਉਹ ਵਿਰਲੇ ਬੰਦੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਆਪਣਾ ਮਨ ਵੱਸ ਵਿਚ ਕੀਤਾ ਹੈ ਤੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਇਆ ਹੈ (ਜਿਨ੍ਹਾਂ ਇਹ ਪਦਵੀ ਪਾ ਲਈ ਹੈ) , ਉਹਨਾਂ ਨੂੰ ਮਾਲਿਕ-ਪ੍ਰਭੂ ਸਾਰੇ ਜਗਤ ਵਿਚ (ਨਕਾ-ਨਕ) ਵਿਆਪਕ ਦਿੱਸ ਪੈਂਦਾ ਹੈ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਦੇ ਮੇਰ-ਤੇਰ ਦੇ ਡੂੰਘੇ ਪਾਣੀਆਂ ਵਿਚੋਂ) ਉਹ ਪਾਰ ਲੰਘ ਜਾਂਦੇ ਹਨ।4।1।2।

ਨੋਟ: 'ਘਰੁ 2' ਦਾ ਇਹ ਪਹਿਲਾ ਸ਼ਬਦ ਹੈ। ਅੰਕ 1 ਦਾ ਇਹੀ ਭਾਵ ਹੈ।

ਭੈਰਉ ਮਹਲਾ ੧ ॥ ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥ ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥ ਪ੍ਰਾਣੀ ਹਰਿ ਜਪਿ ਜਨਮੁ ਗਇਓ ॥ ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ ॥ ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥ ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥ ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥ ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥ ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥ ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥ {ਪੰਨਾ 1125-1126}

ਪਦ ਅਰਥ: ਨੈਨੀ = ਅੱਖਾਂ ਵਿਚ। ਦ੍ਰਿਸਟਿ = ਵੇਖਣ ਦੀ ਤਾਕਤ। ਹੀਨਾ = ਕਮਜ਼ੋਰ, ਲਿੱਸਾ। ਜਰਿ = ਜਰ ਨੇ, ਬੁਢੇਪੇ ਨੇ। ਸਿਰਿ = ਸਿਰ ਉਤੇ। ਕਾਲੋ = ਕਾਲੁ, ਮੌਤ। ਰਹਸੁ = ਖਿੜਾਉ। ਸਾਚਾ = ਸਦਾ ਕਾਇਮ ਰਹਿਣ ਵਾਲਾ, ਰੱਬੀ। ਜਮ ਜਾਲੋ = ਜਮ ਦਾ ਜਾਲ, ਜਮ ਦੀ ਫਾਹੀ।1।

ਜਨਮੁ = ਮਨੁੱਖਾ ਜਨਮ। ਗਇਓ = ਲੰਘਦਾ ਜਾ ਰਿਹਾ ਹੈ। ਨ ਛੂਟਸਿ = ਤੂੰ (ਜਮ-ਜਾਲ ਤੋਂ) ਖ਼ਲਾਸੀ ਨਹੀਂ ਪਾ ਸਕੇਂਗਾ।1। ਰਹਾਉ।

ਹਉ = ਮੈਂ ਮੈਂ, ਮੈਂ ਵੱਡਾ ਮੈਂ ਵੱਡਾ, ਹਉਮੈ। ਮਮ = ਮੇਰਾ। ਮਮਤਾ = ਮਲਕੀਅਤਾਂ ਦੀ ਤਾਂਘ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਸੁ = (ਸਿਮਰਨ ਦਾ) ਸੁਆਦ। ਰਸਨਾ = ਜੀਭ (ਨਾਲ) । ਇਨ ਬਿਧਿ = ਇਹਨਾਂ ਤਰੀਕਿਆਂ ਨਾਲ।2।

ਬਹਰੇ = ਬੋਲੇ। ਕਰਨ = ਕੰਨ। ਅਕਲਿ = ਮਤਿ, ਸਮਝ। ਹੋਛੀ = ਥੋੜ੍ਹ-ਵਿਤੀ। ਸਹਜੁ = ਅਡੋਲ ਅਵਸਥਾ, ਸ਼ਾਂਤ-ਰਸ। ਸਬਦ ਸਹਜੁ = ਸਿਫ਼ਤਿ-ਸਾਲਾਹ ਦਾ ਸ਼ਾਂਤ-ਰਸ। ਮਨਮੁਖਿ = ਮਨ ਵਲ ਮੂੰਹ ਕਰ ਕੇ, ਮਨ ਦੇ ਪਿੱਛੇ ਤੁਰ ਕੇ। ਅੰਧੁ = ਅੰਨ੍ਹਾ।3।

ਉਦਾਸੁ = ਉਪਰਾਮ, ਨਿਰਲੇਪ। ਨਿਰਾਸਾ = ਆਸਾਂ ਤੋਂ ਨਿਰਾਲਾ। ਸਹਜ ਧਿਆਨਿ = ਅਡੋਲਤਾ ਦੀ ਸਮਾਧੀ ਵਿਚ। ਧਿਆਨਿ = ਧਿਆਨ ਵਿਚ, ਸਮਾਧੀ ਵਿਚ। ਬੈਰਾਗੀ = ਵੈਰਾਗਵਾਨ, ਨਿਰਮੋਹ। ਛੂਟਸਿ = ਮਾਇਆ ਦੇ ਮੋਹ ਤੋਂ ਬਚੇਗਾ। ਨਾਮਿ = ਨਾਮ ਵਿਚ।4।

ਅਰਥ: ਹੇ ਪ੍ਰਾਣੀ! ਪਰਮਾਤਮਾ ਦਾ ਸਿਮਰਨ ਕਰ। ਜ਼ਿੰਦਗੀ ਬੀਤਦੀ ਜਾ ਰਹੀ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ।1। ਰਹਾਉ।

ਹੇ ਪ੍ਰਾਣੀ! ਤੇਰੀਆਂ ਅੱਖਾਂ ਵਿਚ ਵੇਖਣ ਦੀ (ਪੂਰੀ) ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ (ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ) । ਤੇਰੇ ਸਿਰ ਉਤੇ ਹੁਣ ਮੌਤ ਕੂਕ ਰਹੀ ਹੈ। ਨਾਹ ਤੇਰਾ ਰੱਬੀ ਰੂਪ ਬਣਿਆ, ਨਾਹ ਤੈਨੂੰ ਰੱਬੀ ਰੰਗ ਚੜ੍ਹਿਆ, ਨਾਹ ਤੇਰੇ ਅੰਦਰ ਰੱਬੀ ਖੇੜਾ ਆਇਆ, (ਦੱਸ) ਜਮ ਦਾ ਜਾਲ ਤੈਨੂੰ ਕਿਵੇਂ ਛੱਡੇਗਾ?।1।

ਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ (ਜ਼ੋਰ ਪਾ ਰਿਹਾ) ਹੈ, ਕ੍ਰੋਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?) ।

ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ। ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ।2।

ਹੇ ਪ੍ਰਾਣੀ! (ਸਿਫ਼ਤਿ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ) , ਤੇਰੀ ਮਤਿ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ) , ਸਿਫ਼ਤਿ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ। ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ।3।

(ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਹ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤਿ ਟਿਕੀ ਰਹਿੰਦੀ ਹੈ, ਉਹ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ।4।2।3।

TOP OF PAGE

Sri Guru Granth Darpan, by Professor Sahib Singh