ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1126 ਭੈਰਉ ਮਹਲਾ ੧ ॥ ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥ ਨੇਤ੍ਰੀ ਧੁੰਧਿ ਕਰਨ ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥ ਅੰਧੁਲੇ ਕਿਆ ਪਾਇਆ ਜਗਿ ਆਇ ॥ ਰਾਮੁ ਰਿਦੈ ਨਹੀ ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥ ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥ ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥੨॥ ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥ ਜਬ ਲਗੁ ਸਬਦ ਭੇਦੁ ਨਹੀ ਆਇਆ ਤਬ ਲਗੁ ਕਾਲੁ ਸੰਤਾਏ ॥੩॥ ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥ {ਪੰਨਾ 1126} ਪਦ ਅਰਥ: ਭੂੰਡੀ = ਕੋਝੀ, ਬੇ-ਢਬੀ, ਭੱਦੀ। ਕਰ = ਹੱਥ। ਖਿਸਰੇ = ਢਿੱਲੇ ਹੋ ਗਏ। ਤੁਚਾ = ਚਮੜੀ। ਦੇਹ = ਸਰੀਰ (ਦੀ) । ਨੇਤ੍ਰੀ = ਅੱਖਾਂ ਵਿਚ। ਕਰਨ = ਕੰਨ। ਬਹਰੇ = ਬੋਲੇ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲਾ ਬੰਦਾ।1। ਜਗਿ = ਜਗਤ ਵਿਚ। ਆਇ = ਆ ਕੇ, ਜਨਮ ਲੈ ਕੇ। ਰਿਦੈ = ਹਿਰਦੇ ਵਿਚ। ਮੂਲੁ = ਰਾਸਿ-ਪੂੰਜੀ।1। ਰਹਾਉ। ਰੰਗਿ = ਰੰਗ ਵਿਚ, ਪ੍ਰੇਮ ਵਿਚ। ਰਾਤੀ = ਰੱਤੀ, ਰੰਗੀ। ਫੀਕੇ = ਖਰ੍ਹਵੇ। ਵਿਆਪਸਿ = ਰੁੱਝਾ ਰਹਿੰਦਾ ਹੈ। ਨੀਕੇ = ਚੰਗੇ।2। ਸਤਿਗੁਰ ਮੇਲਿ = ਗੁਰੂ ਦੀ ਸੰਗਤਿ ਵਿਚ। ਸਬਦ ਭੇਦੁ = ਸ਼ਬਦ ਦਾ ਭੇਦ, ਸ਼ਬਦ ਦਾ ਰਸ। ਕਾਲੁ = ਮੌਤ (ਦਾ ਡਰ) ।3। ਅਨ ਕੋ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦਾ। ਸਚਿਆਰਾ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਵਿਚਾਰਾ = ਵਿਚਾਰ ਦੀ ਗੱਲ।4। ਅਰਥ: ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ! ਤੂੰ ਜਗਤ ਵਿਚ ਜਨਮ ਲੈ ਕੇ (ਆਤਮਕ ਜੀਵਨ ਦੇ ਅਸਲੀ ਲਾਭ ਵਜੋਂ) ਕੁਝ ਭੀ ਨਾਹ ਖੱਟਿਆ, ਸਗੋਂ ਤੂੰ ਮੂਲ ਭੀ ਗਵਾ ਲਿਆ (ਜੇਹੜਾ ਪਹਿਲਾਂ ਕੋਈ ਆਤਮਕ ਜੀਵਨ ਸੀ ਉਹ ਭੀ ਨਾਸ ਕਰ ਲਿਆ, ਕਿਉਂਕਿ) ਤੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਨਹੀਂ ਵਸਾਇਆ, ਤੇ ਤੂੰ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ।1। ਰਹਾਉ। (ਹੇ ਅੰਨ੍ਹੇ ਜੀਵ! ਹੁਣ ਬੁਢੇਪੇ ਵਿਚ) ਤੇਰੀ ਤੋਰ ਬੇ-ਢਬੀ ਹੋ ਚੁਕੀ ਹੈ, ਤੇਰੇ ਪੈਰ ਹੱਥ ਢਿਲਕ ਪਏ ਹਨ, ਤੇਰੇ ਸਰੀਰ ਦੀ ਚਮੜੀ ਉਤੇ ਝੁਰੜੀਆਂ ਪੈ ਰਹੀਆਂ ਹਨ, ਤੇਰੀਆਂ ਅੱਖਾਂ ਅੱਗੇ ਹਨੇਰਾ ਹੋਣ ਲੱਗ ਪਿਆ ਹੈ, ਤੇਰੇ ਕੰਨ ਬੋਲੇ ਹੋ ਚੁਕੇ ਹਨ, ਪਰ ਅਜੇ ਭੀ ਆਪਣੇ ਮਨ ਦੇ ਪਿੱਛੇ ਤੁਰ ਕੇ ਤੂੰ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ।1। (ਹੇ ਅੰਨ੍ਹੇ ਜੀਵ!) ਤੇਰੀ ਜੀਭ ਪ੍ਰਭੂ ਦੀ ਯਾਦ ਦੇ ਪਿਆਰ ਵਿਚ ਨਹੀਂ ਭਿੱਜੀ, ਜਦੋਂ ਭੀ ਬੋਲਦੀ ਹੈ ਫਿੱਕੇ ਬੋਲ ਹੀ ਬੋਲਦੀ ਹੈ। ਤੂੰ ਸਦਾ ਭਲੇ ਬੰਦਿਆਂ ਦੀ ਨਿੰਦਿਆ ਵਿਚ ਰੁੱਝਾ ਰਹਿੰਦਾ ਹੈਂ, ਤੇਰੇ ਸਾਰੇ ਕੰਮ ਪਸ਼ੂਆਂ ਵਾਲੇ ਹੋਏ ਪਏ ਹਨ, (ਇਸੇ ਤਰ੍ਹਾਂ ਰਿਹਾਂ) ਇਹ ਕਦੇ ਭੀ ਚੰਗੇ ਨਹੀਂ ਹੋ ਸਕਣਗੇ।2। (ਪਰ ਜੀਵਾਂ ਦੇ ਭੀ ਕੀਹ ਵੱਸ?) ਆਤਮਕ ਜੀਵਨ ਦੇਣ ਵਾਲੇ ਸ੍ਰ੍ਰੇਸ਼ਟ ਨਾਮ ਦੇ ਜਾਪ ਦਾ ਸੁਆਦ ਉਹਨਾਂ ਵਿਰਲਿਆਂ ਬੰਦਿਆਂ ਨੂੰ ਆਉਂਦਾ ਹੈ ਜਿਨ੍ਹਾਂ ਨੂੰ (ਪਰਮਾਤਮਾ ਆਪ) ਸਤਿਗੁਰੂ ਦੀ ਸੰਗਤਿ ਵਿਚ ਮਿਲਾਂਦਾ ਹੈ। ਮਨੁੱਖ ਨੂੰ ਜਦੋਂ ਤਕ ਸਿਫ਼ਤਿ-ਸਾਲਾਹ ਦਾ ਰਸ ਨਹੀਂ ਆਉਂਦਾ ਤਦੋਂ ਤਕ (ਇਹ ਅਜੇਹੇ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਕਰ ਕੇ) ਇਸ ਨੂੰ ਮੌਤ ਦਾ ਡਰ ਦੁਖੀ ਕਰਦਾ ਰਹਿੰਦਾ ਹੈ।3। ਨਾਨਕ ਇਹ ਵਿਚਾਰ ਦੀ ਗੱਲ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਜੋ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰ ਹੀ ਮੱਲੀ ਰੱਖਦਾ ਹੈ ਤੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਦਰਵਾਜ਼ਾ ਕਿਸੇ ਹੋਰ ਦਾ ਘਰ ਨਹੀਂ ਭਾਲਦਾ ਉਹ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ।4।3।4। ਭੈਰਉ ਮਹਲਾ ੧ ॥ ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥ ਖਿਨੁ ਪਲੁ ਘੜੀ ਨਹੀ ਪ੍ਰਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥ ਮਨ ਰੇ ਕਿਉ ਛੂਟਸਿ ਦੁਖੁ ਭਾਰੀ ॥ ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥ ਊਂਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥ ਕਾਲੁ ਬਿਕਾਲੁ ਸਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥ ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥ ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥੩॥ ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥ ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥੪॥੪॥੫॥ {ਪੰਨਾ 1126} ਪਦ ਅਰਥ: ਰੈਣਿ = ਰਾਤ। ਸੋਵਤ = ਕਾਮਾਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ। ਗਲਿ = ਗਲ ਵਿਚ। ਜੰਜਾਲਿ = ਮਾਇਆ ਇਕੱਠੀ ਕਰਨ ਦੇ ਧੰਧੇ ਵਿਚ। ਜਾਨਿਆ = ਸਾਂਝ ਪਾਈ। ਜਿਨਿ = ਜਿਸ (ਪ੍ਰਭੂ) ਨੇ।1। ਦੁਖੁ = ਮਾਇਆ ਦੇ ਮੋਹ ਦਾ ਦੁੱਖ। ਕਿਆ ਲੇ ਆਵਸਿ = ਕੀਹ ਨਾਲ ਲੈ ਕੇ ਆਉਂਦਾ ਹੈ? ਖ਼ਾਲੀ-ਹੱਥ ਆਉਂਦਾ ਹੈ। ਗੁਣ ਕਾਰੀ = ਆਤਮਕ ਗੁਣ ਪੈਦਾ ਕਰਨ ਵਾਲਾ।1। ਰਹਾਉ। ਊਂਧਉ = ਉਲਟਾ, ਪੁੱਠਾ। ਕਵਲੁ = ਹਿਰਦਾ-ਕਵਲ। ਹੋਛੀ = ਥੋੜ-ਵਿਤੀ। ਮਨਿ = ਮਨ ਦੀ ਰਾਹੀਂ। ਮਨਿ ਅੰਧੈ = ਅੰਨ੍ਹੇ ਮਨ ਦੀ ਰਾਹੀਂ। ਧੰਧਾ = ਜੰਜਾਲ, ਮਾਇਆ ਦੇ ਮੋਹ ਦਾ ਝੰਬੇਲਾ। ਬਿਕਾਲੁ = ਬਿ-ਕਾਲੁ, (ਮੌਤ ਦੇ ਉਲਟ) ਜਨਮ।2। ਡਗਰੀ = ਹੈਂਕੜ-ਭਰੀ। ਫੁਨਿ = ਭੀ। ਅੰਧੁਲੇ = (ਵਿਕਾਰਾਂ ਵਿਚ) ਅੰਨ੍ਹੇ। ਨਹੀ ਭਾਈ = ਚੰਗੀ ਨਹੀਂ ਲੱਗੀ। ਤ੍ਰੈਗੁਣ ਮਾਇਆ = ਤ੍ਰਿਗੁਣੀ ਮਾਇਆ ਦਾ (ਪ੍ਰਭਾਵ) । ਅੰਧੁਲਉ = ਮਾਇਆ ਵਿਚ ਅੰਨ੍ਹਾ ਹੋਇਆ ਜੀਵ। ਧੰਧੁ = ਮਾਇਆ ਦੀ ਖ਼ਾਤਰ ਦੌੜ-ਭੱਜ।3। ਮੂਲੁ = ਉਹ ਆਤਮਕ ਜੀਵਨ ਜੋ ਪਹਿਲਾਂ ਪੱਲੇ ਸੀ। ਕਹ = ਕਿਥੋਂ? ਬੀਚਾਰਿ = ਵਿਚਾਰ ਕੇ। ਸਾਚਿ = ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ। ਪਤੀਣੇ = ਪਤੀਜੇ ਹੋਏ, ਪ੍ਰਸੰਨ।4। ਅਰਥ: ਹੇ ਮਨ! ਤੂੰ ਮਾਇਆ ਦੇ ਮੋਹ ਦਾ ਭਾਰੀ ਦੁੱਖ ਸਹਾਰ ਰਿਹਾ ਹੈਂ (ਜੇ ਤੂੰ ਪ੍ਰਭੂ-ਸਿਮਰਨ ਨਹੀਂ ਕਰਦਾ ਤਾਂ ਇਸ ਦੁੱਖ ਤੋਂ) ਕਿਵੇਂ ਖ਼ਲਾਸੀ ਪਾਏਂਗਾ? (ਦਿਨ ਰਾਤ ਮਾਇਆ ਦੀ ਖ਼ਾਤਰ ਭਟਕ ਰਿਹਾ ਹੈਂ, ਦੱਸ, ਜਦੋਂ ਜੰਮਿਆ ਸੀ) ਕੇਹੜੀ ਮਾਇਆ ਆਪਣੇ ਨਾਲ ਲੈ ਕੇ ਆਇਆ ਸੀ? ਇਥੋਂ ਤੁਰਨ ਲੱਗਾ ਭੀ ਕੋਈ ਚੀਜ਼ ਨਾਲ ਨਹੀਂ ਲੈ ਕੇ ਜਾ ਸਕੇਂਗਾ। ਪਰਮਾਤਮਾ ਦਾ ਨਾਮ ਜਪ, ਇਹੀ ਹੈ ਆਤਮਕ ਜੀਵਨ ਦੇ ਗੁਣ ਪੈਦਾ ਕਰਨ ਵਾਲਾ।1। ਰਹਾਉ। ਹੇ ਭਾਈ! ਸਾਰੀ ਰਾਤ ਕਾਮਾਦਿਕ ਵਿਕਾਰਾਂ ਦੀ ਨੀਂਦ ਵਿਚ ਰਹਿੰਦਾ ਹੈਂ, (ਇਹਨਾਂ ਵਿਕਾਰਾਂ ਦੇ ਸੰਸਕਾਰਾਂ ਦੀ) ਫਾਹੀ ਤੇਰੇ ਗਲ ਵਿਚ ਪੈਂਦੀ ਜਾਂਦੀ ਹੈ। ਸਾਰਾ ਦਿਨ ਮਾਇਆ ਕਮਾਣ ਦੇ ਧੰਧੇ ਵਿਚ ਗੁਜ਼ਾਰ ਦੇਂਦਾ ਹੈਂ। ਇਕ ਖਿਨ ਇਕ ਪਲ ਇਕ ਘੜੀ ਤੂੰ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ।1। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਦੇ ਕਾਰਨ ਤੇਰਾ ਹਿਰਦਾ-ਕਵਲ ਪ੍ਰਭੂ ਦੀ ਯਾਦ ਵਲੋਂ ਉਲਟਿਆ ਪਿਆ ਹੈ, ਤੇਰੀ ਸਮਝ ਥੋੜ੍ਹ-ਵਿਤੀ ਹੋਈ ਪਈ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ (ਦੀ ਅਗਵਾਈ) ਦੇ ਕਾਰਨ ਤੇਰੇ ਸਿਰ ਉਤੇ ਮਾਇਆ ਦੇ ਜੰਜਾਲਾਂ ਦੀ ਪੰਡ ਬੱਝੀ ਪਈ ਹੈ। ਜਨਮ ਮਰਨ (ਦਾ ਗੇੜ) ਸਦਾ ਤੇਰੇ ਸਿਰ ਉਤੇ ਟਿਕਿਆ ਪਿਆ ਹੈ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਤੇਰੇ ਗਲ ਵਿਚ ਮੋਹ ਦੀ ਫਾਹੀ ਪਈ ਹੋਈ ਹੈ।2। ਹੈਂਕੜ-ਭਰੀ ਤੇਰੀ ਚਾਲ ਹੈ, ਤੇਰੀਆਂ ਅੱਖਾਂ ਭੀ (ਵਿਕਾਰਾਂ ਵਿਚ) ਅੰਨ੍ਹੀਆਂ ਹੋਈਆਂ ਪਈਆਂ ਹਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਲ ਧਿਆਨ ਦੇਣਾ ਤੈਨੂੰ ਚੰਗਾ ਨਹੀਂ ਲੱਗਦਾ। ਵੇਦ ਸ਼ਾਸਤ੍ਰ ਪੜ੍ਹਦਾ ਭੀ ਤ੍ਰੈਗੁਣੀ ਮਾਇਆ ਦੇ ਮੋਹ ਵਿਚ ਫਸਿਆ ਪਿਆ ਹੈਂ। ਤੂੰ (ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈਂ, ਤੇ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਹੈਂ।3। ਹੇ ਗਿਆਨ-ਹੀਣ ਜੀਵ! ਭੈੜੀ ਮੱਤੇ ਲੱਗ ਕੇ ਤੂੰ ਉਹ ਅਤਮਕ ਜੀਵਨ ਭੀ ਗਵਾ ਬੈਠਾ ਹੈਂ ਜੋ ਪਹਿਲਾਂ ਤੇਰੇ ਪੱਲੇ ਸੀ (ਇਥੇ ਜਨਮ ਲੈ ਕੇ ਹੋਰ) ਆਤਮਕ ਲਾਭ ਤੂੰ ਕਿਥੋਂ ਖੱਟਣਾ ਸੀ? ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਮਨ ਵਿਚ ਵਸਾ ਕੇ ਪ੍ਰਭੂ-ਨਾਮ (ਦੇ ਸਿਮਰਨ) ਦਾ ਸੁਆਦ ਚੱਖਿਆ, ਉਹ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਮਸਤ ਰਹਿੰਦੇ ਹਨ।4। 4।5। ਭੈਰਉ ਮਹਲਾ ੧ ॥ ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥ ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥ ਸੋ ਜਨੁ ਐਸਾ ਮੈ ਮਨਿ ਭਾਵੈ ॥ ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥੧॥ ਰਹਾਉ ॥ ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥ ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ ॥੨॥ ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਮਿਥਿਆ ਮੈਲੁ ਨ ਰਾਈ ॥ ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥ ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ ॥ ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥੪॥੫॥੬॥ {ਪੰਨਾ 1126-1127} ਪਦ ਅਰਥ: ਕੈ ਸੰਗਿ = ਦੀ ਸੰਗਤਿ ਵਿਚ। ਗੁਰ ਕੈ ਸੰਗਿ = ਗੁਰੂ ਦੀ ਯਾਦ ਵਿਚ। ਰਸਨਿ = ਰਸਨਾ ਉਤੇ, ਜੀਭ ਉਤੇ। ਰੰਗਿ = ਪ੍ਰੇਮ ਵਿਚ। ਰਾਤਾ = ਰੰਗਿਆ, ਮਸਤ। ਅੰਤਰਿ = ਅੰਦਰ-ਵੱਸਦਾ। ਜਾਣਿ = ਜਾਣ ਕੇ, ਸਮਝ ਕੇ।1। ਜਨੁ = ਦਾਸ। ਮੈ ਮਨਿ = ਮੇਰੇ ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਆਪੁ = ਆਪਾ-ਭਾਵ। ਅਪਰੰਪਰਿ = ਅਪਰੰਪਰ ਵਿਚ, ਬੇਅੰਤ ਪ੍ਰਭੂ ਵਿਚ, ਉਸ ਵਿਚ ਜੋ ਪਰੇ ਤੋਂ ਪਰੇ ਹੈ।1। ਰਹਾਉ। ਪੁਰਖੁ = ਵਿਆਪਕ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ! ਪੁਰਖ ਆਦੇਸੋ = ਵਿਆਪਕ ਪ੍ਰਭੂ ਨੂੰ ਨਮਸਕਾਰ। ਘਟ = ਸਰੀਰ, ਹਿਰਦਾ। ਸਰਬ ਨਿਰੰਤਰਿ = ਇਕ-ਰਸ ਸਭ ਵਿਚ। ਸਚੁ ਵੇਸੋ = ਜਿਸ ਦਾ ਸਰੂਪ ਸਦਾ ਕਾਇਮ ਰਹਿਣ ਵਾਲਾ ਹੈ।2। ਮਿਥਿਆ = ਝੂਠ। ਰਾਈ = ਰਤਾ ਭਰ ਭੀ। ਸਬਦਿ = ਸ਼ਬਦ ਵਿਚ। ਪਤਿ = ਇੱਜ਼ਤ।3। ਗੁਣੀ = ਗੁਣਵਾਨ। ਮਿਲਿ = ਮਿਲ ਕੇ। ਲਾਹਾ = ਲਾਭ। ਨਾਮਿ = ਨਾਮ ਵਿਚ (ਜੁੜ ਕੇ) । ਮਿਟਹਿ = ਮਿਟ ਜਾਂਦੇ ਹਨ। ਸਖਾਈ = ਮਿਤ੍ਰ।4। ਅਰਥ: ਮੇਰੇ ਮਨ ਵਿਚ ਤਾਂ (ਪਰਮਾਤਮਾ ਦਾ) ਅਜੇਹਾ ਦਾਸ ਪਿਆਰਾ ਲੱਗਦਾ ਹੈ ਜੋ ਆਪਾ-ਭਾਵ (ਸੁਆਰਥ) ਮੁਕਾ ਕੇ ਬੇਅੰਤ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦਾ ਹੈ ਤੇ ਸਤਿਗੁਰੂ ਦੀ ਦੱਸੀ ਕਾਰ ਕਰਦਾ ਹੈ (ਉਹਨਾਂ ਪੂਰਨਿਆਂ ਤੇ ਤੁਰਦਾ ਹੈ ਜੋ ਗੁਰੂ ਨੇ ਪਾ ਦਿੱਤੇ ਹਨ) ।1। ਰਹਾਉ। ਅਜੇਹਾ ਦਾਸ ਦਿਨ ਰਾਤ ਗੁਰੂ ਦੀ ਸੰਗਤਿ ਵਿਚ ਰਹਿੰਦਾ ਹੈ (ਭਾਵ, ਗੁਰੂ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ) , ਪਰਮਾਤਮਾ (ਦੇ ਨਾਮ) ਨੂੰ ਆਪਣੀ ਜੀਭ ਉਤੇ ਰੱਖਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹਿੰਦਾ ਹੈ। ਉਹ ਦਾਸ ਸਦਾ ਸਿਫ਼ਤਿ-ਸਾਲਾਹ ਨਾਲ ਸਾਂਝ ਪਾਂਦਾ ਹੈ (ਨਿੰਦਿਆ ਆਦਿਕ ਕਿਸੇ) ਹੋਰ (ਬੋਲ) ਨੂੰ ਨਹੀਂ ਜਾਣਦਾ, ਪ੍ਰਭੂ ਨੂੰ ਆਪਣੇ ਅੰਦਰ ਵੱਸਦਾ ਜਾਣ ਕੇ ਉਸ ਨਾਲ ਸਾਂਝ ਪਾਈ ਰੱਖਦਾ ਹੈ।1। (ਮੈਨੂੰ ਉਹ ਦਾਸ ਪਿਆਰਾ ਲੱਗਦਾ ਹੈ ਜੋ) ਉਸ ਅਕਾਲ ਪੁਰਖ ਨੂੰ (ਸਦਾ) ਨਮਸਕਾਰ ਕਰਦਾ ਹੈ ਜੋ ਸਾਰੇ ਸੰਸਾਰ ਦਾ ਮੁੱਢ ਹੈ। (ਉਸ ਦਾਸ ਨੂੰ ਪਰਮਾਤਮਾ) ਅੰਦਰ ਬਾਹਰ ਹਰ ਥਾਂ ਵਿਆਪਕ ਦਿੱਸਦਾ ਹੈ, ਉਸ ਪ੍ਰਭੂ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। (ਉਸ ਸੇਵਕ ਨੂੰ) ਉਹ ਸਦਾ-ਥਿਰ-ਸਰੂਪ ਪ੍ਰਭੂ ਹਰੇਕ ਸਰੀਰ ਵਿਚ ਇੱਕ-ਰਸ ਸਭ ਜੀਵਾਂ ਦੇ ਅੰਦਰ ਮੌਜੂਦ ਪ੍ਰਤੀਤ ਹੁੰਦਾ ਹੈ।2। ਜੇਹੜੇ ਬੰਦੇ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਜੀਭ ਉਤੇ ਆਤਮਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ, ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਭੀ ਨਹੀਂ ਹੁੰਦੀ। ਉਹ ਬੰਦੇ ਪਵਿੱਤ੍ਰ ਨਾਮ (ਜਪਦੇ ਹਨ) , ਆਤਮਕ ਜੀਵਨ ਦੇਣ ਵਾਲੇ ਨਾਮ ਦਾ ਸੁਆਦ ਚੱਖਦੇ ਹਨ, ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸਦਾ ਮਸਤ ਰਹਿੰਦੇ ਹਨ, ਤੇ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੇ ਹਨ।3। ਗੁਣਵਾਨ (ਸੇਵਕ) ਗੁਣਵਾਨ (ਸੇਵਕ) ਨੂੰ ਮਿਲ ਕੇ (ਨਾਮ ਸਿਮਰਨ ਦੀ ਸਾਂਝ ਬਣਾ ਕੇ) ਪ੍ਰਭੂ-ਨਾਮ ਦਾ ਲਾਭ ਖੱਟਦਾ ਹੈ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ ਵਿਚ ਜੁੜ ਕੇ ਇੱਜ਼ਤ ਪਾਂਦਾ ਹੈ, ਗੁਰੂ ਦੀ ਦੱਸੀ ਕਾਰ ਕਰ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਹੇ ਨਾਨਕ! ਪ੍ਰਭੂ ਦਾ ਨਾਮ ਉਸ ਦਾ (ਸਦਾ ਦਾ) ਮਿੱਤਰ ਬਣ ਜਾਂਦਾ ਹੈ।4।5।6। |
Sri Guru Granth Darpan, by Professor Sahib Singh |