ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1127 ਭੈਰਉ ਮਹਲਾ ੧ ॥ ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥ ਅਮਰ ਪਦਾਰਥ ਤੇ ਕਿਰਤਾਰਥ ਸਹਜ ਧਿਆਨਿ ਲਿਵ ਲਾਈਐ ॥੧॥ ਮਨ ਰੇ ਰਾਮ ਭਗਤਿ ਚਿਤੁ ਲਾਈਐ ॥ ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥ ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥ ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥੨॥ ਧੰਧਾ ਕਰਤ ਸਗਲੀ ਪਤਿ ਖੋਵਸਿ ਭਰਮੁ ਨ ਮਿਟਸਿ ਗਵਾਰਾ ॥ ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅੰਧੁਲੇ ਧੰਧੁ ਪਸਾਰਾ ॥੩॥ ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ ॥ ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਨ ਦੂਆ ॥੪॥੬॥੭॥ {ਪੰਨਾ 1127} ਪਦ ਅਰਥ: ਸਰਬ = ਸਾਰੇ ਜੀਵਾਂ ਦਾ। ਧਾਰਣੁ = ਆਸਰਾ, ਸਹਾਰਾ। ਪਰਸਾਦੀ = ਕਿਰਪਾ ਨਾਲ। ਪਾਈਐ = ਮਿਲਦਾ ਹੈ। ਅਮਰ ਪਦਾਰਥ ਤੇ = ਆਤਮਕ ਜੀਵਨ ਦੇਣ ਵਾਲੀ ਇਸ ਕੀਮਤੀ ਚੀਜ਼ ਦੀ ਬਰਕਤਿ ਨਾਲ। ਤੇ = ਤੋਂ, ਦੀ ਰਾਹੀਂ। ਕਿਰਤਾਰਥ = {ਕਿਰਤ-ਅਰਥ} ਜਿਸ ਦਾ ਮਨੋਰਥ ਪੂਰਾ ਹੋ ਗਿਆ, ਸਫਲ, ਕਾਮਯਾਬ ਜੀਵਨ ਵਾਲਾ। ਧਿਆਨਿ = ਧਿਆਨ ਵਿਚ, ਸਮਾਧੀ ਵਿਚ, ਟਿਕਾਓ ਵਿਚ (ਟਿਕ ਕੇ) । ਸਹਜ ਧਿਆਨਿ = ਆਤਮਕ ਅਡੋਲਤਾ ਦੇ ਟਿਕਾਓ ਵਿਚ (ਟਿਕ ਕੇ) ।1। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ। ਸਹਜ = ਅਡੋਲਤਾ, ਸ਼ਾਂਤੀ। ਸੇਤੀ = ਨਾਲ। ਸਹਜ ਸੇਤੀ = ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ। ਘਰਿ = ਘਰ ਵਿਚ, ਆਪਣੇ ਮੂਲ ਵਿਚ, ਪ੍ਰਭੂ-ਚਰਨਾਂ ਵਿਚ।1। ਰਹਾਉ। ਭਰਮੁ = ਭਟਕਣਾ। ਭੇਦੁ = (ਪ੍ਰਭੂ ਨਾਲੋਂ) ਵਿੱਥ। ਭਉ = ਡਰ, ਸਹਮ। ਆਵਤ ਜਾਤ = ਜੰਮਦਿਆਂ ਮਰਦਿਆਂ। ਡੂਬਿ ਮੁਏ = (ਵਿਕਾਰਾਂ ਦੇ ਪਾਣੀਆਂ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲਈ। ਬਿਨੁ ਪਾਨੀ = ਪਾਣੀ ਤੋਂ ਖ਼ਾਲੀ ਹੀ ਰਹੇ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਾਹ ਹੋਈ।2। ਪਤਿ = ਇੱਜ਼ਤ। ਧੰਧਾ = ਮਾਇਆ ਦੀ ਖ਼ਾਤਰ ਦੌੜ-ਭੱਜ। ਭਰਮੁ = ਭਟਕਣਾ। ਗਵਾਰਾ = ਹੇ ਮੂਰਖ! ਅੰਧੁਲੇ = ਹੇ ਅੰਨ੍ਹੇ! ਪਸਾਰਾ = ਖਿਲਾਰਾ, ਸੁਰਤਿ ਦਾ ਖਿੰਡਾਉ।3। ਅਕੁਲ = ਉਹ ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ {ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੀ ਕਾਲਖ}। ਸਿਉ = ਨਾਲ। ਮਾਨਿਆ = ਗਿੱਝ ਗਿਆ। ਮਨ ਤੇ = ਮਨ ਤੋਂ, ਮਨ ਦੇ ਮਾਇਕ ਫੁਰਨਿਆਂ ਵਲੋਂ। ਮਨੁ ਮੂਆ = ਮਨ ਮਰ ਜਾਂਦਾ ਹੈ, ਮਨ ਦਾ ਚਾਉ-ਉਤਸ਼ਾਹ ਮੁੱਕ ਜਾਂਦਾ ਹੈ।4। ਅਰਥ: ਹੇ ਮਨ! ਪਰਮਾਤਮਾ ਦੀ ਭਗਤੀ ਵਿਚ ਜੁੜਨਾ ਚਾਹੀਦਾ ਹੈ। ਹੇ ਮਨ! ਗੁਰੂ ਦੇ ਦੱਸੇ ਜੀਵਨ-ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, (ਇਸ ਤਰ੍ਹਾਂ) ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਜਾਈਦਾ ਹੈ।1। ਰਹਾਉ। (ਜਿਵੇਂ ਦੁਨੀਆ ਵਾਲਾ ਧਨ-ਪਦਾਰਥ ਇਨਸਾਨ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਣਾ ਸਭ ਜੀਵਾਂ ਲਈ (ਆਤਮਕ ਲੋੜਾਂ ਪੂਰੀਆਂ ਕਰਨ ਵਾਸਤੇ) ਧਨ ਹੈ (ਆਤਮਕ ਜੀਵਨ ਦਾ) ਸਹਾਰਾ ਬਣਦਾ ਹੈ, (ਪਰ ਇਹ ਧਨ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਤਮਕ ਜੀਵਨ ਦੇਣ ਵਾਲੇ ਇਸ ਕੀਮਤੀ ਧਨ ਦੀ ਬਰਕਤਿ ਨਾਲ ਕਾਮਯਾਬ ਜ਼ਿੰਦਗੀ ਵਾਲਾ ਹੋ ਜਾਈਦਾ ਹੈ, ਆਤਮਕ ਅਡੋਲਤਾ ਦੇ ਟਿਕਾਓ ਵਿਚ ਟਿਕੇ ਰਹਿ ਕੇ ਸੁਰਤਿ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।1। (ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਭਟਕਣਾ, ਪ੍ਰਭੂ ਨਾਲੋਂ ਵਿੱਥ, ਡਰ-ਸਹਮ ਕਦੇ ਨਹੀਂ ਮੁੱਕਦਾ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ, (ਸਹੀ ਜੀਵਨ ਦੀ) ਸਮਝ ਨਹੀਂ ਪੈਂਦੀ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕੋਈ ਬੰਦਾ (ਮਾਇਆ ਦੀ ਤ੍ਰਿਸ਼ਨਾ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰ ਸਕਦਾ। (ਵਿਕਾਰਾਂ ਦੇ ਪਾਣੀ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਹੀਂ ਹੁੰਦੀ।2। ਹੇ ਮੂਰਖ (ਮਨ) ! (ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ ਤੂੰ ਆਪਣੀ ਇੱਜ਼ਤ ਗਵਾ ਲਏਂਗਾ, (ਇਸ ਤਰ੍ਹਾਂ) ਤੇਰੀ ਭਟਕਣਾ ਨਹੀਂ ਮੁੱਕੇਗੀ। ਹੇ ਅੰਨ੍ਹੇ (ਮਨ) ! ਗੁਰੂ ਦੇ ਸ਼ਬਦ (ਨਾਲ ਪਿਆਰ ਕਰਨ) ਤੋਂ ਬਿਨਾ (ਮਾਇਆ ਦੀ ਤ੍ਰਿਸ਼ਨਾ ਤੋਂ) ਕਦੇ ਖ਼ਲਾਸੀ ਨਹੀਂ ਹੋਵੇਗੀ। ਇਹ ਦੌੜ-ਭੱਜ ਟਿਕੀ ਰਹੇਗੀ, ਸੁਰਤਿ ਦਾ ਇਹ ਖਿੰਡਾਉ ਬਣਿਆ ਰਹੇਗਾ।3। ਜੇਹੜਾ ਮਨ ਉਸ ਪ੍ਰਭੂ ਨਾਲ ਗਿੱਝ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਮਾਇਕ ਫੁਰਨਿਆਂ ਵਲੋਂ ਉਸ ਮਨ ਦਾ ਚਾਉ-ਉਤਸ਼ਾਹ ਹੀ ਮੁੱਕ ਜਾਂਦਾ ਹੈ। ਹੇ ਨਾਨਕ! ਉਹ ਮਨ ਆਪਣੇ ਅੰਦਰ ਤੇ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਪਛਾਣਦਾ ਹੈ, ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਸੁਝਦਾ।4।6।7। ਭੈਰਉ ਮਹਲਾ ੧ ॥ ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥ ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥ ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥ ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥ ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥ ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ ਮਰੈ ॥੨॥ ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥ ਰਾਮ ਨਾਮ ਬਿਨੁ ਸਾਂਤਿ ਨ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪਰੈ ॥੩॥ ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥ ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਂਧੈ ਭੇਖੁ ਭਇਆ ॥੪॥ ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ ॥ ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥ {ਪੰਨਾ 1127} ਪਦ ਅਰਥ: ਹੋਮ = ਹਵਨ। ਦੇਹੀ = ਸਰੀਰ। ਮੁਕਤਿ = (ਦੁੱਖਾਂ ਤੋਂ) ਖ਼ਲਾਸੀ। ਨਾਮਿ = ਨਾਮ ਵਿਚ (ਜੁੜ ਕੇ) । ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੁਰ ਕੇ।1। ਬਿਰਥੇ = ਵਿਅਰਥ। ਜਗਿ = ਜਗਤ ਵਿਚ। ਬਿਖੁ = ਜ਼ਹਰ, ਵਿਕਾਰਾਂ ਦੀ ਜ਼ਹਰ। ਮਰਿ = ਮਰੈ, ਆਤਮਕ ਮੌਤ ਮਰਦਾ ਹੈ, ਉੱਚੇ ਆਤਮਕ ਗੁਣ ਗਵਾ ਲੈਂਦਾ ਹੈ। ਭ੍ਰਮਨਾ = ਭਟਕਣਾ।1। ਰਹਾਉ। ਵਖਾਣੈ = (ਹੋਰਨਾਂ ਨੂੰ) ਸਮਝਾਂਦਾ ਹੈ। ਤਿਕਾਲ = ਤਿੰਨ ਵੇਲੇ (ਸਵੇਰੇ, ਦੁਪਹਿਰ ਤੇ ਸ਼ਾਮ) । ਕਹਾ = ਕਿੱਥੇ? ਪ੍ਰਾਣੀ = ਹੇ ਪ੍ਰਾਣੀ! ਉਰਝਿ = ਉਲਝ ਕੇ, (ਵਿਕਾਰਾਂ ਵਿਚ) ਫਸ ਕੇ।2। ਡੰਡ = (ਜੋਗੀ ਵਾਲਾ) ਡੰਡਾ। ਕਮੰਡਲ = ਖੱਪਰ, ਚਿੱਪੀ। ਸਿਖਾ = ਬੋਦੀ, ਚੋਟੀ। ਸੂਤੁ = ਜਨੇਊ। ਤੀਰਥਿ ਗਵਨੁ = ਤੀਰਥ ਉਤੇ ਜਾਣਾ, ਤੀਰਥ-ਜਾਤ੍ਰਾ। ਭ੍ਰਮਨੁ = (ਧਰਤੀ ਉਤੇ) ਭੌਣਾ।3। ਜਟਾ ਮੁਕਟੁ = ਜਟਾਂ ਦਾ ਜੂੜਾ। ਤਨਿ = ਸਰੀਰ ਉਤੇ। ਭਸਮ = ਸੁਆਹ। ਛੋਡਿ = ਛੱਡ ਕੇ। ਨਗਨੁ = ਨੰਗਾ। ਬਾਂਧੈ = ਬੱਧੇ ਹੋਏ (ਮਨੁੱਖ) ਨੂੰ। ਕਿਰਤ = ਕੀਤੇ ਹੋਏ ਕਰਮਾਂ ਦੇ ਸੰਸਕਾਰ। ਕਿਰਤ ਕੈ ਬਾਂਧੈ = ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਧੇ ਮਨੁੱਖ ਨੂੰ। ਭੇਖੁ = ਧਾਰਮਿਕ ਲਿਬਾਸ।4। ਜੇਤੇ ਜੀਅ = ਜਿਤਨੇ ਭੀ ਜੀਵ ਹਨ। ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਧਰਤੀ ਦੇ ਉਪਰਲੇ ਪੁਲਾੜ ਵਿਚ, ਆਕਾਸ਼ ਵਿਚ। ਜਤ੍ਰ ਕਤ੍ਰ = ਜਿਥੇ ਕਿਥੇ, ਹਰ ਥਾਂ। ਜਨ ਕਉ = (ਆਪਣੇ) ਦਾਸ ਨੂੰ। ਰਾਖਿ ਲੇ = ਰੱਖ ਲੈਂਦਾ ਹੈ। ਝੋਲਿ = ਹਿਲਾ ਕੇ, ਸੁਆਦ ਨਾਲ।5। ਅਰਥ: ਪਰਮਾਤਮਾ ਦਾ ਨਾਮ ਜਪਣ ਤੋਂ ਵਾਂਜੇ ਰਹਿ ਕੇ ਮਨੁੱਖ ਦਾ ਜਗਤ ਵਿਚ ਜਨਮ (ਲੈਣਾ) ਵਿਅਰਥ ਹੋ ਜਾਂਦਾ ਹੈ। ਜੇਹੜਾ ਮਨੁੱਖ ਵਿਸ਼ਿਆਂ ਦੀ ਜ਼ਹਰ ਖਾਂਦਾ ਰਹਿੰਦਾ ਹੈ, ਵਿਸ਼ਿਆਂ ਦੀਆਂ ਹੀ ਨਿੱਤ ਗੱਲਾਂ ਕਰਦਾ ਰਹਿੰਦਾ ਹੈ ਤੇ ਪ੍ਰਭੂ-ਸਿਮਰਨ ਤੋਂ ਖ਼ਾਲੀ ਰਹਿੰਦਾ ਹੈ, ਉਸ ਦੀ ਜ਼ਿੰਦਗੀ ਵਿਅਰਥ ਰਹਿੰਦੀ ਹੈ ਉਹ ਆਤਮਕ ਮੌਤੇ ਮਰ ਜਾਂਦਾ ਹੈ ਅਤੇ ਸਦਾ ਭਟਕਦਾ ਰਹਿੰਦਾ ਹੈ।1। ਰਹਾਉ। (ਵਿਕਾਰਾਂ ਤੋਂ ਅਤੇ ਵਿਕਾਰਾਂ ਤੋਂ ਪੈਦਾ ਹੋਏ ਦੁੱਖਾਂ ਤੋਂ) ਖ਼ਲਾਸੀ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਨਹੀਂ ਪ੍ਰਾਪਤ ਕਰ ਸਕਦਾ, ਇਹ ਖ਼ਲਾਸੀ ਗੁਰੂ ਦੀ ਸਰਨ ਪੈ ਕੇ ਪ੍ਰਭੂ-ਨਾਮ ਵਿਚ ਜੁੜਿਆਂ ਹੀ ਮਿਲਦੀ ਹੈ। (ਜੇ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ) ਜੱਗ ਹਵਨ ਪੁੰਨ-ਦਾਨ, ਤਪ ਪੂਜਾ ਆਦਿਕ ਕਰਮ ਕੀਤਿਆਂ ਸਰੀਰ (ਫਿਰ ਭੀ) ਦੁਖੀ ਹੀ ਰਹਿੰਦਾ ਹੈ ਦੁੱਖ ਹੀ ਸਹਾਰਦਾ ਹੈ।1। (ਪੰਡਿਤ ਸੰਸਕ੍ਰਿਤ) ਪੁਸਤਕਾਂ ਦੇ ਪਾਠ ਤੇ ਵਿਆਕਰਣ ਆਦਿਕ (ਆਪਣੇ ਵਿਦਿਆਰਥੀਆਂ ਆਦਿਕਾਂ ਨੂੰ) ਸਮਝਾਂਦਾ ਹੈ, ਤਿੰਨ ਵੇਲੇ (ਹਰ ਰੋਜ਼) ਸੰਧਿਆ-ਕਰਮ ਭੀ ਕਰਦਾ ਹੈ, ਪਰ, ਹੇ ਪ੍ਰਾਣੀ! ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ (ਵਿਸ਼ਿਆਂ ਦੇ ਜ਼ਹਰ ਤੋਂ) ਖ਼ਲਾਸੀ ਬਿਲਕੁਲ ਨਹੀਂ ਮਿਲ ਸਕਦੀ। ਪਰਮਾਤਮਾ ਦੇ ਨਾਮ ਤੋਂ ਵਾਂਜਿਆ ਉਹ ਵਿਕਾਰਾਂ ਵਿਚ ਫਸਿਆ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ।2। (ਜੋਗੀ ਹੱਥ ਵਿਚ) ਡੰਡਾ ਤੇ ਖੱਪਰ ਫੜ ਲੈਂਦਾ ਹੈ, ਬ੍ਰਾਹਮਣ ਬੋਦੀ ਰੱਖਦਾ ਹੈ, ਜਨੇਊ ਤੇ ਧੋਤੀ ਪਹਿਨਦਾ ਹੈ, (ਜੋਗੀ) ਤੀਰਥ-ਜਾਤ੍ਰਾ ਤੇ ਧਰਤੀ-ਭ੍ਰਮਨ ਕਰਦਾ ਹੈ। (ਪਰ ਇਹਨੀਂ ਕੰਮੀਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਨ ਨੂੰ) ਸ਼ਾਂਤੀ ਨਹੀਂ ਆ ਸਕਦੀ। ਜੋ ਮਨੁੱਖ ਹਰੀ ਦਾ ਨਾਮ ਸਦਾ ਸਿਮਰਦਾ ਹੈ, ਉਹ (ਵਿਸ਼ੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।3। ਜਟਾਂ ਦਾ ਜੂੜਾ ਕਰ ਲਿਆ, ਪਿੰਡੇ ਤੇ ਸੁਆਹ ਮਲ ਲਈ, ਸਰੀਰ ਉਤੋਂ ਕੱਪੜੇ ਉਤਾਰ ਕੇ ਨੰਗਾ ਰਹਿਣ ਲੱਗ ਪਿਆ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਲਈ (ਇਹ ਸਾਰਾ ਅਡੰਬਰ) ਨਿਰਾ ਬਾਹਰਲਾ ਧਾਰਮਿਕ ਲਿਬਾਸ ਹੀ ਹੈ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਵਲੋਂ ਮਨ ਰੱਜਦਾ ਨਹੀਂ।4। (ਪਰ ਹੇ ਪ੍ਰਭੂ! ਜੀਵਾਂ ਦੇ ਕੁਝ ਵੱਸ ਨਹੀਂ ਹੈ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਜਿਤਨੇ ਭੀ ਜੀਵ ਵੱਸਦੇ ਹਨ ਸਭਨਾਂ ਵਿਚ ਤੂੰ ਆਪ ਹੀ ਹਰ ਥਾਂ ਮੌਜੂਦ ਹੈਂ। ਹੇ ਨਾਨਕ! ਜਿਸ ਜੀਵ ਨੂੰ ਪ੍ਰਭੂ ਗੁਰੂ ਦੀ ਕਿਰਪਾ ਦੀ ਰਾਹੀਂ (ਵਿਸ਼ੇ ਵਿਕਾਰਾਂ ਤੋਂ) ਬਚਾਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਬੜੇ ਸੁਆਦ ਨਾਲ ਪੀਂਦਾ ਹੈ।5।7।8। ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ {ਪੰਨਾ 1127-1128} ਪਦ ਅਰਥ: ਗਰਬੁ = ਅਹੰਕਾਰ। ਬ੍ਰਹਮੁ = ਪਰਮਾਤਮਾ। ਬਿੰਦੇ = (ਜੋ) ਜਾਣਦਾ ਹੈ, ਸਾਂਝ ਪਾ ਲੈਂਦਾ ਹੈ।1। ਮੂਰਖ = ਹੇ ਮੂਰਖ! ਤੇ = ਤੋਂ {ਲਫ਼ਜ਼ 'ਗਰਬੁ' ਅਤੇ 'ਗਰਬ' ਦਾ ਵਿਆਕਰਣਿਕ ਫ਼ਰਕ ਵੇਖਣਾ}। ਵਿਕਾਰਾ = ਭੈੜ।1। ਰਹਾਉ। ਚਾਰੇ = ਚਾਰ ਹੀ। ਵਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਸਭੁ ਕੋਈ = ਹਰੇਕ ਮਨੁੱਖ। ਤੇ = ਤੋਂ। ਬਿੰਦ = ਵੀਰਜ, ਅਸਲਾ। ਬ੍ਰਹਮੁ ਬਿੰਦ ਤੇ = ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ। ਸਭ = ਸਾਰੀ। ਓਪਤਿ = ਉਤਪੱਤੀ।2। ਸਗਲ = ਸਾਰਾ। ਬਹੁ ਬਿਧਿ = ਕਈ ਕਿਸਮਾਂ ਦੇ। ਘੜੈ = ਘੜਦਾ ਹੈ।3। ਮਿਲਿ = ਮਿਲ ਕੇ। ਦੇਹੀ = ਸਰੀਰ। ਆਕਾਰਾ = ਸ਼ਕਲ। ਕੋ ਕਰੈ = ਕੌਣ ਕਰ ਸਕਦਾ ਹੈ? ਘਟਿ = ਥੋੜ੍ਹੇ। ਵਧਿ = ਵਧੀਕ, ਬਹੁਤੇ।4। ਕਹਤੁ = ਆਖਦਾ ਹੈ। ਜੀਉ = ਜੀਵ। ਕਰਮ ਬੰਧੁ = ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ। ਭੇਟੇ = ਮਿਲਿਆਂ। ਮੁਕਤਿ = (ਕਰਮਾਂ ਦੇ ਬੰਧਨਾਂ ਤੋਂ) ਖ਼ਲਾਸੀ।5। ਅਰਥ: ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ।1। ਰਹਾਉ। ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। ('ਜਾਤਿ' ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ।1। ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ।2। ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ।3। ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ।4। ਨਾਨਕ ਆਖਦਾ ਹੈ– (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ।5।1। |
Sri Guru Granth Darpan, by Professor Sahib Singh |