ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1129

ਭੈਰਉ ਮਹਲਾ ੩ ॥ ਰਾਮ ਨਾਮੁ ਜਗਤ ਨਿਸਤਾਰਾ ॥ ਭਵਜਲੁ ਪਾਰਿ ਉਤਾਰਣਹਾਰਾ ॥੧॥ ਗੁਰ ਪਰਸਾਦੀ ਹਰਿ ਨਾਮੁ ਸਮ੍ਹ੍ਹਾਲਿ ॥ ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ ॥ ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥ ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥੨॥ ਆਪੇ ਦਾਤਿ ਕਰੇ ਦਾਤਾਰੁ ॥ ਦੇਵਣਹਾਰੇ ਕਉ ਜੈਕਾਰੁ ॥੩॥ ਨਦਰਿ ਕਰੇ ਸਤਿਗੁਰੂ ਮਿਲਾਏ ॥ ਨਾਨਕ ਹਿਰਦੈ ਨਾਮੁ ਵਸਾਏ ॥੪॥੬॥ {ਪੰਨਾ 1129}

ਪਦ ਅਰਥ: ਜਗਤ ਨਿਸਤਾਰਾ = ਸੰਸਾਰ ਦਾ ਪਾਰ-ਉਤਾਰਾ ਕਰਦਾ ਹੈ। ਭਵਜਲੁ = ਸੰਸਾਰ-ਸਮੁੰਦਰ। ਉਤਾਰਣਹਾਰਾ = (ਪਾਰ) ਉਤਾਰਨ ਦੀ ਸਮਰਥਾ ਵਾਲਾ।1।

ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਮ੍ਹ੍ਹਾਲਿ = ਹਿਰਦੇ ਵਿਚ ਵਸਾਓ। ਸਦ = ਸਦਾ। ਨਿਬਹੈ– ਸਾਥ ਦੇਂਦਾ ਹੈ।1। ਰਹਾਉ।

ਨ ਚੇਤਹਿ = ਯਾਦ ਨਹੀਂ ਕਰਦੇ {ਬਹੁ-ਵਚਨ}। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਗਾਵਾਰਾ = ਮੂਰਖ ਬੰਦੇ। ਕੈਸੇ ਪਾਵਹਿ ਪਾਰਾ = ਪਾਰਲਾ ਬੰਨਾ ਕਿਵੇਂ ਲੱਭ ਸਕਦੇ ਹਨ?।2।

ਆਪੇ = ਆਪ ਹੀ। ਦਾਤਿ = (ਨਾਮ ਦੀ) ਬਖ਼ਸ਼ਸ਼। ਦਾਤਾਰੁ = ਦਾਤਾਂ ਦੇਣ ਵਾਲਾ ਪ੍ਰਭੂ। ਕਉ = ਨੂੰ। ਜੈਕਾਰੁ = ਸਿਫ਼ਤਿ-ਸਾਲਾਹ ਕਰੋ।3।

ਨਦਰਿ = (ਮਿਹਰ ਦੀ) ਨਿਗਾਹ। ਨਾਨਕ = ਹੇ ਨਾਨਕ! ਹਿਰਦੈ = ਹਿਰਦੇ ਵਿਚ।4।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਦੁਨੀਆ ਦਾ ਪਾਰ-ਉਤਾਰਾ ਕਰਦਾ ਹੈ (ਜੀਵਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲਾ ਹੈ।1।

ਹੇ ਭਾਈ! ਗੁਰੂ ਦੀ ਕਿਰਪਾ ਨਾਲ (ਗੁਰੂ ਦੀ ਕਿਰਪਾ ਦਾ ਪਾਤ੍ਰ ਬਣ ਕੇ) ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸੰਭਾਲ। ਇਹ ਹਰਿ-ਨਾਮ ਸਦਾ ਹੀ ਤੇਰੇ ਨਾਲ ਸਾਥ ਦੇਵੇਗਾ।1। ਰਹਾਉ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ। ਨਾਮ ਤੋਂ ਬਿਨਾ ਉਹ ਕਿਸੇ ਤਰ੍ਹਾਂ ਭੀ (ਸੰਸਾਰ ਦੇ ਵਿਕਾਰਾਂ ਤੋਂ) ਪਾਰ ਨਹੀਂ ਲੰਘ ਸਕਦੇ।2।

(ਪਰ, ਹੇ ਭਾਈ! ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਨਾਮ ਦੀ ਬਖ਼ਸ਼ਸ਼ ਦਾਤਾਰ ਪ੍ਰਭੂ ਆਪ ਹੀ ਕਰਦਾ ਹੈ, (ਇਸ ਵਾਸਤੇ) ਦੇਣ ਦੀ ਸਮਰਥਾ ਵਾਲੇ ਪ੍ਰਭੂ ਦੇ ਅੱਗੇ ਹੀ ਸਿਰ ਨਿਵਾਉਣਾ ਚਾਹੀਦਾ ਹੈ (ਪ੍ਰਭੂ ਪਾਸੋਂ ਹੀ ਨਾਮ ਦੀ ਦਾਤਿ ਮੰਗਣੀ ਚਾਹੀਦੀ ਹੈ) ।3।

ਹੇ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਉਹ ਮਨੁੱਖ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।4।6।

ਭੈਰਉ ਮਹਲਾ ੩ ॥ ਨਾਮੇ ਉਧਰੇ ਸਭਿ ਜਿਤਨੇ ਲੋਅ ॥ ਗੁਰਮੁਖਿ ਜਿਨਾ ਪਰਾਪਤਿ ਹੋਇ ॥੧॥ ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥ ਗੁਰਮੁਖਿ ਨਾਮੁ ਵਡਿਆਈ ਦੇਇ ॥੧॥ ਰਹਾਉ ॥ ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥ ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥ ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥ ਅਉਖੇ ਹੋਵਹਿ ਚੋਟਾ ਖਾਹਿ ॥੩॥ ਆਪੇ ਕਰਤਾ ਦੇਵੈ ਸੋਇ ॥ ਨਾਨਕ ਨਾਮੁ ਪਰਾਪਤਿ ਹੋਇ ॥੪॥੭॥ {ਪੰਨਾ 1129}

ਪਦ ਅਰਥ: ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਉਧਰੇ = ਵਿਕਾਰਾਂ ਤੋਂ ਬਚੇ ਹਨ। ਸਭਿ = ਸਾਰੇ। ਲੋਅ = (ਚੌਦਾਂ) ਲੋਕ, ਚੌਦਾਂ ਲੋਕਾਂ ਦੇ ਜੀਵ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਪਰਾਪਤਿ ਹੋਇ = (ਹਰਿ-ਨਾਮ) ਮਿਲਦਾ ਹੈ।1।

ਕਰੇਇ = ਕਰਦਾ ਹੈ। ਵਡਿਆਈ = ਇੱਜ਼ਤ। ਦੇਇ = ਦੇਂਦਾ ਹੈ।1। ਰਹਾਉ।

ਰਾਮ ਨਾਮਿ = ਪਰਮਾਤਮਾ ਦੇ ਨਾਮ ਵਿਚ। ਸਭਿ ਕੁਲ = ਸਾਰੀਆਂ ਕੁਲਾਂ ਨੂੰ। ਉਧਾਰਣਹਾਰੁ = ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਵਾਲਾ {ਇਕ-ਵਚਨ}।2।

ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ। ਜਮਪੁਰਿ = ਜਮਰਾਜ ਦੇ ਦੇਸ ਵਿਚ। ਜਾਹਿ = ਜਾਂਦੇ ਹਨ {ਬਹੁ-ਵਚਨ}। ਅਉਖੇ = ਦੁਖੀ। ਖਾਹਿ = ਖਾਂਦੇ ਹਨ।3।

ਆਪੇ = ਆਪ ਹੀ। ਸੋਇ ਕਰਤਾ = ਉਹ ਕਰਤਾਰ ਹੀ। ਨਾਨਕ = ਹੇ ਨਾਨਕ!।4।

ਅਰਥ: ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ (ਆਪਣਾ) ਨਾਮ ਦੇਂਦਾ ਹੈ (ਇਹੀ ਹੈ ਅਸਲ) ਇੱਜ਼ਤ।1। ਰਹਾਉ।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ (ਉਹ ਵਿਕਾਰਾਂ ਤੋਂ ਬਚ ਜਾਂਦੇ ਹਨ) । ਹੇ ਭਾਈ! ਚੌਦਾਂ ਭਵਨਾਂ ਦੇ ਜਿਤਨੇ ਭੀ ਜੀਵ ਹਨ, ਉਹ ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਬਚਦੇ ਹਨ।1।

ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜਿਨ੍ਹਾਂ ਮਨੁੱਖਾਂ ਦੀ ਪ੍ਰੀਤ ਹੈ ਜਿਨ੍ਹਾਂ ਦਾ ਪਿਆਰ ਹੈ, ਉਹ ਆਪ ਵਿਕਾਰਾਂ ਤੋਂ ਬਚ ਗਏ। (ਉਹਨਾਂ ਵਿਚੋਂ ਹਰੇਕ ਆਪਣੀਆਂ) ਸਾਰੀਆਂ ਕੁਲਾਂ ਨੂੰ ਬਚਾਣ-ਜੋਗਾ ਹੋ ਗਿਆ।2।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਜਮਰਾਜ ਦੇ ਦੇਸ ਵਿਚ ਜਾਂਦੇ ਹਨ, ਉਹ ਦੁਖੀ ਹੁੰਦੇ, (ਤੇ ਨਿੱਤ ਵਿਕਾਰਾਂ ਦੀਆਂ) ਸੱਟਾਂ ਸਹਾਰਦੇ ਹਨ।3।

ਹੇ ਨਾਨਕ! ਜਿਸ ਮਨੁੱਖ ਨੂੰ ਕਰਤਾਰ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ (ਉਸ ਨੂੰ ਹੀ ਉਸ ਦਾ) ਨਾਮ ਮਿਲਦਾ ਹੈ।4।7।

ਭੈਰਉ ਮਹਲਾ ੩ ॥ ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥ ਰਾਮ ਨਾਮ ਸਬਦਿ ਬੀਚਾਰੇ ॥੧॥ ਹਰਿ ਜੀਉ ਅਪਣੀ ਕਿਰਪਾ ਧਾਰੁ ॥ ਗੁਰਮੁਖਿ ਨਾਮੇ ਲਗੈ ਪਿਆਰੁ ॥੧॥ ਰਹਾਉ ॥ ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥ ਪੂਰੈ ਗੁਰਿ ਮੇਲਾਵਾ ਹੋਇ ॥੨॥ ਨਿਜ ਘਰਿ ਵਸੈ ਸਹਜਿ ਸੁਭਾਇ ॥ ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥ ਆਪੇ ਵੇਖੈ ਵੇਖਣਹਾਰੁ ॥ ਨਾਨਕ ਨਾਮੁ ਰਖਹੁ ਉਰ ਧਾਰਿ ॥੪॥੮॥ {ਪੰਨਾ 1129}

ਪਦ ਅਰਥ: ਸਨਕਾਦਿਕ = ਸਨਕ ਆਦਿਕ ਸਨਕ, ਸਨੰਦਨ, ਸਨਤਕੁਮਾਰ, ਸਨਾਤਨ = ਬ੍ਰਹਮਾ ਦੇ ਚਾਰ ਪੁੱਤਰ। ਉਧਾਰੇ = (ਸੰਸਾਰ-ਸਮੁੰਦਰ ਤੋਂ) ਬਚਾਏ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਬੀਚਾਰੇ = ਵਿਚਾਰ ਕੀਤੀ, ਆਪਣੇ ਮਨ ਵਿਚ ਵਸਾਏ।1।

ਹਰਿ ਜੀਉ = ਹੇ ਹਰੀ! ਧਾਰੁ = ਕਰ। ਗੁਰਮੁਖਿ = ਗੁਰੂ ਦੀ ਰਾਹੀਂ। ਨਾਮੇ = ਨਾਮ ਵਿਚ ਹੀ। ਲਗੈ = ਬਣਿਆ ਰਹੇ।1। ਰਹਾਉ।

ਅੰਤਰਿ = (ਜਿਸ ਮਨੁੱਖ ਦੇ) ਅੰਦਰ। ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰੈ ਗੁਰਿ = ਪੂਰੇ ਗੁਰੂ ਦੀ ਰਾਹੀਂ। ਮੇਲਾਵਾ = ਮਿਲਾਪ।2।

ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਮਨਿ = ਮਨ ਵਿਚ।3।

ਆਪੇ = ਆਪ ਹੀ। ਵੇਖੈ = ਸੰਭਾਲ ਕਰਦਾ ਹੈ। ਵੇਖਣਹਾਰੁ = ਸੰਭਾਲ ਕਰ ਸਕਣ ਵਾਲਾ ਪ੍ਰਭੂ! ਉਰ = ਹਿਰਦਾ। ਧਾਰਿ = ਧਾਰ ਕੇ, ਟਿਕਾ ਕੇ।4।

ਅਰਥ: ਹੇ ਪ੍ਰਭੂ ਜੀ! (ਮੇਰੇ ਉਤੇ) ਆਪਣੀ ਕਿਰਪਾ ਕਰੀ ਰੱਖ, ਤਾ ਕਿ ਗੁਰੂ ਦੀ ਸਰਨ ਪੈ ਕੇ (ਮੇਰਾ) ਪਿਆਰ (ਤੇਰੇ) ਨਾਮ ਵਿਚ ਹੀ ਬਣਿਆ ਰਹੇ।1। ਰਹਾਉ।

ਹੇ ਭਾਈ! ਸਨਕ, ਸਨੰਦਨ, ਸਨਤਾਨ, ਸਨਤਕੁਮਾਰ = ਬ੍ਰਹਮਾ ਦੇ ਇਹਨਾਂ ਚਾਰ ਪੁੱਤਰਾਂ = ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਇਆ, ਪਰਮਾਤਮਾ ਦੇ (ਚਰਨਾਂ ਦੇ ਇਸ) ਪਿਆਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ।1।

ਹੇ ਭਾਈ! ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਪ੍ਰੀਤਿ-ਭਗਤੀ ਪੈਦਾ ਹੁੰਦੀ ਹੈ, ਪਰਮਾਤਮਾ ਨਾਲ ਉਸ ਦਾ ਮਿਲਾਪ ਹੋ ਜਾਂਦਾ ਹੈ।2।

ਹੇ ਭਾਈ! ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ-ਪਿਆਰ ਵਿਚ ਟਿਕ ਕੇ, ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਕਰੀ ਰੱਖਦਾ ਹੈ।3।

ਹੇ ਨਾਨਕ! ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਜਿਹੜਾ ਪ੍ਰਭੂ ਆਪ ਹੀ (ਸਭ ਦੀ) ਸੰਭਾਲ ਕਰ ਰਿਹਾ ਹੈ, ਉਸ ਦਾ ਨਾਮ ਆਪਣੇ ਹਿਰਦੇ ਵਿਚ ਪ੍ਰੋ ਕੇ ਰੱਖ।4।8।

ਭੈਰਉ ਮਹਲਾ ੩ ॥ ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥ ਬਿਨੁ ਨਾਵੈ ਮਾਥੈ ਪਾਵੈ ਛਾਰੁ ॥੧॥ ਰਾਮ ਨਾਮੁ ਦੁਲਭੁ ਹੈ ਭਾਈ ॥ ਗੁਰ ਪਰਸਾਦਿ ਵਸੈ ਮਨਿ ਆਈ ॥੧॥ ਰਹਾਉ ॥ ਰਾਮ ਨਾਮੁ ਜਨ ਭਾਲਹਿ ਸੋਇ ॥ ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥ ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥ ਗੁਰ ਕੈ ਸਬਦਿ ਨਾਮ ਨੀਸਾਣੁ ॥੩॥ ਸੋ ਸੇਵਹੁ ਜੋ ਕਲ ਰਹਿਆ ਧਾਰਿ ॥ ਨਾਨਕ ਗੁਰਮੁਖਿ ਨਾਮੁ ਪਿਆਰਿ ॥੪॥੯॥ {ਪੰਨਾ 1129}

ਪਦ ਅਰਥ: ਕਲਜੁਗ ਮਹਿ = ਕਲਜੁਗ ਵਿਚ, ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਕਰ ਰਹੇ}। ਉਰ = ਹਿਰਦਾ। ਧਾਰੁ = ਵਸਾਈ ਰੱਖ। ਮਾਥੈ = (ਆਪਣੇ) ਮੱਥੇ ਉਤੇ, ਮੂੰਹ ਉੱਤੇ। ਪਾਵੈ = (ਉਹ ਮਨੁੱਖ) ਪਾਂਦਾ ਹੈ। ਛਾਰੁ = (ਲੋਕ ਪਰਲੋਕ ਦੀ ਨਿਰਾਦਰੀ ਦੀ) ਸੁਆਹ, ਮੁਕਾਲਖ। ਮਾਥੈ ਪਾਵੈ = ਆਪਣੇ ਮੂੰਹ ਉੱਤੇ ਪਾਂਦਾ ਹੈ, ਖੱਟਦਾ ਹੈ।1।

ਦੁਲਭੁ = ਦੁਰਲੱਭ, ਮੁਸ਼ਕਿਲ ਨਾਲ ਮਿਲਣ ਵਾਲਾ। ਭਾਈ = ਹੇ ਭਾਈ! ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ।1। ਰਹਾਉ।

ਜਨ ਸੋਇ = {ਬਹੁ-ਵਚਨ} ਉਹ ਮਨੁੱਖ। ਭਾਲਹਿ = ਭਾਲਦੇ ਹਨ, ਖੋਜਦੇ ਹਨ, ਭਾਲ ਕਰਦੇ ਹਨ। ਤੇ = ਤੋਂ। ਪ੍ਰਾਪਤਿ = ਪ੍ਰਾਪਤੀ, ਮੇਲ, ਸੰਜੋਗ।2।

ਮੰਨਹਿ = ਠੀਕ ਸਮਝਦੇ ਹਨ। ਸੇ ਜਨ = {ਬਹੁ-ਵਚਨ} ਉਹ ਮਨੁੱਖ। ਪਰਵਾਣੁ = ਕਬੂਲ, ਸਤਕਾਰੇ ਜਾਂਦੇ ਹਨ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਨੀਸਾਣੁ = ਪਰਵਾਨਾ, ਰਾਹਦਾਰੀ। ਨਾਮ ਨੀਸਾਣੁ = ਹਰਿ-ਨਾਮ ਦਾ ਪਰਵਾਨਾ।3।

ਸੋ = ਉਸ ਪਰਮਾਤਮਾ ਨੂੰ। ਸੇਵਹੁ = ਸਿਮਰੋ। ਕਲ = ਕਲਾ, ਸੱਤਿਆ। ਰਹਿਆ ਧਾਰਿ = ਟਿਕਾ ਰਿਹਾ ਹੈ। ਪਿਆਰਿ = ਪਿਆਰ ਕਰ, ਪਿਆਰ ਨਾਲ ਹਿਰਦੇ ਵਿਚ ਵਸਾਓ।4।

ਅਰਥ: ਹੇ ਭਾਈ! (ਹੋਰ ਪਦਾਰਥਾਂ ਦੇ ਟਾਕਰੇ ਤੇ) ਪਰਮਾਤਮਾ ਦਾ ਨਾਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ। (ਇਹ ਤਾਂ) ਗੁਰੂ ਦੀ ਕਿਰਪਾ ਨਾਲ (ਕਿਸੇ ਭਾਗਾਂ ਵਾਲੇ ਦੇ) ਮਨ ਵਿਚ ਆ ਕੇ ਵੱਸਦਾ ਹੈ।1। ਰਹਾਉ।

ਹੇ ਭਾਈ! ਇਸ ਵਿਕਾਰਾਂ-ਭਰੇ ਜਗਤ ਵਿਚ (ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ) ਨਾਮ ਤੋਂ ਖ਼ਾਲੀ (ਰਹਿੰਦਾ ਹੈ, ਉਹ ਲੋਕ ਪਰਲੋਕ ਦੀ) ਨਿਰਾਦਰੀ ਹੀ ਖੱਟਦਾ ਹੈ।1।

ਪਰ, ਹੇ ਭਾਈ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪੂਰੇ ਗੁਰੂ ਪਾਸੋਂ (ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ) ਹਰਿ-ਨਾਮ ਦੀ ਪ੍ਰਾਪਤੀ (ਲਿਖੀ ਹੋਈ ਹੈ) , ਸਿਰਫ਼ ਉਹ ਮਨੁੱਖ ਹੀ ਪਰਮਾਤਮਾ ਦਾ ਨਾਮ ਭਾਲਦੇ ਹਨ।2।

ਹੇ ਭਾਈ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਨ੍ਹਾਂ ਮਨੁੱਖਾਂ ਨੂੰ) ਹਰਿ-ਨਾਮ (ਦੀ ਪਰਾਪਤੀ) ਦਾ ਪਰਵਾਨਾ (ਮਿਲ ਜਾਂਦਾ ਹੈ) ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰਕੇ) ਮੰਨਦੇ ਹਨ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਸਤਕਾਰੇ ਜਾਂਦੇ ਹਨ।3।

ਹੇ ਨਾਨਕ! ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੀ ਮਰਯਾਦਾ ਨੂੰ ਆਪਣੀ ਸੱਤਿਆ ਨਾਲ ਤੋਰ ਰਿਹਾ ਹੈ ਉਸ ਦੀ ਸੇਵਾ-ਭਗਤੀ ਕਰੋ, ਗੁਰੂ ਦੀ ਰਾਹੀਂ ਉਸ ਦੇ ਨਾਮ ਨੂੰ ਪਿਆਰ ਕਰੋ।4।9।

ਭੈਰਉ ਮਹਲਾ ੩ ॥ ਕਲਜੁਗ ਮਹਿ ਬਹੁ ਕਰਮ ਕਮਾਹਿ ॥ ਨਾ ਰੁਤਿ ਨ ਕਰਮ ਥਾਇ ਪਾਹਿ ॥੧॥ ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥ ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥ ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥ ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥ ਗਿਆਨ ਅੰਜਨੁ ਸਤਿਗੁਰ ਤੇ ਹੋਇ ॥ ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥ ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥ ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥ {ਪੰਨਾ 1129-1130}

ਪਦ ਅਰਥ: ਕਮਾਹਿ = ਕਮਾਂਦੇ ਹਨ। ਰੁਤਿ = ਮੌਸਮ। ਥਾਇ ਪਾਹਿ = ਕਬੂਲ ਹੁੰਦੇ।1।

ਸਾਰੁ = ਸ੍ਰੇਸ਼ਟ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ।1। ਰਹਾਉ।

ਖੋਜਿ = ਖੋਜ ਕੇ। ਘਰੈ ਮਹਿ = ਹਿਰਦੇ-ਘਰ ਵਿਚ ਹੀ। ਨਾਮਿ = ਨਾਮ ਵਿਚ।2।

ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਤੇ = ਤੋਂ, ਪਾਸੋਂ। ਰਵਿ ਰਹਿਆ = ਵਿਆਪਕ। ਤਿਹੁ ਲੋਇ = ਤਿੰਨਾਂ ਹੀ ਲੋਕਾਂ ਵਿਚ।3।

ਹਿਰਦੈ = ਹਿਰਦੇ ਵਿਚ। ਲੇਹੁ ਜਮਾਈ = ਬੀਜ ਲਵੋ।4।

ਅਰਥ: (ਜੇ ਸ਼ਾਸਤਰਾਂ ਦੀ ਮਰਯਾਦਾ ਵਲ ਭੀ ਵੇਖੋ, ਤਾਂ ਭੀ) ਕਲਜੁਗ ਵਿਚ ਪਰਮਾਤਮਾ ਦਾ ਨਾਮ (ਜਪਣਾ ਹੀ) ਸ੍ਰੇਸ਼ਟ (ਕੰਮ) ਹੈ। ਗੁਰੂ ਦੀ ਸਰਨ ਪੈ ਕੇ (ਨਾਮ ਸਿਮਰਿਆਂ ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ।1। ਰਹਾਉ।

ਜਿਹੜੇ (ਕਰਮ-ਕਾਂਡੀ ਲੋਕ) ਕਲਜੁਗ ਵਿਚ ਵਿਚ ਭੀ ਹੋਰ ਹੋਰ (ਮਿਥੇ ਧਾਰਮਿਕ) ਕਰਮ ਕਰਦੇ ਹਨ, ਉਹਨਾਂ ਦੇ ਉਹ ਕਰਮ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ (ਕਿਉਂਕਿ ਸ਼ਾਸਤ੍ਰਾਂ ਅਨੁਸਾਰ ਭੀ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਦੀ ਹੁਣ) ਰੁੱਤ ਨਹੀਂ ਹੈ।1।

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ, ਉਸ ਨੇ ਆਪਣਾ ਤਨ ਆਪਣਾ ਮਨ ਖੋਜ ਕੇ ਹਿਰਦੇ-ਘਰ ਵਿਚ ਹੀ ਪ੍ਰਭੂ ਨੂੰ ਲੱਭ ਲਿਆ।2।

ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ, ਉਸ ਨੂੰ ਸਾਰੇ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿੱਸਦਾ ਹੈ।3।

(ਸ਼ਾਸਤ੍ਰਾਂ ਅਨੁਸਾਰ ਭੀ) ਕਲਜੁਗ ਵਿਚ ਸਿਰਫ਼ ਹਰਿ-ਨਾਮ ਸਿਮਰਨ ਦੀ ਹੀ ਰੁੱਤ ਹੈ, ਕਿਸੇ ਹੋਰ ਕਰਮ ਕਾਂਡ ਦੇ ਕਰਨ ਦੀ ਰੁੱਤ ਨਹੀਂ। (ਤਾਂ ਤੇ) ਹੇ ਨਾਨਕ! (ਆਖ– ਹੇ ਭਾਈ!) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ।4।10।

ਨੋਟ: ਕਿਸੇ ਕਰਮ-ਕਾਂਡੀ ਨੂੰ ਸਮਝਾ ਰਹੇ ਹਨ ਜੋ ਸਿਮਰਨ ਤੋਂ ਖੁੰਝ ਕੇ ਸਿਰਫ਼ ਕਰਮ-ਕਾਂਡ ਨੂੰ ਹੀ ਜੀਵਨ ਦਾ ਸਹੀ ਰਸਤਾ ਸਮਝ ਰਿਹਾ ਹੈ।

TOP OF PAGE

Sri Guru Granth Darpan, by Professor Sahib Singh