ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1130

ਭੈਰਉ ਮਹਲਾ ੩ ਘਰੁ ੨   ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥ ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥ ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ ॥ ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥੧॥ ਰਹਾਉ ॥ ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥ ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥੨॥ ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥ ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਏ ॥੩॥ ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥ ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥ ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥ {ਪੰਨਾ 1130}

ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਦੁਬਿਧਾ ਰੋਗਿ = ਮੇਰ-ਤੇਰ ਦੇ ਆਤਮਕ ਰੋਗ ਵਿਚ। ਵਿਆਪੇ = ਫਸੇ ਹੋਏ। ਜਲਹਿ = ਸੜਦੇ ਹਨ। ਅਧਿਕਾਈ = ਬਹੁਤ। ਮਰਿ = ਮਰ ਕੇ। ਠਉਰ = ਜਨਮ ਮਰਨ ਦੇ ਚੱਕਰ ਤੋਂ ਟਿਕਾਣਾ। ਗਵਾਈ = ਗਵਾਇ, ਗਵਾ ਕੇ।1।

ਪ੍ਰੀਤਮ = ਹੇ ਪ੍ਰੀਤਮ! ਬੁਝਾਈ = ਆਤਮਕ ਜੀਵਨ ਦੀ ਸੂਝ। ਉਪਾਇਆ = ਬਣਾ ਦਿੱਤਾ ਹੈ। ਨ ਜਾਈ = ਦੂਰ ਨਹੀਂ ਹੁੰਦਾ।1। ਰਹਾਉ।

ਮੁਨਿ = ਰਿਸ਼ੀ, ਮੋਨਧਾਰੀ ਸਾਧੂ। ਕੇਤੇ = ਅਨੇਕਾਂ। ਸੁਰਤਿ = ਆਤਮਕ ਜੀਵਨ ਦੀ ਸੂਝ। ਨ ਪਾਈ = ਨਹੀਂ ਮਿਲਦੀ। ਤ੍ਰੈ ਗੁਣ ਸਭੇ = ਸਾਰੇ ਤ੍ਰੈ-ਗੁਣੀ ਜੀਵ। ਮਮਤਾ = ਅਪਣੱਤ (ਨੇ) । ਸੁਰਤਿ ਗਵਾਈ = (ਉਹਨਾਂ ਦੀ) ਹੋਸ਼ ਭੁਲਾ ਰੱਖੀ ਹੈ।2।

ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਪ੍ਰਭਿ ਆਪੇ = ਪ੍ਰਭੂ ਨੇ ਆਪ ਹੀ। ਨਿਧਾਨੋ = ਖ਼ਜ਼ਾਨਾ। ਮਨਿ = ਮਨ ਵਿਚ। ਆਏ = ਆਇ।3।

ਚਉਥੀ ਪਦਵੀ = ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ ਦੇ ਚਰਨਾਂ ਵਿਚ। ਸਤਿਗੁਰਿ = ਸਤਿਗੁਰ ਨੇ। ਵਿਚਹੁ = ਆਪਣੇ ਅੰਦਰੋਂ। ਆਪੁ = ਆਪ-ਭਾਵ।4।

ਸਿਰਿ = ਸਿਰ ਉੱਤੇ। ਏਕਸੁ ਕੀ = ਇਕ ਪਰਮਾਤਮਾ ਦੀ ਹੀ। ਜਿਨਿ = ਜਿਸ (ਪਰਮਾਤਮਾ) ਨੇ। ਨਿਹਚਲੁ = ਅਟੱਲ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨ ਜਾਇਆ = ਨਾਹ ਜੰਮਦਾ ਹੈ।5।

ਅਰਥ: ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਮਿਹਰ ਕਰ, (ਮੈਨੂੰ ਆਤਮਕ ਜੀਵਨ ਦੀ) ਸੂਝ ਬਖ਼ਸ਼। ਹੇ ਪ੍ਰਭੂ! ਹਉਮੈ ਨੇ ਸਾਰੇ ਜਗਤ ਨੂੰ (ਆਤਮਕ ਤੌਰ ਤੇ) ਰੋਗੀ ਬਣਾ ਰੱਖਿਆ ਹੈ। ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਦੂਰ ਨਹੀਂ ਹੋ ਸਕਦਾ।1। ਰਹਾਉ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਿਤਕਰੇ ਦੇ ਆਤਮਕ ਰੋਗ ਵਿਚ ਜਕੜੇ ਪਏ ਹਨ, ਮਾਇਆ ਦੇ ਲਾਲਚ ਦੀ ਅੱਗ ਵਿਚ ਬਹੁਤ ਸੜਦੇ ਹਨ (ਇਸ ਤਰ੍ਹਾਂ ਹੀ ਆਪਣਾ ਕੀਮਤੀ) ਜਨਮ ਵਿਅਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਇਸ ਗੇੜ ਵਿਚੋਂ ਉਹਨਾਂ ਨੂੰ ਖੁਲ੍ਹੀਰ ਨਹੀਂ ਮਿਲਦੀ।1।

ਹੇ ਭਾਈ! ਅਨੇਕਾਂ ਮੁਨੀ ਲੋਕ ਸਿਮ੍ਰਿਤੀਆਂ ਪੜ੍ਹਦੇ ਹਨ ਸ਼ਾਸਤ੍ਰ ਭੀ ਪੜ੍ਹਦੇ ਹਨ, ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਸਾਰੇ ਹੀ ਤ੍ਰੈ-ਗੁਣੀ ਜੀਵ ਹਉਮੈ ਦੇ ਰੋਗ ਵਿਚ ਫਸੇ ਪਏ ਹਨ, ਮਮਤਾ ਨੇ ਉਹਨਾਂ ਦੀ ਹੋਸ਼ ਭੁਲਾ ਰੱਖੀ ਹੈ।2।

ਪਰ, ਹੇ ਭਾਈ! ਕਈ ਐਸੇ (ਭਾਗਾਂ ਵਾਲੇ) ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ (ਮਮਤਾ ਵਿਚੋਂ) ਬਚਾ ਰੱਖਿਆ ਹੈ, ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਲਾ ਰੱਖਿਆ ਹੈ। ਉਹਨਾਂ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ਹੈ, (ਇਸ ਵਾਸਤੇ ਉਹਨਾਂ ਦੇ) ਮਨ ਵਿਚ ਆਤਮਕ ਆਨੰਦ ਆ ਵੱਸਿਆ ਹੈ।3।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਤਿੰਨਾਂ ਗੁਣਾਂ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿਚ ਰਹਿ ਕੇ ਜਗਤ ਨਾਲ ਵਰਤਣ-ਵਿਹਾਰ ਰੱਖਦੇ ਹਨ। ਉਹ ਸਦਾ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ। ਪੂਰੇ ਗੁਰੂ ਨੇ ਉਹਨਾਂ ਉਤੇ ਮਿਹਰ ਕੀਤੀ ਹੋਈ ਹੈ, (ਇਸ ਵਾਸਤੇ ਉਹਨਾਂ ਨੇ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ।4।

(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ (ਵਰਗੇ ਵੱਡੇ ਵੱਡੇ ਦੇਵਤੇ) ਪੈਦਾ ਕੀਤੇ, ਉਸੇ ਦਾ ਹੀ ਹੁਕਮ ਹਰੇਕ ਜੀਵ ਦੇ ਸਿਰ ਉੱਤੇ ਚੱਲ ਰਿਹਾ ਹੈ। ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਦਾ ਅਟੱਲ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਉਹ ਨਾਹ ਕਦੇ ਮਰਦਾ ਹੈ ਨਾਹ ਜੰਮਦਾ ਹੈ।5।1।11।

ਭੈਰਉ ਮਹਲਾ ੩ ॥ ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥ ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥੧॥ ਹਰਿ ਜੀਉ ਸਤਸੰਗਤਿ ਮੇਲਾਇ ॥ ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥੧॥ ਰਹਾਉ ॥ ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥ ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥ ਜਿਨ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗ ਮਹਿ ਕਾਹੇ ਆਇਆ ॥ ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥ ਨਾਨਕ ਸੇ ਪੂਰੇ ਵਡਭਾਗੀ ਸਤਿਗੁਰ ਸੇਵਾ ਲਾਏ ॥ ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥ {ਪੰਨਾ 1130}

ਪਦ ਅਰਥ: ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਦੁਬਿਧਾ ਰੋਗੀ = ਮੇਰ-ਤੇਰ ਦੇ ਰੋਗ ਵਿਚ ਫਸਿਆ ਹੋਇਆ। ਸਗਲ = ਸਾਰਾ। ਗੁਰਮਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੂਝਹਿ = (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।1।

ਹਰਿ ਜੀਉ = ਹੇ ਪ੍ਰਭੂ ਜੀ! ਨਾਨਕ = ਹੇ ਨਾਨਕ! ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ। ਲਾਇ = ਜੋੜਦਾ ਹੈ।1। ਰਹਾਉ।

ਕਾਲਿ = ਮੌਤ ਵਿਚ, ਆਤਮਕ ਮੌਤ ਵਿਚ। ਸਭਿ = ਸਾਰੇ ਜੀਵ। ਰੋਗਿ = (ਦੁਬਿਧਾ ਦੇ) ਰੋਗ ਵਿਚ। ਵਿਆਪੇ = ਗ੍ਰਸੇ ਹੋਏ। ਸਿਰਿ = ਸਿਰ ਉਤੇ। ਕਾਰਾ = ਹਕੂਮਤ, ਦਬਦਬਾ। ਜਿਨ = ਜਿਨ੍ਹਾਂ ਨੇ। ਉਰਿ = ਹਿਰਦੇ ਵਿਚ।2।

ਗੁਰਮੁਖਿ = ਗੁਰੂ ਦੀ ਰਾਹੀਂ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਕਾਹੇ = ਕਾਹਦੇ ਲਈ? ਵਿਅਰਥ ਹੀ। ਕੀਨੀ = ਕੀਤੀ। ਬਿਰਥਾ = ਵਿਅਰਥ।3।

ਸੇ = ਉਹ ਮਨੁੱਖ {ਬਹੁ-ਵਚਨ}। ਇਛਹਿ = ਲੋੜਦੇ ਹਨ, ਚਾਹੁੰਦੇ ਹਨ, ਮੰਗਦੇ ਹਨ {ਬਹੁ-ਵਚਨ}। ਪਾਏ = ਪ੍ਰਾਪਤ ਕਰਦਾ ਹੈ {ਇਕ-ਵਚਨ}।4।

ਅਰਥ: ਹੇ ਪ੍ਰਭੂ ਜੀ! (ਮੈਨੂੰ) ਸਾਧ ਸੰਗਤਿ ਦਾ ਮੇਲ ਮਿਲਾ। ਹੇ ਨਾਨਕ! (ਆਖ– ਹੇ ਭਾਈ!) ਜਿਹੜਾ ਮਨੁੱਖ (ਸਾਧ ਸੰਗਤਿ ਵਿਚ ਮਿਲ ਕੇ) ਪਰਮਾਤਮਾ ਦੇ ਨਾਮ ਵਿਚ (ਆਪਣਾ) ਚਿੱਤ ਜੋੜਦਾ ਹੈ (ਪਰਮਾਤਮਾ) ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਬਖ਼ਸ਼ਦਾ ਹੈ।1। ਰਹਾਉ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਮੇਰ-ਤੇਰ ਦੇ ਰੋਗ ਵਿਚ ਫਸਿਆ ਰਹਿੰਦਾ ਹੈ, (ਮਨ ਦਾ ਮੁਰੀਦ) ਸਾਰਾ ਜਗਤ ਹੀ ਇਸ ਰੋਗ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਸਹੀ ਜੀਵਨ-ਜੁਗਤਿ ਨੂੰ) ਸਮਝ ਲੈਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵਿਚਾਰ ਕਰ ਕੇ ਉਹ (ਇਹ) ਰੋਗ (ਆਪਣੇ ਅੰਦਰੋਂ) ਦੂਰ ਕਰ ਲੈਂਦੇ ਹਨ।1।

ਹੇ ਭਾਈ! ਮਮਤਾ ਵਿਚ ਫਸੇ ਹੋਏ ਜੀਵ ਸਾਰੇ ਆਤਮਕ ਮੌਤ ਦੇ ਰੋਗ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਸਿਰ ਉਤੇ (ਮਾਨੋ) ਜਮਰਾਜ ਦਾ ਹੁਕਮ ਚੱਲ ਰਿਹਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਵਸਾ ਰੱਖਿਆ ਹੈ, ਜਮਰਾਜ ਉਹਨਾਂ ਦੇ ਨੇੜੇ ਨਹੀਂ ਢੁਕਦਾ।2।

ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹਨਾਂ ਦਾ ਜਗਤ ਵਿਚ ਆਉਣਾ ਵਿਅਰਥ ਚਲਾ ਜਾਂਦਾ ਹੈ। ਜਿਨ੍ਹਾਂ ਨੇ ਕਦੇ ਭੀ ਗੁਰੂ ਦੀ ਸੇਵਾ ਨਹੀਂ ਕੀਤੀ, ਉਹਨਾਂ ਨੇ ਜੀਵਨ ਅਜਾਈਂ ਹੀ ਗਵਾ ਲਿਆ।3।

ਹੇ ਨਾਨਕ! ਉਹ ਮਨੁੱਖ (ਗੁਣਾਂ ਦੇ) ਪੂਰੇ (ਭਾਂਡੇ) ਹਨ, ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਪਰਮਾਤਮਾ ਨੇ) ਗੁਰੂ ਦੀ ਸੇਵਾ ਵਿਚ ਜੋੜ ਦਿੱਤਾ ਹੈ, ਉਹ ਮਨੁੱਖ (ਪਰਮਾਤਮਾ ਪਾਸੋਂ) ਜੋ ਕੁਝ ਮੰਗਦੇ ਹਨ ਉਹੀ ਪ੍ਰਾਪਤ ਕਰ ਲੈਂਦੇ ਹਨ। ਹੇ ਭਾਈ! ਜਿਹੜਾ ਭੀ ਮਨੁੱਖ ਗੁਰੂ ਦੀ ਬਾਣੀ ਦਾ ਆਸਰਾ ਲੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।4।2।12।

ਭੈਰਉ ਮਹਲਾ ੩ ॥ ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥ ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥ ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥ ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥ ਗੁਰ ਕਾ ਸਬਦੁ ਸਭਿ ਰੋਗ ਗਵਾਏ ਜਿਸ ਨੋ ਹਰਿ ਜੀਉ ਲਾਏ ॥ ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥ ਸਤਿਗੁਰੁ ਭੇਟੈ ਤਾ ਫਲੁ ਪਾਏ ਸਚੁ ਕਰਣੀ ਸੁਖ ਸਾਰੁ ॥ ਸੇ ਜਨ ਨਿਰਮਲ ਜੋ ਹਰਿ ਲਾਗੇ ਹਰਿ ਨਾਮੇ ਧਰਹਿ ਪਿਆਰੁ ॥੩॥ ਤਿਨ ਕੀ ਰੇਣੁ ਮਿਲੈ ਤਾਂ ਮਸਤਕਿ ਲਾਈ ਜਿਨ ਸਤਿਗੁਰੁ ਪੂਰਾ ਧਿਆਇਆ ॥ ਨਾਨਕ ਤਿਨ ਕੀ ਰੇਣੁ ਪੂਰੈ ਭਾਗਿ ਪਾਈਐ ਜਿਨੀ ਰਾਮ ਨਾਮਿ ਚਿਤੁ ਲਾਇਆ ॥੪॥੩॥੧੩॥ {ਪੰਨਾ 1130-1131}

ਪਦ ਅਰਥ: ਜੰਮੈ = ਜੰਮਦਾ ਹੈ {ਇਕ-ਵਚਨ}। ਦੁਖਿ = ਦੁੱਖ ਵਿਚ। ਕਮਾਇ = ਕਮਾਂਦਾ ਹੈ, ਕਰਦਾ ਹੈ। ਗਰਭ ਜੋਨੀ ਵਿਚਿ = ਜਨਮ ਮਰਨ ਦੇ ਗੇੜ ਵਿਚ (ਸਦਾ ਪਿਆ ਰਹਿੰਦਾ ਹੈ) । ਬਿਸਟਾ = (ਵਿਕਾਰਾਂ ਦਾ) ਗੰਦ। ਸਮਾਇ = ਲੀਨ ਰਹਿੰਦਾ ਹੈ।1।

ਧ੍ਰਿਗੁ = ਫਿਟਕਾਰ-ਜੋਗ। ਮਨਮੁਖਿ = ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੇ। ਨ ਭਾਇਆ = ਪਿਆਰਾ ਨਾਹ ਲੱਗਾ।1। ਰਹਾਉ।

ਸਭਿ = ਸਾਰੇ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਲਾਏ = (ਲਗਨ) ਲਾਂਦਾ ਹੈ। ਨਾਮੇ ਨਾਮਿ = ਹਰ ਵੇਲੇ ਹਰਿ-ਨਾਮ ਵਿਚ। ਮੰਨਿ = ਮਨਿ, ਮਨ ਵਿਚ।2।

ਭੇਟੈ = ਮਿਲ ਪੈਂਦਾ ਹੈ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ) । ਕਰਣੀ = {krxIX} ਕਰਨ-ਜੋਗ ਕੰਮ, ਕਰਤੱਬ। ਸੁਖ ਸਾਰੁ = ਸੁਖਾਂ ਦਾ ਤੱਤ, ਸਭ ਤੋਂ ਸ੍ਰੇਸ਼ਟ ਸੁਖ। ਨਾਮੇ = ਨਾਮ ਵਿਚ ਹੀ। ਧਰਹਿ = ਧਰਦੇ ਹਨ {ਬਹੁ-ਵਚਨ}।3।

ਰੇਣੁ = ਚਰਨ-ਧੂੜ। ਮਸਤਕਿ = ਮੱਥੇ ਉਤੇ। ਲਾਈ = ਲਾਈਂ, ਮੈਂ ਲਾਵਾਂ। ਪੂਰੈ ਭਾਗਿ = ਪੂਰੀ ਕਿਸਮਤ ਨਾਲ। ਪਾਈਐ = ਪਾਈਦੀ ਹੈ, ਮਿਲਦੀ ਹੈ।4।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਫਿਟਕਾਰਾਂ ਹੀ ਪੈਂਦੀਆਂ ਹਨ (ਉਸ ਨੇ ਸਾਰੀ ਉਮਰ) ਨਾਹ ਪੂਰੇ ਗੁਰੂ ਦਾ ਆਸਰਾ ਲਿਆ ਅਤੇ ਨਾਹ ਹੀ ਪਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਾ।1। ਰਹਾਉ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁਖ ਵਿਚ ਜੰਮਦਾ ਹੈ ਦੁਖ ਵਿਚ ਮਰਦਾ ਹੈ ਦੁਖ ਵਿਚ (ਸਾਰੀ ਉਮਰ) ਕਾਰ-ਵਿਹਾਰ ਕਰਦਾ ਹੈ। ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, (ਜਦ ਤਕ ਉਹ ਮਨ ਦਾ ਮੁਰੀਦ ਹੈ ਤਦ ਤਕ) ਕਦੇ ਭੀ ਉਹ (ਇਸ ਗੇੜ ਵਿਚੋਂ) ਨਿਕਲ ਨਹੀਂ ਸਕਦਾ (ਕਿਉਂਕਿ ਉਹ) ਸਦਾ ਵਿਕਾਰਾਂ ਦੇ ਗੰਦ ਵਿਚ ਜੁੜਿਆ ਰਹਿੰਦਾ ਹੈ।1।

ਹੇ ਭਾਈ! ਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦੇਂਦਾ ਹੈ, (ਪਰ ਗੁਰ-ਸ਼ਬਦ ਵਿਚ ਉਹੀ ਜੁੜਦਾ ਹੈ) ਜਿਸ ਨੂੰ ਪਰਮਾਤਮਾ (ਸਬਦ ਦੀ ਲਗਨ) ਲਾਂਦਾ ਹੈ। ਹੇ ਭਾਈ! ਜਿਸ ਮਨੁੱਖ ਨੂੰ (ਸ਼ਬਦ ਦੀ ਲਗਨ ਲਾ ਕੇ ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ, ਸਦਾ ਹਰਿ-ਨਾਮ ਵਿਚ ਟਿਕੇ ਰਹਿਣ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।2।

ਹੇ ਭਾਈ! ਸਦਾ-ਥਿਰ ਹਰਿ-ਨਾਮ ਦਾ ਸਿਮਰਨ ਹੀ (ਅਸਲ) ਕਰਤੱਬ ਹੈ, (ਨਾਮ-ਸਿਮਰਨ ਹੀ) ਸਭ ਤੋਂ ਸ੍ਰੇਸ਼ਟ ਸੁਖ ਹੈ, ਪਰ ਇਹ (ਹਰਿ-ਨਾਮ-ਸਿਮਰਨ) ਫਲ ਮਨੁੱਖ ਨੂੰ ਤਦੋਂ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਦਾ ਹੈ। ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦੇ ਹਨ, ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੇ ਹਨ, ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।3।

ਹੇ ਭਾਈ! ਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਂਦੇ ਹਨ, ਜੇ ਮੈਨੂੰ ਉਹਨਾਂ ਦੀ ਚਰਨ-ਧੂੜ ਮਿਲ ਜਾਏ, ਤਾਂ ਉਹ ਧੂੜ ਮੈਂ ਆਪਣੇ ਮੱਥੇ ਉਤੇ ਲਾਵਾਂ। ਹੇ ਨਾਨਕ! ਜਿਹੜੇ ਮਨੁੱਖ ਸਦਾ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜੀ ਰੱਖਦੇ ਹਨ, ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ।4।3।13।

TOP OF PAGE

Sri Guru Granth Darpan, by Professor Sahib Singh