ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1131 ਭੈਰਉ ਮਹਲਾ ੩ ॥ ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥ ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥੧॥ ਭਗਤੁ ਭਗਤੁ ਕਹੈ ਸਭੁ ਕੋਈ ॥ ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥ ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥ ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ ॥੨॥ ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥ ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥੩॥ ਸਤਿਗੁਰੁ ਸੇਵਹਿ ਪਰਮ ਗਤਿ ਪਾਵਹਿ ਨਾਮਿ ਮਿਲੈ ਵਡਿਆਈ ॥ ਨਾਨਕ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥੪॥੪॥੧੪॥ {ਪੰਨਾ 1131} ਪਦ ਅਰਥ: ਬੀਚਾਰੇ = ਮਨ ਵਿਚ ਵਸਾਂਦਾ ਹੈ। ਸਾਚਾ = ਟਿਕਵੇਂ ਜੀਵਨ ਵਾਲਾ, (ਮਾਇਆ ਦੇ ਹੱਲਿਆਂ ਵਲੋਂ) ਅਡੋਲ-ਚਿੱਤ। ਕੈ ਹਿਰਦੈ = ਦੇ ਦਿਰਦੇ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਾਚੀ ਭਗਤਿ = ਸਦਾ-ਥਿਰ ਪ੍ਰਭੂ ਦੀ ਭਗਤੀ। ਕਰਹਿ = ਕਰਦੇ ਹਨ {ਬਹੁ-ਵਚਨ}। ਤਨਿ = ਸਰੀਰ ਵਿਚ। ਨ ਹੋਈ = ਪੈਦਾ ਨਹੀਂ ਹੁੰਦਾ।1। ਕਹੈ– ਆਖਦਾ ਹੈ {ਇਕ-ਵਚਨ}। ਸਭੁ ਕੋਈ = ਹਰੇਕ ਮਨੁੱਖ। ਮਿਲੈ = ਮਿਲਦਾ ਹੈ।1। ਰਹਾਉ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੂਲੁ = ਰਾਸ-ਪੂੰਜੀ, ਸਰਮਾਇਆ। ਲਾਭੁ = ਨਫ਼ਾ। ਮਾਗਹਿ = ਮੰਗਦੇ ਹਨ {ਬਹੁ-ਵਚਨ}। ਕਿਦੂ = ਕਿਵੇਂ? ਜਮਕਾਲੁ = ਆਤਮਕ ਮੌਤ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਪਤਿ = ਇੱਜ਼ਤ। ਖੋਈ = ਗਵਾ ਲਈ।2। ਬਹਲੇ = ਕਈ, ਅਨੇਕਾਂ। ਭਵਹਿ = ਭੌਂਦੇ ਹਨ (ਤੀਰਥ ਆਦਿਕਾਂ ਤੇ) । ਨ ਜਾਈ = ਦੂਰ ਨਹੀਂ ਹੁੰਦਾ। ਪੜਿ = ਪੜ੍ਹ ਕੇ। ਲੂਝਹਿ = ਝਗੜਦੇ ਹਨ, ਬਹਸਾਂ ਕਰਦੇ ਹਨ, ਸ਼ਾਸਤ੍ਰਰਾਥ ਕਰਦੇ ਹਨ। ਬਾਦੁ = ਝਗੜਾ, ਬਹਸ, ਚਰਚਾ। ਵਖਾਣਹਿ = ਉਚਾਰਦੇ ਹਨ, ਬੋਲਦੇ ਹਨ। ਮਿਲਿ = ਮਿਲ ਕੇ। ਸੁਰਤਿ = ਆਤਮਕ ਜੀਵਨ ਵਾਲੇ ਪਾਸੇ ਦੀ ਹੋਸ਼।3। ਸੇਵਹਿ = ਸਰਨ ਪੈਂਦੇ ਹਨ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਨਾਮਿ = ਨਾਮ ਵਿਚ (ਜੁੜੇ ਰਹਿਣ ਦੇ ਕਾਰਣ ਦੇ ਕਾਰਨ) । ਵਡਿਆਈ = (ਲੋਕ ਪਰਲੋਕ ਦੀ) ਇੱਜ਼ਤ। ਮਨਿ = ਮਨ ਵਿਚ। ਦਰਿ = ਦਰ ਤੇ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ।4। ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਹੇ ਭਾਈ! ਪੂਰੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ) ਉਹ ਪਰਮਾਤਮਾ ਮਿਲਦਾ ਹੈ, (ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਬਾਰੇ) ਹਰ ਕੋਈ ਆਖਦਾ ਹੈ ਕਿ ਇਹ ਭਗਤ ਹੈ ਭਗਤ ਹੈ।1। ਰਹਾਉ। ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ, ਉਹ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਅਡੋਲ-ਚਿੱਤ ਹੋ ਜਾਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਵੱਸ ਪੈਂਦਾ ਹੈ, ਜਿਹੜੇ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹਨਾਂ ਦੇ ਸਰੀਰ ਵਿਚ ਕੋਈ (ਵਿਕਾਰ-) ਦੁੱਖ ਪੈਦਾ ਨਹੀਂ ਹੁੰਦਾ।1। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਪਣਾ) ਸਰਮਾਇਆ (ਹੀ) ਗਵਾ ਲੈਂਦੇ ਹਨ, ਪਰ ਮੰਗਦੇ ਹਨ (ਆਤਮਕ) ਲਾਭ। (ਦੱਸੋ, ਉਹਨਾਂ ਨੂੰ) ਖੱਟੀ ਕਿਵੇਂ ਹੋ ਸਕਦੀ ਹੈ? ਲਾਭ ਕਿਥੋਂ ਮਿਲੇ? ਆਤਮਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹਿੰਦੀ ਹੈ। ਮਾਇਆ ਦੇ ਪਿਆਰ ਵਿਚ (ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ) ਇੱਜ਼ਤ ਗਵਾ ਲਈ ਹੁੰਦੀ ਹੈ।2। ਹੇ ਭਾਈ! ਜਿਹੜੇ ਮਨੁੱਖ ਕਈ (ਧਾਰਮਿਕ) ਭੇਖ ਕਰ ਕੇ ਦਿਨ ਰਾਤ (ਥਾਂ ਥਾਂ) ਭੌਂਦੇ ਫਿਰਦੇ ਹਨ (ਉਹਨਾਂ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ, ਉਹਨਾਂ ਦਾ ਇਹ) ਹਉਮੈ ਦਾ ਰੋਗ ਦੂਰ ਨਹੀਂ ਹੁੰਦਾ। (ਤੇ, ਜਿਹੜੇ ਪੰਡਿਤ ਆਦਿਕ ਲੋਕ ਵੇਦ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਫਿਰ ਆਪੋ ਵਿਚ) ਮਿਲ ਕੇ ਬਹਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਭੀ ਮਾਇਆ ਦੇ ਮੋਹ ਦੇ ਕਾਰਨ (ਆਤਮਕ ਜੀਵਨ ਵਲੋਂ ਆਪਣੀ) ਹੋਸ਼ ਗਵਾ ਲਈ ਹੁੰਦੀ ਹੈ।3। ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦੇ ਹਨ, (ਪਰਮਾਤਮਾ ਦੇ) ਨਾਮ ਵਿਚ ਜੁੜੇ ਰਹਿਣ ਕਰਕੇ ਉਹਨਾਂ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਿਆ, ਉਹਨਾਂ ਨੇ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ।4। 4।14। ਭੈਰਉ ਮਹਲਾ ੩ ॥ ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥ ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥੧॥ ਸਦਾ ਅਨੰਦੁ ਰਾਮ ਰਸਿ ਰਾਤੇ ॥ ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥੧॥ ਰਹਾਉ ॥ ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ ਸਿਰਿ ਸਿਰਿ ਧੰਧੈ ਲਾਏ ॥ ਮਾਇਆ ਮੋਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥੨॥ ਤਿਸ ਨੋ ਕਿਹੁ ਕਹੀਐ ਜੇ ਦੂਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥ ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥੩॥ ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥ ਨਾਨਕ ਸਤਿਗੁਰਿ ਸੋਝੀ ਪਾਈ ਸਚਿ ਨਾਮਿ ਨਿਸਤਾਰਾ ॥੪॥੫॥੧੫॥ {ਪੰਨਾ 1131} ਪਦ ਅਰਥ: ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਆਸਾ = (ਹੋਰ ਹੋਰ ਮਾਇਆ ਜੋੜਨ ਦੀ) ਤਾਂਘ। ਉਤਰੈ = ਮੁੱਕਦੀ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਖੁਆਏ = (ਸਹੀ ਜੀਵਨ-ਰਾਹ ਤੋਂ) ਖੁੰਝੇ ਹੋਏ ਹਨ। ਉਦਰੁ = ਪੇਟ। ਨੈ = ਨਦੀ। ਸਾਣੁ = ਵਾਂਗ। ਪਚਾਏ = (ਉਹਨਾਂ ਨੂੰ) ਸਾੜਦੀ ਹੈ।1। ਰਸਿ = ਸੁਆਦ ਵਿਚ। ਰਾਤੇ = ਰੱਤੇ ਹੋਏ, ਮਸਤ। ਹਿਰਦੈ = ਹਿਰਦੇ ਵਿਚ। ਦੁਬਿਧਾ = ਮੇਰ-ਤੇਰ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀ = ਪੀ ਕੇ। ਤ੍ਰਿਪਤਾਤੇ = ਰੱਜ ਜਾਂਦੇ ਹਨ।1। ਰਹਾਉ। ਜਿਨਿ = ਜਿਸ ਨੇ। ਸਾਜੀ = ਪੈਦਾ ਕੀਤੀ, ਰਚੀ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ, ਹਰੇਕ ਦੇ ਕੀਤੇ ਅਨੁਸਾਰ। ਧੰਧੈ = ਧੰਧੇ ਵਿਚ। ਆਪੇ = ਆਪ ਹੀ। ਦੂਜੈ = ਮਾਇਆ (ਦੇ ਮੋਹ) ਵਿਚ।2। ਤਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਕਿਹੁ = ਕੁਝ। ਸਭਿ = ਸਾਰੇ ਜੀਵ। ਮਾਹਿ = ਵਿਚ। ਗੁਰਮੁਖਿ = ਗੁਰੂ ਦੀ ਰਾਹੀਂ। ਗਿਆਨੁ = ਆਤਮਕ ਜੀਵਨ ਦੀ ਸੂਝ। ਬੀਚਾਰਾ = ਮਨ ਵਿਚ ਵਸਾਇਆ। ਜੋਤੀ = ਪ੍ਰਭੂ ਦੀ ਜੋਤਿ ਵਿਚ।3। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਸਾਚਾ = ਹੋਂਦ ਵਾਲਾ। ਆਕਾਰਾ = ਜਗਤ। ਸਤਿਗੁਰਿ = ਗੁਰੂ ਨੇ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ (ਜੋੜ ਕੇ) । ਨਿਸਤਾਰਾ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ।4। ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। (ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ) ਮਨ ਵਿਚ ਮੇਰ-ਤੇਰ ਟਿਕੀ ਰਹਿੰਦੀ ਹੈ, ਪਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹਨਾਂ ਦੀ ਮੇਰ-ਤੇਰ ਦੂਰ ਹੋ ਜਾਂਦੀ ਹੈ। ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ ਉਹ (ਮਾਇਆ ਵਲੋਂ ਸਦਾ) ਰੱਜੇ ਰਹਿੰਦੇ ਹਨ।1। ਰਹਾਉ। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ (ਹੋਰ ਹੋਰ ਮਾਇਆ ਜੋੜਨ ਦੀ) ਲਾਲਸਾ ਦੂਰ ਨਹੀਂ ਹੁੰਦੀ। ਮਾਇਆ ਦੇ ਪਿਆਰ ਵਿਚ ਉਹ ਸਹੀ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ। ਨਦੀ ਵਾਂਗ ਉਹਨਾਂ ਦਾ ਪੇਟ (ਮਾਇਆ ਨਾਲ) ਕਦੇ ਰੱਜਦਾ ਨਹੀਂ। ਤ੍ਰਿਸ਼ਨਾ ਦੀ ਅੱਗ ਉਹਨਾਂ ਨੂੰ ਸਾੜਦੀ ਰਹਿੰਦੀ ਹੈ।1। ਪਰ, ਹੇ ਭਾਈ! (ਜੀਵਾਂ ਦੇ ਕੀਹ ਵੱਸ?) ਜਿਸ (ਪਰਮਾਤਮਾ) ਨੇ ਜਗਤ ਰਚਿਆ ਹੈ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ-ਭੱਜ ਵਿਚ ਲਾਈ ਰੱਖਦਾ ਹੈ। ਜਿਸ ਪ੍ਰਭੂ ਨੇ ਮਾਇਆ ਦਾ ਮੋਹ ਬਣਾਇਆ ਹੈ, ਉਹ ਆਪ ਹੀ (ਜੀਵਾਂ ਨੂੰ) ਮਾਇਆ ਦੇ ਮੋਹ ਵਿਚ ਜੋੜੀ ਰੱਖਦਾ ਹੈ।2। ਹੇ ਭਾਈ! (ਮਾਇਆ ਦੇ ਮੋਹ ਬਾਰੇ) ਉਸ ਪਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਓਪਰਾ ਹੋਵੇ। ਹੇ ਪ੍ਰਭੂ! ਸਾਰੇ ਜੀਵ ਤੇਰੇ ਵਿਚ ਹੀ ਲੀਨ ਹਨ (ਜਿਵੇਂ ਦਰੀਆ ਦੀਆਂ ਲਹਿਰਾਂ ਦਰੀਆ ਵਿਚ) । ਹੇ ਭਾਈ! ਜਿਸ ਮਨੁੱਖ ਨੇ ਆਤਮਕ ਜੀਵਨ ਦੀ ਅਸਲ ਸੂਝ ਨੂੰ ਵਿਚਾਰਿਆ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਜੁੜੀ ਰਹਿੰਦੀ ਹੈ।3। ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਹੋਂਦ ਵਾਲਾ ਹੈ। ਇਹ ਸਾਰਾ ਜਗਤ ਭੀ ਸਦਾ ਹੋਂਦ ਵਾਲਾ ਹੈ (ਕਿਉਂਕਿ ਇਸ ਵਿਚ ਪਰਮਾਤਮਾ ਹੀ ਸਭ ਥਾਂ ਵਿਆਪਕ ਹੈ) । ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਨੇ (ਆਤਮਕ ਜੀਵਨ ਦੀ) ਸਮਝ ਬਖ਼ਸ਼ੀ ਹੈ, ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ਹੈ।4।5।15। ਭੈਰਉ ਮਹਲਾ ੩ ॥ ਕਲਿ ਮਹਿ ਪ੍ਰੇਤ ਜਿਨ੍ਹ੍ਹੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥ ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥ ਕਲਿ ਮਹਿ ਰਾਮ ਨਾਮਿ ਵਡਿਆਈ ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥ ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥ ਆਪਿ ਤਰੇ ਸਗਲੇ ਕੁਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥ ਮੇਰਾ ਪ੍ਰਭੁ ਹੈ ਗੁਣ ਕਾ ਦਾਤਾ ਅਵਗਣ ਸਬਦਿ ਜਲਾਏ ॥ ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥ ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥ ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥ {ਪੰਨਾ 1131-1132} ਪਦ ਅਰਥ: ਕਲਿ = ਕਲਜੁਗ। ਪ੍ਰੇਤ = ਭੂਤ-ਪ੍ਰੇਤ, ਉਹ ਰੂਹਾਂ ਜਿਨ੍ਹਾਂ ਦੀ ਗਤੀ ਨਹੀਂ ਹੋਈ। ਪਛਾਤਾ = ਸਾਂਝ ਪਾਈ। ਸਤਜੁਗਿ = ਸਤਜੁਗ ਵਿਚ। ਪਰਮ ਹੰਸ = ਸਭ ਤੋਂ ਉੱਚੇ ਹੰਸ, ਸਭ ਤੋਂ ਚੰਗੇ ਜੀਵਨ ਵਾਲੇ, ਮਹਾ ਪੁਰਖ। ਬੀਚਾਰੀ = ਵਿਚਾਰਵਾਨ, ਜਿਨ੍ਹਾਂ ਨੇ ਨਾਮ ਨੂੰ ਮਨ ਵਿਚ ਵਸਾਇਆ ਹੈ। ਦੁਆਪੁਰਿ = ਦੁਆਪੁਰ ਵਿਚ। ਤ੍ਰੈਤੈ = ਤ੍ਰੇਤੇ ਵਿਚ। ਮਾਣਸ = ਮਨੁੱਖ {ਬਹੁ-ਵਚਨ}। ਵਰਤਹਿ = ਵਰਤਣ-ਵਿਹਾਰ ਕਰਦੇ ਹਨ। ਵਿਰਲੈ = ਕਿਸੇ ਵਿਰਲੇ ਨੇ।1। ਜੁਗਿ = ਜੁਗ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ। ਜਾਤਾ = ਜਾਣਿਆ, ਡੂੰਘੀ ਸਾਂਝ ਪਾਈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨ ਪਾਈ = (ਕਿਸੇ ਮਨੁੱਖ ਨੇ ਭੀ) ਹਾਸਲ ਨਹੀਂ ਕੀਤੀ।1। ਰਹਾਉ। ਹਿਰਦੈ = ਹਿਰਦੇ ਵਿਚ। ਲਖੈ = ਵੇਖ ਲੈਂਦਾ ਹੈ, ਵੱਸਦਾ ਸਹੀ ਕਰ ਲੈਂਦਾ ਹੈ। ਜਨੁ = (ਜਿਹੜਾ) ਮਨੁੱਖ। ਸਾਚਾ = ਸਦਾ-ਥਿਰ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਮੰਨਿ = ਮਨਿ, ਮਨ ਵਿਚ। ਤਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਸਗਲੇ ਕੁਲ = ਸਾਰੀਆਂ ਕੁਲਾਂ। ਨਾਮਿ = ਨਾਮ ਵਿਚ। ਲਿਵ = ਲਗਨ।2। ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ) । ਜਲਾਏ = ਸਾੜਦਾ ਹੈ। ਮਨਿ = ਮਨ ਵਿਚ। ਸੇ = {ਬਹੁ-ਵਚਨ} ਉਹ। ਸੋਹੇ = ਸੋਹਣੇ ਜੀਵਨ ਵਾਲੇ ਬਣ ਗਏ। ਵਸਾਏ = ਵਸਾਇ, ਵਸਾ ਕੇ।3। ਘਰੁ = (ਪ੍ਰਭੂ ਦਾ) ਘਰ। ਦਰੁ = (ਪ੍ਰਭੂ ਦਾ) ਦਰਵਾਜ਼ਾ। ਮਹਲੁ = (ਪ੍ਰਭੂ ਦਾ) ਟਿਕਾਣਾ। ਰੰਗ ਸਿਉ = ਆਤਮਕ ਆਨੰਦ ਨਾਲ। ਕਰਿ = ਕਰ ਕੇ, ਸਮਝ ਕੇ। ਨਾਨਕ = ਹੇ ਨਾਨਕ! ਵਖਾਣੈ = (ਸਦਾ) ਉਚਾਰਦਾ ਹੈ।4। ਅਰਥ: ਹੇ ਭਾਈ! (ਜੁਗ ਭਾਵੇਂ ਕੋਈ ਭੀ ਹੋਵੇ) ਹਰੇਕ ਜੁਗ ਵਿਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੇ (ਹੀ) ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ। (ਕਿਸੇ ਭੀ ਜੁਗ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਭੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਨਹੀਂ ਕੀਤੀ। (ਇਸ ਤਰ੍ਹਾਂ) ਕਲਜੁਗ ਵਿਚ ਭੀ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।1। ਰਹਾਉ। ਹੇ ਭਾਈ! ਕਲਜੁਗ ਵਿਚ ਪ੍ਰੇਤ (ਸਿਰਫ਼ ਉਹੀ) ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ ਵੱਸਦਾ) ਨਹੀਂ ਪਛਾਣਿਆ। ਸਤਜੁਗ ਵਿਚ ਸਭ ਤੋਂ ਉੱਚੇ ਜੀਵਨ ਉਹੀ ਹਨ, ਜਿਹੜੇ ਆਤਮਕ ਜੀਵਨ ਦੀ ਸੂਝ ਵਾਲੇ ਹੋ ਗਏ (ਸਾਰੇ ਲੋਕ ਸਤਜੁਗ ਵਿਚ ਭੀ ਪਰਮ ਹੰਸ ਨਹੀਂ) । ਦੁਆਪੁਰ ਵਿਚ ਤ੍ਰੇਤੇ ਵਿਚ ਭੀ (ਸਤਜੁਗ ਅਤੇ ਕਲਜੁਗ ਵਰਗੇ ਹੀ) ਮਨੁੱਖ ਵੱਸਦੇ ਹਨ। (ਤਦੋਂ ਭੀ) ਕਿਸੇ ਵਿਰਲੇ ਨੇ ਹੀ (ਆਪਣੇ ਅੰਦਰੋਂ) ਹਉਮੈ ਦੂਰ ਕੀਤੀ।1। ਹੇ ਭਾਈ! ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ (ਆਪਣੇ ਅੰਦਰ ਵੱਸਦਾ) ਸਹੀ ਕਰ ਲੈਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਨੂੰ ਆਪਣੇ) ਮਨ ਵਿਚ ਵਸਾ ਲੈਂਦਾ ਹੈ, (ਉਹ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ। ਹੇ ਭਾਈ! ਜਿਨ੍ਹਾਂ ਭੀ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਲਗਨ ਬਣਾਈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ, ਉਹਨਾਂ ਆਪਣੀਆਂ ਸਾਰੀਆਂ ਕੁਲਾਂ ਭੀ ਪਾਰ ਲੰਘਾ ਲਈਆਂ।2। ਹੇ ਭਾਈ! ਮੇਰਾ ਪਰਮਾਤਮਾ ਗੁਣ ਬਖ਼ਸ਼ਣ ਵਾਲਾ ਹੈ, ਉਹ (ਜੀਵ ਨੂੰ ਗੁਰੂ ਦੇ) ਸ਼ਬਦ ਵਿਚ (ਜੋੜ ਕੇ ਉਸ ਦੇ ਸਾਰੇ) ਔਗੁਣ ਸਾੜ ਦੇਂਦਾ ਹੈ। ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ।3। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਵਿਖਾ ਦੇਂਦਾ ਹੈ, ਉਹ ਮਨੁੱਖ ਪ੍ਰੇਮ ਨਾਲ ਪ੍ਰਭੂ-ਚਰਨਾਂ ਦਾ ਮਿਲਾਪ ਮਾਣਦਾ ਹੈ। ਹੇ ਨਾਨਕ! ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦੇਂਦਾ ਹੈ, ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।4।6। 16। |
Sri Guru Granth Darpan, by Professor Sahib Singh |