ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1132

ਭੈਰਉ ਮਹਲਾ ੩ ॥ ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵੀਚਾਰ ॥ ਗੁਰ ਪੂਰੇ ਤੇ ਸੋਝੀ ਪਵੈ ਫਿਰਿ ਮਰੈ ਨ ਵਾਰੋ ਵਾਰ ॥੧॥ ਮਨ ਮੇਰੇ ਰਾਮ ਨਾਮੁ ਆਧਾਰੁ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥ ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੂਝ ਨ ਪਾਇ ॥ ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥੨॥ ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥ ਸਤਿਗੁਰੁ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛੁਤਾਹਿ ॥੩॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥ ਨਾਨਕ ਹਰਿ ਭਗਤਿ ਪਰਾਪਤਿ ਹੋਈ ਜੋਤੀ ਜੋਤਿ ਸਮਾਇ ॥੪॥੭॥੧੭॥ {ਪੰਨਾ 1132}

ਪਦ ਅਰਥ: ਮਨਸਾ = ਮਨ ਦਾ ਫੁਰਨਾ {mnI = w}। ਮਨਹਿ = ਮਨ ਵਿਚ ਹੀ। ਸਮਾਇ ਲੈ = ਲੀਨ ਕਰ ਦੇਹ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਵੀਚਾਰ = (ਪਰਮਾਤਮਾ ਦੇ ਗੁਣਾਂ ਦੀ) ਵਿਚਾਰ। ਤੇ = ਤੋਂ, ਪਾਸੋਂ। ਪਵੈ = ਪੈਂਦੀ ਹੈ। ਵਾਰੋ ਵਾਰ = ਮੁੜ ਮੁੜ।1।

ਮਨ = ਹੇ ਮਨ! ਆਧਾਰੁ = ਆਸਰਾ। ਪਰਸਾਦਿ = ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪੁਜਾਵਣਹਾਰੁ = ਪੂਰੀਆਂ ਕਰ ਸਕਣ ਵਾਲਾ ਹੈ।1। ਰਹਾਉ।

ਏਕੋ = ਇਕ ਪਰਮਾਤਮਾ ਹੀ। ਰਵਿ ਰਹਿਆ = ਵਿਆਪਕ ਹੈ। ਬੂਝ = ਸਮਝ। ਗੁਰਮੁਖਿ = ਗੁਰੂ ਦੀ ਰਾਹੀਂ। ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਇ = ਗਾਂਦਾ ਹੈ।2।

ਹੋਰਥੈ = ਕਿਸੇ ਹੋਰ ਥਾਂ ਤੋਂ। ਨ ਪਾਹਿ = ਨਹੀਂ ਪਾ ਸਕਦੇ {ਬਹੁ-ਵਚਨ}। ਪਛੁਤਾਹਿ = ਪਛੁਤਾਂਦੇ ਹਨ {ਬਹੁ-ਵਚਨ}।3।

ਧਾਇ = ਧਾ ਕੇ, ਦੌੜ ਕੇ, ਹੱਲਾ ਕਰ ਕੇ। ਪਰਾਪਤਿ ਹੋਈ = ਭਾਗਾਂ ਅਨੁਸਾਰ ਮਿਲ ਗਈ। ਜੋਤਿ = ਜਿੰਦ। ਜੋਤੀ = ਪਰਮਾਤਮਾ ਦੀ ਜੋਤਿ ਵਿਚ। ਸਮਾਇ = ਲੀਨ ਹੋ ਜਾਂਦੀ ਹੈ {ਇਕ-ਵਚਨ}।4।

ਅਰਥ: ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨੂੰ (ਆਪਣਾ) ਆਸਰਾ ਬਣਾ। (ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣਾ ਆਸਰਾ ਬਣਾਂਦਾ ਹੈ) ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਹੇ ਮਨ! ਪਰਮਾਤਮਾ ਹਰੇਕ ਇੱਛਾ ਪੂਰੀ ਕਰਨ ਵਾਲਾ ਹੈ।1। ਰਹਾਉ।

ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮਨ ਵਿਚ ਵਸਾ ਕੇ ਮਨ ਦੇ (ਮਾਇਕ) ਫੁਰਨਿਆਂ ਨੂੰ (ਅੰਦਰ) ਮਨ ਵਿਚ ਹੀ ਲੀਨ ਕਰ ਦੇਹ। ਹੇ ਭਾਈ! ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਹੋ ਜਾਂਦੀ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।1।

ਹੇ ਭਾਈ! ਸਭ ਜੀਵਾਂ ਵਿਚ ਇਕ ਪਰਮਾਤਮਾ ਹੀ ਵਿਆਪਕ ਹੈ, ਪਰ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ। ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਪਰਮਾਤਮਾ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।2।

ਹੇ ਭਾਈ! ਸੁਖ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ (ਜਿਹੜੇ ਮਨੁੱਖ ਪਰਮਾਤਮਾ ਦਾ ਆਸਰਾ ਨਹੀਂ ਲੈਂਦੇ) ਉਹ ਹੋਰ ਹੋਰ ਥਾਂ ਤੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ। ਹੇ ਭਾਈ! ਗੁਰੂ (ਪਰਮਾਤਮਾ ਦੇ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੀ ਸਰਨ ਨਹੀਂ ਲਈ, ਉਹ ਆਖ਼ਰ ਇਥੋਂ ਜਾਣ ਵੇਲੇ ਹੱਥ ਮਲਦੇ ਹਨ।3।

ਹੇ ਭਾਈ! ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ, ਉਸ ਨੇ ਸਦਾ ਆਨੰਦ ਮਾਣਿਆ। ਕੋਈ ਭੀ ਦੁੱਖ ਹੱਲਾ ਕਰ ਕੇ ਉਸ ਨੂੰ ਨਹੀਂ ਚੰਬੜ ਸਕਦਾ। ਹੇ ਨਾਨਕ! ਜਿਸ ਮਨੁੱਖ ਨੂੰ ਭਾਗਾਂ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ।4।1। 17।

ਭੈਰਉ ਮਹਲਾ ੩ ॥ ਬਾਝੁ ਗੁਰੂ ਜਗਤੁ ਬਉਰਾਨਾ ਭੂਲਾ ਚੋਟਾ ਖਾਈ ॥ ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥ ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥ ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥ ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥ ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥ ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥ ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥ ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥ ਨਾਨਕ ਗੁਰਮੁਖਿ ਸਬਦੁ ਸਮ੍ਹ੍ਹਾਲੇ ਰਾਮ ਨਾਮਿ ਵਡਿਆਈ ॥੪॥੮॥੧੮॥ {ਪੰਨਾ 1132}

ਪਦ ਅਰਥ: ਬਉਰਾਨਾ = ਕਮਲਾ, ਝੱਲਾ। ਭੂਲਾ = ਕੁਰਾਹੇ ਪਿਆ ਹੋਇਆ। ਖਾਈ = ਖਾਂਦਾ ਹੈ। ਮਰਿ ਮਰਿ ਜੰਮੈ = ਮੁੜ ਮੁੜ ਮਰ ਕੇ ਜੰਮਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਦਰ ਕੀ = ਪਰਮਾਤਮਾ ਦੇ ਦਰ ਦੀ। ਖਬਰਿ = ਸੂਝ।1।

ਮਨ = ਹੇ ਮਨ! ਹਿਰਦੈ = ਹਿਰਦੇ ਵਿਚ। ਸਦ = ਸਦਾ। ਸਬਦੇ = ਸ਼ਬਦ ਦੀ ਰਾਹੀਂ। ਭਵਜਲੁ = ਸੰਸਾਰ-ਸਮੁੰਦਰ।1। ਰਹਾਉ।

ਡੋਲੈ = ਡੋਲਦਾ ਹੈ। ਅੰਤਰਿ = (ਉਸ ਦੇ) ਅੰਦਰ। ਤਿਸਾ = ਤ੍ਰਿਸ਼ਨਾ। ਫਿਰੈ = ਫਿਰਦਾ ਹੈ। ਦਰ ਬਾਰੁ = (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਹੈ) ।2।

ਸਬਦਿ = ਸ਼ਬਦ ਦੀ ਰਾਹੀਂ। ਮਰਹਿ = ਮਰਦੇ ਹਨ, ਦੁਨੀਆ ਦੀਆਂ ਖ਼ਾਹਸ਼ਾਂ ਵਲੋਂ ਮਰਦੇ ਹਨ। ਜੀਵਹਿ = ਆਤਮਕ ਜੀਵਨ ਹਾਸਲ ਕਰ ਲੈਂਦੇ ਹਨ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਦੁਆਰਿ = ਪ੍ਰਭੂ ਦੇ ਦਰ ਤੇ (ਪਹੁੰਚ) । ਉਰ = ਹਿਰਦਾ। ਧਾਰਿ = ਧਾਰ ਕੇ।3।

ਤਿਸੁ = ਉਸ (ਪਰਮਾਤਮਾ) ਨੂੰ। ਭਾਵੈ = ਚੰਗਾ ਲੱਗਦਾ ਹੈ। ਚਲਾਵੈ = ਜੀਵਨ-ਰਾਹ ਤੇ ਤੋਰਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਮ੍ਹ੍ਹਾਲੇ = ਹਿਰਦੇ ਵਿਚ ਵਸਾਂਦਾ ਹੈ। ਨਾਮਿ = ਨਾਮ ਦੀ ਰਾਹੀਂ।4।

ਅਰਥ: ਹੇ ਮੇਰੇ ਮਨ! ਸਦਾ ਗੁਰੂ ਦੀ ਸਰਨ ਪਿਆ ਰਹੁ। (ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਪਿਆਰਾ ਲੱਗਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।1। ਰਹਾਉ।

ਹੇ ਮਨ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ, ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ।1।

ਹੇ ਮਨ! (ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਖੁੰਝ ਕੇ) ਕਈ (ਧਾਰਮਿਕ) ਭੇਖ ਬਣਾਂਦਾ ਹੈ, ਉਸ ਦਾ ਮਨ (ਵਿਕਾਰਾਂ ਵਿਚ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਅੰਦਰ ਕਾਮ (ਦਾ ਜ਼ੋਰ) ਹੈ, ਕ੍ਰੋਧ (ਦਾ ਜ਼ੋਰ) ਹੈ, ਅਹੰਕਾਰ (ਦਾ ਜ਼ੋਰ) ਹੈ, ਉਸ ਦੇ ਅੰਦਰ ਮਾਇਆ ਦੀ ਬੜੀ ਤ੍ਰਿਸ਼ਨਾ ਹੈ, ਮਾਇਆ ਦੀ ਬੜੀ ਭੁੱਖ ਹੈ, ਉਹ (ਕੁੱਤੇ ਵਾਂਗ ਰੋਟੀ ਦੀ ਖ਼ਾਤਰ) ਭੌਂਕਦਾ ਫਿਰਦਾ ਹੈ, (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਫਿਰਦਾ ਹੈ) ।2।

ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦੇ ਹਨ, ਉਹ ਫਿਰ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਪਰਮਾਤਮਾ ਦੇ ਦਰ ਤੇ (ਉਹਨਾਂ ਦੀ ਪਹੁੰਚ ਹੋ ਜਾਂਦੀ ਹੈ) । ਉਹਨਾਂ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ।3।

ਪਰ, ਹੇ ਭਾਈ! (ਜੀਵਾਂ ਦੇ ਕੁਝ ਵੱਸ ਨਹੀਂ) ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ, ਅਸਾਂ ਜੀਵਾਂ ਦਾ ਉਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲ ਸਕਦਾ। ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ।4।8। 18।

ਭੈਰਉ ਮਹਲਾ ੩ ॥ ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥ ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥ ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥ ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥ ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ ॥ ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥੨॥ ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥ ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥੩॥ ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥ ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥ {ਪੰਨਾ 1132}

ਪਦ ਅਰਥ: ਮੋਹਿ = ਮੋਹ ਵਿਚ (ਫਸ ਕੇ) । ਖੁਆਇਆ = (ਜੀਵਨ-ਰਾਹ ਤੋਂ) ਖੁੰਝ ਗਿਆ। ਖਾਇ = ਖਾਂਦਾ ਹੈ, ਸਹਾਰਦਾ ਹੈ। ਅੰਤਰਿ = ਅੰਦਰ। ਬਿਬੇਕ = (ਚੰਗੇ ਮੰਦੇ ਕੰਮ ਦੀ) ਪਰਖ ਕਰਨ ਦੀ ਸਮਰਥਾ। ਭਰਮਾਇਆ = ਭਟਕਦਾ ਫਿਰਦਾ ਹੈ।1।

ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ। ਧ੍ਰਿਗੁ = ਫਿਟਕਾਰ-ਜੋਗ। ਸੈਸਾਰਿ = ਸੰਸਾਰ ਵਿਚ। ਸੁਪਨੈ = ਸੁਪਨੇ ਵਿਚ ਭੀ, ਕਦੇ ਹੀ। ਸਿਉ = ਨਾਲ।1। ਰਹਾਉ।

ਪਸੂਆ ਕਰਮ = ਪਸ਼ੂਆਂ ਵਾਲੇ ਕੰਮ। ਕਰੈ = ਕਰਦਾ ਹੈ {ਇਕ-ਵਚਨ}। ਕੂੜੋ = ਕੂੜ ਹੀ। ਤ = ਤਾਂ, ਤਦੋਂ। ਉਲਟੀ ਹੋਵੈ = ਮਾਇਆ ਦੇ ਮੋਹ ਵਲੋਂ ਸੁਰਤਿ ਪਰਤਦੀ ਹੈ। ਜਨੁ ਕੋਇ = ਕੋਈ ਵਿਰਲਾ ਮਨੁੱਖ। ਲਹੈ– ਲੱਭ ਲੈਂਦਾ ਹੈ।2।

ਰਿਦੈ = ਹਿਰਦੈ ਵਿਚ। ਸਦ = ਸਦਾ। ਨਿਧਾਨੁ = ਖ਼ਜ਼ਾਨਾ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਪੂਰਾ = ਅਭੁੱਲ ਪਰਮਾਤਮਾ। ਮਨ ਅਭਿਮਾਨੁ = ਮਨ ਦਾ ਅਹੰਕਾਰ। ਚੂਕਾ = ਮੁੱਕ ਗਿਆ।3।

ਆਪੇ = ਆਪ ਹੀ। ਮਾਰਗਿ = ਰਸਤੇ ਉਤੇ। ਗੁਰਮੁਖਿ = ਗੁਰੂ ਦੀ ਰਾਹੀਂ। ਦੇ = ਦੇਂਦਾ ਹੈ। ਨਾਮਿ = ਨਾਮ ਵਿਚ।4।

ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਵਿਚ ਜੀਵਨ (-ਢੰਗ) ਇਹੋ ਜਿਹਾ ਹੀ ਰਹਿੰਦਾ ਹੈ ਕਿ ਉਸ ਨੂੰ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ। ਉਹ ਪਰਮਾਤਮਾ ਦਾ ਨਾਮ ਕਦੇ ਭੀ ਯਾਦ ਨਹੀਂ ਕਰਦਾ, ਪਰਮਾਤਮਾ ਨਾਲ ਉਸ ਦਾ ਕਦੇ ਭੀ ਪਿਆਰ ਨਹੀਂ ਬਣਦਾ।1। ਰਹਾਉ।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ। ਉਹ ਉਹੀ ਕੁਝ ਕਰਦਾ ਰਹਿੰਦਾ ਹੈ ਜਿਸ ਤੋਂ ਉਹ ਦੁੱਖ ਹੀ ਸਹੇੜਦਾ ਹੈ ਦੁੱਖ ਹੀ ਸਹਾਰਦਾ ਹੈ। ਉਸ ਦੇ ਅੰਦਰ ਲੋਭ (ਟਿਕਿਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ) ਹਲਕ (ਹੋ ਜਾਂਦਾ) ਹੈ (ਕੁੱਤਾ ਆਪ ਭੀ ਦੁਖੀ ਹੁੰਦਾ ਹੈ ਲੋਕਾਂ ਨੂੰ ਭੀ ਦੁਖੀ ਕਰਦਾ ਹੈ। ਇਸੇ ਤਰ੍ਹਾਂ ਲੋਭੀ ਨੂੰ) ਬਹੁਤ ਦੁੱਖ ਬਣਿਆ ਰਹਿੰਦਾ ਹੈ। ਚੰਗੇ ਮੰਦੇ ਕੰਮ ਦੀ ਪਰਖ ਨਾਹ ਕਰ ਸਕਣ ਕਰਕੇ ਉਹ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।1।

ਹੇ ਭਾਈ! ਮਨ ਦਾ ਮੁਰੀਦ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ, ਉਸ ਨੂੰ ਸਮਝ ਨਹੀਂ ਆਉਂਦੀ (ਕਿ ਇਹ ਜੀਵਨ-ਰਾਹ ਗ਼ਲਤ ਹੈ) । ਨਾਸਵੰਤ ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਾ ਕਰਦਾ ਉਸੇ ਦਾ ਰੂਪ ਹੋਇਆ ਰਹਿੰਦਾ ਹੈ। ਪਰ ਜੇ ਉਸ ਨੂੰ ਗੁਰੂ ਮਿਲ ਪਏ, ਤਾਂ ਉਸ ਦੀ ਸੁਰਤਿ ਮਾਇਆ ਵਲੋਂ ਪਰਤ ਜਾਂਦੀ ਹੈ (ਫਿਰ ਉਹ) ਖੋਜ ਕਰ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ (ਪਰ ਅਜਿਹਾ ਹੁੰਦਾ) ਕੋਈ ਵਿਰਲਾ ਹੀ ਹੈ।2।

ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ, ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦਾ ਹੈ। ਗੁਰੂ ਦੀ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ।3।

(ਪਰ, ਹੇ ਭਾਈ! ਮਨਮੁਖ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਤੇ ਪਾਂਦਾ ਹੈ, ਆਪ ਹੀ ਗੁਰੂ ਦੀ ਰਾਹੀਂ ਇੱਜ਼ਤ ਬਖ਼ਸ਼ਦਾ ਹੈ। ਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ) , ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ।4।9। 19।

TOP OF PAGE

Sri Guru Granth Darpan, by Professor Sahib Singh