ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1133 ਭੈਰਉ ਮਹਲਾ ੩ ॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੇ ਜਮ ਜਾਲਾ ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖਦਾਤਾ ਮੇਰੈ ਨਾਲਾ ॥੧॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥੩॥ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝੁ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ਹ੍ਹ ਉਪਾੜਿ ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥ ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ {ਪੰਨਾ 1133} ਪਦ ਅਰਥ: ਦੂਜੈ ਭਾਇ = (ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ (ਰਹਿਣ ਵਾਲੇ) । ਜਮ ਜਾਲਾ = ਜਮ ਦਾ ਜਾਲ, ਆਤਮਕ ਮੌਤ ਦਾ ਜਾਲ। ਪ੍ਰਤਿਪਾਲਾ = ਰਾਖੀ।1। ਉਪਦੇਸਿ = ਉਪਦੇਸ ਨਾਲ। ਉਚਰੈ = ਉਚਾਰਦਾ ਹੈ, ਜਪਦਾ ਹੈ। ਸਾਸਨਾ = ਤਾੜਨਾ, ਦੰਡ, ਸਰੀਰਕ ਕਸ਼ਟ। ਤੇ = ਤੋਂ। ਗਮੁ = ਗ਼ਮ। ਗਮੁ ਨ ਕਰੈ = ਘਾਬਰਦਾ ਨਹੀਂ, ਡਰਦਾ ਨਹੀਂ।1। ਰਹਾਉ। ਉਪਦੇਸੈ = ਸਮਝਾਂਦੀ ਹੈ। ਪ੍ਰਹਿਲਾਦ = ਹੇ ਪ੍ਰਹਿਲਾਦ! ਪੁਤ੍ਰ = ਹੇ ਪੁੱਤਰ! ਜੀਉ = ਜਿੰਦ। ਲੇਹੁ ਉਬਾਰੇ = ਬਚਾ ਲੈ। ਮਾਇ = ਹੇ ਮਾਂ! ਨ ਛੋਡਾ = ਨ ਛੋਡਾਂ, ਮੈਂ ਨਹੀਂ ਛੱਡਦਾ। ਗੁਰਿ = ਗੁਰੂ ਨੇ। ਦੀਆ ਬੁਝਾਇ = ਸਮਝਾ ਦਿੱਤਾ ਹੈ।2। ਸੰਡਾ ਮਰਕਾ = ਸੰਡ ਅਤੇ ਅਮਰਕ। ਸਭਿ = ਸਾਰੇ। ਜਾਇ = ਜਾ ਕੇ। ਚਾਟੜੇ = ਪੜ੍ਹਨ ਵਾਲੇ ਮੁੰਡੇ। ਮਹਿ = ਵਿਚ। ਮੰਤ੍ਰੁ ਪਕਾਇਆ = ਸਲਾਹ ਪੱਕੀ ਕੀਤੀ। ਰਘੁਰਾਇਆ = ਪਰਮਾਤਮਾ।3। ਹਾਥਿ = ਹੱਥ ਵਿਚ। ਖੜਗੁ = ਤਲਵਾਰ। ਕਰਿ = ਕਰ ਕੇ, ਲੈ ਕੇ। ਅਤਿ ਅਹੰਕਾਰਿ = ਬੜੇ ਹੀ ਅਹੰਕਾਰ ਨਾਲ। ਕਹਾ = ਕਹਾਂ? ਕਿੱਥੇ? ਲਏ ਉਬਾਰਿ = ਉਬਾਰਿ ਲਏ, (ਜੋ ਤੈਨੂੰ) ਬਚਾ ਲਏ। ਭੈਆਨ = ਭਿਆਨਕ। ਉਪਾੜਿ = ਪਾੜ ਕੇ। ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ।4। ਕਾਰਜ = ਸਾਰੇ ਕੰਮ। ਉਧਾਰੇ = ਬਚਾ ਲਏ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਨਾਮਿ = ਨਾਮ ਵਿਚ (ਜੋੜ ਕੇ) । ਨਿਸਤਾਰੇ = ਪਾਰ ਲੰਘਾਂਦਾ ਹੈ।5। ਅਰਥ: ਹੇ ਭਾਈ! (ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ। ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ।1। ਰਹਾਉ। ਹੇ ਭਾਈ! (ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ-) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ। ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ। ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ। ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ।1। ਹੇ ਭਾਈ! (ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ– ਹੇ ਪਿਆਰੇ ਪ੍ਰਹਿਲਾਦ! ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ। (ਅੱਗੋਂ) ਪ੍ਰਹਿਲਾਦ ਆਖਦਾ ਹੈ– ਹੇ ਮੇਰੀ ਮਾਂ! ਸੁਣ, ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ।2। ਹੇ ਭਾਈ! ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ = ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ। ਹੇ ਭਾਈ! (ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ। ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ।3। ਹੇ ਭਾਈ! (ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ (ਅਤੇ ਕਹਿਣ ਲੱਗਾ = ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ? (ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ। (ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ।4। ਹੇ ਭਾਈ! ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ (ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ। ਹੇ ਨਾਨਕ! ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ, ਤੇ, ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।5।10। 20। ਭੈਰਉ ਮਹਲਾ ੩ ॥ ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥ ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥ ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥ ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥ ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥ ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥ ਮੂਰਖ ਦੁਬਿਧਾ ਪੜ੍ਹਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥ ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥ ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥ ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥ {ਪੰਨਾ 1133} ਪਦ ਅਰਥ: ਦੈਤ = ਦੈਂਤ, ਦੁਸ਼ਟ, ਦੁਰਜਨ। ਆਪੇ = ਆਪ ਹੀ (ਪਰਮਾਤਮਾ ਨੇ) । ਤਿਨ ਮਨਿ = ਉਹਨਾਂ ਦੇ ਮਨ ਵਿਚ।1। ਜੁਗਿ ਜੁਗਿ = ਹਰੇਕ ਜੁਗ ਵਿਚ। ਦੈਤ ਪੁਤ੍ਰੁ = ਦੈਂਤ (ਹਰਨਾਖਸ਼) ਦਾ ਪੁੱਤਰ। ਤਰਪਣੁ = ਪਿਤਰਾਂ ਨਿਮਿਤ ਪਾਣੀ ਅਰਪਣ ਕਰਨਾ = ਇਹ ਹਰ ਰੋਜ਼ ਕੀਤੇ ਜਾਣ ਵਾਲੇ ਪੰਜਾਂ ਜੱਗਾਂ ਵਿਚੋਂ ਇਕ ਹੈ। ਹਰੇਕ ਹਿੰਦੂ ਇਸ ਦਾ ਕਰਨਾ ਜ਼ਰੂਰੀ ਸਮਝਦਾ ਹੈ। ਗਾਇਤ੍ਰੀ = ਇਕ ਬੜੀ ਪਵਿਤ੍ਰ ਤੁਕ, ਜਿਸ ਦਾ ਪਾਠ ਹਰੇਕ ਬ੍ਰਾਹਮਣ ਸਵੇਰੇ ਸ਼ਾਮ ਕਰਦਾ ਹੈ। ਇਸ ਦੇ ਮੁੜ ਮੁੜ ਪਾਠ ਨਾਲ ਵੱਡੇ ਵੱਡੇ ਪਾਪ ਭੀ ਨਾਸ ਹੋ ਜਾਂਦੇ ਮੰਨੇ ਗਏ ਹਨ: qÄsivqu vLry&Xz BÀowLz dyvÔX DImhI iDXo Xo n: pRcodXwq` R. V. 3. 02. 10 ਸਬਦੇ = ਗੁਰੂ ਦੇ ਸ਼ਬਦ ਵਿਚ। ਮੇਲਿ = ਜੋੜ ਕੇ। ਮਿਲਾਇਆ = ਆਪਣੇ ਨਾਲ ਮਿਲਾ ਲਿਆ।1। ਰਹਾਉ। ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਦੁਬਿਧਾ = ਮੇਰ-ਤੇਰ, ਵਿਤਕਰਾ। ਖੋਈ = ਮੁਕਾ ਲਈ। ਨਿਰਮਲ = ਪਵਿੱਤਰ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਾਤੇ = ਰੰਗੇ ਹੋਏ, ਮਸਤ, ਰੱਤੇ ਹੋਏ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = (ਉਹਨਾਂ ਦੇ) ਮਨ ਵਿਚ।2। ਪੜ੍ਹਹਿ = ਪੜ੍ਹਦੇ ਹਨ {ਬਹੁ-ਵਚਨ}। ਦੁਬਿਧਾ ਪੜ੍ਹਹਿ = ਵਿਤਕਰੇ ਪੈਦਾ ਕਰਨ ਵਾਲੀ ਵਿੱਦਿਆ ਪੜ੍ਹਦੇ ਹਨ। ਮੂਲੁ = ਜਗਤ ਦਾ ਪੈਦਾ ਕਰਨ ਵਾਲਾ। ਬਿਰਥਾ = ਵਿਅਰਥ। ਦੁਸਟੁ ਦੈਤੁ = ਦੁਸ਼ਟ (ਹਰਨਾਖਸ਼) ਦੈਂਤ ਨੂੰ। ਚਿੜਾਇਆ = ਚੁੱਕਿਆ, (ਪ੍ਰਹਿਲਾਦ ਦੇ ਵਿਰੁੱਧ) ਗੁੱਸੇ ਵਿਚ ਲਿਆਂਦਾ।3। ਪੜੈ = ਪੜ੍ਹਦਾ ਹੈ {ਇਕ-ਵਚਨ}। ਕਾਲੁ = ਮੌਤ। ਦੈਤੈ = ਦੈਂਤ ਦਾ।4। ਪੈਜ = ਲਾਜ, ਇੱਜ਼ਤ। ਦੇਇ = ਦੇਂਦਾ ਹੈ। ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ। ਅੰਧੈ = (ਅਹੰਕਾਰ ਵਿਚ) ਅੰਨ੍ਹੇ ਹੋ ਚੁਕੇ ਨੇ। ਦਰ = ਪਰਮਾਤਮਾ ਦਾ ਦਰ। ਖਬਰਿ = ਸੂਝ।5। ਅਰਥ: ਹੇ ਭਾਈ! ਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ। (ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ।1। ਰਹਾਉ। ਹੇ ਭਾਈ! ਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ। ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲਫ਼ਿ ਨਹੀਂ ਹੁੰਦੀ।1। ਹੇ ਭਾਈ! ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ। ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ।2। ਹੇ ਭਾਈ! ਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ, ਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ।3। ਪਰ ਹੇ ਭਾਈ! ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ। ਹੇ ਭਾਈ! ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ।4। ਹੇ ਭਾਈ! (ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ। (ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ।5।11। 21।8। 21। 29।
ਵੇਰਵਾ ਸ਼ਬਦਾਂ ਦਾ: ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥ ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥੧॥ ਮੇਰੇ ਮਨ ਹਰਿ ਭਜੁ ਨਾਮੁ ਨਰਾਇਣੁ ॥ ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥ ਸੰਗਤਿ ਸਾਧ ਮੇਲਿ ਹਰਿ ਗਾਇਣੁ ॥ ਗੁਰਮਤੀ ਲੇ ਰਾਮ ਰਸਾਇਣੁ ॥੨॥ ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥ ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥ ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ ॥ ਜਨੁ ਨਾਨਕੁ ਮੇਲਿ ਤੇਰਾ ਦਾਸ ਦਸਾਇਣੁ ॥੪॥੧॥ {ਪੰਨਾ 1133-1134} ਪਦ ਅਰਥ: ਕਰਿ = ਕਰ ਕੇ। ਪਗਿ = ਪੈਰ ਵਿਚ, ਚਰਨੀਂ। ਲਾਇਣੁ = ਲਾਣ ਵਾਲਾ ਹੈ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਭਜੁ = ਜਪਿਆ ਕਰ। ਸਮਾਇਣੁ = ਜਾਗ (ਨਾਮ ਦੀ) ।1। ਮਨ = ਹੇ ਮਨ! ਸੁਖਦਾਤਾ = ਸੁਖਾਂ ਦਾ ਦਾਤਾ। ਗੁਰਮੁਖਿ = ਗੁਰੂ ਦੀ ਰਾਹੀਂ। ਭਵਜਲੁ = ਸੰਸਾਰ-ਸਮੁੰਦਰ। ਨਾਮਿ = ਨਾਮ ਵਿਚ (ਜੋੜ ਕੇ) ।1। ਰਹਾਉ। ਮੇਲਿ = ਮੇਲ ਵਿਚ। ਹਰਿ ਗਾਇਣੁ = ਹਰੀ ਦੀ ਸਿਫ਼ਤਿ-ਸਾਲਾਹ। ਗੁਰਮਤੀ = ਗੁਰੂ ਦੀ ਮਤਿ ਉਤੇ ਤੁਰ ਕੇ। ਰਸਾਇਣੁ = {ਰਸ-ਅਯਨ} ਸਾਰੇ ਰਸਾਂ ਦਾ ਘਰ।2। ਗਿਆਨ ਸਰਿ = ਗਿਆਨ ਦੇ ਸਰੋਵਰ ਵਿਚ। ਸਾਧੂ = ਗੁਰੂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਾਇਣੁ = ਇਸ਼ਨਾਨ। ਸਭਿ = ਸਾਰੇ। ਕਿਲਵਿਖ = ਪਾਪ।3। ਆਪੇ = ਆਪ ਹੀ। ਧਰਾਇਣੁ = ਆਸਰਾ। ਮੇਲਿ = ਮਿਲਾ (ਆਪਣੇ ਚਰਨਾਂ ਵਿਚ) । ਦਾਸ ਦਸਾਇਣੁ = ਦਾਸਾਂ ਦਾ ਦਾਸ।4। ਅਰਥ: ਹੇ ਮੇਰੇ ਮਨ! ਹਰੀ ਦਾ ਨਾਮ ਜਪਿਆ ਕਰ, ਨਾਰਾਇਣ ਨਾਰਾਇਣ ਜਪਿਆ ਕਰ। ਸਾਰੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1। ਰਹਾਉ। ਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ) । ਹੇ ਮਨ! (ਤੂੰ ਭੀ ਗੁਰੂ ਦੀ ਸਰਨ ਪਉ, ਤੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਆਪਣੀ ਸੁਰਤਿ ਵਿਚ ਹਰਿ-ਨਾਮ ਦੀ ਜਾਗ ਲਾ।1। ਹੇ ਮੇਰੇ ਮਨ! ਸਾਧ ਸੰਗਤਿ ਦੇ ਮੇਲ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਰਸਾਂ ਦਾ ਘਰ ਹੈ।2। ਹੇ ਮੇਰੇ ਮਨ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ।3। ਹੇ ਪ੍ਰਭੂ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ। ਦਾਸ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖ, (ਨਾਨਕ) ਤੇਰੇ ਦਾਸਾਂ ਦਾ ਦਾਸ ਹੈ।4।1। |
Sri Guru Granth Darpan, by Professor Sahib Singh |