ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1134 ਭੈਰਉ ਮਹਲਾ ੪ ॥ ਬੋਲਿ ਹਰਿ ਨਾਮੁ ਸਫਲ ਸਾ ਘਰੀ ॥ ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥ ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥ ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥ ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥ ਕੋਟ ਕੋਟੰਤਰ ਤੇਰੇ ਪਾਪ ਪਰਹਰੀ ॥੨॥ ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥ ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥ ਹਮ ਮੂਰਖ ਕਉ ਹਰਿ ਕਿਰਪਾ ਕਰੀ ॥ ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥ {ਪੰਨਾ 1134} ਪਦ ਅਰਥ: ਬੋਲਿ = ਬੋਲਿਆ ਕਰ, ਜਪਿਆ ਕਰ। ਸਾ ਘਰੀ = ਉਹ ਘੜੀ। ਉਪਦੇਸਿ = ਉਪਦੇਸ਼ ਦੀ ਰਾਹੀਂ। ਸਭਿ ਦੁਖ = ਸਾਰੇ ਦੁਖ। ਪਰਹਰੀ = ਪਰਹਰਿ, ਦੂਰ ਕਰ ਲੈ।1। ਮਨ = ਹੇ ਮਨ! ਨਾਮੁ ਨਰਹਰੀ = ਪਰਮਾਤਮਾ ਦਾ ਨਾਮ {ਨਰਹਰੀ = ਨਰਸਿੰਘ}। ਕਰਿ = ਕਰ ਕੇ। ਮੇਲਹੁ = ਤੂੰ ਮਿਲਾਂਦਾ ਹੈ। ਸੰਗਿ = ਨਾਲ। ਸਿੰਧੁ ਭਉ = ਭਵਸਾਗਰ {ਸੰਧੁ = ਸਾਗਰ, ਸਮੁੰਦਰ}। ਤਰੀ = ਤਰ ਜਾਂਦਾ ਹੈ।1। ਰਹਾਉ। ਜਗ ਜੀਵਨੁ = ਜਗਤ ਦਾ ਆਸਰਾ। ਮਨਿ = ਮਨ ਵਿਚ। ਸਿਮਰੀ = ਸਿਮਰਿ। ਕੋਟੁ = ਕਿਲ੍ਹਾ, ਸਰੀਰ-ਕਿਲ੍ਹਾ {ਇਕ-ਵਚਨ}। ਕੋਟ = {ਬਹੁ-ਵਚਨ} (ਅਨੇਕਾਂ) ਸਰੀਰ। ਕੋਟ ਕੋਟੰਤਰ = ਕੋਟ ਕੋਟ ਅੰਤਰ, ਹੋਰ ਹੋਰ ਅਨੇਕਾਂ ਸਰੀਰ। ਕੋਟ ਕੋਟੰਤਰ ਪਾਪ = ਅਨੇਕਾਂ ਜਨਮਾਂ ਦੇ ਪਾਪ। ਪਰਹਰੀ = ਦੂਰ ਕਰ ਦੇਵੇਗਾ।2। ਮੁਖਿ = ਮੂੰਹ ਉਤੇ, ਮੱਥੇ ਉਤੇ। ਪਰੀ = ਪੈਂਦੀ ਹੈ। ਅਠਸਠਿ = ਅਠਾਹਠ (ਤੀਰਥ) । ਸੁਰਸਰੀ = ਗੰਗਾ।3। ਹਮ ਮੂਰਖ ਕਉ = ਮੈਂ ਮੂਰਖ ਉੱਤੇ। ਕਰੀ = ਕੀਤੀ ਹੈ। ਤਾਰਿਓ = ਤਾਰ ਲਿਆ ਹੈ। ਤਾਰਣ ਹਰੀ = ਤਾਰਣਹਾਰ ਹਰੀ ਨੇ।4। ਅਰਥ: ਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ (ਤੇ, ਆਖਿਆ ਕਰ = ਹੇ ਪ੍ਰਭੂ!) ਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤਿ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।1। ਰਹਾਉ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ। ਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ।1। ਹੇ ਭਾਈ! ਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ। ਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ।2। ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤਿ ਦੀ ਚਰਨ-ਧੂੜ ਲੱਗਦੀ ਹੈ, ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ।3। ਹੇ ਭਾਈ! ਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ, ਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ।4।2। ਭੈਰਉ ਮਹਲਾ ੪ ॥ ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥ ਹਿਰਦੈ ਫੇਰਿ ਚਲੈ ਤੁਧੁ ਨਾਲੀ ॥੧॥ ਹਰਿ ਹਰਿ ਨਾਮੁ ਜਪਹੁ ਬਨਵਾਲੀ ॥ ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥ ਗੁਰਮੁਖਿ ਸੇਵਾ ਘਾਲ ਜਿਨਿ ਘਾਲੀ ॥ ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥੨॥ ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥ ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥੩॥ ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥ ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥੪॥੩॥ {ਪੰਨਾ 1134} ਪਦ ਅਰਥ: ਕਰਣੀ = {krxIX} ਕਰਨ-ਜੋਗ ਕੰਮ। ਸੁਕ੍ਰਿਤੁ ਕਰਣੀ = ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ। ਸਾਰੁ = (ਹਿਰਦੇ ਵਿਚ) ਸੰਭਾਲ ਲੈ। ਜਪਮਾਲੀ = ਮਾਲਾ। ਹਿਰਦੈ = ਹਿਰਦੇ ਵਿਚ। ਫੇਰਿ = ਫੇਰਿਆ ਕਰ (ਇਸ ਮਾਲਾ ਨੂੰ) । ਨਾਲੀ = ਨਾਲ।1। ਨਾਮੁ ਬਨਵਾਲੀ = ਪਰਮਾਤਮਾ ਦਾ ਨਾਮ। ਕਰਿ = ਕਰ ਕੇ। ਜਮ ਜਾਲੀ = ਜਮ ਦੀ ਜਾਲੀ, ਆਤਮਕ ਮੌਤ ਲਿਆਉਣ ਵਾਲੀ ਫਾਹੀ।1। ਰਹਾਉ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਜਿਨਿ = ਜਿਸ (ਮਨੁੱਖ) ਨੇ। ਸੇਵਾ ਘਾਲ ਘਾਲੀ = ਸੇਵਾ-ਭਗਤੀ ਦੀ ਮਿਹਨਤ ਕੀਤੀ। ਤਿਸੁ ਸਬਦੁ = ਉਸ ਦਾ ਸ਼ਬਦ। ਘੜੀਐ = ਘੜਿਆ ਜਾਂਦਾ ਹੈ। ਤਿਸੁ ਘੜੀਐ ਸਬਦੁ = ਉਸ ਦਾ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ। ਸਚੀ ਟਕਸਾਲੀ = ਜਤ, ਧੀਰਜ, ਉੱਚੀ ਮਤਿ, ਆਤਮਕ ਜੀਵਨ ਦੀ ਸੂਝ, ਭਉ, ਆਦਿਕ ਦੀ ਸਦਾ-ਥਿਰ ਟਕਸਾਲ ਵਿਚ।2। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰਿ = ਗੁਰੂ ਨੇ। ਦਿਖਾਲੀ = ਦਰਸਨ ਕਰਾ ਦਿੱਤਾ। ਕਾਇਆ = ਸਰੀਰ। ਭਾਲੀ = ਭਾਲਿ, ਭਾਲ ਕੇ, ਖੋਜ ਕੇ।3। ਹਮ = ਅਸੀਂ ਜੀਵ। ਬਾਰਿਕ = ਬੱਚੇ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੀ = ਨਿਹਾਲਿ, ਤੱਕ ਕੇ।4। ਅਰਥ: ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ = ਹੇ ਪ੍ਰਭੂ! ਸਾਨੂੰ ਸਤ ਸੰਗਤਿ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤਿ ਵਿਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ।1। ਰਹਾਉ। ਹੇ ਭਾਈ! (ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ। (ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ। ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ।1। ਹੇ ਭਾਈ! ਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ, (ਜਤ, ਧੀਰਜ, ਉੱਚੀ ਮਤਿ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ।2। ਹੇ ਭਾਈ! (ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ, (ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ।3। ਹੇ ਨਾਨਕ! (ਆਖ-) ਹੇ ਹਰੀ! ਅਸੀਂ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ। ਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ।4।3। ਭੈਰਉ ਮਹਲਾ ੪ ॥ ਸਭਿ ਘਟ ਤੇਰੇ ਤੂ ਸਭਨਾ ਮਾਹਿ ॥ ਤੁਝ ਤੇ ਬਾਹਰਿ ਕੋਈ ਨਾਹਿ ॥੧॥ ਹਰਿ ਸੁਖਦਾਤਾ ਮੇਰੇ ਮਨ ਜਾਪੁ ॥ ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥ ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥ ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ ॥੨॥ ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥ ਤਿਸ ਕੈ ਨੇੜੈ ਕੋਇ ਨ ਜਾਵੈ ॥੩॥ ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥ ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥ {ਪੰਨਾ 1134} ਪਦ ਅਰਥ: ਸਭਿ = ਸਾਰੇ। ਘਟ = ਘੜੇ, ਸਰੀਰ {ਬਹੁ-ਵਚਨ}। ਮਾਹਿ = ਵਿਚ। ਤੇ = ਤੋਂ।1। ਮਨ = ਹੇ ਮਨ! ਹਉ = ਮੈਂ। ਸਾਲਾਹੀ = ਸਾਲਾਹੀਂ, ਸਲਾਹੁੰਦਾ ਹਾਂ। ਪ੍ਰਭੂ = ਮਾਲਕ।1। ਰਹਾਉ। ਜਹ ਜਹ = ਜਿੱਥੇ ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸੋਇ = ਉਹੀ। ਵਸਿ = ਵੱਸ ਵਿਚ। ਅਵਰੁ = ਹੋਰ।2। ਜਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਰਾਖਿਆ ਭਾਵੈ = ਰੱਖਣਾ ਚਾਹੇ। ਤਿਸ ਕੈ = {ਸੰਬੰਧਕ 'ਕੈ' ਦੇ ਕਾਰਨ 'ਤਿਸੁ' ਦਾ ੁ ਉੱਡ ਗਿਆ ਹੈ}।3। ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਪਰ, ਪੁਲਾੜ ਵਿਚ, ਆਕਾਸ਼ ਵਿਚ। ਸਭਤੈ = ਹਰ ਥਾਂ। ਜਨ ਨਾਨਕ = ਹੇ ਦਾਸ ਨਾਨਕ!।4। ਅਰਥ: ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ। ਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ।1। ਰਹਾਉ। ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ। ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ।1। ਹੇ ਭਾਈ! ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ। ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ।2। ਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ, ਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ।3। ਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ। ਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ।4। 4। ਭੈਰਉ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥ ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮ੍ਹ੍ਹਾਰਿ ॥੧॥ ਮਧੁਸੂਦਨੁ ਜਪੀਐ ਉਰ ਧਾਰਿ ॥ ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥ ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ ॥ ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥ ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥ ਜੋ ਕਿਛੁ ਕਰੇ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥ ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥ ਨਾਨਕ ਸੋ ਪ੍ਰਭੁ ਸਦਾ ਧਿਆਈਐ ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥ {ਪੰਨਾ 1134-1135} ਪਦ ਅਰਥ: ਮੂਰਤਿ = ਸਰੂਪ। ਹਿਰਦੈ = ਹਿਰਦੇ ਵਿਚ। ਮੁਰਾਰਿ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ। ਜਿਸੁ ਮਸਤਕਿ = ਜਿਸ ਦੇ ਮੱਥੇ ਉਤੇ। ਭਾਗੁ = ਚੰਗੀ ਕਿਸਮਤ। ਗੁਰਮਤਿ = ਗੁਰੂ ਦੀ ਸਿੱਖਿਆ ਅਨੁਸਾਰ। ਸਮ੍ਹ੍ਹਾਰਿ = ਸਮ੍ਹਾਰੇ, ਸੰਭਾਲਦਾ ਹੈ।1। ਮਧੂ ਸੂਦਨੁ = {ਮਧੁ ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ। ਉਰ = ਹਿਰਦਾ। ਧਾਰਿ = ਟਿਕਾ ਕੇ, ਵਸਾ ਕੇ। ਦੇਹੀ = ਸਰੀਰ। ਨਗਰਿ = ਨਗਰ ਵਿਚ। ਤਸਕਰ = {ਬਹੁ-ਵਚਨ} ਚੋਰ। ਧਾਤੂ = ਧਾਵਨ ਵਾਲੇ, ਭਟਕਣਾ ਵਿਚ ਪਾਣ ਵਾਲੇ। ਸਬਦੀ = ਸ਼ਬਦ ਦੀ ਰਾਹੀਂ। ਕਾਢੇ ਮਾਰਿ = ਮਾਰ ਕੇ ਕੱਢ ਦਿੱਤੇ।1। ਰਹਾਉ। ਸੇਤੀ = ਨਾਲ। ਮਾਨਿਆ = ਗਿੱਝ ਗਿਆ। ਕਾਰਜ = {ਬਹੁ-ਵਚਨ} ਸਾਰੇ ਕੰਮ। ਸਵਾਰਿ = ਸਵਾਰੇ, ਸਵਾਰਦਾ ਹੈ। ਚੂਕੀ = ਮੁੱਕ ਗਈ। ਮੁਹਤਾਜੀ = ਗ਼ਰਜ਼। ਅੰਗੀਕਾਰੁ = ਸਹਾਇਤਾ। ਕਰਤਾਰਿ = ਕਰਤਾਰ ਨੇ।2। ਮਤਾ = ਆਪਣੇ ਮਨ ਦੀ ਸਲਾਹ। ਮਸੂਰਤਿ = ਮਸ਼ਵਰਾ। ਕੀਜੈ = ਕੀਤਾ ਜਾ ਸਕਦਾ ਹੈ। ਹਰਿ ਬਾਹਰਿ = ਪਰਮਾਤਮਾ ਤੋਂ ਬਾਹਰਾ। ਭਲ = ਭਲਾ। ਹੋਸੀ = ਹੋਵੇਗਾ। ਅਨਦਿਨੁ = ਹਰ ਰੋਜ਼, ਹਰ ਵੇਲੇ।3। ਆਪੇ = ਆਪ ਹੀ। ਪੂਛਿ = ਪੁੱਛ ਕੇ। ਬੀਚਾਰਿ = ਵਿਚਾਰ ਕਰ ਕੇ। ਜਿਨਿ = ਜਿਸ (ਪ੍ਰਭੂ) ਨੇ। ਧਾਰਿ = ਧਾਰ ਕੇ।4। ਅਰਥ: ਹੇ ਭਾਈ! (ਦੈਂਤਾਂ ਦੇ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ। (ਜਿਹੜਾ ਮਨੁੱਖ ਨਾਮ ਜਪਦਾ ਹੈ) ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ) ਸਰੀਰ-ਨਗਰ ਵਿਚ (ਵੱਸ ਰਹੇ) ਭਟਕਣਾ ਵਿਚ ਪਾਣ ਵਾਲੇ (ਕਾਮਾਦਿਕ) ਪੰਜਾਂ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦੇਂਦਾ ਹੈ।1। ਰਹਾਉ। ਹੇ ਭਾਈ! ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਪਰ ਉਹੀ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ) ਚੰਗੀ ਕਿਸਮਤ (ਦਾ ਲੇਖ) ਲਿਖਿਆ ਹੁੰਦਾ ਹੈ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ। ਕਰਤਾਰ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ (ਇਸ ਵਾਸਤੇ) ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਚੁਕੀ ਹੁੰਦੀ ਹੈ।2। ਹੇ ਭਾਈ! ਆਪਣੇ ਮਨ ਦੀ ਸਾਲਾਹ ਆਪਣੇ ਮਨ ਦਾ ਮਸ਼ਵਰਾ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰਾ ਕੋਈ ਕੰਮ ਹੋ ਹੀ ਸਕਦਾ ਹੋਵੇ। ਹੇ ਭਾਈ! ਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ। (ਇਸ ਵਾਸਤੇ, ਹੇ ਭਾਈ!) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ।3। ਹੇ ਭਾਈ! ਪਰਮਾਤਮਾ ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ, ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ, ਕਿਸੇ ਨਾਲ ਵਿਚਾਰ ਕਰ ਕੇ ਨਹੀਂ ਕਰਦਾ। ਹੇ ਨਾਨਕ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮੇਹਰ ਕਰ ਕੇ (ਅਸਾਨੂੰ) ਗੁਰੂ ਮਿਲਾਇਆ ਹੈ।4।1।5। |
Sri Guru Granth Darpan, by Professor Sahib Singh |