ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1135 ਭੈਰਉ ਮਹਲਾ ੪ ॥ ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ ॥ ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥੧॥ ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥ ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥ ਤਿਨ ਮਤਿ ਊਤਮ ਤਿਨ ਪਤਿ ਊਤਮ ਜਿਨ ਹਿਰਦੈ ਵਸਿਆ ਬਨਵਾਰੀ ॥ ਤਿਨ ਕੀ ਸੇਵਾ ਲਾਇ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥ ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਹਰਿ ਦਰਗਹ ਕਾਢੇ ਮਾਰੀ ॥ ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥੩॥ ਹਰਿ ਆਪਿ ਬੁਲਾਵੈ ਆਪੇ ਬੋਲੈ ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥ ਹਰਿ ਜਿਸੁ ਤੂ ਮੇਲਹਿ ਸੋ ਤੁਧੁ ਮਿਲਸੀ ਜਨ ਨਾਨਕ ਕਿਆ ਏਹਿ ਜੰਤ ਵਿਚਾਰੀ ॥੪॥੨॥੬॥ {ਪੰਨਾ 1135} ਪਦ ਅਰਥ: ਤੇ = ਉਹ {ਬਹੁ-ਵਚਨ}। ਹਰਿ = ਹੇ ਹਰੀ! ਸੁਆਮੀ = ਹੇ ਸੁਆਮੀ! ਜਿਨ ਜਪਿਆ = ਜਿਨ੍ਹਾਂ ਨੂੰ ਯਾਦ ਕੀਤਿਆਂ {'ਜਿਨ' ਬਹੁ-ਵਚਨ}। ਗਤਿ = ਉੱਚੀ ਆਤਮਕ ਅਵਸਥਾ। ਤਿਨ = {ਬਹੁ-ਵਚਨ}। ਦੇਖਿ = ਵੇਖ ਕੇ। ਬਿਗਸੈ = ਖਿੜ ਪੈਂਦਾ ਹੈ। ਤਿਨ ਕਉ = {ਬਹੁ-ਵਚਨ} ਉਹਨਾਂ ਉਤੋਂ। ਹਉ = ਹਉਂ, ਮੈਂ। ਬਲਿਹਾਰੀ = ਕੁਰਬਾਨ।1। ਹਿਰਦੈ = ਹਿਰਦੇ ਵਿਚ। ਜਪਿ = ਜਪੀਂ, ਮੈਂ ਜਪਾਂ। ਮੁਰਾਰੀ ਨਾਮੁ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ ਦਾ ਨਾਮ। ਜਗਤ ਪਿਤ = ਹੇ ਜਗਤ ਦੇ ਪਿਤਾ! ਸੁਆਮੀ = ਹੇ ਸੁਆਮੀ! ਦਾਸਨਿ ਦਾਸ ਕੀਜੈ = ਦਾਸਾਂ ਦਾ ਦਾਸ ਬਣਾ ਲੈ। ਪਨਿਹਾਰੀ = ਪਾਣੀ ਢੋਣ ਵਾਲਾ ਸੇਵਕ।1। ਰਹਾਉ। ਪਤਿ = ਇੱਜ਼ਤ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ। ਬਨਵਾਰੀ = {ਸਾਰੀ ਬਨਸਪਤੀ ਹੈ ਮਾਲਾ ਜਿਸ ਦੀ) ਪਰਮਾਤਮਾ। ਹਰਿ ਸੁਆਮੀ = ਹੇ ਹਰੀ! ਹੇ ਸੁਆਮੀ! ਲਾਇ = ਜੋੜੀ ਰੱਖ। ਤਿਨ ਸਿਮਰਤ = ਉਨ੍ਹਾਂ ਨੂੰ ਯਾਦ ਕੀਤਿਆਂ।2। ਜਿਨ = ਜਿਨ੍ਹਾਂ (ਮਨੁੱਖਾਂ) ਨੇ। ਤੇ = ਉਹ ਬੰਦੇ। ਕਾਢੇ ਮਾਰੀ = ਮਾਰ ਕੇ ਕੱਢੇ ਜਾਂਦੇ ਹਨ। ਸੋਭ = ਸੋਭਾ। ਸਿਰਜਨਹਾਰੀ = ਸਿਰਜਨਹਾਰ ਨੇ। ਨਿਰੰਜਨੁ = ਨਿਰ-ਅੰਜਨੁ, ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ {ਅੰਜਨੁ = ਕਾਲਖ}। ਨਿਰੰਕਾਰੁ = ਆਕਾਰ-ਰਹਿਤ; ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਨਿਰਾਹਾਰੀ = ਨਿਰ-ਆਹਾਰੀ {ਆਹਾਰ = ਖ਼ੁਰਾਕ} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ। ਹਰਿ = ਹੇ ਹਰੀ! ਤੁਧੁ = ਤੈਨੂੰ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਵਿਚਾਰੀ = ਵਿਚਾਰੇ, ਨਿਮਾਣੇ।4। ਅਰਥ: ਹੇ ਹਰੀ! ਹੇ ਜਗਤ ਦੇ ਪਿਤਾ! ਹੇ ਸੁਆਮੀ! (ਮੇਰੇ ਉਤੇ ਮਿਹਰ ਕਰ) ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ। (ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਸੇਵਕ ਬਣਾ ਲੈ।1। ਰਹਾਉ। ਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾ ਦੇਹ, ਜਿਨ੍ਹਾਂ ਨੂੰ ਯਾਦ ਕੀਤਿਆਂ ਮੇਰੀ ਉੱਚੀ ਆਤਮਕ ਅਵਸਥਾ ਬਣ ਜਾਏ, ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜਿਆ ਰਹੇ। ਹੇ ਹਰੀ! ਮੈਂ ਇਕ ਇਕ ਛਿਨ ਉਹਨਾਂ ਤੋਂ ਸਦਕੇ ਜਾਂਦਾ ਹਾਂ।1। ਹੇ ਭਾਈ! ਜਿਨ੍ਹਾਂ (ਗੁਰਮੁਖਾਂ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਸਦਾ) ਵੱਸਦਾ ਹੈ, ਉਹਨਾਂ ਦੀ ਮਤਿ ਸ੍ਰੇਸ਼ਟ ਹੁੰਦੀ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਉੱਚੀ ਇੱਜ਼ਤ ਮਿਲਦੀ ਹੈ। ਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ (ਗੁਰਮੁਖਾਂ ਦੀ) ਸੇਵਾ ਵਿਚ ਲਾਈ ਰੱਖ, ਉਹਨਾਂ ਨੂੰ ਯਾਦ ਕੀਤਿਆਂ ਮੈਨੂੰ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ।2। ਹੇ ਭਾਈ! (ਜਿਸ ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ਜਿਨ੍ਹਾਂ ਮਨੁੱਖਾਂ ਨੂੰ ਅਜਿਹਾ ਸਾਧੂ ਗੁਰੂ ਨਹੀਂ ਮਿਲਿਆ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਕੱਢੇ ਜਾਂਦੇ ਹਨ। ਉਹ ਨਿੰਦਕ ਮਨੁੱਖ (ਕਿਤੇ ਭੀ) ਸੋਭਾ ਨਹੀਂ ਪਾਂਦੇ। ਸਿਰਜਨਹਾਰ ਨੇ (ਆਪ) ਉਹਨਾਂ ਦਾ ਨੱਕ ਕੱਟ ਦਿੱਤਾ ਹੋਇਆ ਹੈ।3। (ਪਰ ਜੀਵਾਂ ਦੇ ਕੀਹ ਵੱਸ?) ਜਿਹੜਾ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਜਿਸ ਪਰਮਾਤਮਾ ਦਾ ਕੋਈ ਖ਼ਾਸ ਸਰੂਪ ਨਹੀਂ ਦਸਿਆ ਜਾ ਸਕਦਾ, ਜਿਸ ਪਰਮਾਤਮਾ ਨੂੰ (ਜੀਵਾਂ ਵਾਂਗ) ਕਿਸੇ ਖ਼ੁਰਾਕ ਦੀ ਲੋੜ ਨਹੀਂ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਬੋਲਣ ਦੀ ਪ੍ਰੇਰਨਾ ਕਰਦਾ ਹੈ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ) ਬੋਲਦਾ ਹੈ। ਹੇ ਨਾਨਕ! (ਆਖ-) ਹੇ ਹਰੀ! ਜਿਸ ਮਨੁੱਖ ਨੂੰ ਤੂੰ (ਆਪਣੇ ਨਾਲ) ਮਿਲਾਂਦਾ ਹੈਂ, ਉਹੀ ਤੈਨੂੰ ਮਿਲ ਸਕਦਾ ਹੈ। ਇਹਨਾਂ ਨਿਮਾਣੇ ਜੀਵਾਂ ਦੇ ਵੱਸ ਕੁਝ ਨਹੀਂ ਹੈ।4।2।6। ਭੈਰਉ ਮਹਲਾ ੪ ॥ ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ ॥ ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥ ਜਗਜੀਵਨੁ ਹਰਿ ਧਿਆਇ ਤਰਣੇ ॥ ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥ ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ ॥ ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ ॥੨॥ ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥ ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ॥੩॥ ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿਚਿ ਭਗਤਾ ਹਰਿ ਧਰਣੇ ॥ ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥ {ਪੰਨਾ 1135} ਪਦ ਅਰਥ: ਸਾਈ = ਉਹੀ {ਇਸਤ੍ਰੀ ਲਿੰਗ}। ਜਿਤੁ = ਜਿਸ ਵਿਚ। ਕੀਰਤਿ = ਸਿਫ਼ਤਿ-ਸਾਲਾਹ। ਸੁਨਣੇ = ਸੁਣੀ ਜਾਏ। ਭੀਨਾ = ਭਿੱਜ ਗਿਆ। ਤਿਨ ਚਰਣੇ = ਉਹਨਾਂ ਦੇ ਚਰਨ। ਹਮ ਸ੍ਰੇਵਹ = ਅਸੀਂ ਸੇਵੀਏ, ਮੈਂ ਸੇਵਾਂ।1। ਜਗ ਜੀਵਨੁ = ਜਗਤ ਦਾ ਆਸਰਾ ਪ੍ਰਭੂ। ਧਿਆਇ = ਸਿਮਰ ਕੇ। ਤਰਣੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ। ਅਸੰਖ = ਅਣ-ਗਿਣਤ {ਸੰਖਿਆ = ਗਿਣਤੀ}। ਹਰਿ = ਹੇ ਹਰੀ! ਜਿਹਵਾ = ਜੀਭ। ਇਤੁ = ਇਸ ਦੀ ਰਾਹੀਂ। ਜਿਹਵਾ ਇਤੁ = ਇਸ ਜੀਭ ਨਾਲ।1। ਰਹਾਉ। ਗੁਰਸਿਖ = ਹੇ ਗੁਰੂ ਦੇ ਸਿੱਖੋ! ਲੇ = ਲੈ ਕੇ। ਕੇਰਾ = ਦਾ। ਘਣੇ = ਬਹੁਤ।2। ਧੰਨੁ = ਸੋਭਾ ਵਾਲਾ। ਵੰਸੁ = ਕੁਲ, ਖ਼ਾਨਦਾਨ। ਜਿਨਿ = ਜਿਸ ਨੇ। ਜਨ = ਭਗਤ। ਜਣੇ = ਜੰਮੇ, ਜਨਮ ਦਿੱਤਾ। ਜਿਨ = ਜਿਨ੍ਹਾਂ ਨੇ {ਬਹੁ-ਵਚਨ}। 'ਜਿਨਿ' {ਇਕ-ਵਚਨ}। ਸਾਸਿ = (ਹਰੇਕ) ਸਾਹ ਨਾਲ। ਗਿਰਾਸਿ = (ਹਰੇਕ) ਗਿਰਾਹੀ ਨਾਲ। ਸੇ = ਉਹ {ਬਹੁ-ਵਚਨ}। ਸਾਚੀ = ਸਦਾ ਕਾਇਮ ਰਹਿਣ ਵਾਲੀ। ਬਣੇ = ਸੋਭਾ ਵਾਲੇ ਹੋਏ।3। ਅਗਮ = ਅਪਹੁੰਚ। ਧਰਣੇ = ਰੱਖੇ ਹੋਏ ਹਨ। ਜਨਿ = ਜਨ ਨੇ, (ਜਿਸ) ਸੇਵਕ ਨੇ। ਪਾਰਿ ਪਵਣੇ = ਪਾਰ ਲੰਘ ਜਾਂਦੇ ਹਨ।4। ਅਰਥ: ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੂੰ ਹਰੀ ਨੂੰ ਸਿਮਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਹੇ ਹਰੀ! (ਤੇਰੀਆਂ ਸਿਫ਼ਤਾਂ ਤੋਂ ਬਣੇ ਹੋਏ) ਤੇਰੇ ਨਾਮ ਅਨੇਕਾਂ ਹਨ ਅਣਗਿਣਤ ਹਨ, ਇਸ ਜੀਭ ਨਾਲ ਗਿਣੇ ਨਹੀਂ ਜਾ ਸਕਦੇ।1। ਰਹਾਉ। ਹੇ ਹਰੀ! (ਉਹੀ ਇਕੱਠ) ਤੇਰੀ ਸਾਧ ਸੰਗਤਿ (ਅਖਵਾ ਸਕਦਾ) ਹੈ, ਜਿਸ ਵਿਚ, ਹੇ ਹਰੀ! ਤੇਰੀ ਸਿਫ਼ਤਿ-ਸਾਲਾਹ ਸੁਣੀ ਜਾਂਦੀ ਹੈ । ਹੇ ਭਾਈ! (ਸਾਧ ਸੰਗਤਿ ਵਿਚ ਰਹਿ ਕੇ) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਹੈ (ਸਾਧ ਸੰਗਤਿ ਵਿਚ ਟਿਕ ਕੇ) ਜਿਨ੍ਹਾਂ ਦਾ ਮਨ (ਹਰਿ-ਨਾਮ ਅੰਮ੍ਰਿਤ ਵਿਚ) ਭਿੱਜ ਗਿਆ ਹੈ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ (ਆਪਣੀ) ਸੁਭਾਗਤਾ ਸਮਝਦਾ ਹਾਂ।1। ਹੇ ਗੁਰੂ ਦੇ ਸਿੱਖੋ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਉਚਾਰਿਆ ਕਰੋ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਗਾਵਿਆ ਕਰੋ, ਹਰੀ ਦਾ ਨਾਮ ਜਪਿਆ ਕਰੋ। ਹੇ ਗੁਰਸਿੱਖੋ! ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ (ਸਰਧਾ ਨਾਲ) ਸੁਣਦਾ ਹੈ, ਉਹ ਹਰੀ ਦੇ ਦਰ ਤੋਂ ਬਹੁਤ ਸੁਖ ਪ੍ਰਾਪਤ ਕਰਦਾ ਹੈ।2। ਹੇ ਭਾਈ! ਭਾਗਾਂ ਵਾਲੀ ਹੈ ਉਹ ਕੁਲ, ਧੰਨ ਹੈ ਉਹ ਪਿਉ ਤੇ ਧੰਨ ਹੈ ਉਹ ਮਾਂ ਜਿਸ ਨੇ ਭਗਤ-ਜਨਾਂ ਨੂੰ ਜਨਮ ਦਿੱਤਾ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਪਣੇ ਹਰੇਕ ਸਾਹ ਦੇ ਨਾਲ ਆਪਣੀ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਸੋਭਾ ਵਾਲੇ ਬਣ ਜਾਂਦੇ ਹਨ।3। ਹੇ ਹਰੀ! (ਤੇਰੇ ਬੇਅੰਤ ਗੁਣਾਂ ਦੇ ਕਾਰਨ) ਤੇਰੇ ਬੇਅੰਤ ਹੀ ਨਾਮ ਹਨ, ਤੂੰ ਆਪਣੇ ਉਹ ਨਾਮ ਆਪਣੇ ਭਗਤਾਂ ਦੇ ਹਿਰਦੇ ਵਿਚ ਟਿਕਾਏ ਹੋਏ ਹਨ। ਹੇ ਨਾਨਕ! ਜਿਸ ਜਿਸ ਸੇਵਕ ਨੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ, ਉਹ ਸਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।4।3।7। |
Sri Guru Granth Darpan, by Professor Sahib Singh |