ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1136

ਭੈਰਉ ਮਹਲਾ ੫ ਘਰੁ ੧   ੴ ਸਤਿਗੁਰ ਪ੍ਰਸਾਦਿ ॥ ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾ ਸੀ ॥੧॥ ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥੧॥ ਰਹਾਉ ॥ ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥੨॥ ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥ {ਪੰਨਾ 1136}

ਪਦ ਅਰਥ: ਸਗਲੀ ਥੀਤਿ = ਸਾਰੀਆਂ ਥਿੱਤਾਂ। ਥੀਤਿ = {iqiQ} ਚੰਦ੍ਰਮਾ ਦੇ ਹਿਸਾਬ ਨਾਲ ਗਿਣੇ ਹੋਏ ਦਿਨ। ਮੱਸਿਆ ਤੋਂ ਪੂਰਨਮਾਸ਼ੀ ਤਕ ਸ਼ੁਕਲ ਪੱਖ (ਸੁਦੀ) , ਪੂਰਨਮਾਸ਼ੀ ਤੋਂ ਮੱਸਿਆ ਤਕ ਕ੍ਰਿਸ਼ਨ ਪੱਖ (ਵਦੀ) । ਮਹਾ ਪੁਰਖਾਂ ਦੇ ਜਨਮ-ਦਿਨ ਆਮ ਤੌਰ ਤੇ ਇਹਨਾਂ ਥਿੱਤਾਂ ਅਨੁਸਾਰ ਗਿਣੀਦੇ ਆ ਰਹੇ ਹਨ। ਕ੍ਰਿਸ਼ਨ ਜੀ ਦਾ ਜਨਮ ਭਾਦਰੋਂ ਦੀ ਅਸ਼ਟਮੀ ਹੈ {ਭਾਦਰੋਂ ਦੀ ਪੂਰਨਮਾਸ਼ੀ ਤੋਂ ਪਿੱਛੋਂ ਅਠਵਾਂ ਦਿਨ}। ਅਸਟਮ = ਅਠਵੀਂ। ਗੋਵਿੰਦ ਜਨਮਾਸੀ = (ਕ੍ਰਿਸ਼ਨ-ਰੂਪ ਵਿਚ) ਪਰਮਾਤਮਾ ਦਾ ਜਨਮ।1।

ਭਰਮਿ = ਭੁਲੇਖੇ ਵਿਚ। ਭੂਲੇ ਨਰ = ਹੇ ਕੁਰਾਹੇ ਪਏ ਹੋਏ ਮਨੁੱਖ। ਕਚਰਾਇਣ = ਕੱਚੀਆਂ ਗੱਲਾਂ। ਤੇ = ਤੋਂ। ਨਾਰਾਇਣ = ਪਰਮਾਤਮਾ।1। ਰਹਾਉ।

ਕਰਿ = ਬਣਾ ਕੇ। ਚੋਰ = ਚੋਰੀ ਚੋਰੀ, ਲੁਕਾ ਕੇ। ਜਨਮਿ ਨ ਮਰੈ = ਜੰਮ ਕੇ ਨਹੀਂ ਮਰਦਾ, ਨਾਹ ਜੰਮਦਾ ਹੈ ਨਾਹ ਮਰਦਾ ਹੈ। ਰੇ ਸਾਕਤ = ਹੇ ਰੱਬ ਤੋਂ ਟੁੱਟੇ ਹੋਏ! ਰੇ ਢੋਰ = ਹੇ ਮਹਾ ਮੂਰਖ!।2।

ਸਗਲ ਪਰਾਧ = ਸਾਰੇ ਅਪਰਾਧਾਂ (ਦਾ ਮੂਲ) । ਦੇਹਿ = ਦੇਹਿਂ, ਤੂੰ ਦੇਂਦਾ ਹੈਂ। ਲੋਰੋਨੀ = ਲੋਰੀ। ਸੋ = ਉਹ। ਜਲਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਸੜ ਜਾਏ। ਜਿਤੁ = ਜਿਸ (ਮੂੰਹ) ਨਾਲ। ਕਹਹਿ = ਤੂੰ ਆਖਦਾ ਹੈਂ, ਕਹਹਿਂ।3।

ਨ ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ। ਸਮਾਇ ਰਹਿਓ = ਸਭ ਥਾਂ ਵਿਆਪਕ ਹੈ।4।

ਅਰਥ: ਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਰ ਰਿਹਾ ਹੈਂ (ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ-ਰੂਪ ਵਿਚ ਜਨਮ ਲਿਆ) । ਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ।1। ਰਹਾਉ।

ਹੇ ਭਾਈ! (ਤੇਰੀ ਇਹ ਕੱਚੀ ਗੱਲ ਹੈ ਕਿ) ਪਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣ ਦਿੱਤੀਆਂ, ਅਤੇ (ਭਾਦਰੋਂ ਵਦੀ) ਅਸ਼ਟਮੀ ਥਿੱਤ ਨੂੰ ਉਸ ਨੇ ਜਨਮ ਲਿਆ।1।

ਹੇ ਭਾਈ! ਪੰਜੀਰ ਬਣਾ ਕੇ ਤੂੰ ਲੁਕਾ ਕੇ (ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ ਵਿਚ) ਖਵਾਂਦਾ ਹੈਂ। ਹੇ ਰੱਬ ਤੋਂ ਟੁੱਟੇ ਹੋਏ ਮੂਰਖ! ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ।2।

ਹੇ ਭਾਈ! ਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ) । ਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿਚ ਆਉਂਦਾ ਹੈ।3।

ਹੇ ਭਾਈ! ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ।4।1।

ਭੈਰਉ ਮਹਲਾ ੫ ॥ ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥ {ਪੰਨਾ 1136}

ਪਦ ਅਰਥ: ਊਠਤ ਬੈਠਤ = ਉਠਦਾ ਬੈਠਦਾ ਹਰ ਵੇਲੇ। ਸੁਖੀਆ = ਆਤਮਕ ਆਨੰਦ ਵਿਚ। ਭਉ = (ਕਿਸੇ ਕਿਸਮ ਦਾ) ਡਰ। ਜਾਂ = ਜਦੋਂ। ਐਸੇ = ਇਸ ਤਰ੍ਹਾਂ। ਬੁਝੀਆ = (ਮਨੁੱਖ) ਸਮਝਦਾ ਹੈ।1।

ਹਮਾਰਾ = ਅਸਾਂ ਜੀਵਾਂ ਦਾ। ਸੁਆਮੀ = ਮਾਲਕ। ਘਟਾ ਕਾ = ਘਟਾਂ ਕਾ, ਸਰੀਰਾਂ ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।1। ਰਹਾਉ।

ਸੋਇ = ਸੌਂਦਾ ਹੈ। ਜਾਗਿ = ਜਾਗੇ, ਜਾਗਦਾ ਹੈ। ਅਚਿੰਤਾ = ਚਿੰਤਾ-ਰਹਿਤ ਹੋ ਕੇ। ਜਹਾ ਕਹਾਂ = ਜਿੱਥੇ ਕਿੱਥੇ, ਹਰ ਥਾਂ। ਪ੍ਰਭੁ ਤੂੰ = ਤੂੰ ਪ੍ਰਭੂ ਹੀ। ਵਰਤੰਤਾ = ਮੌਜੂਦ ਹੈਂ।2।

ਘਰਿ = ਘਰ ਵਿਚ। ਸੁਖਿ = ਆਨੰਦ ਵਿਚ। ਬਾਹਰਿ = ਘਰੋਂ ਬਾਹਰ। ਸੁਖੁ = ਆਨੰਦ। ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।3।

ਅਰਥ: ਹੇ ਭਾਈ! ਅਸਾਂ ਜੀਵਾਂ ਦਾ ਰਾਖਾ ਇਕ ਮਾਲਕ-ਪ੍ਰਭੂ ਹੀ ਹੈ। ਸਾਡਾ ਉਹ ਮਾਲਕ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ।1। ਰਹਾਉ।

ਹੇ ਭਾਈ! ਜਦੋਂ ਕੋਈ ਮਨੁੱਖ ਇਉਂ ਸਮਝ ਲੈਂਦਾ ਹੈ (ਕਿ ਪਰਮਾਤਮਾ ਹੀ ਸਭ ਦਾ ਰਾਖਾ ਹੈ) ਤਦੋਂ ਉਸ ਨੂੰ ਕਿਸੇ ਕਿਸਮ ਦਾ ਕੋਈ (ਮੌਤ ਆਦਿਕ ਦਾ) ਡਰ ਪੋਹ ਨਹੀਂ ਸਕਦਾ; ਉਹ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ।1।

ਹੇ ਭਾਈ! (ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਦਾ ਰਾਖਾ ਹੈ, ਤਦੋਂ ਮਨੁੱਖ ਹਰ ਵੇਲੇ ਇਹ ਆਖਣ ਲੱਗ ਪੈਂਦਾ ਹੈ ਕਿ ਹੇ ਸੁਆਮੀ!) ਤੂੰ ਪ੍ਰਭੂ ਹੀ ਹਰ ਥਾਂ ਮੌਜੂਦ ਹੈਂ, ਤਾਂ ਉਹ ਮਨੁੱਖ ਨਿਸਚਿੰਤ ਹੋ ਕੇ ਸੌਂਦਾ ਹੈ ਨਿਸਚਿੰਤ ਹੋ ਕੇ ਜਾਗਦਾ ਹੈ।2।

ਹੇ ਨਾਨਕ! ਆਖ– ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ (ਇਹ) ਉਪਦੇਸ਼ ਪੱਕਾ ਕਰ ਦਿੱਤਾ (ਕਿ ਪਰਮਾਤਮਾ ਹੀ ਅਸਾਂ ਸਭ ਜੀਵਾਂ ਦਾ ਰਾਖਾ ਹੈ,) ਉਹ ਮਨੁੱਖ ਆਪਣੇ ਘਰ ਵਿਚ (ਭੀ) ਸੁਖੀ ਵੱਸਦਾ ਹੈ, ਉਹ ਘਰੋਂ ਬਾਹਰ (ਜਾ ਕੇ) ਭੀ ਆਨੰਦ ਮਾਣਦਾ ਹੈ।3।2।

ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ 1136}

ਨੋਟ: ਇਸ ਸ਼ਬਦ ਦਾ ਸਿਰਲੇਖ ਹੈ 'ਮਹਲਾ 5'। ਪਰ ਅਖ਼ੀਰ ਤੇ ਲਫ਼ਜ਼ 'ਨਾਨਕ' ਦੇ ਥਾਂ 'ਕਬੀਰ' ਹੈ। ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਲਿਖਿਆ ਹੋਇਆ ਹੈ, ਪਰ ਹੈ ਇਹ ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ। ਹੁਣ ਵੇਖੋ ਇਸੇ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰਬਰ 7। ਉਸ ਵਿਚੋਂ ਹੇਠ-ਲਿਖੀਆਂ ਤੁਕਾਂ ਪੜ੍ਹ ਕੇ ਗੁਰੂ ਅਰਜਨ ਸਾਹਿਬ ਦੇ ਇਸ ਸ਼ਬਦ ਨਾਲ ਰਲਾਓ:

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ਰਹਾਉ॥...

ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥

ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿਚ ਕਬੀਰ ਜੀ ਦੇ ਦਿੱਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ।

ਪਦ ਅਰਥ: ਰਹਉ = ਰਹਉਂ, ਮੈਂ ਰਹਿੰਦਾ ਹਾਂ। ਮਹ ਰਮਦਾਨਾ = ਮਾਹ ਰਮਜ਼ਾਨਾ, ਰਮਜ਼ਾਨ ਦਾ ਮਹੀਨਾ (ਜਦੋਂ ਰੋਜ਼ੇ ਰੱਖੇ ਜਾਂਦੇ ਹਨ) । ਤਿਸੁ = ਉਸ ਪ੍ਰਭੂ ਨੂੰ। ਸੇਵੀ = ਸੇਵੀਂ, ਮੈਂ ਸਿਮਰਦਾ ਹਾਂ। ਰਖੈ = ਰੱਖਿਆ ਕਰਦਾ ਹੈ। ਨਿਦਾਨਾ = ਆਖ਼ਰ ਨੂੰ।1।

ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ। ਅਲਹੁ = ਅੱਲਾ (ਮੁਸਲਮਾਨਾਂ ਦਾ ਨਾਮ ਪਰਮਾਤਮਾ ਵਾਸਤੇ) । ਦੁਹਾਂ ਨੇਬੇਰਾ = ਦੁਹਾਂ ਤੋਂ (ਸੰਬੰਧ) ਨਿਬੇੜ ਲਿਆ ਹੈ, ਦੋਹਾਂ ਨਾਲੋਂ ਮੁਕਾ ਲਿਆ ਹੈ।1। ਰਹਾਉ।

ਜਾਉ ਨ = ਜਾਉਂ ਨ, ਮੈਂ ਨਹੀਂ ਜਾਂਦਾ। ਏਕੋ ਸੇਵੀ = ਇਕ ਪਰਮਾਤਮਾ ਨੂੰ ਹੀ ਮੈਂ ਸਿਮਰਦਾ ਹਾਂ।2।

ਕਰਉ ਨ = ਕਰਉਂ ਨ, ਮੈਂ ਨਹੀਂ ਕਰਦਾ। ਨਿਵਾਜ = ਨਿਮਾਜ਼। ਨ ਗੁਜਾਰਉ = ਨ ਗੁਜਾਰਉਂ, ਮੈਂ ਨਹੀਂ ਗੁਜ਼ਾਰਦਾ, ਮੈਂ (ਨਿਮਾਜ਼) ਨਹੀਂ ਪੜ੍ਹਦਾ। ਲੈ = ਲੈ ਕੇ। ਰਿਦੈ = ਹਿਰਦੇ ਵਿਚ। ਨਮਸਕਾਰਉ = ਨਮਸਕਾਰਉਂ, ਮੈਂ ਸਿਰ ਨਿਵਾਂਦਾ ਹਾਂ।3।

ਹਮ = ਅਸੀ। ਪਿੰਡ = ਸਰੀਰ। ਪਰਾਨ = ਪ੍ਰਾਣ, ਜਿੰਦ। ਕੇ = ਦੇ (ਦਿੱਤੇ ਹੋਏ) ।4।

ਕਹੁ = ਆਖ। ਕਬੀਰ = ਹੇ ਕਬੀਰ! ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪੀਰ ਮਿਲਿ = ਪੀਰ ਨੂੰ ਮਿਲ ਕੇ। ਖੁਦਿ = ਆਪਣਾ।5।

ਅਰਥ: ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ) ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ। ਮੇਰਾ ਤਾਂ ਸਿਰਫ਼ ਉਹ ਹੈ (ਜਿਸ ਨੂੰ ਹਿੰਦੂ) ਗੁਸਾਈਂ (ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ) ।1। ਰਹਾਉ।

ਹੇ ਭਾਈ! ਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ) । ਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ।1।

ਹੇ ਭਾਈ! ਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ) , ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ। ਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ।2।

ਹੇ ਭਾਈ! ਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ।3।

ਹੇ ਭਾਈ! (ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ। ਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ) ।4।

ਹੇ ਕਬੀਰ! ਆਖ– (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ ਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।5।3।

ਭੈਰਉ ਮਹਲਾ ੫ ॥ ਦਸ ਮਿਰਗੀ ਸਹਜੇ ਬੰਧਿ ਆਨੀ ॥ ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥ ਸੰਤਸੰਗਿ ਲੇ ਚੜਿਓ ਸਿਕਾਰ ॥ ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ ॥ ਆਖੇਰ ਬਿਰਤਿ ਬਾਹਰਿ ਆਇਓ ਧਾਇ ॥ ਅਹੇਰਾ ਪਾਇਓ ਘਰ ਕੈ ਗਾਂਇ ॥੨॥ ਮ੍ਰਿਗ ਪਕਰੇ ਘਰਿ ਆਣੇ ਹਾਟਿ ॥ ਚੁਖ ਚੁਖ ਲੇ ਗਏ ਬਾਂਢੇ ਬਾਟਿ ॥੩॥ ਏਹੁ ਅਹੇਰਾ ਕੀਨੋ ਦਾਨੁ ॥ ਨਾਨਕ ਕੈ ਘਰਿ ਕੇਵਲ ਨਾਮੁ ॥੪॥੪॥ {ਪੰਨਾ 1136}

ਪਦ ਅਰਥ: ਮਿਰਗੀ = ਹਿਰਨੀਆਂ। ਦਸ ਮਿਰਗੀ = ਦਸ ਹਿਰਨੀਆਂ, ਦਸ ਇੰਦ੍ਰਿਆਂ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) । ਬੰਧਿ = ਬੰਨ੍ਹ ਕੇ। ਆਨੀ = ਲੈ ਆਂਦੀਆਂ। ਪਾਂਚ ਮਿਰਗ = (ਕਾਮਾਦਿਕ) ਪੰਜ ਹਿਰਨ। ਬੇਧੇ = ਵਿੰਨ੍ਹ ਲਏ। ਸਿਵ ਕੀ ਬਾਨੀ = ਸ਼ਿਵ ਦੇ ਤੀਰਾਂ ਨਾਲ, ਕਦੇ ਖ਼ਤਾ ਨਾਹ ਖਾਣ ਵਾਲੇ ਤੀਰਾਂ ਨਾਲ, ਗੁਰੂ ਦੀ ਬਾਣੀ ਨਾਲ।1।

ਸੰਤ ਸੰਗਿ ਲੇ = ਸੰਤ ਜਨਾਂ ਨੂੰ (ਆਪਣੇ) ਨਾਲ ਲੈ ਕੇ, ਸਾਧ ਸੰਗਤਿ ਵਿਚ ਟਿਕ ਕੇ। ਚੜਿਓ ਸਿਕਾਰ = ਸ਼ਿਕਾਰ ਖੇਡਣ ਲਈ ਚੜ੍ਹ ਪਿਆ, ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ। ਮ੍ਰਿਗ ਪਕਰੇ = (ਪੰਜੇ ਕਾਮਾਦਿਕ) ਹਿਰਨ ਕਾਬੂ ਕਰ ਲਏ। ਘੋਰ = ਘੋੜੇ।1। ਰਹਾਉ।

ਆਖੇਰ = ਆਖੇਟ, (Hunting) ਸ਼ਿਕਾਰ ਖੇਡਣਾ। ਬਿਰਤਿ = {vãiÙ = Profession} ਕਿੱਤਾ, ਸੁਭਾਉ। ਆਖੇਰ ਬਿਰਤਿ = {AwKyt vãiÙ = Profession of hunting} (ਵਿਸ਼ੇ-ਵਿਕਾਰਾਂ ਦਾ) ਸ਼ਿਕਾਰ ਖੇਡਣ ਦਾ ਕਸਬ (ਸੁਭਾਉ) । ਧਾਇ = ਧਾ ਕੇ, ਦੌੜ ਕੇ। ਅਹੇਰਾ = ਸ਼ਿਕਾਰ, ਜਿਸ ਨੂੰ ਪਕੜਨਾ ਸੀ ਉਹ (ਮਨ) । ਕੈ ਗਾਂਇ = ਦੇ ਗ੍ਰਾਮ ਵਿਚ, ਦੇ ਪਿੰਡ ਵਿਚ। ਘਰ ਕੈ ਗਾਂਇ = ਸਰੀਰ-ਘਰ ਦੇ ਪਿੰਡ ਵਿਚ, ਸਰੀਰ ਦੇ ਅੰਦਰ ਹੀ।2।

ਮ੍ਰਿਗ = (ਕਾਮਾਦਿਕ ਪੰਜੇ) ਹਿਰਨ। ਘਰਿ = ਘਰ ਵਿਚ। ਘਰਿ ਆਣੇ = ਘਰ ਵਿਚ ਲੈ ਆਂਦੇ। ਹਾਟਿ ਆਣੇ = ਹੱਟੀ ਵਿਚ ਲੈ ਆਂਦੇ। ਘਰਿ ਆਣੇ ਹਾਟਿ = ਘਰ ਵਿਚ ਹੱਟੀ ਵਿਚ ਲੈ ਆਂਦੇ, ਵੱਸ ਵਿਚ ਕਰ ਲਏ। ਚੁਖ ਚੁਖ = ਰਤਾ ਰਤਾ ਕਰ ਕੇ। ਲੇ ਗਏ = (ਸੰਤ ਜਨ) ਲੈ ਗਏ। ਬਾਂਢੇ ਬਾਟਿ = ਬਿਗਾਨੇ ਰਸਤੇ ਵਿਚ, ਓਪਰੇ ਪਿੰਡ ਵਿਚ (ਮੇਰੇ ਅੰਦਰੋਂ ਕੱਢ ਕੇ) ਹੋਰ ਥਾਂ (ਲੈ ਗਏ) , (ਮੇਰੇ ਅੰਦਰੋਂ ਸੰਤ ਜਨਾਂ ਨੇ) ਉਹਨਾਂ ਨੂੰ ਉੱਕਾ ਹੀ ਕੱਢ ਦਿੱਤਾ।3।

ਅਹੇਰਾ = ਸ਼ਿਕਾਰ, ਜਿਸ (ਮਨ) ਨੂੰ ਫੜਨਾ ਸੀ ਉਹ। ਕੈ ਘਰਿ = ਦੇ ਘਰ ਵਿਚ, ਦੇ ਹਿਰਦੇ ਵਿਚ।4।

ਅਰਥ: ਹੇ ਭਾਈ! ਸੰਤ ਜਨਾਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਖੇਡਣ ਚੜ੍ਹ ਪਿਆ (ਸਾਧ ਸੰਗਤਿ ਵਿਚ ਟਿਕ ਕੇ ਮੈਂ ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ) । ਬਿਨਾ ਘੋੜਿਆਂ ਤੋਂ ਬਿਨਾ ਹਥਿਆਰਾਂ ਤੋਂ (ਉਹ ਕਾਮਾਦਿਕ) ਹਿਰਨ ਮੈਂ ਫੜ ਲਏ (ਵੱਸ ਵਿਚ ਕਰ ਲਏ) ।1। ਰਹਾਉ।

ਹੇ ਭਾਈ! (ਸੰਤ ਜਨਾਂ ਦੀ ਸਹਾਇਤਾ ਨਾਲ, ਸਾਧ ਸੰਗਤਿ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਦਸੇ ਹਿਰਨੀਆਂ (ਇੰਦ੍ਰੀਆਂ) ਬੰਨ੍ਹ ਕੇ ਲੈ ਆਂਦੀਆਂ (ਵੱਸ ਵਿਚ ਕਰ ਲਈਆਂ) । ਕਦੇ ਖ਼ਤਾ ਨਾਹ ਖਾਣ ਵਾਲੇ ਗੁਰ-ਸ਼ਬਦ-ਤੀਰਾਂ ਨਾਲ ਮੈਂ ਪੰਜ (ਕਾਮਾਦਿਕ) ਹਿਰਨ (ਭੀ) ਵਿੰਨ੍ਹ ਲਏ।1।

ਹੇ ਭਾਈ! (ਸਾਧ ਸੰਗਤਿ ਦੀ ਬਰਕਤਿ ਨਾਲ, ਸੰਤ ਜਨਾਂ ਦੀ ਸਹਾਇਤਾ ਨਾਲ) ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਖੇਡਣ ਵਾਲਾ ਸੁਭਾਉ (ਮੇਰੇ ਅੰਦਰੋਂ) ਦੌੜ ਕੇ ਬਾਹਰ ਨਿਕਲ ਗਿਆ। (ਜਿਸ ਮਨ ਨੂੰ ਪਕੜਨਾ ਸੀ ਉਹ ਮਨ-) ਸ਼ਿਕਾਰ ਮੈਨੂੰ ਆਪਣੇ ਸਰੀਰ ਦੇ ਅੰਦਰ ਹੀ ਲੱਭ ਪਿਆ (ਤੇ, ਮੈਂ ਉਸ ਨੂੰ ਕਾਬੂ ਕਰ ਲਿਆ) ।2।

ਹੇ ਭਾਈ! (ਪੰਜਾਂ) ਹਿਰਨਾਂ ਨੂੰ ਫੜ ਕੇ ਮੈਂ ਆਪਣੇ ਘਰ ਵਿਚ ਲੈ ਆਂਦਾ, ਆਪਣੀ ਹੱਟੀ ਵਿਚ ਲੈ ਆਂਦਾ। (ਸੰਤ ਜਨ ਉਹਨਾਂ ਨੂੰ) ਰਤਾ ਰਤਾ ਕਰ ਕੇ (ਮੇਰੇ ਅੰਦਰੋਂ) ਦੂਰ-ਦੁਰਾਡੇ ਥਾਂ ਲੈ ਗਏ (ਮੇਰੇ ਅੰਦਰੋਂ ਸੰਤ ਜਨਾਂ ਨੇ ਪੰਜਾਂ ਕਾਮਾਦਿਕ ਹਿਰਨਾਂ ਨੂੰ ਉੱਕਾ ਹੀ ਕੱਢ ਦਿੱਤਾ) ।3।

ਹੇ ਭਾਈ! ਸੰਤ ਜਨਾਂ ਨੇ ਇਹ ਫੜਿਆ ਹੋਇਆ ਸ਼ਿਕਾਰ (ਇਹ ਵੱਸ ਵਿਚ ਕੀਤਾ ਹੋਇਆ ਮੇਰਾ ਮਨ) ਮੈਨੂੰ ਬਖ਼ਸ਼ੀਸ਼ ਦੇ ਤੌਰ ਤੇ ਦੇ ਦਿੱਤਾ। ਹੁਣ ਮੈਂ ਨਾਨਕ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਮ ਹੈ (ਮਨ ਵੱਸ ਵਿਚ ਆ ਗਿਆ ਹੈ, ਤੇ ਕਾਮਾਦਿਕ ਭੀ ਆਪਣਾ ਜ਼ੋਰ ਨਹੀਂ ਪਾ ਸਕਦੇ) ।4। 4।

ਭੈਰਉ ਮਹਲਾ ੫ ॥ ਜੇ ਸਉ ਲੋਚਿ ਲੋਚਿ ਖਾਵਾਇਆ ॥ ਸਾਕਤ ਹਰਿ ਹਰਿ ਚੀਤਿ ਨ ਆਇਆ ॥੧॥ ਸੰਤ ਜਨਾ ਕੀ ਲੇਹੁ ਮਤੇ ॥ ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥ ਪਾਥਰ ਕਉ ਬਹੁ ਨੀਰੁ ਪਵਾਇਆ ॥ ਨਹ ਭੀਗੈ ਅਧਿਕ ਸੂਕਾਇਆ ॥੨॥ ਖਟੁ ਸਾਸਤ੍ਰ ਮੂਰਖੈ ਸੁਨਾਇਆ ॥ ਜੈਸੇ ਦਹ ਦਿਸ ਪਵਨੁ ਝੁਲਾਇਆ ॥੩॥ ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥ ਤਿਉ ਸਾਕਤ ਤੇ ਕੋ ਨ ਬਰਾਸਾਇਆ ॥੪॥ ਤਿਤ ਹੀ ਲਾਗਾ ਜਿਤੁ ਕੋ ਲਾਇਆ ॥ ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥੫॥੫॥ {ਪੰਨਾ 1136-1137}

ਪਦ ਅਰਥ: ਸਉ = ਸੌ ਵਾਰੀ। ਲੋਚਿ = ਲੋਚ ਕੇ, ਤਾਂਘ ਨਾਲ। ਲੋਚਿ ਲੋਚਿ = ਬੜੀ ਤਾਂਘ ਨਾਲ। ਜੇ ਖਾਵਾਇਆ = ਜੇ (ਨਾਮ-ਭੋਜਨ) ਖਵਾਲਿਆ ਜਾਏ। ਸਾਕਤ ਚੀਤਿ = ਸਾਕਤ ਦੇ ਚਿੱਤ ਵਿਚ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ।1।

ਮਤੇ = ਮਤਿ, ਸਿੱਖਿਆ। ਸਾਧ ਸੰਗਿ = ਸਾਧ ਸੰਗਤਿ ਵਿਚ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ।1। ਰਹਾਉ।

ਕਉ = ਨੂੰ। ਨੀਰੁ = ਪਾਣੀ। ਭੀਗੈ = ਭਿੱਜਦਾ। ਅਧਿਕ = ਬਹੁਤ।2।

ਖਟੁ = ਛੇ। ਮੂਰਖੈ = ਮੁਰਖ ਨੂੰ। ਦਹ ਦਿਸ = ਦਸੀਂ ਪਾਸੀਂ। ਦਿਸ = ਪਾਸਾ। ਪਵਨੁ = ਹਵਾ।3।

ਕਣ = ਅੰਨ ਦੇ ਦਾਣੇ। ਖਲਹਾਨੁ = ਖਲਵਾੜਾ। ਗਾਹਨ ਪਾਇਆ = ਗਾਹਿਆ ਜਾਏ। ਤੇ = ਤੋਂ। ਕੋ = ਕੋਈ ਭੀ ਮਨੁੱਖ। ਬਰਾਸਾਇਆ = ਲਾਭ ਉਠਾ ਸਕਦਾ।4।

ਤਿਤ ਹੀ = ਤਿਤੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਤੁ' ਦਾ ੁ ਉੱਡ ਗਿਆ ਹੈ} ਉਸ (ਕੰਮ) ਵਿਚ ਹੀ। ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਮਨੁੱਖ। ਨਾਨਕ = ਹੇ ਨਾਨਕ! ਪ੍ਰਭਿ = ਪ੍ਰਭੂ ਨੇ। ਬਣਤ = ਮਰਯਾਦਾ।5।

ਅਰਥ: ਹੇ ਭਾਈ! (ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਸੰਗਤਿ ਕਰਨ ਦੇ ਥਾਂ) ਸੰਤ ਜਨਾਂ ਪਾਸੋਂ (ਸਹੀ ਜੀਵਨ-ਜੁਗਤਿ ਦੀ) ਸਿੱਖਿਆ ਲਿਆ ਕਰੋ। ਸੰਤ ਜਨਾਂ ਦੀ ਸੰਗਤਿ ਵਿਚ (ਰਹਿ ਕੇ) ਤੁਸੀਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਵੋਗੇ।1। ਰਹਾਉ।

ਹੇ ਭਾਈ! ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਨੂੰ ਜੇ ਸੌ ਵਾਰੀ ਭੀ ਬੜੀ ਤਾਂਘ ਨਾਲ (ਉਸ ਦਾ ਆਤਮਕ ਜੀਵਨ ਕਾਇਮ ਰੱਖਣ ਲਈ ਨਾਮ-) ਭੋਜਨ ਖਵਾਲਣ ਦਾ ਜਤਨ ਕੀਤਾ ਜਾਏ, ਤਾਂ ਭੀ ਉਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ (-ਭੋਜਨ) ਟਿਕ ਨਹੀਂ ਸਕਦਾ।1।

ਹੇ ਭਾਈ! ਜੇ ਕਿਸੇ ਪੱਥਰ ਉੱਤੇ ਬਹੁਤ ਸਾਰਾ ਪਾਣੀ ਸੁਟਾਇਆ ਜਾਏ, (ਤਾਂ ਭੀ ਉਹ ਪੱਥਰ ਅੰਦਰੋਂ) ਭਿੱਜਦਾ ਨਹੀਂ, (ਅੰਦਰੋਂ ਉਹ) ਬਿਲਕੁਲ ਸੁੱਕਾ ਹੀ ਰਹਿੰਦਾ ਹੈ (ਇਹੀ ਹਾਲ ਹੈ ਸਾਕਤ ਦਾ) ।2।

ਹੇ ਭਾਈ! ਜੇ ਕਿਸੇ ਅਨਪੜ੍ਹ ਮੂਰਖ ਨੂੰ ਛੇ ਸ਼ਾਸਤ੍ਰ ਸੁਣਾਏ ਜਾਣ (ਉਹ ਅਨਪੜ੍ਹ ਵਿਚਾਰਾ ਕੀਹ ਸਮਝੇ ਉਹਨਾਂ ਸ਼ਾਸਤ੍ਰਾਂ ਨੂੰ? ਉਸ ਦੇ ਭਾਣੇ ਤਾਂ ਇਉਂ ਹੈ) ਜਿਵੇਂ ਉਸ ਦੇ ਦਸੀਂ ਪਾਸੀਂ (ਨਿਰੀ) ਹਵਾ ਹੀ ਚੱਲ ਰਹੀ ਹੈ (ਇਹੀ ਹਾਲ ਹੈ ਸਾਕਤ ਦਾ) ।3।

ਹੇ ਭਾਈ! ਜਿਵੇਂ ਅੰਨ ਦੇ ਦਾਣਿਆਂ ਤੋਂ ਬਿਨਾ ਕੋਈ ਖਲਵਾੜਾ ਗਾਹਿਆ ਜਾਏ (ਉਸ ਵਿਚੋਂ ਦਾਣਿਆਂ ਦਾ ਬੋਹਲ ਨਹੀਂ ਬਣੇਗਾ) , ਤਿਵੇਂ ਹੀ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਕੋਈ ਮਨੁੱਖ ਆਤਮਕ ਜੀਵਨ ਦੀ ਖ਼ੁਰਾਕ ਪ੍ਰਾਪਤ ਨਹੀਂ ਕਰ ਸਕਦਾ।4।

ਪਰ, ਹੇ ਭਾਈ! (ਸਾਕਤ ਦੇ ਭੀ ਕੀਹ ਵੱਸ?) ਹਰ ਕੋਈ ਉਸ (ਕੰਮ) ਵਿਚ ਹੀ ਲੱਗਦਾ ਹੈ ਜਿਸ ਵਿਚ (ਪਰਮਾਤਮਾ ਵੱਲੋਂ) ਉਹ ਲਾਇਆ ਜਾਂਦਾ ਹੈ। ਹੇ ਨਾਨਕ! ਆਖ– (ਕੋਈ ਸਾਕਤ ਹੈ ਤੇ ਕੋਈ ਸੰਤ ਹੈ– ਇਹ) ਖੇਡ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ।5। 5।

TOP OF PAGE

Sri Guru Granth Darpan, by Professor Sahib Singh