ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1137

ਭੈਰਉ ਮਹਲਾ ੫ ॥ ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥ ਜਿਨਹਿ ਉਪਾਏ ਤਿਸ ਕਉ ਪੀਰ ॥੧॥ ਗੁਰੁ ਗੋਬਿੰਦੁ ਜੀਅ ਕੈ ਕਾਮ ॥ ਹਲਤਿ ਪਲਤਿ ਜਾ ਕੀ ਸਦ ਛਾਮ ॥੧॥ ਰਹਾਉ ॥ ਪ੍ਰਭੁ ਆਰਾਧਨ ਨਿਰਮਲ ਰੀਤਿ ॥ ਸਾਧਸੰਗਿ ਬਿਨਸੀ ਬਿਪਰੀਤਿ ॥੨॥ ਮੀਤ ਹੀਤ ਧਨੁ ਨਹ ਪਾਰਣਾ ॥ ਧੰਨਿ ਧੰਨਿ ਮੇਰੇ ਨਾਰਾਇਣਾ ॥੩॥ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਏਕ ਬਿਨਾ ਦੂਜਾ ਨਹੀ ਜਾਣੀ ॥੪॥੬॥ {ਪੰਨਾ 1137}

ਪਦ ਅਰਥ: ਜੀਉ = ਜਿੰਦ। ਜਿਨਿ = ਜਿਸ (ਪਰਮਾਤਮਾ) ਨੇ। ਰਚਿਓ = ਬਣਾਇਆ ਹੈ। ਜਿਨਹਿ = ਜਿਨਿ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਨਿ' ਦੀ (ਿ) ਉੱਡ ਗਈ ਹੈ}। ਤਿਸ ਕਉ = {ਸੰਬੰਧਕ 'ਕਉ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਪੀਰ = ਦਰਦ-ਸਨੇਹ।1।

ਜੀਅ ਕੈ ਕਾਮ = ਜਿੰਦ ਦੇ ਕੰਮ, ਜਿੰਦ ਵਾਸਤੇ ਲਾਭਦਾਇਕ। ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਜਾ ਕੀ = ਜਿਸ (ਪਰਮਾਤਮਾ) ਦੀ। ਸਦ = ਸਦਾ। ਛਾਮ = ਛਾਂ, ਸਾਮ, ਆਸਰਾ।1। ਰਹਾਉ।

ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਪਵਿੱਤਰ। ਸੰਗਿ = ਸੰਗਤਿ ਵਿਚ। ਬਿਨਸੀ = ਨਾਸ ਹੋ ਜਾਂਦੀ ਹੈ। ਬਿਪਰੀਤਿ = (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ।2।

ਹੀਤ = ਹਿਤੂ, ਸਨੇਹੀ। ਪਾਰਣਾ = ਪਰਨਾ, ਆਸਰਾ। ਧੰਨਿ = ਸਲਾਹੁਣ-ਜੋਗ। ਨਾਰਾਇਣਾ = ਹੇ ਨਾਰਾਇਣ! ਹੇ ਪਰਮਾਤਮਾ!।3।

ਨਾਨਕੁ ਬੋਲੈ = ਨਾਨਕ ਬੋਲਦਾ ਹੈ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਜਾਣੀ = ਜਾਣਿ।4।

ਅਰਥ: ਹੇ ਭਾਈ! ਜਿਸ (ਗੁਰੂ) ਦਾ ਜਿਸ (ਗੋਬਿੰਦ) ਦਾ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਦਾ (ਮਨੁੱਖ ਨੂੰ) ਆਸਰਾ ਹੈ, ਉਹ ਗੁਰੂ (ਹੀ) ਉਹ ਗੋਬਿੰਦ (ਹੀ) ਜਿੰਦ ਦੀ ਸਹਾਇਤਾ ਕਰਨ ਵਾਲਾ ਹੈ।1। ਰਹਾਉ।

ਹੇ ਭਾਈ! ਜਿਸ (ਪਰਮਾਤਮਾ) ਨੇ ਜਿੰਦ ਪ੍ਰਾਣ (ਦੇ ਕੇ ਜੀਵਾਂ ਦੇ) ਸਰੀਰ ਰਚੇ ਹਨ, ਹੇ ਭਾਈ! ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਸ ਨੂੰ ਹੀ (ਜੀਵਾਂ ਦਾ) ਦਰਦ ਹੈ।1।

ਹੇ ਭਾਈ! ਉਸ ਪਰਮਾਤਮਾ ਨੂੰ ਸਿਮਰਨਾ ਹੀ ਪਵਿੱਤਰ ਜੀਵਨ-ਜੁਗਤਿ ਹੈ (ਇਹ ਜੀਵਨ-ਜੁਗਤਿ ਸਾਧ ਸੰਗਤਿ ਵਿਚ ਪ੍ਰਾਪਤ ਹੁੰਦੀ ਹੈ) । ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ (ਸਿਮਰਨ ਤੋਂ) ਉਲਟੀ ਜੀਵਨ-ਜੁਗਤਿ ਨਾਸ ਹੋ ਜਾਂਦੀ ਹੈ (ਭਾਵ, ਸਿਮਰਨ ਨਾਹ ਕਰਨ ਦੀ ਮਾੜੀ ਵਾਦੀ ਖ਼ਤਮ ਹੋ ਜਾਂਦੀ ਹੈ) ।2।

ਹੇ ਭਾਈ! ਮਿੱਤਰ, ਹਿਤੂ, ਧਨ = ਇਹ (ਮਨੁੱਖ ਦੀ ਜਿੰਦ ਦਾ) ਸਹਾਰਾ ਨਹੀਂ ਹਨ। ਹੇ ਮੇਰੇ ਪਰਮਾਤਮਾ! (ਤੂੰ ਹੀ ਅਸਾਂ ਜੀਵਾਂ ਦਾ ਆਸਰਾ ਹੈਂ) ਤੂੰ ਹੀ ਸਲਾਹੁਣ-ਜੋਗ ਹੈਂ, ਤੂੰ ਹੀ ਸਲਾਹੁਣ-ਜੋਗ ਹੈਂ।3।

ਹੇ ਭਾਈ! ਨਾਨਕ ਆਤਮਕ ਜੀਵਨ ਦੇਣ ਵਾਲਾ (ਇਹ) ਬਚਨ ਆਖਦਾ ਹੈ ਕਿ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਜ਼ਿੰਦਗੀ ਦਾ ਸਹਾਰਾ) ਨਾਹ ਸਮਝੀਂ।4।6।

ਭੈਰਉ ਮਹਲਾ ੫ ॥ ਆਗੈ ਦਯੁ ਪਾਛੈ ਨਾਰਾਇਣ ॥ ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥੧॥ ਪ੍ਰਭੂ ਹਮਾਰੈ ਸਾਸਤ੍ਰ ਸਉਣ ॥ ਸੂਖ ਸਹਜ ਆਨੰਦ ਗ੍ਰਿਹ ਭਉਣ ॥੧॥ ਰਹਾਉ ॥ ਰਸਨਾ ਨਾਮੁ ਕਰਨ ਸੁਣਿ ਜੀਵੇ ॥ ਪ੍ਰਭੁ ਸਿਮਰਿ ਸਿਮਰਿ ਅਮਰ ਥਿਰੁ ਥੀਵੇ ॥੨॥ ਜਨਮ ਜਨਮ ਕੇ ਦੂਖ ਨਿਵਾਰੇ ॥ ਅਨਹਦ ਸਬਦ ਵਜੇ ਦਰਬਾਰੇ ॥੩॥ ਕਰਿ ਕਿਰਪਾ ਪ੍ਰਭਿ ਲੀਏ ਮਿਲਾਏ ॥ ਨਾਨਕ ਪ੍ਰਭ ਸਰਣਾਗਤਿ ਆਏ ॥੪॥੭॥ {ਪੰਨਾ 1137}

ਪਦ ਅਰਥ: ਆਗੈ = ਅਗਾਂਹ ਆਉਣ ਵਾਲੇ ਸਮੇ ਵਿਚ। ਪਾਛੈ = ਪਿਛਲੇ ਲੰਘ ਚੁਕੇ ਸਮੇ ਵਿਚ। ਦਯੁ = {dX` = To love, feel pity} ਤਰਸ ਕਰਨ ਵਾਲਾ ਪ੍ਰਭੂ। ਮਧਿ ਭਾਗਿ = ਵਿਚਕਾਰਲੇ ਹਿੱਸੇ ਵਿਚ, ਹੁਣ ਭੀ। ਰਸਾਇਣ = ਸਾਰੇ ਰਸਾਂ ਦਾ ਘਰ, ਸਾਰੇ ਸੁਖ ਦੇਣ ਵਾਲਾ।1।

ਹਮਾਰੈ = ਸਾਡੇ ਵਾਸਤੇ। ਸਉਣ = ਸਗਨ, ਚੰਗਾ ਮੁਹੂਰਤ। ਸਾਸਤ੍ਰ ਸਉਣ = ਸਗਨ ਦੱਸਣ ਵਾਲਾ ਸ਼ਾਸਤ੍ਰ। ਭਉਣ = ਭਵਨ, ਘਰ।1। ਰਹਾਉ।

ਰਸਨਾ = ਜੀਭ (ਨਾਲ) । ਕਰਨ = ਕੰਨਾਂ ਨਾਲ। ਸੁਣਿ = ਸੁਣ ਕੇ। ਜੀਵੇ = ਆਤਮਕ ਜੀਵਨ ਹਾਸਲ ਕਰ ਗਏ। ਸਿਮਰਿ ਸਿਮਰਿ = ਸਦਾ ਸਿਮਰ ਕੇ। ਅਮਰ = ਅ-ਮਰ, ਆਤਮਕ ਮੌਤ ਤੋਂ ਬਚੇ ਹੋਏ। ਥਿਰੁ = (ਵਿਕਾਰਾਂ ਵਲੋਂ) ਅਡੋਲ-ਚਿੱਤ। ਥੀਵੇ = ਹੋ ਗਏ।2।

ਨਿਵਾਰੇ = ਦੂਰ ਕਰ ਲਏ। ਅਨਹਦ = {Anwhq = An` Awhq} ਬਿਨਾ ਵਜਾਏ, ਇਕ-ਰਸ। ਸਬਦ = (ਪੰਜਾਂ ਕਿਸਮਾਂ ਦੇ ਸਾਜ਼ਾਂ ਦੇ) ਆਵਾਜ਼। ਦਰਬਾਰੇ = ਦਰਬਾਰ ਵਿਚ, ਹਿਰਦੇ ਵਿਚ।3।

ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਨਾਨਕ = ਹੇ ਨਾਨਕ!।4।

ਅਰਥ: ਹੇ ਭਾਈ! ਪ੍ਰਭੂ ਦਾ ਨਾਮ ਹੀ ਸਾਡੇ ਵਾਸਤੇ ਚੰਗਾ ਮੁਹੂਰਤ ਦੱਸਣ ਵਾਲਾ ਸ਼ਾਸਤ੍ਰ ਹੈ (ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ) ਹਿਰਦੇ-ਘਰ ਵਿਚ ਸਦਾ ਆਤਮਕ ਅਡੋਲਤਾ ਦੇ ਸੁਖ ਹਨ ਆਨੰਦ ਹਨ।1। ਰਹਾਉ।

ਹੇ ਭਾਈ! ਅਗਾਂਹ ਆਉਣ ਵਾਲੇ ਸਮੇ ਵਿਚ ਪਰਮਾਤਮਾ ਹੀ (ਅਸਾਂ ਜੀਵਾਂ ਉਤੇ) ਤਰਸ ਕਰਨ ਵਾਲਾ ਹੈ, ਪਿੱਛੇ ਲੰਘ ਚੁਕੇ ਸਮੇ ਵਿਚ ਭੀ ਪਰਮਾਤਮਾ ਹੀ (ਸਾਡਾ ਰਾਖਾ ਸੀ) । ਹੁਣ ਭੀ ਸਾਰੇ ਸੁਖਾਂ ਦਾ ਦਾਤਾ ਪ੍ਰਭੂ ਹੀ (ਸਾਡੇ ਨਾਲ) ਪਿਆਰ ਕਰਨ ਵਾਲਾ ਹੈ।1।

ਹੇ ਭਾਈ! ਜੀਭ ਨਾਲ ਨਾਮ (ਜਪ ਕੇ) , ਕੰਨਾਂ ਨਾਲ (ਨਾਮ) ਸੁਣ ਕੇ (ਅਨੇਕਾਂ ਹੀ ਜੀਵ) ਆਤਮਕ ਜੀਵਨ ਪ੍ਰਾਪਤ ਕਰ ਗਏ। ਪਰਮਾਤਮਾ ਦਾ ਨਾਮ ਸਦਾ ਸਿਮਰ ਕੇ (ਅਨੇਕਾਂ ਜੀਵ) ਆਤਮਕ ਮੌਤ ਤੋਂ ਬਚ ਗਏ, (ਵਿਕਾਰਾਂ ਦੇ ਟਾਕਰੇ ਤੇ) ਅਡੋਲ-ਚਿੱਤ ਬਣੇ ਰਹੇ।2।

ਹੇ ਭਾਈ! (ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜੀਵਨ ਦਾ ਆਸਰਾ ਬਣਾਇਆ, ਉਹਨਾਂ ਦੇ ਆਪਣੇ) ਅਨੇਕਾਂ ਹੀ ਜਨਮਾਂ ਦੇ ਦੁੱਖ-ਪਾਪ ਦੂਰ ਕਰ ਲਏ, ਉਹਨਾਂ ਦੇ ਹਿਰਦੇ-ਦਰਬਾਰ ਵਿਚ ਇਉਂ ਇਕ-ਰਸ ਆਨੰਦ ਬਣ ਗਿਆ ਜਿਵੇਂ ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜਣ ਨਾਲ ਸੰਗੀਤਕ ਰਸ ਬਣਦਾ ਹੈ।3।

ਹੇ ਨਾਨਕ! (ਜਿਹੜੇ ਮਨੁੱਖ ਸਗਨ ਆਦਿਕਾਂ ਦੇ ਭਰਮ ਛੱਡ ਕੇ ਸਿੱਧੇ) ਪਰਮਾਤਮਾ ਦੀ ਸਰਨ ਆ ਪਏ, ਪਰਮਾਤਮਾ ਨੇ ਕਿਰਪਾ ਕਰ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ।4।7।

ਭੈਰਉ ਮਹਲਾ ੫ ॥ ਕੋਟਿ ਮਨੋਰਥ ਆਵਹਿ ਹਾਥ ॥ ਜਮ ਮਾਰਗ ਕੈ ਸੰਗੀ ਪਾਂਥ ॥੧॥ ਗੰਗਾ ਜਲੁ ਗੁਰ ਗੋਬਿੰਦ ਨਾਮ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ ॥੧॥ ਰਹਾਉ ॥ ਪੂਜਾ ਜਾਪ ਤਾਪ ਇਸਨਾਨ ॥ ਸਿਮਰਤ ਨਾਮ ਭਏ ਨਿਹਕਾਮ ॥੨॥ ਰਾਜ ਮਾਲ ਸਾਦਨ ਦਰਬਾਰ ॥ ਸਿਮਰਤ ਨਾਮ ਪੂਰਨ ਆਚਾਰ ॥੩॥ ਨਾਨਕ ਦਾਸ ਇਹੁ ਕੀਆ ਬੀਚਾਰੁ ॥ ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥੪॥੮॥ {ਪੰਨਾ 1137}

ਪਦ ਅਰਥ: ਕੋਟਿ = ਕ੍ਰੋੜਾਂ। ਮਨੋਰਥ = ਮਨ ਦੇ ਰਥ, ਮਨ ਦੀਆਂ ਮੰਗਾਂ। ਆਵਹਿ ਹਾਥ = ਹੱਥਾਂ ਵਿਚ ਆ ਜਾਂਦੇ ਹਨ, ਮਿਲ ਜਾਂਦੇ ਹਨ। ਪਾਂਥ = ਪੰਧ ਵਿਚ ਸਾਥ ਦੇਣ ਵਾਲਾ {ਪੰਥ = ਰਸਤਾ, ਪੰਧ = ਸਫ਼ਰ}। ਸੰਗੀ = ਸਾਥੀ। ਜਮ ਮਾਰਗ ਕੈ = ਮੌਤ ਦੇ ਰਸਤੇ ਉਤੇ, ਮਰਨ ਤੋਂ ਪਿੱਛੋਂ।1।

ਗੋਬਿੰਦ ਨਾਮ = ਪਰਮਾਤਮਾ ਦਾ ਨਾਮ। ਜੋ = ਜਿਹੜਾ ਮਨੁੱਖ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਗਤਿ = ਉੱਚੀ ਆਤਮਕ ਅਵਸਥਾ, ਮੁਕਤੀ। ਬਹੁੜਿ = ਮੁੜ, ਫਿਰ। ਭ੍ਰਮਾਮ = ਭਟਕਣਾ।1। ਰਹਾਉ।

ਨਿਹਕਾਮ = ਵਾਸਨਾ-ਰਹਿਤ।2।

ਸਾਦਨ = {sdn} ਘਰ। ਪੂਰਨ ਆਚਾਰ = ਸੁੱਚਾ ਆਚਰਨ।3।

ਦਾਸ = ਦਾਸਾਂ ਨੇ। ਮਿਥਿਆ = ਨਾਸਵੰਤ। ਛਾਰੁ = ਸੁਆਹ (ਦੇ ਤੁੱਲ) ।4।

ਅਰਥ: ਹੇ ਭਾਈ! ਗੁਰ-ਗੋਬਿੰਦ ਦਾ ਨਾਮ (ਹੀ ਅਸਲ) ਗੰਗਾ-ਜਲ ਹੈ। ਜਿਹੜਾ ਮਨੁੱਖ (ਗੋਬਿੰਦ ਦਾ ਨਾਮ) ਸਿਮਰਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਹੜਾ (ਇਸ ਨਾਮ-ਜਲ ਗੰਗਾ-ਜਲ ਨੂੰ) ਪੀਂਦਾ ਹੈ ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ।1। ਰਹਾਉ।

ਹੇ ਭਾਈ! (ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ) ਮਨ ਦੀਆਂ ਕ੍ਰੋੜਾਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ। ਮਰਨ ਤੋਂ ਪਿੱਛੋਂ ਭੀ ਇਹ ਨਾਮ ਹੀ ਉਸ ਦਾ ਸਾਥੀ ਬਣਦਾ ਹੈ ਸਹਾਇਕ ਬਣਦਾ ਹੈ।1।

ਹੇ ਭਾਈ! ਹਰਿ-ਨਾਮ ਹੀ (ਦੇਵ-) ਪੂਜਾ ਹੈ, ਨਾਮ ਹੀ ਜਪ-ਤਪ ਹੈ, ਤਾਪ ਹੀ ਤੀਰਥ-ਇਸ਼ਨਾਨ ਹੈ। ਨਾਮ ਸਿਮਰਦਿਆਂ (ਸਿਮਰਨ ਕਰਨ ਵਾਲੇ) ਦੁਨੀਆ ਵਾਲੀਆਂ ਵਾਸਨਾਂ ਤੋਂ ਰਹਿਤ ਹੋ ਜਾਂਦੇ ਹਨ।2।

ਹੇ ਭਾਈ! ਰਾਜ, ਮਾਲ, ਮਹਲ-ਮਾੜੀਆਂ, ਦਰਬਾਰ ਲਾਉਣੇ (ਜੋ ਸੁਖ ਇਹਨਾਂ ਵਿਚ ਹਨ, ਨਾਮ ਸਿਮਰਨ ਵਾਲਿਆਂ ਨੂੰ ਉਹ ਸੁਖ ਨਾਮ-ਸਿਮਰਨ ਤੋਂ ਪ੍ਰਾਪਤ ਹੁੰਦੇ ਹਨ) । ਹੇ ਭਾਈ! ਹਰਿ-ਨਾਮ ਸਿਮਰਦਿਆਂ ਮਨੁੱਖ ਦਾ ਆਚਰਨ ਸੁੱਚਾ ਬਣ ਜਾਂਦਾ ਹੈ।3।

ਹੇ ਨਾਨਕ! ਪ੍ਰਭੂ ਦੇ ਸੇਵਕਾਂ ਨੇ ਇਹ ਨਿਸ਼ਚਾ ਕੀਤਾ ਹੁੰਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਸਾਰੀ (ਮਾਇਆ) ਨਾਸਵੰਤ ਹੈ ਸੁਆਹ (ਦੇ ਤੁੱਲ) ਹੈ।4।8।

ਭੈਰਉ ਮਹਲਾ ੫ ॥ ਲੇਪੁ ਨ ਲਾਗੋ ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥੧॥ ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥ ਪਾਪੀ ਮੂਆ ਗੁਰ ਪਰਤਾਪਿ ॥੧॥ ਰਹਾਉ ॥ ਅਪਣਾ ਖਸਮੁ ਜਨਿ ਆਪਿ ਧਿਆਇਆ ॥ ਇਆਣਾ ਪਾਪੀ ਓਹੁ ਆਪਿ ਪਚਾਇਆ ॥੨॥ ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ ॥੩॥ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ ॥੪॥੯॥ {ਪੰਨਾ 1137}

ਪਦ ਅਰਥ: ਲੇਪੁ = ਮਾੜਾ ਅਸਰ। ਤਿਲ ਕਾ = ਤਿਲ ਜਿਤਨਾ ਭੀ, ਰਤਾ ਭੀ। ਨ ਮੂਲਿ = ਬਿਲਕੁਲ ਨਹੀਂ। ਦੁਸਟੁ = ਪਾਪੀ, ਭੈੜਾ-ਚੰਦਰਾ।1।

ਹਰਿ ਜਨ = ਪਰਮਾਤਮਾ ਦੇ ਭਗਤ, ਪਰਮਾਤਮਾ ਦੇ ਸੇਵਕ। ਪਾਰਬ੍ਰਹਮਿ = ਪਰਮਾਤਮਾ ਨੇ। ਗੁਰ ਪਰਤਾਪਿ = ਗੁਰੂ ਦੇ ਪਰਤਾਪ ਨਾਲ।1। ਰਹਾਉ।

ਜਨਿ = ਜਨ ਨੇ, ਸੇਵਕ ਨੇ। ਇਆਣਾ = ਮੂਰਖ। ਪਚਾਇਆ = ਸਾੜਿਆ, ਨਾਸ ਕੀਤਾ।2।

ਈਹਾਂ ਊਹਾ = ਇਕ ਲੋਕ ਅਤੇ ਪਰਲੋਕ ਵਿਚ। ਮਾਥਾ ਕਾਲਾ = ਮੂੰਹ ਕਾਲਾ।3।

ਪਰਮੇਸਰਿ = ਪਰਮੇਸਰ ਨੇ। ਮਲੇਛੁ = ਭੈੜੀ ਨੀਅਤ ਵਾਲਾ। ਪਚਿਆ = ਮਰਿਆ। ਨਿਰਾਸੁ = ਜਿਸ ਦੀ ਆਸ ਪੂਰੀ ਨਾਹ ਹੋ ਸਕੀ।4।

ਅਰਥ: ਹੇ ਭਾਈ! ਪਰਮਾਤਮਾ ਨੇ ਆਪਣੇ ਸੇਵਕਾਂ ਦੀ ਰੱਖਿਆ (ਸਦਾ ਹੀ) ਆਪ ਕੀਤੀ ਹੈ। (ਵੇਖੋ, ਵਿਸਾਹ-ਘਾਤੀ ਬ੍ਰਾਹਮਣ) ਦੁਸ਼ਟ ਗੁਰੂ ਦੇ ਪਰਤਾਪ ਨਾਲ (ਆਪ ਹੀ) ਮਰ ਗਿਆ ਹੈ।1। ਰਹਾਉ।

ਹੇ ਭਾਈ! (ਪਰਮਾਤਮਾ ਦੀ ਮਿਹਰ ਆਪਣੇ ਸੇਵਕ ਉੱਤੇ ਹੋਈ ਹੈ, ਬਾਲਕ (ਗੁਰੂ) ਹਰਿਗੋਬਿੰਦ ਉੱਤੇ ਉਸ ਦੁਸ਼ਟ ਦੀ ਮੰਦੀ ਕਰਤੂਤ ਦਾ) ਬਿਲਕੁਲ ਰਤਾ ਭਰ ਭੀ ਮਾੜਾ ਅਸਰ ਨਹੀਂ ਹੋ ਸਕਿਆ (ਪਰ ਗੁਰੂ ਦੇ ਪਰਤਾਪ ਨਾਲ ਉਹ) ਚੰਦਰਾ ਬ੍ਰਾਹਮਣ (ਪੇਟ ਵਿਚ) ਸੂਲ ਉੱਠਣ ਨਾਲ ਮਰ ਗਿਆ ਹੈ।1।

ਹੇ ਭਾਈ! (ਪਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ, ਕਿਉਂਕਿ) ਸੇਵਕ ਨੇ ਆਪਣੇ ਮਾਲਕ-ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਇਆ ਹੈ। ਉਹ ਬੇਸਮਝ ਦੁਸ਼ਟ (ਇਸ ਰੱਬੀ ਭੇਤ ਨੂੰ ਸਮਝ ਨਾਹ ਸਕਿਆ, ਤੇ ਪਰਮਾਤਮਾ ਨੇ) ਆਪ ਹੀ ਉਸ ਨੂੰ ਮਾਰ ਮੁਕਾਇਆ।2।

ਹੇ ਭਾਈ! ਮਾਂ ਪਿਉ (ਵਾਂਗ) ਪ੍ਰਭੂ ਆਪਣੇ ਸੇਵਕ ਦਾ ਸਦਾ ਆਪ ਰਾਖਾ ਬਣਦਾ ਹੈ (ਤਾਹੀਏਂ ਪ੍ਰਭੂ ਦੇ ਸੇਵਕ ਦੇ) ਦੋਖੀ ਦਾ ਮੂੰਹ ਲੋਕ ਪਰਲੋਕ ਦੁਹੀਂ ਸਰਾਈਂ ਕਾਲਾ ਹੁੰਦਾ ਹੈ।3।

ਹੇ ਨਾਨਕ! (ਆਖ– ਹੇ ਭਾਈ!) ਆਪਣੇ ਸੇਵਕ ਦੀ ਪਰਮੇਸਰ ਨੇ (ਸਦਾ ਹੀ) ਅਰਦਾਸ ਸੁਣੀ ਹੈ (ਵੇਖੋ, ਪਰਮੇਸਰ ਦੇ ਸੇਵਕ ਉੱਤੇ ਵਾਰ ਕਰਨ ਵਾਲਾ) ਦੁਸ਼ਟ ਪਾਪੀ (ਆਪ ਹੀ) ਮਰ ਮਿਟਿਆ, ਤੇ, ਬੇ-ਮੁਰਾਦਾ ਹੀ ਰਿਹਾ।4।9।

ਭੈਰਉ ਮਹਲਾ ੫ ॥ ਖੂਬੁ ਖੂਬੁ ਖੂਬੁ ਖੂਬੁ ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥ ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥ ਨਾਮ ਬਿਨਾ ਸਭ ਦੁਨੀਆ ਛਾਰੁ ॥੧॥ ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥ ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥ ਨੀਧਰਿਆ ਧਰ ਪਨਹ ਖੁਦਾਇ ॥ ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥ ਨਾਨਕ ਕਉ ਖੁਦਿ ਖਸਮ ਮਿਹਰਵਾਨ ॥ ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥ {ਪੰਨਾ 1137-1138}

ਪਦ ਅਰਥ: ਖੂਬੁ = ਸੋਹਣਾ, ਚੰਗਾ, ਮਿੱਠਾ। ਝੂਠੁ = ਛੇਤੀ ਮੁੱਕ ਜਾਣ ਵਾਲਾ। ਦੁਨੀ = ਦੁਨੀਆ ਦਾ। ਗੁਮਾਨੁ = ਮਾਣ।1। ਰਹਾਉ।

ਨਗਜ = ਨਗ਼ਜ਼, ਸੋਹਣੇ, ਸੁੰਦਰ। ਅਪਾਰੁ = ਬੇਅੰਤ (ਸੋਹਣਾ) । ਸਭ = ਸਾਰੀ। ਛਾਰੁ = ਸੁਆਹ (ਦੇ ਤੁੱਲ) ।1।

ਅਚਰਜੁ = ਹੈਰਾਨ ਕਰਨ ਵਾਲਾ ਕੰਮ। ਕਦਮ = ਚਰਨ। ਸਲਾਹ = ਸਲਾਹੁਣ-ਜੋਗ। ਗਨੀਵ = ਗ਼ਨੀਮਤ, ਅਮਲੋਕ। ਸਚੇ = ਹੇ ਸਦਾ ਕਾਇਮ ਰਹਿਣ ਵਾਲੇ!।2।

ਨੀਧਰਿਆ ਧਰ = ਨਿਆਸਰਿਆਂ ਦਾ ਆਸਰਾ। ਪਨਹ = ਪਨਾਹ, ਓਟ। ਖੁਦਾਇ = ਪਰਮਾਤਮਾ। ਗਰੀਬ ਨਿਵਾਜੁ = ਗਰੀਬਾਂ ਉਤੇ ਮਿਹਰ ਕਰਨ ਵਾਲਾ। ਰੈਣਿ = ਰਾਤ। ਧਿਆਇ = ਸਿਮਰਿਆ ਕਰ।3।

ਨਾਨਕ ਕਉ = ਹੇ ਨਾਨਕ! ਜਿਸ ਕਉ, ਹੇ ਨਾਨਕ! ਜਿਸ ਮਨੁੱਖ ਉੱਤੇ। ਖੁਦਿ = ਖ਼ੁਦਿ, ਆਪ। ਅਲਹੁ = ਅੱਲ੍ਹਾ, ਪਰਮਾਤਮਾ। ਜੀਅ = ਜਿੰਦ ਤੋਂ।4।

ਅਰਥ: ਹੇ ਪ੍ਰਭੂ! ਤੇਰਾ ਨਾਮ ਸੋਹਣਾ ਹੈ, ਤੇਰਾ ਨਾਮ ਮਿੱਠਾ ਹੈ, ਤੇਰਾ ਨਾਮ ਚੰਗਾ ਹੈ। (ਪਰ ਹੇ ਭਾਈ!) ਦੁਨੀਆ ਦਾ ਮਾਣ ਝੂਠਾ ਹੈ, ਛੇਤੀ ਮੁੱਕ ਜਾਣ ਵਾਲਾ ਹੈ, ਦੁਨੀਆ ਦੇ ਮਾਣ ਦਾ ਕੀਹ ਭਰੋਸਾ?।1। ਰਹਾਉ।

ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲੇ ਬੰਦੇ ਸੋਹਣੇ ਹਨ, ਉਹਨਾਂ ਦਾ ਦਰਸਨ ਬੇਅੰਤ (ਅਮੋਲਕ) ਹੈ। ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਜੀਵ ਵਾਸਤੇ) ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ (ਦੇ ਤੁੱਲ) ਹੈ।1।

ਹੇ ਪ੍ਰਭੂ! ਤੇਰੀ ਰਚੀ ਕੁਦਰਤਿ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਜੋਗ ਹਨ। ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤਿ-ਸਾਲਾਹ (ਇਕ) ਅਮੋਲਕ (ਖ਼ਜ਼ਾਨਾ) ਹੈ।2।

ਹੇ ਭਾਈ! ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਉਹ ਗਰੀਬਾਂ ਉੱਤੇ ਮਿਹਰ ਕਰਨ ਵਾਲਾ ਹੈ, ਉਹ ਨਿਆਸਰਿਆਂ ਦਾ ਆਸਰਾ ਹੈ (ਨਿਓਟਿਆਂ ਦੀ) ਓਟ ਹੈ।3।

ਹੇ ਨਾਨਕ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ, ਉਸ ਦੀ ਜਿੰਦ ਤੋਂ, ਉਸ ਦੇ ਦਿਲ ਤੋਂ, ਉਸ ਦੇ ਪ੍ਰਾਣਾਂ ਤੋਂ ਉਹ ਕਦੇ ਭੀ ਨਹੀਂ ਵਿਸਰਦਾ।4।10।

TOP OF PAGE

Sri Guru Granth Darpan, by Professor Sahib Singh