ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1138 ਭੈਰਉ ਮਹਲਾ ੫ ॥ ਸਾਚ ਪਦਾਰਥੁ ਗੁਰਮੁਖਿ ਲਹਹੁ ॥ ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥ ਜੀਵਤ ਜੀਵਤ ਜੀਵਤ ਰਹਹੁ ॥ ਰਾਮ ਰਸਾਇਣੁ ਨਿਤ ਉਠਿ ਪੀਵਹੁ ॥ ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥ ਕਲਿਜੁਗ ਮਹਿ ਇਕ ਨਾਮਿ ਉਧਾਰੁ ॥ ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥ {ਪੰਨਾ 1138} ਪਦ ਅਰਥ: ਸਾਚ = ਸਦਾ ਕਾਇਮ ਰਹਿਣ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲਹਹੁ = ਲੱਭ ਲਵੋ। ਭਾਣਾ = ਰਜ਼ਾ, ਉਹ ਗੱਲ ਜੋ ਪ੍ਰਭੂ ਨੂੰ ਚੰਗੀ ਲੱਗਦੀ ਹੈ। ਸਤਿ ਕਰਿ = ਸਹੀ ਜਾਣ ਕੇ, ਆਪਣੇ ਭਲੇ ਵਾਸਤੇ ਸਮਝ ਕੇ। ਸਹਹੁ = ਸਹਾਰੋ।1। ਜੀਵਤ ਜੀਵਤ ਜੀਵਤ = ਸਦਾ ਹੀ ਆਤਮਕ ਜੀਵਨ ਵਾਲੇ। ਰਸਾਇਣੁ = ਰਸ-ਅਯਨ, ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਨਿਤ ਉਠਿ = ਸਦਾ ਉੱਠ ਕੇ, ਸਦਾ ਆਹਰ ਨਾਲ। ਰਸਨਾ = ਜੀਭ ਨਾਲ।1। ਰਹਾਉ। ਕਲਿਜੁਗ ਮਹਿ = ਕਲਜੁਗ ਵਿਚ, ਜਗਤ ਵਿਚ {ਨੋਟ: ਇਥੇ ਜੁਗਾਂ ਦੇ ਨਿਖੇੜੇ ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਹੀ ਉਹ ਨਾਮ ਵਰਤਿਆ ਹੈ ਜੋ ਹਿੰਦੂ ਜਨਤਾ ਵਿਚ ਆਮ ਪ੍ਰਚਲਤ ਹੈ}। ਨਾਮਿ = ਨਾਮ ਦੀ ਰਾਹੀਂ। ਉਧਾਰੁ = ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ। ਬ੍ਰਹਮ ਬੀਚਾਰੁ = ਪਰਮਾਤਮਾ ਦੇ ਮਿਲਾਪ ਦੀ ਸੋਚ।2। ਅਰਥ: ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਦੇ ਰਹੋ। ਹੇ ਭਾਈ! ਸਦਾ ਆਹਰ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀਂਦੇ ਰਹੋ, (ਇਸ ਤਰ੍ਹਾਂ) ਸਦਾ ਆਤਮਕ ਜੀਵਨ ਵਾਲੇ ਬਣੇ ਰਹੋ।1। ਰਹਾਉ। ਹੇ ਭਾਈ! (ਇਹ) ਸਦਾ ਕਾਇਮ ਰਹਿਣ ਵਾਲਾ (ਹਰਿ-ਨਾਮ) ਧਨ ਗੁਰੂ ਦੀ ਸਰਨ ਪੈ ਕੇ ਹਾਸਲ ਕਰੋ। ਪਰਮਾਤਮਾ ਵਲੋਂ ਵਰਤੀ ਰਜ਼ਾ ਨੂੰ (ਆਪਣੇ) ਭਲੇ ਵਾਸਤੇ ਜਾਣ ਕੇ ਸਹਾਰੋ।2। ਹੇ ਭਾਈ! ਸਿਰਫ਼ ਹਰਿ-ਨਾਮ ਦੀ ਰਾਹੀਂ ਹੀ ਜਗਤ ਵਿਚ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ, ਨਾਨਕ (ਤੁਹਾਨੂੰ) ਪਰਮਾਤਮਾ ਨਾਲ ਮਿਲਾਪ ਦੀ (ਇਹੀ) ਜੁਗਤਿ ਦੱਸਦਾ ਹੈ।2।11। ਭੈਰਉ ਮਹਲਾ ੫ ॥ ਸਤਿਗੁਰੁ ਸੇਵਿ ਸਰਬ ਫਲ ਪਾਏ ॥ ਜਨਮ ਜਨਮ ਕੀ ਮੈਲੁ ਮਿਟਾਏ ॥੧॥ ਪਤਿਤ ਪਾਵਨ ਪ੍ਰਭ ਤੇਰੋ ਨਾਉ ॥ ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥ ਸਾਧੂ ਸੰਗਿ ਹੋਵੈ ਉਧਾਰੁ ॥ ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥ ਸਰਬ ਕਲਿਆਣ ਚਰਣ ਪ੍ਰਭ ਸੇਵਾ ॥ ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥ ਨਾਨਕ ਪਾਇਆ ਨਾਮ ਨਿਧਾਨੁ ॥ ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥ {ਪੰਨਾ 1138} ਪਦ ਅਰਥ: ਸੇਵਿ = ਸੇਵ ਕੇ, ਸਰਨ ਪੈ ਕੇ। ਸਰਬ ਫਲ = ਸਾਰੇ ਫਲ (ਦੇਣ ਵਾਲਾ ਹਰਿ-ਨਾਮ) । ਪਾਏ = ਹਾਸਲ ਕਰ ਲੈਂਦਾ ਹੈ।1। ਪਤਿਤ ਪਾਵਨ = (ਵਿਕਾਰਾਂ ਵਿਚ) ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ। ਪ੍ਰਭ = ਹੇ ਪ੍ਰਭੂ! ਗੁਣ ਗਾਉ = ਗੁਣਾਂ ਦਾ ਗਾਵਣਾ। ਪੂਰਬਿ = ਪਿਛਲੇ ਜਨਮ ਵਿਚ। ਕਰਮ ਲਿਖੇ = ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ।1। ਰਹਾਉ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਉਧਾਰੁ = ਪਾਰ-ਉਤਾਰਾ। ਪ੍ਰਭ ਕੈ ਦੁਆਰ = ਪ੍ਰਭੂ ਦੇ ਦਰ ਤੇ।2। ਸਰਬ ਕਲਿਆਣ = ਸਾਰੇ ਸੁਖ। ਬਾਛਹਿ = ਲੋਚਦੇ ਹਨ। ਸਭਿ = ਸਾਰੇ। ਸੁਰਿ ਨਰ = ਦੈਵੀ ਗੁਣਾਂ ਵਾਲੇ ਮਨੁੱਖ।3। ਨਿਧਾਨੁ = ਖ਼ਜ਼ਾਨਾ। ਜਪਿ ਜਪਿ = ਹਰ ਵੇਲੇ ਜਪ ਕੇ। ਉਧਾਰਿਆ = ਪਾਰ ਲੰਘ ਗਿਆ।4। ਅਰਥ: ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਰ ਤੇਰੇ ਗੁਣ ਗਾਵਣ ਦੀ ਦਾਤਿ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ।1। ਰਹਾਉ। ਹੇ ਭਾਈ! (ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ (ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ।1। ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ, (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ।2। ਹੇ ਭਾਈ! ਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ) ਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ।3। ਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ। (ਗੁਰੂ ਦੀ ਸੰਗਤਿ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।4।12। ਭੈਰਉ ਮਹਲਾ ੫ ॥ ਅਪਣੇ ਦਾਸ ਕਉ ਕੰਠਿ ਲਗਾਵੈ ॥ ਨਿੰਦਕ ਕਉ ਅਗਨਿ ਮਹਿ ਪਾਵੈ ॥੧॥ ਪਾਪੀ ਤੇ ਰਾਖੇ ਨਾਰਾਇਣ ॥ ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥ ਦਾਸ ਰਾਮ ਜੀਉ ਲਾਗੀ ਪ੍ਰੀਤਿ ॥ ਨਿੰਦਕ ਕੀ ਹੋਈ ਬਿਪਰੀਤਿ ॥੨॥ ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥ ਦੋਖੀ ਅਪਣਾ ਕੀਤਾ ਪਾਇਆ ॥੩॥ ਆਇ ਨ ਜਾਈ ਰਹਿਆ ਸਮਾਈ ॥ ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥ {ਪੰਨਾ 1138} ਪਦ ਅਰਥ: ਕਉ = ਨੂੰ। ਕੰਠਿ = ਗਲ ਨਾਲ। ਅਗਨਿ ਮਹਿ = (ਨਿੰਦਾ ਦੀ) ਅੱਗ ਵਿਚ {ਨਿੰਦਾ ਕਰਨ ਵੇਲੇ ਨਿੰਦਕ ਦੇ ਆਪਣੇ ਅੰਦਰ ਈਰਖਾ ਦੀ ਅੱਗ ਬਲ ਰਹੀ ਹੁੰਦੀ ਹੈ}। ਪਾਵੈ = ਪਾਈ ਰੱਖਦਾ ਹੈ।1। ਤੇ = ਤੋਂ। ਰਾਖੇ = ਰੱਖਿਆ ਕਰਦਾ ਹੈ। ਗਤਿ = ਉੱਚੀ ਆਤਮਕ ਅਵਸਥਾ। ਕਤਹੂ = ਕਿਤੇ ਭੀ। ਪਚਿਆ = ਸੜਿਆ ਰਹਿੰਦਾ ਹੈ, ਅੰਦਰੇ-ਅੰਦਰ ਸੜਦਾ-ਭੁੱਜਦਾ ਰਹਿੰਦਾ ਹੈ। ਆਪ ਕਮਾਇਣੁ = ਨਿੰਦਾ-ਈਰਖਾ ਦੇ ਆਪਣੇ ਕਮਾਏ ਕਰਮਾਂ ਦੇ ਕਾਰਨ।1। ਰਹਾਉ। ਬਿਪਰੀਤਿ = ਉਲਟੇ ਪਾਸੇ ਪ੍ਰੀਤ, ਭੈੜੇ ਕੰਮਾਂ ਨਾਲ ਪਿਆਰ।2। ਪਾਰਬ੍ਰਹਮਿ = ਪਰਮਾਤਮਾ ਨੇ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਦੋਖੀ = ਨਿੰਦਕ।3। ਆਇ ਨ ਜਾਈ = ਜਿਹੜਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ। ਰਹਿਆ ਸਮਾਈ = ਜਿਹੜਾ ਪ੍ਰਭੂ ਸਭ ਥਾਂ ਵਿਆਪਕ ਹੈ। ਨਾਨਕ = ਹੇ ਨਾਨਕ!।4। ਅਰਥ: ਹੇ ਭਾਈ! ਨਿੰਦਕ-ਦੋਖੀ ਪਾਸੋਂ ਪਰਮਾਤਮਾ (ਆਪਣੇ ਸੇਵਕ ਨੂੰ ਸਦਾ ਆਪ) ਬਚਾਂਦਾ ਹੈ। ਨਿੰਦਕ-ਦੋਖੀ ਦੀ ਆਤਮਕ ਅਵਸਥਾ ਕਿਤੇ ਭੀ ਉੱਚੀ ਨਹੀਂ ਹੋ ਸਕਦੀ, (ਕਿਉਂਕਿ) ਨਿੰਦਕ-ਦੋਖੀ ਆਪਣੇ ਕਮਾਏ ਕਰਮਾਂ ਅਨੁਸਾਰ (ਸਦਾ ਨਿੰਦਾ-ਈਰਖਾ ਦੀ ਅੱਗ ਵਿਚ ਅੰਦਰੇ ਅੰਦਰ) ਸੜਦਾ ਰਹਿੰਦਾ ਹੈ।1। ਰਹਾਉ। ਹੇ ਭਾਈ! ਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ, ਅਤੇ (ਆਪਣੇ ਸੇਵਕ ਦੇ) ਦੋਖੀ ਨੂੰ (ਈਰਖਾ ਦੀ ਅੰਦਰੇ-ਅੰਦਰ ਧੁਖ ਰਹੀ) ਅੱਗ ਵਿਚ ਪਾਈ ਰੱਖਦਾ ਹੈ।1। ਹੇ ਭਾਈ! ਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ, ਪਰ ਸੇਵਕ ਦੇ ਦੋਖੀ ਦਾ (ਨਿੰਦਾ-ਈਰਖਾ ਆਦਿਕ) ਭੈੜੇ ਕੰਮਾਂ ਨਾਲ ਪਿਆਰ ਬਣਿਆ ਰਹਿੰਦਾ ਹੈ।2। ਹੇ ਭਾਈ! (ਸਦਾ ਹੀ) ਪਰਮਾਤਮਾ ਨੇ (ਆਪਣੇ ਸੇਵਕ ਦੀ ਲਾਜ ਰੱਖ ਕੇ) ਆਪਣਾ ਮੁੱਢ-ਕਦੀਮਾਂ ਦਾ (ਇਹ) ਸੁਭਾਉ (ਜਗਤ ਵਿਚ) ਪਰਗਟ ਕੀਤਾ ਹੈ, (ਸੇਵਕ ਦੇ) ਨਿੰਦਕ-ਦੋਖੀ ਨੇ (ਭੀ ਸਦਾ) ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ।3। ਹੇ ਨਾਨਕ! ਜਿਹੜਾ ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ਜਿਹੜਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਸ ਦੇ ਦਾਸ (ਸਦਾ) ਉਸ ਦੀ ਸਰਨ ਪਏ ਰਹਿੰਦੇ ਹਨ।4।13। ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥ ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥ ਰੇ ਮਨ ਮੇਰੇ ਤੂ ਗੋਵਿਦ ਭਾਜੁ ॥ ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥ ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥ ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥ ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥ ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥ ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥ {ਪੰਨਾ 1138} ਪਦ ਅਰਥ: ਸ੍ਰੀ = ਸ਼੍ਰੀ, ਲੱਛਮੀ। ਸ੍ਰੀਧਰ = ਲੱਛਮੀ ਦਾ ਆਸਰਾ, ਪਰਮਾਤਮਾ। ਸਗਲ ਉਪਾਵਨ = ਸਭਨਾਂ ਨੂੰ ਪੈਦਾ ਕਰਨ ਵਾਲਾ। ਨਿਰੰਕਾਰ = ਉਹ ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ। ਛੋਡਿ = ਛੱਡ ਕੇ। ਕਰਹਿ = ਤੂੰ ਕਰਦਾ ਹੈਂ। ਅਨ ਸੇਵਾ = {ANX} ਕਿਸੇ ਹੋਰ ਦੀ ਸੇਵਾ-ਭਗਤੀ। ਬਿਖਿਆ = ਮਾਇਆ। ਕਵਨ ਰਸ = ਕਿਹੜੇ ਰਸਾਂ ਵਿਚ? ਕੋਝੇ ਸੁਆਦਾਂ ਵਿਚ। ਮਾਤਾ = ਮਸਤ।1। ਭਾਜੁ = ਭਜੁ, ਜਪਿਆ ਕਰ। ਉਪਾਵ = {ਬਹੁ-ਵਚਨ ਲਫ਼ਜ਼ 'ਉਪਾਉ' ਤੋਂ} ਹੀਲੇ। ਜੋ = ਜਿਹੜਾ ਭੀ ਉਪਾਉ। ਚਿਤਵੀਐ = ਸੋਚਿਆ ਜਾਂਦਾ ਹੈ। ਤਿਤੁ = ਉਸ (ਉਪਾਉ) ਨਾਲ। ਬਿਗਰਸਿ = ਵਿਗੜ ਜਾਂਦਾ ਹੈ।1। ਰਹਾਉ। ਦਾਸੀ ਕਉ = ਮਾਇਆ-ਦਾਸੀ ਨੂੰ। ਸਿਮਰਹਿ = ਸਿਮਰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ। ਅਗਿਆਨਾ = ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਤਿਨ = ਉਹਨਾਂ ਨੂੰ। ਪਸੂ ਸਮਾਨਾ = ਪਸ਼ੂਆਂ ਵਰਗੇ ਜੀਵਨ ਵਾਲੇ।2। ਜੀਉ = ਜਿੰਦ। ਪਿੰਡੁ = ਸਰੀਰ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ। ਅਹੰਬੁਧਿ = ਹਉਮੈ ਵਾਲੀ ਅਕਲ ਦੇ ਕਾਰਨ। ਦੁਰਮਤਿ = ਖੋਟੀ ਮਤਿ। ਭਵਜਲਿ = ਸੰਸਾਰ-ਸਮੁੰਦਰ ਵਿਚ।3। ਸਭਿ = ਸਾਰੇ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਸਾਧਨ। ਤਟਿ = (ਨਦੀ ਦੇ) ਕੰਢੇ ਉਤੇ। ਤੀਰਥਿ = ਤੀਰਥ ਉਤੇ। ਆਪੁ = ਆਪਾ-ਭਾਵ। ਗੁਰਮੁਖਿ = ਗੁਰੂ ਦੀ ਰਾਹੀਂ।4। ਅਰਥ: ਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ। (ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ।1। ਰਹਾਉ। ਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ, ਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ।1। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ। ਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ।2। ਹੇ ਭਾਈ! ਇਹ ਜਿੰਦ ਇਹ ਸਰੀਰ ਇਹ ਧਨ = ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ। ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ।3। ਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ। ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।4।1।14। |
Sri Guru Granth Darpan, by Professor Sahib Singh |