ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1139 ਭੈਰਉ ਮਹਲਾ ੫ ॥ ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥ ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥ ਸੰਤਸੰਗਿ ਪੇਖਿਓ ਮਨ ਮਾਏਂ ॥ ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥ ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥ ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥ ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥ ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥ ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥ ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥ {ਪੰਨਾ 1139} ਪਦ ਅਰਥ: ਬਨ ਮਹਿ = ਜੰਗਲ ਵਿਚ। ਤ੍ਰਿਣ = ਘਾਹ ਦਾ ਤੀਲਾ, ਬਨਸਪਤੀ। ਗ੍ਰਿਹਿ = ਘਰ ਵਿਚ। ਉਦਾਸਾਏ = ਘਰਾਂ ਤੋਂ ਉਦਾਸ ਤਿਆਗੀਆਂ ਵਿਚ। ਦੰਡਧਾਰ = ਹੱਥ ਵਿਚ ਡੰਡਾ ਰੱਖਣ ਵਾਲੇ ਜੋਗੀਆਂ ਵਿਚ। ਜਟਧਾਰੈ = ਜਟਾ-ਧਾਰੀ ਜੋਗੀ ਵਿਚ।1। ਸੰਤ ਸੰਗਿ = ਸੰਤ ਜਨਾਂ ਦੀ ਸੰਗਤਿ ਵਿਚ। ਮਨ ਮਾਏਂ = ਮਨ ਮਾਹਿ, ਆਪਣੇ ਮਨ ਵਿਚ ਹੀ। ਊਭ = ਆਕਾਸ਼ ਵਿਚ। ਪਇਆਲ = ਪਾਤਾਲ ਵਿਚ। ਪੂਰਨ = ਵਿਆਪਕ। ਰਸਿ = ਆਨੰਦ ਨਾਲ। ਮੰਗਲ ਗੁਣ = ਆਤਮਕ ਆਨੰਦ ਦੇਣ ਵਾਲੇ ਗੁਣ। ਗਾਏ = ਗਾਇ, ਗਾ ਕੇ।1। ਰਹਾਉ। ਸੰਨਿਆਸੈ = ਸੰਨਿਆਸ ਵਿਚ। ਕਾਪੜਾਏ = ਕਾਪੜੀਏ ਸਾਧੂਆਂ ਵਿਚ। ਤਪੀਸੁਰ = {ਤਪੀ-ਈਸੁਰ) ਵੱਡੇ ਵੱਡੇ ਤਪੀ।2। ਚਹੁ ਮਹਿ = ਚਾਰ ਵੇਦਾਂ ਵਿਚ। ਖਟ ਮਹਿ = ਛੇ ਸ਼ਾਸਤ੍ਰਾਂ ਵਿਚ। ਦਸ ਅਸਟੀ = ਅਠਾਰਾਂ ਪੁਰਾਣਾਂ ਵਿਚ। ਮਿਲਿ = ਮਿਲ ਕੇ। ਵਖਾਨਹਿ = ਆਖਦੇ ਹਨ। ਤਉ = ਤਦੋਂ, ਤਾਂ। ਕਹਉ = ਕਹਉਂ, ਮੈਂ ਆਖਾਂ। ਕਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ} ਕਿਸ ਤੋਂ? ਦੁਰਾਏ = ਦੂਰ, ਲੁਕਿਆ ਹੋਇਆ।3। ਅਗਹ = ਅਥਾਹ। ਕੀਮ = ਕੀਮਤ, ਮੁੱਲ। ਤਿਨ ਕੈ = ਉਹਨਾਂ ਤੋਂ। ਬਲਿ ਬਲਿ = ਸਦਕੇ, ਕੁਰਬਾਨ। ਜਾਈਐ = ਜਾਣਾ ਚਾਹੀਦਾ ਹੈ। ਜਿਹ ਘਟਿ = ਜਿਸ (ਜਿਸ) ਦੇ ਹਿਰਦੇ ਵਿਚ। ਪਰਗਟੀਆਏ = ਪਰਗਟ ਹੋ ਪਿਆ ਹੈ।4। ਅਰਥ: ਹੇ ਭਾਈ! ਜਦੋਂ ਸੰਤ ਜਨਾਂ ਦੀ ਸੰਗਤਿ ਵਿਚ ਪਰਮਾਤਮਾ ਦੇ ਆਨੰਦ ਦੇਣ ਵਾਲੇ ਗੁਣ ਸੁਆਦ ਨਾਲ ਗਾ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਹੀ ਵੱਸਦਾ ਵੇਖ ਲਿਆ, ਤਾਂ ਆਕਾਸ਼ ਪਾਤਾਲ ਸਭਨਾਂ ਵਿਚ ਉਹ ਵਿਆਪਕ ਦਿੱਸ ਪਿਆ।1। ਰਹਾਉ। ਹੇ ਭਾਈ! (ਤਦੋਂ ਮੈਂ) ਜੰਗਲ ਵਿਚ, ਬਨਸਪਤੀ ਵਿਚ (ਪ੍ਰਭੂ ਨੂੰ ਹੀ ਵੱਸਦਾ) ਵੇਖ ਲਿਆ, ਘਰ ਵਿਚ ਭੀ ਉਸੇ ਨੂੰ ਵੇਖ ਲਿਆ, ਤੇ, ਤਿਆਗੀ ਵਿਚ ਭੀ ਉਸੇ ਨੂੰ ਵੇਖ ਲਿਆ। ਤਦੋਂ ਮੈਂ ਉਸ ਨੂੰ ਦੰਡ-ਧਾਰੀਆਂ ਵਿਚ, ਜਟਾ-ਧਾਰੀਆਂ ਵਿਚ ਵੱਸਦਾ ਵੇਖ ਲਿਆ, ਵਰਤ-ਨੇਮ ਅਤੇ ਤੀਰਥ-ਜਾਤ੍ਰਾ ਕਰਨ ਵਾਲਿਆਂ ਵਿਚ ਭੀ ਵੇਖ ਲਿਆ।1। ਹੇ ਭਾਈ! (ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਪਰਮਾਤਮਾ ਨੂੰ) ਜੋਗੀਆਂ ਵਿਚ, ਸਾਰੇ ਭੇਖਾਂ ਵਿਚ, ਸੰਨਿਆਸੀਆਂ ਵਿਚ, ਜਤੀਆਂ ਵਿਚ, ਜੰਗਮਾਂ ਵਿਚ, ਕਾਪੜੀਏ ਸਾਧੂਆਂ ਵਿਚ, ਸਭਨਾਂ ਵਿਚ ਵੱਸਦਾ ਵੇਖ ਲਿਆ। ਤਦੋਂ ਮੈਂ ਉਸ ਨੂੰ ਤਪੀਆਂ ਵਿਚ, ਵੱਡੇ ਵੱਡੇ ਤਪੀਆਂ ਵਿਚ, ਮੁਨੀਆਂ ਵਿਚ, ਨਾਟਕ ਕਰਨ ਵਾਲੇ ਨਟਾਂ ਵਿਚ, ਰਾਸਧਾਰੀਆਂ ਵਿਚ (ਸਭਨਾਂ ਵਿਚ ਵੱਸਦਾ) ਵੇਖ ਲਿਆ।2। ਹੇ ਭਾਈ! (ਜਦੋਂ ਸਾਧ ਸੰਗਤਿ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਨੂੰ) ਚਾਰ ਵੇਦਾਂ ਵਿਚ, ਛੇ ਸ਼ਾਸਤ੍ਰਾਂ ਵਿਚ, ਅਠਾਰਾਂ ਪੁਰਾਣਾਂ ਵਿਚ, (ਸਾਰੀਆਂ) ਸਿੰਮ੍ਰਿਤੀਆਂ ਵਿਚ ਵੱਸਦਾ ਵੇਖ ਲਿਆ। (ਜਦੋਂ ਮੈਂ ਇਹ ਵੇਖ ਲਿਆ ਕਿ) ਸਾਰੇ ਜੀਅ-ਜੰਤ ਮਿਲ ਕੇ ਸਿਰਫ਼ ਇਕ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ, ਤਾਂ ਹੁਣ ਮੈਂ ਉਸ ਨੂੰ ਕਿਸ ਪਾਸੋਂ ਦੂਰ ਬੈਠਾ ਆਖ ਸਕਦਾ ਹਾਂ?।3। ਹੇ ਭਾਈ! ਪਰਮਾਤਮਾ ਅਥਾਹ ਹੈ, ਅਥਾਹ ਹੈ, ਬੇਅੰਤ ਹੈ, ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਕਿਸੇ ਦੁਨੀਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ। ਹੇ ਦਾਸ ਨਾਨਕ! (ਆਖ– ਹੇ ਭਾਈ! ਉਹ ਪ੍ਰਭੂ ਵੱਸਦਾ ਤਾਂ ਸਭਨਾਂ ਵਿਚ ਹੀ ਹੈ, ਪਰ) ਜਿਸ ਜਿਸ (ਵਡ-ਭਾਗੀ) ਦੇ ਹਿਰਦੇ ਵਿਚ ਉਹ ਪਰਤੱਖ ਹੋ ਗਿਆ ਹੈ, ਉਹਨਾਂ ਤੋਂ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ।4।2।15। ਭੈਰਉ ਮਹਲਾ ੫ ॥ ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥ ਬਿਖੁ ਸੰਚੈ ਨਿਤ ਡਰਤਾ ਫਿਰੈ ॥ ਹੈ ਨਿਕਟੇ ਅਰੁ ਭੇਦੁ ਨ ਪਾਇਆ ॥ ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥ ਨੇੜੈ ਨੇੜੈ ਸਭੁ ਕੋ ਕਹੈ ॥ ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥ ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥ ਦਰਬੁ ਹਿਰੈ ਮਿਥਿਆ ਕਰਿ ਖਾਇ ॥ ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥ ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥ ਨਿਕਟਿ ਨ ਜਾਨੈ ਬੋਲੈ ਕੂੜੁ ॥ ਮਾਇਆ ਮੋਹਿ ਮੂਠਾ ਹੈ ਮੂੜੁ ॥ ਅੰਤਰਿ ਵਸਤੁ ਦਿਸੰਤਰਿ ਜਾਇ ॥ ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥ ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥ ਸਤਿਗੁਰੁ ਸੇਵੇ ਖੁਲ੍ਹ੍ਹੇ ਕਪਾਟ ॥ ਅੰਤਰਿ ਬਾਹਰਿ ਨਿਕਟੇ ਸੋਇ ॥ ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥ {ਪੰਨਾ 1139} ਪਦ ਅਰਥ: ਨਿਕਟਿ = (ਆਪਣੇ) ਨੇੜੇ (ਵੱਸਦਾ) । ਬੁਝੈ = (ਜਿਹੜਾ ਮਨੁੱਖ) ਸਮਝਦਾ ਹੈ। ਕਿਉ ਕਰੈ = ਨਹੀਂ ਕਰ ਸਕਦਾ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ ਮਾਇਆ। ਸੰਚੈ = ਇਕੱਠੀ ਕਰਦਾ ਹੈ। ਨਿਕਟੇ = ਨੇੜੇ ਹੀ। ਅਰੁ = ਅਤੇ, ਪਰ। ਸਭ = ਸਾਰੀ ਲੁਕਾਈ।1। ਸਭੁ ਕੋ = ਹਰੇਕ ਪ੍ਰਾਣੀ। ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਲਹੈ– ਲੱਭਦਾ ਹੈ।1। ਰਹਾਉ। ਪਰ ਗ੍ਰਿਹਿ = ਪਰਾਏ ਘਰ ਵਿਚ। ਜਾਇ = ਜਾਂਦਾ ਹੈ। ਦਰਬੁ = ਧਨ। ਹਿਰੈ = ਚੁਰਾਂਦਾ ਹੈ। ਮਿਥਿਆ = ਨਾਸਵੰਤ। ਮਿਥਿਆ ਕਰਿ = ਇਹ ਆਖ ਆਖ ਕੇ ਭੀ ਕਿ ਸਭ ਕੁਝ ਨਾਸਵੰਤ ਹੈ। ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ, ਸੂਝ-ਬੂਝ ਮੁਕਾ ਦੇਣ ਵਾਲੀ ਬੂਟੀ। ਸੰਗਿ = (ਆਪਣੇ) ਨਾਲ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਨਿਆ = ਕੁਰਾਹੇ ਪਿਆ ਰਹਿੰਦਾ ਹੈ।2। ਕੂੜੁ = ਝੂਠ। ਮੋਹਿ = ਮੋਹ ਵਿਚ। ਮੂਠਾ ਹੈ– ਠੱਗਿਆ ਜਾ ਰਿਹਾ ਹੈ। ਮੂੜੁ = ਮੂਰਖ ਮਨੁੱਖ {ਇਕ-ਵਚਨ}। ਅੰਤਰਿ = ਅੰਦਰ। ਦਿਸੰਤਰਿ = ਦੇਸ ਅੰਤਰਿ, ਹੋਰ ਦੇਸ਼ ਵਿਚ, ਬਾਹਰ।3। ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪਰਮਾਤਮਾ ਦੀ ਮਿਹਰ (ਦਾ ਲੇਖ) । ਲਿਲਾਟ = ਮੱਥੇ (ਉਤੇ) । ਸੇਵੇ = ਸਰਨ ਪੈਂਦਾ ਹੈ। ਕਪਾਟ = ਕਵਾੜ, ਬੰਦ ਹੋਏ ਹੋਏ ਭਿੱਤ। ਸੋਇ = ਉਹ (ਪਰਮਾਤਮਾ) ਹੀ। ਜਨ ਨਾਨਕ = ਹੇ ਦਾਸ ਨਾਨਕ! ਕੋਇ = (ਪਰਮਾਤਮਾ ਤੋਂ ਬਿਨਾ) ਕੋਈ (ਹੋਰ) ।4। ਅਰਥ: ਹੇ ਭਾਈ! (ਆਖਣ ਨੂੰ ਤਾਂ) ਹਰੇਕ ਪ੍ਰਾਣੀ (ਇਹ) ਆਖ ਦੇਂਦਾ ਹੈ (ਕਿ ਪਰਮਾਤਮਾ ਸਭ ਦੇ) ਨੇੜੇ ਹੈ (ਸਭ ਦੇ) ਨੇੜੇ ਹੈ। ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਡੂੰਘੀ ਗੱਲ ਨੂੰ ਸਮਝਦਾ ਹੈ।1। ਰਹਾਉ। ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ) ਨੇੜੇ (ਵੱਸਦਾ) ਸਮਝਦਾ ਹੈ ਉਹ (ਕਿਸੇ ਨਾਲ ਕੋਈ) ਬੁਰਾਈ ਨਹੀਂ ਕਰ ਸਕਦਾ। ਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ। ਹੇ ਭਾਈ! ਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵੱਸਦਾ ਹੈ, ਪਰ (ਨਿੱਤ ਮਾਇਆ ਜੋੜਨ ਵਾਲਾ ਮਨੁੱਖ) ਇਹ ਭੇਤ ਸਮਝਦਾ ਨਹੀਂ। ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੁਕਾਈ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ।1। ਹੇ ਭਾਈ! (ਉਹੀ ਮਨੁੱਖ) ਪਰਾਏ ਘਰ ਵਿਚ (ਚੋਰੀ ਦੀ ਨੀਅਤ ਨਾਲ) ਜਾਂਦਾ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਨਹੀਂ ਵੇਖਦਾ। ਉਹ ਮਨੁੱਖ ਪਰਾਇਆ ਧਨ ਚੁਰਾਂਦਾ ਹੈ, ਤੇ, ਧਨ ਨੂੰ ਨਾਸਵੰਤ ਆਖ ਆਖ ਕੇ ਭੀ ਪਰਾਇਆ ਮਾਲ ਖਾਈ ਜਾਂਦਾ ਹੈ। ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ, ਮਾਇਆ-ਠਗਬੂਟੀ ਉਸ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ, (ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ) ਨਾਲ ਵੱਸਦਾ ਨਹੀਂ ਸਮਝਦਾ।2। ਹੇ ਭਾਈ! (ਉਹੀ ਮਨੁੱਖ) ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਨਹੀਂ ਸਮਝਦਾ, ਉਹ ਮੂਰਖ ਮਾਇਆ ਦੇ ਮੋਹ ਵਿਚ ਫਸ ਕੇ (ਆਪਣੀ ਆਤਮਕ ਰਾਜ-ਪੂੰਜੀ) ਲੁਟਾਈ ਜਾਂਦਾ ਹੈ। ਪਰਮਾਤਮਾ ਦਾ ਨਾਮ-ਧਨ ਉਸ ਦੇ ਹਿਰਦੇ ਵਿਚ ਵੱਸਦਾ ਹੈ, ਪਰ ਉਹ (ਨਿਰੀ ਮਾਇਆ ਦੀ ਖ਼ਾਤਰ ਹੀ) ਬਾਹਰ ਭਟਕਦਾ ਫਿਰਦਾ ਹੈ। ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਜਗਤ) ਭਟਕਣਾ ਦੇ ਕਾਰਨ ਕੁਰਾਹੇ ਪਿਆ ਰਹਿੰਦਾ ਹੈ।3। ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਲਾਟ ਉਤੇ (ਪਰਮਾਤਮਾ ਦੀ) ਬਖ਼ਸ਼ਸ਼ (ਦਾ ਲੇਖ) ਲਿਖਿਆ ਉੱਘੜ ਪੈਂਦਾ ਹੈ, ਉਹ ਗੁਰੂ ਦੀ ਸਰਨ ਆ ਪੈਂਦਾ ਹੈ, ਉਸ ਦੇ ਮਨ ਵਿਚ ਕਿਵਾੜ ਖੁਲ੍ਹ ਜਾਂਦੇ ਹਨ। ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, (ਉਸ ਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ) ਕੋਈ ਨਾਹ ਜੰਮਦਾ ਹੈ ਨਾਹ ਮਰਦਾ ਹੈ।4।3। 16। ਭੈਰਉ ਮਹਲਾ ੫ ॥ ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥ ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥ ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥ ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥ ਰਾਖਹੁ ਰਾਖਹੁ ਕਿਰਪਾ ਧਾਰਿ ॥ ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥ ਜਿਨਿ ਸੇਵਿਆ ਨਿਰਭਉ ਸੁਖਦਾਤਾ ॥ ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥ ਜੋ ਤੂ ਕਰਹਿ ਸੋਈ ਫੁਨਿ ਹੋਇ ॥ ਮਾਰੈ ਨ ਰਾਖੈ ਦੂਜਾ ਕੋਇ ॥੨॥ ਕਿਆ ਤੂ ਸੋਚਹਿ ਮਾਣਸ ਬਾਣਿ ॥ ਅੰਤਰਜਾਮੀ ਪੁਰਖੁ ਸੁਜਾਣੁ ॥ ਏਕ ਟੇਕ ਏਕੋ ਆਧਾਰੁ ॥ ਸਭ ਕਿਛੁ ਜਾਣੈ ਸਿਰਜਣਹਾਰੁ ॥੩॥ ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥ ਤਿਸੁ ਜਨ ਕੇ ਸਭਿ ਕਾਜ ਸਵਾਰਿ ॥ ਤਿਸ ਕਾ ਰਾਖਾ ਏਕੋ ਸੋਇ ॥ ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥ {ਪੰਨਾ 1139} ਪਦ ਅਰਥ: ਸੰਸਾਰੈ = ਸੰਸਾਰ ਵਿਚ। ਕੋਟਿ = ਕ੍ਰੋੜਾਂ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਚੋਜ ਵਿਡਾਣੀ = ਅਸਚਰਜ ਚੋਜਾਂ ਵਾਲਾ।1। ਧਾਰਿ = ਧਾਰ ਕੇ, ਕਰ ਕੇ। ਦਰਵਾਰਿ = ਦਰ ਦੇ ਬੂਹੇ ਤੇ, ਦਰ ਤੇ।1। ਰਹਾਉ। ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ (ਮਨੁੱਖ) ਨੇ। ਏਕੁ ਪਰਾਤਾ = ਇੱਕ ਪਰਮਾਤਮਾ ਨੂੰ ਪਛਾਣਿਆ। ਫੁਨਿ = ਮੁੜ।2। ਬਾਣਿ = ਆਦਤ। ਸੁਜਾਣੁ = ਸਿਆਣਾ। ਆਧਾਰੁ = ਆਸਰਾ।3। ਸਭਿ = ਸਾਰੇ। ਸਵਾਰਿ = ਸਵਾਰੇ, ਸਵਾਰਦਾ ਹੈ। ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।4। ਅਰਥ: ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ।1। ਰਹਾਉ। ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ, (ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ। ਹੇ ਭਾਈ! ਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ, ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ।1। ਹੇ ਭਾਈ! ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ, ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ। ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ। (ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ।2। ਹੇ ਭਾਈ! (ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ? ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ। (ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ। ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ।3। ਹੇ ਭਾਈ! ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ। ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ। ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ।4। 4। 17। |
Sri Guru Granth Darpan, by Professor Sahib Singh |