ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1140

ਭੈਰਉ ਮਹਲਾ ੫ ॥ ਤਉ ਕੜੀਐ ਜੇ ਹੋਵੈ ਬਾਹਰਿ ॥ ਤਉ ਕੜੀਐ ਜੇ ਵਿਸਰੈ ਨਰਹਰਿ ॥ ਤਉ ਕੜੀਐ ਜੇ ਦੂਜਾ ਭਾਏ ॥ ਕਿਆ ਕੜੀਐ ਜਾਂ ਰਹਿਆ ਸਮਾਏ ॥੧॥ ਮਾਇਆ ਮੋਹਿ ਕੜੇ ਕੜਿ ਪਚਿਆ ॥ ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥ ਤਉ ਕੜੀਐ ਜੇ ਦੂਜਾ ਕਰਤਾ ॥ ਤਉ ਕੜੀਐ ਜੇ ਅਨਿਆਇ ਕੋ ਮਰਤਾ ॥ ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥ ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥ ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥ ਤਉ ਕੜੀਐ ਜੇ ਭੂਲਿ ਰੰਞਾਣੈ ॥ ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥ ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥ ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥ ਜਿਉ ਭਾਵੈ ਤਿਉ ਕਰਹਿ ਨਿਬੇਰਾ ॥ ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥ ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥ {ਪੰਨਾ 1140}

ਪਦ ਅਰਥ: ਤਉ = ਤਦੋਂ, ਤਾਂ ਹੀ। ਕੜੀਐ = ਚਿੰਤਾ ਕਰੀਦੀ ਹੈ, ਖਿੱਝੀਦਾ ਹੈ। ਵਿਸਰੈ = ਭੁੱਲ ਜਾਂਦਾ ਹੈ। ਨਰਹਰਿ = ਪਰਮਾਤਮਾ। ਭਾਏ = ਚੰਗਾ ਲੱਗਦਾ ਹੈ। ਕਿਆ ਕੜੀਐ = ਝੂਰਨ ਦੀ ਲੋੜ ਨਹੀਂ ਪੈਂਦੀ। ਜਾਂ = ਜਦੋਂ।1।

ਮੋਹਿ = ਮੋਹ ਵਿਚ (ਫਸ ਕੇ) । ਕੜੇ ਕੜਿ = ਕੜਿ ਕੜਿ, ਖਿੱਝ ਖਿੱਝ ਕੇ। ਪਚਿਆ = ਸੜ ਮਰਦਾ ਹੈ। ਭ੍ਰਮਿ = ਭਟਕ ਕੇ। ਖਪਿਆ = ਦੁਖੀ ਹੁੰਦਾ ਹੈ।1। ਰਹਾਉ।

ਅਨਿਆਇ = ਅ-ਨਿਆਇ, ਨਿਆਂ ਦੇ ਉਲਟ, ਪਰਮਾਤਮਾ ਦੇ ਹੁਕਮ ਤੋਂ ਬਾਹਰਾ। ਕੋ = ਕੋਈ ਜੀਵ। ਭਰਪੂਰਿ = ਹਰ ਥਾਂ, ਨਕਾ-ਨਕ। ਸਮਾਹੀ = (ਹੇ ਪ੍ਰਭੂ!) ਤੂੰ ਵਿਆਪਕ ਹੈਂ।2।

ਧਿਙਾਣੈ = ਬਦੋ ਬਦੀ, ਪਰਮਾਤਮਾ ਤੋਂ ਬੇ-ਵਸਾ। ਭੂਲਿ = ਭੁੱਲ ਕੇ, ਭੁਲੇਖੇ ਨਾਲ। ਰੰਞਾਣੈ = ਦੁਖੀ ਕਰਦਾ ਹੈ। ਗੁਰਿ = ਗੁਰੂ ਨੇ। ਪ੍ਰਭ ਤੇ = ਪ੍ਰਭੂ ਤੋਂ, ਪ੍ਰਭੂ ਦੇ ਹੁਕਮ ਨਾਲ। ਕਾੜਾ = ਖਿੱਝ, ਚਿੰਤਾ। ਛੋਡਿ = ਛੱਡ ਕੇ। ਅਚਿੰਤ = ਬੇ-ਫ਼ਿਕਰ। ਸੋਤੇ = ਸੌਂਦੇ ਹਾਂ, ਰਹਿੰਦੇ ਹਾਂ।3।

ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਸਭੁ ਕੋ = ਹਰੇਕ ਜੀਵ। ਕਰਹਿ = ਤੂੰ ਕਰਦਾ ਹੈਂ। ਨਿਬੇਰਾ = ਫ਼ੈਸਲਾ। ਦੁਤੀਆ = ਦੂਜਾ, ਤੈਥੋਂ ਬਿਨਾ ਕੋਈ ਹੋਰ। ਨਾਸਤਿ = ਨ ਅਸਤਿ, ਨਹੀਂ ਹੈ {AiÔq}। ਪੈਜ = ਲਾਜ, ਇੱਜ਼ਤ।4।

ਅਰਥ: ਹੇ ਭਾਈ! ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਖਿੱਝ ਖਿੱਝ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੀ ਖ਼ਾਤਰ) ਭਟਕ ਕੇ ਭਟਕ ਕੇ ਭਟਕ ਕੇ ਖ਼ੁਆਰ ਹੁੰਦਾ ਰਹਿੰਦਾ ਹੈ।1। ਰਹਾਉ।

ਹੇ ਭਾਈ! ਜੇ (ਜੀਵ ਨੂੰ ਇਹ ਖ਼ਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ) ਕਿਤੇ ਦੂਰ ਹੈ, ਤਦੋਂ (ਹਰ ਗੱਲੇ) ਚਿੰਤਾ ਕਰੀਦੀ ਹੈ। ਤਦੋਂ ਭੀ ਝੁਰਦੇ ਰਹੀਦਾ ਹੈ ਜੇ ਪਰਮਾਤਮਾ (ਸਾਡੇ ਮਨੋਂ) ਭੁੱਲ ਜਾਏ। ਜਦੋਂ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਦਾਰਥ (ਪਰਮਾਤਮਾ ਨਾਲੋਂ ਵਧੀਕ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਭੀ) ਝੁਰਦੇ ਰਹੀਦਾ ਹੈ। ਪਰ ਜਦੋਂ (ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ) ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ-ਝੋਰਾ ਮਿਟ ਜਾਂਦਾ ਹੈ।1।

ਹੇ ਭਾਈ! ਜੇ (ਇਹ ਖ਼ਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ) ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ-ਫ਼ਿਕਰ ਵਿਚ ਫਸੇ ਰਹੀਦਾ ਹੈ। ਤਦੋਂ ਭੀ ਝੂਰੀਦਾ ਹੈ ਜੇ ਇਹ ਖ਼ਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਮਰ ਸਕਦਾ ਹੈ। ਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ, ਤਾਂ ਭੀ ਝੁਰਦੇ ਰਹੀਦਾ ਹੈ। ਪਰ, ਹੇ ਪ੍ਰਭੂ! ਤੂੰ ਤਾਂ ਹਰ ਥਾਂ ਮੌਜੂਦ ਹੈਂ, ਫਿਰ ਅਸੀਂ ਚਿੰਤਾ-ਫ਼ਿਕਰ ਕਿਉਂ ਕਰੀਏ?।2।

ਹੇ ਭਾਈ! ਕੁਝ ਭੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ, ਕਿਸੇ ਨੂੰ ਭੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਹੇ ਭਾਈ! ਗੁਰੂ ਨੇ ਇਹ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ। ਇਸ ਵਾਸਤੇ ਅਸੀਂ ਤਾਂ ਚਿੰਤਾ-ਫ਼ਿਕਰ ਛੱਡ ਕੇ (ਉਸ ਦੀ ਰਜ਼ਾ ਵਿਚ) ਬੇ-ਫ਼ਿਕਰ ਟਿਕੇ ਹੋਏ ਹਾਂ।3।

ਹੇ ਪ੍ਰਭੂ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ। ਜਿਵੇਂ ਤੇਰੀ ਰਜ਼ਾ ਹੁੰਦੀ ਹੈ, ਤੂੰ (ਜੀਵਾਂ ਦੀ ਕਿਸਮਤ ਦਾ) ਫ਼ੈਸਲਾ ਕਰਦਾ ਹੈਂ। ਹੇ ਪ੍ਰਭੂ! ਤੈਥੋਂ ਬਿਨਾ (ਤੇਰੇ ਬਰਾਬਰ ਦਾ) ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈਂ। ਹੇ ਨਾਨਕ! (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ, ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ।4।5। 18।

ਭੈਰਉ ਮਹਲਾ ੫ ॥ ਬਿਨੁ ਬਾਜੇ ਕੈਸੋ ਨਿਰਤਿਕਾਰੀ ॥ ਬਿਨੁ ਕੰਠੈ ਕੈਸੇ ਗਾਵਨਹਾਰੀ ॥ ਜੀਲ ਬਿਨਾ ਕੈਸੇ ਬਜੈ ਰਬਾਬ ॥ ਨਾਮ ਬਿਨਾ ਬਿਰਥੇ ਸਭਿ ਕਾਜ ॥੧॥ ਨਾਮ ਬਿਨਾ ਕਹਹੁ ਕੋ ਤਰਿਆ ॥ ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥ ਬਿਨੁ ਜਿਹਵਾ ਕਹਾ ਕੋ ਬਕਤਾ ॥ ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥ ਬਿਨੁ ਨੇਤ੍ਰਾ ਕਹਾ ਕੋ ਪੇਖੈ ॥ ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥ ਬਿਨੁ ਬਿਦਿਆ ਕਹਾ ਕੋਈ ਪੰਡਿਤ ॥ ਬਿਨੁ ਅਮਰੈ ਕੈਸੇ ਰਾਜ ਮੰਡਿਤ ॥ ਬਿਨੁ ਬੂਝੇ ਕਹਾ ਮਨੁ ਠਹਰਾਨਾ ॥ ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥ ਬਿਨੁ ਬੈਰਾਗ ਕਹਾ ਬੈਰਾਗੀ ॥ ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥ ਬਿਨੁ ਬਸਿ ਪੰਚ ਕਹਾ ਮਨ ਚੂਰੇ ॥ ਨਾਮ ਬਿਨਾ ਸਦ ਸਦ ਹੀ ਝੂਰੇ ॥੪॥ ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ ਬਿਨੁ ਪੇਖੇ ਕਹੁ ਕੈਸੋ ਧਿਆਨੁ ॥ ਬਿਨੁ ਭੈ ਕਥਨੀ ਸਰਬ ਬਿਕਾਰ ॥ ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥ {ਪੰਨਾ 1140}

ਪਦ ਅਰਥ: ਕੈਸੇ = ਕਿਹੋ ਜਿਹਾ? ਫਬਦਾ ਨਹੀਂ। ਨਿਰਤਿਕਾਰੀ = ਨਾਚ। ਕੰਠ = ਗਲਾ। ਜੀਲ = ਤੰਦੀ। ਸਭਿ = ਸਾਰੇ।1।

ਕਹਹੁ = ਦੱਸੋ। ਕੋ = ਕੌਣ? ਕੈਸੇ = ਕਿਵੇਂ?।1। ਰਹਾਉ।

ਜਿਹਵਾ = ਜੀਭ। ਕਹਾ = ਕਹਾਂ? ਕਿੱਥੇ? ਕੋ = ਕੋਈ। ਬਕਤਾ = ਬੋਲਣ-ਜੋਗਾ। ਸ੍ਰਵਨ = ਕੰਨ। ਪੇਖੈ = ਵੇਖ ਸਕਦਾ ਹੈ। ਕਹੀ ਨ ਲੇਖੈ = ਕਿਤੇ ਭੀ ਲੇਖੇ ਵਿਚ ਨਹੀਂ, ਕਿਤੇ ਭੀ ਇੱਜ਼ਤ ਨਹੀਂ ਪਾ ਸਕਦਾ!।2।

ਅਮਰ = ਹੁਕਮ। ਰਾਜ ਮੰਡਿਤ = ਰਾਜ ਦੀ ਸਜਾਵਟ। ਠਹਰਾਨਾ = ਟਿਕ ਸਕਦਾ ਹੈ। ਬਉਰਾਨਾ = ਝੱਲਾ।3।

ਬੈਰਾਗੁ = ਉਪਰਾਮਤਾ, ਨਿਰਮੋਹਤਾ। ਹਉ = ਹਉਮੈ। ਬਸਿ = ਵੱਸ ਵਿਚ। ਪੰਚ = ਕਾਮਾਦਿਕ ਪੰਜੇ। ਚੂਰੇ = ਮਾਰਿਆ ਜਾ ਸਕੇ। ਸਦ = ਸਦਾ।4।

ਦੀਖਿਆ = ਉਪਦੇਸ਼। ਗਿਆਨੁ = ਆਤਮਕ ਜੀਵਨ ਦੀ ਸੂਝ। ਬਿਨੁ ਪੇਖੇ = ਵੇਖਣ ਤੋਂ ਬਿਨਾ। ਕਹੁ = ਦੱਸੋ। ਕੈਸੋ = ਕਿਹੋ ਜਿਹਾ? ਬਿਨੁ ਭੈ = ਡਰ-ਅਦਬ ਤੋਂ ਬਿਨਾ। ਕਥਨੀ ਸਰਬ = ਸਾਰੀ ਕਹਣੀ। ਵਿਕਾਰ = ਵਿਕਾਰਾਂ ਦਾ ਮੂਲ। ਨਾਨਕ = ਹੇ ਨਾਨਕ!।5।

ਅਰਥ: ਹੇ ਭਾਈ! ਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ? ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ?।1। ਰਹਾਉ।

ਹੇ ਭਾਈ! (ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ। ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ। ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ। (ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ।1।

ਹੇ ਭਾਈ! ਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ, ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ। ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ। (ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ।2।

ਹੇ ਭਾਈ! ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ। (ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ। (ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ।3।

ਹੇ ਭਾਈ! ਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ? ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ। ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ।4।

ਹੇ ਭਾਈ! ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ। ਹੇ ਭਾਈ! ਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ? ਹੇ ਭਾਈ! ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ। ਹੇ ਨਾਨਕ! ਆਖ– ਹੇ ਭਾਈ! ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ।5।6। 19।

ਭੈਰਉ ਮਹਲਾ ੫ ॥ ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮ ਰੋਗਿ ਮੈਗਲੁ ਬਸਿ ਲੀਨਾ ॥ ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ ਨਾਦ ਰੋਗਿ ਖਪਿ ਗਏ ਕੁਰੰਗਾ ॥੧॥ ਜੋ ਜੋ ਦੀਸੈ ਸੋ ਸੋ ਰੋਗੀ ॥ ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥ ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ ਬਾਸਨ ਰੋਗਿ ਭਵਰੁ ਬਿਨਸਾਨੋ ॥ ਹੇਤ ਰੋਗ ਕਾ ਸਗਲ ਸੰਸਾਰਾ ॥ ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥ ਰੋਗੇ ਮਰਤਾ ਰੋਗੇ ਜਨਮੈ ॥ ਰੋਗੇ ਫਿਰਿ ਫਿਰਿ ਜੋਨੀ ਭਰਮੈ ॥ ਰੋਗ ਬੰਧ ਰਹਨੁ ਰਤੀ ਨ ਪਾਵੈ ॥ ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥ ਪਾਰਬ੍ਰਹਮਿ ਜਿਸੁ ਕੀਨੀ ਦਇਆ ॥ ਬਾਹ ਪਕੜਿ ਰੋਗਹੁ ਕਢਿ ਲਇਆ ॥ ਤੂਟੇ ਬੰਧਨ ਸਾਧਸੰਗੁ ਪਾਇਆ ॥ ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥ {ਪੰਨਾ 1140-1141}

ਪਦ ਅਰਥ: ਕਉ = ਨੂੰ। ਰੋਗਿ = ਰੋਗ ਨੇ। ਮੈਗਲੁ = ਹਾਥੀ। ਬਸਿ = ਵੱਸ ਵਿਚ। ਰੋਗਿ = ਰੋਗ ਵਿਚ। ਪਚਿ ਮੁਏ = ਸੜ ਮੁਏ। ਦ੍ਰਿਸਟਿ ਰੋਗਿ = ਵੇਖਣ ਦੇ ਰੋਗ ਵਿਚ। ਨਾਦ = (ਘੰਡੇ ਹੇੜੇ ਦੀ) ਆਵਾਜ਼ (ਹਿਰਨਾਂ ਨੂੰ ਫੜਨ ਲਈ ਮੜ੍ਹੇ ਹੋਏ ਘੜੇ ਦੀ) ਆਵਾਜ਼। ਕੁਰੰਗਾ = ਹਿਰਨ।1।

ਜੋਗੀ = (ਪ੍ਰਭੂ ਵਿਚ) ਜੁੜਿਆ ਹੋਇਆ।1। ਰਹਾਉ।

ਮੀਨੁ = ਮੱਛ {ਪੁਲਿੰਗ}। ਗ੍ਰਸਿਆਨੋ = ਪਕੜਿਆ ਹੋਇਆ। ਬਾਸਨ = ਸੁਗੰਧੀ। ਹੇਤ = ਮੋਹ। ਤ੍ਰਿਬਿਧਿ ਰੋਗ ਮਹਿ = ਤ੍ਰਿਗੁਣੀ ਮਾਇਆ ਦੇ ਮੋਹ ਵਿਚ। ਬਧੇ = ਬੱਝੇ ਹੋਏ। ਬਿਕਾਰਾ = ਵਿਕਾਰ, ਐਬ।2।

ਰੋਗੇ = ਰੋਗ ਵਿਚ ਹੀ। ਫਿਰਿ ਫਿਰਿ = ਮੁੜ ਮੁੜ। ਭਰਮੈ = ਭਟਕਦਾ ਹੈ। ਬੰਧੁ = ਬੰਧਨ। ਰਹਨੁ = ਭਟਕਣਾ ਤੋਂ ਖ਼ਲਾਸੀ, ਸ਼ਾਂਤੀ, ਟਿਕਾਉ। ਰਤੀ = ਰਤਾ ਭਰ ਭੀ। ਕਤਹਿ = ਕਿਸੇ ਤਰ੍ਹਾਂ ਭੀ।3।

ਪਾਰਬ੍ਰਹਮਿ = ਪਾਰਬ੍ਰਹਮ ਨੇ। ਪਕੜਿ = ਫੜ ਕੇ। ਰੋਗਹੁ = ਰੋਗ ਤੋਂ। ਗੁਰਿ = ਗੁਰੂ ਨੇ।4।

ਅਰਥ: ਹੇ ਭਾਈ! ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ। (ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ।1। ਰਹਾਉ।

ਹੇ ਭਾਈ! (ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ, ਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। (ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ (ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ। (ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ ਖ਼ੁਆਰ ਹੁੰਦੇ ਹਨ।1।

ਹੇ ਭਾਈ! ਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ, ਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ। ਹੇ ਭਾਈ! ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ, ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿਚ ਬੱਝੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ।2।

ਹੇ ਭਾਈ! (ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ ਕਿਸੇ ਆਤਮਕ) ਰੋਗ ਵਿਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ, ਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ, ਰੋਗ ਦੇ ਬੰਧਨਾਂ ਦੇ ਕਾਰਨ (ਜੂਨਾਂ ਵਿਚ) ਭਟਕਣ ਤੋਂ ਰਤਾ ਭਰ ਭੀ ਖ਼ਲਾਸੀ ਨਹੀਂ ਪਾ ਸਕਦਾ। ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਇਹ) ਰੋਗ ਕਿਸੇ ਤਰ੍ਹਾਂ ਭੀ ਦੂਰ ਨਹੀਂ ਹੁੰਦਾ।3।

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ, ਉਸ ਨੂੰ ਉਸ ਨੇ ਬਾਂਹ ਫੜ ਕੇ ਰੋਗ ਵਿਚੋਂ ਬਚਾ ਲਿਆ। ਜਦੋਂ ਉਸ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ, ਉਸ ਦੇ (ਆਤਮਕ ਰੋਗਾਂ ਦੇ ਸਾਰੇ) ਬੰਧਨ ਟੁੱਟ ਗਏ। ਹੇ ਨਾਨਕ! ਆਖ– (ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ,) ਗੁਰੂ ਨੇ (ਉਸ ਦਾ) ਰੋਗ ਮਿਟਾ ਦਿੱਤਾ।4।7। 20।

TOP OF PAGE

Sri Guru Granth Darpan, by Professor Sahib Singh