ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1141

ਭੈਰਉ ਮਹਲਾ ੫ ॥ ਚੀਤਿ ਆਵੈ ਤਾਂ ਮਹਾ ਅਨੰਦ ॥ ਚੀਤਿ ਆਵੈ ਤਾਂ ਸਭਿ ਦੁਖ ਭੰਜ ॥ ਚੀਤਿ ਆਵੈ ਤਾਂ ਸਰਧਾ ਪੂਰੀ ॥ ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥ ਅੰਤਰਿ ਰਾਮ ਰਾਇ ਪ੍ਰਗਟੇ ਆਇ ॥ ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥ ਚੀਤਿ ਆਵੈ ਤਾਂ ਸਰਬ ਕੋ ਰਾਜਾ ॥ ਚੀਤਿ ਆਵੈ ਤਾਂ ਪੂਰੇ ਕਾਜਾ ॥ ਚੀਤਿ ਆਵੈ ਤਾਂ ਰੰਗਿ ਗੁਲਾਲ ॥ ਚੀਤਿ ਆਵੈ ਤਾਂ ਸਦਾ ਨਿਹਾਲ ॥੨॥ ਚੀਤਿ ਆਵੈ ਤਾਂ ਸਦ ਧਨਵੰਤਾ ॥ ਚੀਤਿ ਆਵੈ ਤਾਂ ਸਦ ਨਿਭਰੰਤਾ ॥ ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥ ਚੀਤਿ ਆਵੈ ਤਾਂ ਚੂਕੀ ਕਾਣੇ ॥੩॥ ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥ ਚੀਤਿ ਆਵੈ ਤਾਂ ਸੁੰਨਿ ਸਮਾਇਆ ॥ ਚੀਤਿ ਆਵੈ ਸਦ ਕੀਰਤਨੁ ਕਰਤਾ ॥ ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥ {ਪੰਨਾ 1141}

ਪਦ ਅਰਥ: ਚੀਤਿ = ਚਿੱਤ ਵਿਚ। ਆਵੈ = (ਪਰਮਾਤਮਾ) ਆ ਵੱਸਦਾ ਹੈ। ਸਭਿ = ਸਾਰੇ। ਭੰਜ = ਨਾਸ। ਨ ਝੂਰੀ = ਚਿੰਤਾ ਫ਼ਿਕਰ ਨਹੀਂ ਕਰਦਾ।1।

ਅੰਤਰਿ = (ਜਿਸ ਮਨੁੱਖ ਦੇ) ਹਿਰਦੇ ਵਿਚ। ਰਾਮਰਾਇ = ਪ੍ਰਭੂ-ਪਾਤਿਸ਼ਾਹ। ਆਇ = ਆ ਕੇ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ।1। ਰਹਾਉ।

ਕੋ = ਦਾ। ਪੂਰੇ = ਸਿਰੇ ਚੜ੍ਹ ਜਾਂਦੇ ਹਨ। ਰੰਗਿ = ਰੰਗ ਵਿਚ। ਨਿਹਾਲ = ਪ੍ਰਸੰਨ, ਖਿੜੇ-ਮੱਥੇ।2।

ਸਦ = ਸਦਾ। ਨਿਭਰੰਤਾ = ਭ੍ਰਾਂਤੀ ਤੋਂ ਬਿਨਾ, ਭਟਕਣਾ ਤੋਂ ਬਚ ਜਾਂਦਾ ਹੈ। ਚੂਕੀ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ।3।

ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ। ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ, ਅਫੁਰ ਅਵਸਥਾ ਵਿਚ। ਕੀਰਤਨੁ = ਸਿਫ਼ਤਿ-ਸਾਲਾਹ। ਮਾਨਿਆ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ।4।

ਅਰਥ: ਹੇ ਭਾਈ! ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ, ਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ।1। ਰਹਾਉ।

ਹੇ ਭਾਈ! (ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ, ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ, ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ।1।

ਹੇ ਭਾਈ! (ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ, ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ, ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ।2।

ਹੇ ਭਾਈ! (ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ, ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ, ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ, ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ।3।

ਹੇ ਭਾਈ! (ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ, ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ, ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ, ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ।4।8। 21।

ਭੈਰਉ ਮਹਲਾ ੫ ॥ ਬਾਪੁ ਹਮਾਰਾ ਸਦ ਚਰੰਜੀਵੀ ॥ ਭਾਈ ਹਮਾਰੇ ਸਦ ਹੀ ਜੀਵੀ ॥ ਮੀਤ ਹਮਾਰੇ ਸਦਾ ਅਬਿਨਾਸੀ ॥ ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥ ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥ ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥ ਮੰਦਰ ਮੇਰੇ ਸਭ ਤੇ ਊਚੇ ॥ ਦੇਸ ਮੇਰੇ ਬੇਅੰਤ ਅਪੂਛੇ ॥ ਰਾਜੁ ਹਮਾਰਾ ਸਦ ਹੀ ਨਿਹਚਲੁ ॥ ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥ ਸੋਭਾ ਮੇਰੀ ਸਭ ਜੁਗ ਅੰਤਰਿ ॥ ਬਾਜ ਹਮਾਰੀ ਥਾਨ ਥਨੰਤਰਿ ॥ ਕੀਰਤਿ ਹਮਰੀ ਘਰਿ ਘਰਿ ਹੋਈ ॥ ਭਗਤਿ ਹਮਾਰੀ ਸਭਨੀ ਲੋਈ ॥੩॥ ਪਿਤਾ ਹਮਾਰੇ ਪ੍ਰਗਟੇ ਮਾਝ ॥ ਪਿਤਾ ਪੂਤ ਰਲਿ ਕੀਨੀ ਸਾਂਝ ॥ ਕਹੁ ਨਾਨਕ ਜਉ ਪਿਤਾ ਪਤੀਨੇ ॥ ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥ {ਪੰਨਾ 1141}

ਪਦ ਅਰਥ: ਬਾਪੁ = ਪਿਤਾ, ਪ੍ਰਭੂ-ਪਿਤਾ। ਸਦ = ਸਦਾ। ਸਦ ਚਰੰਜੀਵੀ = ਸਦਾ ਚਿਰੰਜੀਵੀ, ਸਦਾ ਹੀ ਕਾਇਮ ਰਹਿਣ ਵਾਲਾ। ਭਾਈ = ਸਤਸੰਗੀ, ਆਤਮਕ ਜੀਵਨ ਦੀ ਸਾਂਝ ਰੱਖਣ ਵਾਲੇ। ਜੀਵੀ = ਆਤਮਕ ਜੀਵਨ ਵਾਲੇ। ਅਬਿਨਾਸੀ = ਅਟੱਲ ਆਤਮਕ ਜੀਵਨ ਵਾਲੇ। ਕੁਟੰਬੁ = ਪਰਵਾਰ, ਇੰਦ੍ਰੀਆਂ, ਬ੍ਰਿਤੀਆਂ। ਨਿਜ ਘਰਿ = ਆਪਣੇ (ਅਸਲ) ਘਰ ਵਿਚ, ਪ੍ਰਭੂ-ਚਰਨਾਂ ਵਿਚ। ਵਾਸੀ = ਵੱਸਣ ਵਾਲਾ, ਟਿਕੇ ਰਹਿਣ ਵਾਲਾ।1।

ਹਮ = ਅਸਾਂ। ਸੁਖੁ = ਆਤਮਕ ਆਨੰਦ। ਸਭਹਿ = ਸਾਰੇ (ਭਾਈ, ਮੀਤ, ਕੁਟੰਬ) । ਸੁਹੇਲੇ = ਸੁਖੀ। ਗੁਰਿ ਪੂਰੈ = ਪੂਰੇ ਗੁਰੂ ਨੇ। ਸੰਗਿ = ਨਾਲ। ਮੇਲੇ = ਮਿਲਾ ਦਿੱਤਾ।1। ਰਹਾਉ।

ਮੰਦਰ ਮੇਰੇ = ਮੇਰੇ ਘਰ, ਮੇਰੀ ਜਿੰਦ ਦੇ ਟਿਕੇ ਰਹਿਣ ਵਾਲੇ ਆਤਮਕ ਅਸਥਾਨ, ਉਹ ਅਵਸਥਾ ਜਿੱਥੇ ਮੇਰੀ ਜਿੰਦ ਟਿਕੀ ਰਹਿੰਦੀ ਹੈ। ਤੇ = ਤੋਂ। ਦੇਸ ਮੇਰੇ = ਮੇਰੀ ਜਿੰਦ ਦੇ ਆਤਮਕ ਟਿਕਾਣੇ। ਅਪੂਛੇ = (ਜਮ ਦੀ) ਪੁੱਛ ਤੋਂ ਪਰੇ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਰਾਜੁ = ਹਕੂਮਤ, ਆਪਣੇ ਇੰਦ੍ਰਿਆਂ ਉੱਤੇ ਹਕੂਮਤ। ਮਾਲੁ = ਸਰਮਾਇਆ, ਹਰਿ-ਨਾਮ-ਸਰਮਾਇਆ। ਅਖੂਟੁ = ਕਦੇ ਨਾਹ ਮੁੱਕਣ ਵਾਲਾ। ਅਬੇਚਲੁ = ਅਬਿਚਲੁ, ਸਦਾ ਕਾਇਮ ਰਹਿਣ ਵਾਲਾ।2।

ਸਭ ਜੁਗ ਅੰਤਰਿ = ਸਾਰੇ ਜੁਗਾਂ ਵਿਚ। ਬਾਜ = ਮਸ਼ਹੂਰੀ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ। ਕੀਰਤਿ = ਵਡਿਆਈ। ਘਰਿ ਘਰਿ = ਹਰੇਕ ਘਰ ਵਿਚ। ਭਗਤਿ = ਸੇਵਾ-ਮਾਨਤਾ। ਲੋਈ = ਲੋਕਾਂ ਵਿਚ।3।

ਮਾਝ = (ਸਾਡੇ) ਹਿਰਦੇ ਵਿਚ। ਰਲਿ = ਰਲ ਕੇ, ਮਿਲ ਕੇ। ਸਾਂਝ = ਪਿਆਰ। ਜਉ = ਜਦੋਂ। ਪਤੀਨੇ = (ਪੁੱਤਰ ਉੱਤੇ) ਪ੍ਰਸੰਨ ਹੋ ਗਏ। ਏਕੈ ਰੰਗਿ = ਇਕੋ ਪਿਆਰ ਵਿਚ। ਲੀਨੇ = ਲੀਨ ਹੋ ਗਏ, ਇਕ-ਮਿਕ ਹੋ ਗਏ।4।

ਅਰਥ: ਹੇ ਭਾਈ! ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ, ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ, ਤਦੋਂ (ਮੇਰੇ ਨਾਲ ਸੰਬੰਧ ਰੱਖਣ ਵਾਲੇ ਮੀਤ ਭਾਈ ਸਾਰੇ ਇੰਦ੍ਰੇ = ਇਹ) ਸਾਰੇ ਹੀ (ਆਤਮਕ ਆਨੰਦ ਦੀ ਬਰਕਤਿ ਨਾਲ) ਸੁਖੀ ਹੋ ਗਏ।1। ਰਹਾਉ।

ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿਤਾ, ਤਦੋਂ ਮੈਨੂੰ ਨਿਸ਼ਚਾ ਬਣ ਗਿਆ ਕਿ) ਅਸਾਂ ਜੀਵਾਂ ਦਾ ਪ੍ਰਭੂ-ਪਿਤਾ ਸਦਾ ਕਾਇਮ ਰਹਿਣ ਵਾਲਾ ਹੈ, ਮੇਰੇ ਨਾਲ ਆਤਮਕ ਜੀਵਨ ਦੀ ਸਾਂਝ ਰੱਖਣ ਵਾਲੇ ਭੀ ਸਦਾ ਹੀ ਆਤਮਕ ਜੀਵਨ ਵਾਲੇ ਬਣ ਗਏ, ਮੇਰੇ ਨਾਲ ਹਰਿ-ਨਾਮ-ਸਿਮਰਨ ਦੀ ਪ੍ਰੇਮ ਰੱਖਣ ਵਾਲੇ ਸਦਾ ਲਈ ਅਟੱਲ ਜੀਵਨ ਵਾਲੇ ਹੋ ਗਏ, (ਸਾਰੀਆਂ ਇੰਦ੍ਰੀਆਂ ਦਾ) ਮੇਰਾ ਪਰਵਾਰ ਪ੍ਰਭੂ-ਚਰਨਾਂ ਵਿਚ ਟਿਕੇ ਰਹਿਣ ਵਾਲਾ ਬਣ ਗਿਆ।1।

ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ, ਤਦੋਂ ਮੇਰੀ ਜਿੰਦ ਦੇ ਟਿਕੇ ਰਹਿਣ ਵਾਲੇ) ਟਿਕਾਣੇ ਸਾਰੀਆਂ (ਮਾਇਕ ਪ੍ਰੇਰਨਾ) ਤੋਂ ਉੱਚੇ ਹੋ ਗਏ, ਮੇਰੀ ਜਿੰਦ ਦੇ ਆਤਮਕ ਅਸਥਾਨ ਇਤਨੇ ਉੱਚੇ ਹੋ ਗਏ ਕਿ
ਜਮ-ਰਾਜ ਉੱਥੇ ਕੁਝ ਪੁੱਛਣ-ਜੋਗਾ ਹੀ ਨਾਹ ਰਿਹਾ। ਤਦੋਂ ਮੇਰੀ ਆਪਣੇ ਇੰਦ੍ਰਿਆਂ ਉੱਤੇ ਹਕੂਮਤ ਸਦਾ ਲਈ ਅਟੱਲ ਹੋ ਗਈ, ਤਦੋਂ ਮੇਰੇ ਪਾਸ ਇਤਨਾ ਨਾਮ ਖ਼ਜ਼ਾਨਾ ਇਕੱਠਾ ਹੋ ਗਿਆ, ਜੋ ਮੁੱਕ ਹੀ ਨਾਹ ਸਕੇ, ਜੋ ਸਦਾ ਲਈ ਕਾਇਮ ਰਹੇ।2।

ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ, ਮੈਨੂੰ ਸਮਝ ਆ ਗਈ ਕਿ ਇਹ ਜੋ ਪ੍ਰਭੂ ਦੀ ਸੋਭਾ) ਸਾਰੇ ਜੁਗਾਂ ਵਿਚ ਹੋ ਰਹੀ ਹੈ ਮੇਰੇ ਵਾਸਤੇ ਭੀ ਇਹੀ ਸੋਭਾ ਹੈ (ਇਹ ਜੋ) ਹਰੇਕ ਥਾਂ ਵਿਚ (ਪ੍ਰਭੂ ਦੀ) ਵਡਿਆਈ ਹੋ ਰਹੀ ਹੈ ਮੇਰੇ ਲਈ ਭੀ ਇਹੀ ਵਡਿਆਈ ਹੈ, (ਇਹ ਜੋ) ਹਰੇਕ ਘਰ ਵਿਚ (ਪ੍ਰਭੂ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ, ਮੇਰੇ ਲਈ ਭੀ ਇਹੀ ਹੈ, (ਇਹ ਜੋ) ਸਭਨਾਂ ਲੋਕਾਂ ਵਿਚ (ਪ੍ਰਭੂ ਦੀ) ਭਗਤੀ ਹੋ ਰਹੀ ਹੈ ਮੇਰੇ ਲਈ ਭੀ ਇਹੀ ਹੈ (ਪ੍ਰਭੂ-ਚਰਨਾਂ ਵਿਚ ਮਿਲਾਪ ਦੀ ਬਰਕਤਿ ਨਾਲ ਮੈਨੂੰ ਕਿਸੇ ਸੋਭਾ ਮਸ਼ਹੂਰੀ ਕੀਰਤੀ ਮਾਣ-ਆਦਰ ਦੀ ਵਾਸਨਾ ਨਹੀਂ ਰਹੀ) ।3।

ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ) ਪ੍ਰਭੂ-ਪਿਤਾ ਜੀ ਮੇਰੇ ਹਿਰਦੇ ਵਿਚ ਪਰਗਟ ਹੋ ਪਏ, ਪ੍ਰਭੂ-ਪਿਤਾ ਨੇ ਮੇਰੇ ਨਾਲ ਇਉਂ ਪਿਆਰ ਪਾ ਲਿਆ ਜਿਵੇਂ ਪਿਉ ਆਪਣੇ ਪੁੱਤਰ ਨਾਲ ਪਿਆਰ ਬਣਾਂਦਾ ਹੈ।

ਹੇ ਨਾਨਕ! ਆਖ– ਜਦੋਂ ਪਿਤਾ-ਪ੍ਰਭੂ (ਆਪਣੇ ਕਿਸੇ ਪੁੱਤਰ ਉੱਤੇ) ਦਇਆਵਾਨ ਹੁੰਦਾ ਹੈ, ਤਦੋਂ ਪ੍ਰਭੂ-ਪਿਤਾ ਤੇ ਜੀਵ-ਪੁੱਤਰ ਇੱਕੋ ਪਿਆਰ ਵਿਚ ਇਕ-ਮਿਕ ਹੋ ਜਾਂਦੇ ਹਨ।4।9। 22।

ਭੈਰਉ ਮਹਲਾ ੫ ॥ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥ ਹਮ ਅਪਰਾਧੀ ਤੁਮ੍ਹ੍ਹ ਬਖਸਾਤੇ ॥ ਜਿਸੁ ਪਾਪੀ ਕਉ ਮਿਲੈ ਨ ਢੋਈ ॥ ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥ ਸੁਖੁ ਪਾਇਆ ਸਤਿਗੁਰੂ ਮਨਾਇ ॥ ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥ ਪਾਰਬ੍ਰਹਮ ਸਤਿਗੁਰ ਆਦੇਸੁ ॥ ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥ ਚੂਕਾ ਪੜਦਾ ਤਾਂ ਨਦਰੀ ਆਇਆ ॥ ਖਸਮੁ ਤੂਹੈ ਸਭਨਾ ਕੇ ਰਾਇਆ ॥੨॥ ਤਿਸੁ ਭਾਣਾ ਸੂਕੇ ਕਾਸਟ ਹਰਿਆ ॥ ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥ ਤਿਸੁ ਭਾਣਾ ਤਾਂ ਸਭਿ ਫਲ ਪਾਏ ॥ ਚਿੰਤ ਗਈ ਲਗਿ ਸਤਿਗੁਰ ਪਾਏ ॥੩॥ ਹਰਾਮਖੋਰ ਨਿਰਗੁਣ ਕਉ ਤੂਠਾ ॥ ਮਨੁ ਤਨੁ ਸੀਤਲੁ ਮਨਿ ਅੰਮ੍ਰਿਤੁ ਵੂਠਾ ॥ ਪਾਰਬ੍ਰਹਮ ਗੁਰ ਭਏ ਦਇਆਲਾ ॥ ਨਾਨਕ ਦਾਸ ਦੇਖਿ ਭਏ ਨਿਹਾਲਾ ॥੪॥੧੦॥੨੩॥ {ਪੰਨਾ 1141}

ਪਦ ਅਰਥ: ਨਿਰਵੈਰ = ਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ! ਦਾਤੇ = ਹੇ ਦਾਤਾਰ! ਬਖਸਾਤੇ = ਬਖ਼ਸ਼ਣ ਵਾਲੇ। ਕਉ = ਨੂੰ। ਢੋਈ = ਆਸਰਾ। ਨਿਰਮਲੁ = ਪਵਿੱਤਰ।1।

ਮਨਾਇ = ਮਨਾ ਕੇ, ਪ੍ਰਸੰਨ ਕਰ ਕੇ। ਪਾਏ = ਹਾਸਲ ਕਰ ਲਏ।1। ਰਹਾਉ।

ਪਾਰਬ੍ਰਹਮ = ਹੇ ਪਾਰਬ੍ਰਹਮ! ਆਦੇਸੁ = ਨਮਸਕਾਰ। ਚੂਕਾ = ਮੁੱਕ ਗਿਆ। ਪੜਦਾ = ਮਾਇਆ ਦੇ ਮੋਹ ਵਾਲੀ ਵਿੱਥ। ਨਦਰੀ ਆਇਆ = ਦਿੱਸ ਪਿਆ। ਰਾਇਆ = ਹੇ ਪਾਤਿਸ਼ਾਹ!।2।

ਤਿਸੁ ਭਾਣਾ = ਉਸ (ਪ੍ਰਭੂ) ਨੂੰ ਚੰਗਾ ਲੱਗੇ। ਕਾਸਟ = ਕਾਠ, ਲੱਕੜ। ਥਲ ਸਿਰਿ = ਥਲ ਦੇ ਸਿਰ ਉੱਤੇ। ਸਰਿਆ = ਸਰ, ਸਰੋਵਰ। ਸਭਿ = ਸਾਰੇ। ਸਤਿਗੁਰ ਪਾਏ = ਗੁਰੂ ਦੀ ਚਰਨੀਂ।3।

ਹਰਾਮਖੋਰ = ਬਿਗਾਨਾ ਹੱਕ ਖਾਣ ਵਾਲਾ। ਤੂਠਾ = ਦਇਆਲ ਹੋ ਜਾਂਦਾ ਹੈ। ਸੀਤਲੁ = ਠੰਢਾ, ਸ਼ਾਂਤ। ਮਨਿ = ਮਨ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵੂਠਾ = ਵੱਸ ਪਿਆ। ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ।4।

ਅਰਥ: ਹੇ ਭਾਈ! ਗੁਰੂ ਨੂੰ ਹਿਰਦੇ ਵਿਚ ਵਸਾ ਕੇ (ਮਨੁੱਖ) ਸਾਰੇ (ਇੱਛਿਤ) ਫਲ ਹਾਸਲ ਕਰ ਲੈਂਦਾ ਹੈ। ਗੁਰੂ ਨੂੰ ਪ੍ਰਸੰਨ ਕਰ ਕੇ (ਮਨੁੱਖ) ਆਤਮਕ ਆਨੰਦ ਪ੍ਰਾਪਤ ਕਰ ਲੈਂਦਾ ਹੈ।1। ਰਹਾਉ।

ਹੇ ਕਿਸੇ ਨਾਲ ਵੈਰ ਨਾਹ ਰੱਖਣ ਵਾਲੇ ਗੁਰੂ ਪੁਰਖ! ਹੇ ਦਾਤਾਰ ਪ੍ਰਭੂ! ਅਸੀਂ (ਜੀਵ) ਭੁੱਲਾਂ ਕਰਨ ਵਾਲੇ ਹਾਂ, ਤੁਸੀ (ਸਾਡੀਆਂ) ਭੁੱਲਾਂ ਬਖ਼ਸ਼ਣ ਵਾਲੇ ਹੋ। ਹੇ ਸਤਿਗੁਰੂ! ਜਿਸ ਪਾਪੀ ਨੂੰ ਹੋਰ ਕਿਤੇ ਆਸਰਾ ਨਹੀਂ ਮਿਲਦਾ, ਜਦੋਂ ਉਹ ਤੇਰੀ ਸਰਨ ਆ ਜਾਂਦਾ ਹੈ, ਤਾਂ ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ।1।

ਹੇ ਗੁਰੂ! ਹੇ ਪ੍ਰਭੂ! (ਤੈਨੂੰ ਮੇਰੀ) ਨਮਸਕਾਰ ਹੈ। (ਅਸਾਂ ਜੀਵਾਂ ਦਾ ਇਹ) ਮਨ (ਇਹ) ਤਨ ਤੇਰਾ ਹੀ ਦਿੱਤਾ ਹੋਇਆ ਹੈ (ਜੋ ਕੁਝ ਦਿੱਸ ਰਿਹਾ ਹੈ) ਸਾਰਾ ਤੇਰਾ ਹੀ ਦੇਸ ਹੈ (ਹਰ ਥਾਂ ਤੂੰ ਹੀ ਵੱਸ ਰਿਹਾ ਹੈਂ) । ਹੇ ਸਭ ਜੀਵਾਂ ਦੇ ਪਾਤਿਸ਼ਾਹ! ਤੂੰ (ਸਭ ਦਾ) ਖਸਮ ਹੈਂ। (ਜਦੋਂ ਕਿਸੇ ਜੀਵ ਦੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਮੁੱਕ ਜਾਂਦਾ ਹੈ ਤਦੋਂ ਤੂੰ ਉਸ ਨੂੰ ਦਿੱਸ ਪੈਂਦਾ ਹੈਂ।2।

ਹੇ ਭਾਈ! ਜੇ ਉਸ ਪ੍ਰਭੂ ਨੂੰ ਚੰਗਾ ਲੱਗੇ ਤਾਂ ਸੁੱਕੇ ਕਾਠ ਹਰੇ ਹੋ ਜਾਂਦੇ ਹਨ, ਥਲ ਉੱਤੇ ਸਰੋਵਰ ਬਣ ਜਾਂਦਾ ਹੈ। ਜਦੋਂ ਕੋਈ ਮਨੁੱਖ ਉਸ ਪ੍ਰਭੂ ਨੂੰ ਚੰਗਾ ਲੱਗ ਪਏ, ਤਦੋਂ ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ, ਗੁਰੂ ਦੀ ਚਰਨੀਂ ਲੱਗ ਕੇ (ਉਸ ਦੇ ਅੰਦਰੋਂ) ਚਿੰਤਾ ਦੂਰ ਹੋ ਜਾਂਦੀ ਹੈ।3।

ਹੇ ਭਾਈ! ਪਰਾਇਆ ਹੱਕ ਖਾਣ ਵਾਲੇ ਗੁਣ-ਹੀਨ ਮਨੁੱਖ ਉੱਤੇ ਭੀ ਜਦੋਂ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ। ਹੇ ਨਾਨਕ! ਜਿਨ੍ਹਾਂ ਸੇਵਕਾਂ ਉਤੇ ਗੁਰੂ ਪਰਮਾਤਮਾ ਦਇਆਲ ਹੁੰਦੇ ਹਨ ਉਹ ਦਰਸਨ ਕਰ ਕੇ ਨਿਹਾਲ ਹੋ ਜਾਂਦੇ ਹਨ।4।10। 23।

TOP OF PAGE

Sri Guru Granth Darpan, by Professor Sahib Singh