ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1142

ਭੈਰਉ ਮਹਲਾ ੫ ॥ ਸਤਿਗੁਰੁ ਮੇਰਾ ਬੇਮੁਹਤਾਜੁ ॥ ਸਤਿਗੁਰ ਮੇਰੇ ਸਚਾ ਸਾਜੁ ॥ ਸਤਿਗੁਰੁ ਮੇਰਾ ਸਭਸ ਕਾ ਦਾਤਾ ॥ ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥ ਗੁਰ ਜੈਸਾ ਨਾਹੀ ਕੋ ਦੇਵ ॥ ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥ ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥ ਸਤਿਗੁਰੁ ਮੇਰਾ ਮਾਰਿ ਜੀਵਾਲੈ ॥ ਸਤਿਗੁਰ ਮੇਰੇ ਕੀ ਵਡਿਆਈ ॥ ਪ੍ਰਗਟੁ ਭਈ ਹੈ ਸਭਨੀ ਥਾਈ ॥੨॥ ਸਤਿਗੁਰੁ ਮੇਰਾ ਤਾਣੁ ਨਿਤਾਣੁ ॥ ਸਤਿਗੁਰੁ ਮੇਰਾ ਘਰਿ ਦੀਬਾਣੁ ॥ ਸਤਿਗੁਰ ਕੈ ਹਉ ਸਦ ਬਲਿ ਜਾਇਆ ॥ ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥ ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥ ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥ ਨਾਨਕ ਸੋਧੇ ਸਿੰਮ੍ਰਿਤਿ ਬੇਦ ॥ ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥ {ਪੰਨਾ 1142}

ਪਦ ਅਰਥ: ਬੇ-ਮੁਹਤਾਜੁ = ਕਿਸੇ ਦਾ ਅਰਥੀਆ ਨਹੀਂ। ਸਚਾ = ਸਦਾ ਕਾਇਮ ਰਹਿਣ ਵਾਲਾ। ਸਾਜੁ = ਮਰਯਾਦਾ। ਸਭਸ ਕਾ = ਸਭ ਜੀਵਾਂ ਦਾ। ਬਿਧਾਤਾ = ਸਿਰਜਣਹਾਰ ਪ੍ਰਭੂ (ਦਾ ਰੂਪ) ।1।

ਕੋ = ਕੋਈ। ਦੇਵ = ਦੇਵਤਾ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ।1। ਰਹਾਉ।

ਪ੍ਰਤਿਪਾਲੈ = ਪਾਲਣਾ ਕਰਦਾ ਹੈ। ਮਾਰਿ = (ਮਾਇਆ ਦੇ ਮੋਹ ਵੱਲੋਂ) ਮਾਰ ਕੇ। ਜੀਵਾਲੈ = ਆਤਮਕ ਜੀਵਨ ਦੇਂਦਾ ਹੈ। ਵਡਿਆਈ = ਸੋਭਾ।2।

ਤਾਣੁ = ਸਹਾਰਾ। ਨਿਤਾਣੁ = ਨਿਆਸਰਾ ਮਨੁੱਖ। ਘਰਿ = ਹਿਰਦੇ-ਘਰ ਵਿਚ। ਦੀਬਾਣੁ = ਆਸਰਾ। ਕੈ = ਤੋਂ। ਹਉ = ਮੈਂ। ਸਦ = ਸਦਾ। ਬਲਿ ਜਾਇਆ = ਸਦਕੇ ਹਾਂ। ਜਿਨਿ = ਜਿਸ (ਗੁਰੂ) ਨੇ। ਪ੍ਰਗਟੁ = ਪਰਤੱਖ, ਸਿੱਧਾ। ਮਾਰਗੁ = ਰਸਤਾ।3।

ਜਿਨਿ = ਜਿਸ (ਮਨੁੱਖ) ਨੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਨ ਸੰਤਾਪੈ = ਦੁਖੀ ਨਹੀਂ ਕਰ ਸਕਦਾ। ਸੋਧੇ = ਖੋਜ ਵੇਖੇ ਹਨ। ਭੇਦ = ਫ਼ਰਕ, ਵਿੱਥ।4।

ਅਰਥ: ਹੇ ਭਾਈ! ਗੁਰੂ ਵਰਗਾ ਹੋਰ ਕੋਈ ਦੇਵਤਾ ਨਹੀਂ ਹੈ। ਜਿਸ (ਮਨੁੱਖ) ਦੇ ਮੱਥੇ ਉਤੇ ਚੰਗੀ ਕਿਸਮਤ (ਜਾਗ ਪਏ) ਉਹ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ।1। ਰਹਾਉ।

ਹੇ ਭਾਈ! ਪਿਆਰੇ ਗੁਰੂ ਨੂੰ ਕਿਸੇ ਦੀ ਮੁਥਾਜੀ ਨਹੀਂ (ਗੁਰੂ ਦੀ ਕੋਈ ਆਪਣੀ ਜ਼ਾਤੀ ਗ਼ਰਜ਼ ਨਹੀਂ) = ਗੁਰੂ ਦੀ ਇਹ ਸਦਾ ਕਾਇਮ ਰਹਿਣ ਵਾਲੀ ਮਰਯਾਦਾ ਹੈ (ਕਿ ਉਹ ਸਦਾ ਬੇ-ਗ਼ਰਜ਼ ਹੈ) । ਹੇ ਭਾਈ! ਗੁਰੂ ਸਭ ਜੀਵਾਂ ਨੂੰ (ਦਾਤਾਂ) ਦੇਣ ਵਾਲਾ ਹੈ। ਗੁਰੂ ਅਤੇ ਸਿਰਜਣਹਾਰ ਅਕਾਲ ਪੁਰਖ ਇੱਕ-ਰੂਪ ਹੈ।1।

ਹੇ ਭਾਈ! ਪਿਆਰਾ ਗੁਰੂ ਸਭ ਜੀਵਾਂ ਦੀ ਰੱਖਿਆ ਕਰਦਾ ਹੈ, (ਜਿਹੜਾ ਮਨੁੱਖ ਉਸ ਦੇ ਦਰ ਤੇ ਆਉਂਦਾ ਹੈ, ਉਸ ਨੂੰ ਮਾਇਆ ਦੇ ਮੋਹ ਵੱਲੋਂ) ਮਾਰ ਕੇ ਆਤਮਕ ਜੀਵਨ ਦੇ ਦੇਂਦਾ ਹੈ। ਹੇ ਭਾਈ! ਗੁਰੂ ਦੀ ਇਹ ਉੱਚੀ ਸੋਭਾ ਸਭਨੀਂ ਥਾਈਂ ਰੌਸ਼ਨ ਹੋ ਗਈ ਹੈ।2।

ਹੇ ਭਾਈ! ਜਿਸ ਮਨੁੱਖ ਦਾ ਹੋਰ ਕੋਈ ਭੀ ਆਸਰਾ ਨਹੀਂ (ਜਦੋਂ ਉਹ ਗੁਰੂ ਦੀ ਸਰਨ ਆ ਪੈਂਦਾ ਹੈ) ਗੁਰੂ (ਉਸ ਦਾ) ਆਸਰਾ ਬਣ ਜਾਂਦਾ ਹੈ, ਗੁਰੂ ਉਸ ਦੇ ਹਿਰਦੇ-ਘਰ ਵਿਚ ਸਹਾਰਾ ਦੇਂਦਾ ਹੈ। ਹੇ ਭਾਈ! ਜਿਸ (ਗੁਰੂ) ਨੇ ਆਤਮਕ ਜੀਵਨ ਦਾ) ਸਿੱਧਾ ਰਾਹ ਵਿਖਾਲ ਦਿੱਤਾ ਹੈ, ਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ।3।

ਹੇ ਭਾਈ! ਜਿਸ (ਮਨੁੱਖ) ਨੇ ਗੁਰੂ ਦੀ ਸਰਨ ਲਈ ਹੈ, ਕੋਈ ਡਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਸਤਾ ਨਹੀਂ ਸਕਦਾ। ਹੇ ਨਾਨਕ! (ਆਖ– ਹੇ ਭਾਈ!) ਸਿੰਮ੍ਰਿਤੀਆਂ ਵੇਦ (ਆਦਿਕ ਧਰਮ-ਪੁਸਤਕ) ਖੋਜ ਵੇਖੇ ਹਨ (ਗੁਰੂ ਸਭ ਤੋਂ ਉੱਚਾ ਹੈ) ਗੁਰੂ ਅਤੇ ਪਰਮਾਤਮਾ ਵਿਚ ਕੋਈ ਭੀ ਫ਼ਰਕ ਨਹੀਂ ਹੈ।4।11। 24।

ਭੈਰਉ ਮਹਲਾ ੫ ॥ ਨਾਮੁ ਲੈਤ ਮਨੁ ਪਰਗਟੁ ਭਇਆ ॥ ਨਾਮੁ ਲੈਤ ਪਾਪੁ ਤਨ ਤੇ ਗਇਆ ॥ ਨਾਮੁ ਲੈਤ ਸਗਲ ਪੁਰਬਾਇਆ ॥ ਨਾਮੁ ਲੈਤ ਅਠਸਠਿ ਮਜਨਾਇਆ ॥੧॥ ਤੀਰਥੁ ਹਮਰਾ ਹਰਿ ਕੋ ਨਾਮੁ ॥ ਗੁਰਿ ਉਪਦੇਸਿਆ ਤਤੁ ਗਿਆਨੁ ॥੧॥ ਰਹਾਉ ॥ ਨਾਮੁ ਲੈਤ ਦੁਖੁ ਦੂਰਿ ਪਰਾਨਾ ॥ ਨਾਮੁ ਲੈਤ ਅਤਿ ਮੂੜ ਸੁਗਿਆਨਾ ॥ ਨਾਮੁ ਲੈਤ ਪਰਗਟਿ ਉਜੀਆਰਾ ॥ ਨਾਮੁ ਲੈਤ ਛੁਟੇ ਜੰਜਾਰਾ ॥੨॥ ਨਾਮੁ ਲੈਤ ਜਮੁ ਨੇੜਿ ਨ ਆਵੈ ॥ ਨਾਮੁ ਲੈਤ ਦਰਗਹ ਸੁਖੁ ਪਾਵੈ ॥ ਨਾਮੁ ਲੈਤ ਪ੍ਰਭੁ ਕਹੈ ਸਾਬਾਸਿ ॥ ਨਾਮੁ ਹਮਾਰੀ ਸਾਚੀ ਰਾਸਿ ॥੩॥ ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥ ਹਰਿ ਕੀਰਤਿ ਮਨ ਨਾਮੁ ਅਧਾਰੁ ॥ ਨਾਨਕ ਉਧਰੇ ਨਾਮ ਪੁਨਹਚਾਰ ॥ ਅਵਰਿ ਕਰਮ ਲੋਕਹ ਪਤੀਆਰ ॥੪॥੧੨॥੨੫॥ {ਪੰਨਾ 1142}

ਪਦ ਅਰਥ: ਲੈਤ = ਲੈਂਦਿਆਂ, ਜਪਦਿਆਂ। ਪਰਗਟੁ = ਰੌਸ਼ਨ। ਤਨ ਤੇ = ਸਰੀਰ ਤੋਂ। ਸਗਲ ਪੁਰਬਾਇਆ = ਸਾਰੇ ਪੁਰਬ, ਸਾਰੇ ਪਵਿੱਤਰ ਦਿਹਾੜੇ। ਅਠਸਠਿ = ਅਠਾਹਠ (ਤੀਰਥ) । ਮਜਨਾਇਆ = ਇਸ਼ਨਾਨ (ਹੋ ਜਾਂਦਾ ਹੈ) ।1।

ਹਮਰਾ = ਸਾਡਾ। ਕੋ = ਦਾ। ਗੁਰਿ = ਗੁਰੂ ਨੇ। ਤਤੁ ਗਿਆਨ = ਗਿਆਨ ਦਾ ਤੱਤ, ਆਤਮਕ ਜੀਵਨ ਦੀ ਸੂਝ ਦਾ ਨਿਚੋੜ।1। ਰਹਾਉ।

ਦੂਰਿ ਪਰਾਨਾ = ਦੂਰ ਹੋ ਜਾਂਦਾ ਹੈ। ਅਤਿ ਮੂੜ = ਵੱਡਾ ਮੂਰਖ। ਸੁਗਿਆਨਾ = ਚੰਗਾ ਸਿਆਣਾ। ਪਰਗਟਿ = ਪਰਗਟੇ, ਪਰਗਟ ਹੋ ਜਾਂਦਾ ਹੈ। ਛੁਟੇ = ਮੁੱਕ ਜਾਂਦੇ ਹਨ। ਜੰਜਾਰਾ = ਜੰਜਾਲ, ਮਨ ਦੀਆਂ ਮੋਹ ਦੀਆਂ ਫਾਹੀਆਂ।2।

ਨੇੜਿ = ਨੇੜੇ। ਦਰਗਹ = ਪਰਮਾਤਮਾ ਦੀ ਹਜ਼ੂਰੀ ਵਿਚ। ਕਹੈ ਸਾਬਾਸਿ = ਆਦਰ-ਸਤਕਾਰ ਕਰਦਾ ਹੈ। ਸਾਚੀ = ਸਦਾ ਕਾਇਮ ਰਹਿਣ ਵਾਲੀ। ਰਾਸਿ = ਪੂੰਜੀ, ਸਰਮਾਇਆ।3।

ਗੁਰਿ = ਗੁਰੂ ਨੇ। ਸਾਰੁ = ਸ੍ਰੇਸ਼ਟ। ਕੀਰਤਿ = ਸਿਫ਼ਤਿ-ਸਾਲਾਹ। ਅਧਾਰੁ = ਆਸਰਾ। ਉਧਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ। ਪੁਨਹਚਾਰ = ਕੀਤੇ ਪਾਪਾਂ ਦੀ ਨਵਿਰਤੀ ਲਈ ਪ੍ਰਾਸ਼ਚਿਤ ਕਰਮ। ਅਵਰਿ = ਹੋਰ {ਬਹੁ-ਵਚਨ ਲਫ਼ਜ਼ 'ਅਵਰ' ਤੋਂ}। ਲੋਕਹ ਪਤੀਆਰ = ਲੋਕਾਂ ਨੂੰ (ਆਪਣੇ ਧਾਰਮਿਕ ਹੋਣ ਦੀ) ਤਸੱਲੀ ਦੇਣ ਲਈ।4।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਾਡਾ ਤੀਰਥ ਹੈ। ਗੁਰੂ ਨੇ (ਸਾਨੂੰ) ਆਤਮਕ ਜੀਵਨ ਦੀ ਸੂਝ ਦਾ ਇਹ ਨਿਚੋੜ ਸਮਝਾ ਦਿੱਤਾ ਹੈ।1। ਰਹਾਉ।

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ (ਵਿਕਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ) ਰੌਸ਼ਨ ਹੋ ਜਾਂਦਾ ਹੈ (ਕਿਉਂਕਿ) ਨਾਮ ਸਿਮਰਦਿਆਂ (ਹਰੇਕ ਕਿਸਮ ਦਾ) ਪਾਪ ਸਰੀਰ ਤੋਂ ਦੂਰ ਹੋ ਜਾਂਦਾ ਹੈ। ਹੇ ਭਾਈ! ਨਾਮ ਸਿਮਰਦਿਆਂ (ਮਾਨੋ) ਸਾਰੇ ਪੁਰਬ ਮਨਾਏ ਗਏ, ਨਾਮ ਜਪਦਿਆਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ।1।

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, ਨਾਮ ਜਪਦਿਆਂ ਵੱਡਾ ਭਾਰਾ ਮੂਰਖ ਭੀ ਆਤਮਕ ਜੀਵਨ ਦੀ ਸੋਹਣੀ ਸੂਝ ਵਾਲਾ ਹੋ ਜਾਂਦਾ ਹੈ। ਹੇ ਭਾਈ! ਨਾਮ ਸਿਮਰਦਿਆਂ (ਮਨ ਵਿਚ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ (ਕਿਉਂਕਿ) ਨਾਮ ਜਪਦਿਆਂ (ਮਨ ਦੀਆਂ ਮਾਇਆ ਦੇ ਮੋਹ ਦੀਆਂ ਸਾਰੀਆਂ) ਫਾਹੀਆਂ ਮੁੱਕ ਜਾਂਦੀਆਂ ਹਨ।2।

ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਜਮ (ਮਨੁੱਖ ਦੇ) ਨੇੜੇ ਨਹੀਂ ਆਉਂਦਾ, ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕ ਕੇ ਆਤਮਕ ਆਨੰਦ ਮਾਣਦਾ ਹੈ, ਨਾਮ ਸਿਮਰਦਿਆਂ ਪਰਮਾਤਮਾ (ਭੀ) ਆਦਰ-ਮਾਣ ਦੇਂਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਹੀ ਅਸਾਂ ਜੀਵਾਂ ਵਾਸਤੇ ਸਦਾ ਕਾਇਮ ਰਹਿਣ ਵਾਲਾ ਸਰਮਾਇਆ ਹੈ।3।

ਹੇ ਭਾਈ! ਗੁਰੂ ਨੇ (ਮੈਨੂੰ) ਇਹ ਸਭ ਤੋਂ ਵਧੀਆ ਉਪਦੇਸ਼ ਦੇ ਦਿੱਤਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਰਮਾਤਮਾ ਦਾ ਨਾਮ (ਹੀ) ਮਨ ਦਾ ਆਸਰਾ ਹੈ। ਹੇ ਨਾਨਕ! ਉਹ ਮਨੁੱਖ (ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਜਾਂਦੇ ਹਨ ਜਿਹੜੇ ਨਾਮ ਜਪਣ ਦੇ ਪ੍ਰਾਸ਼ਚਿਤ ਕਰਮ ਕਰਦੇ ਹਨ। ਹੋਰ ਸਾਰੇ (ਪ੍ਰਾਸ਼ਚਿਤ) ਕਰਮ ਲੋਕਾਂ ਦੀ ਤਸੱਲੀ ਕਰਾਣ ਵਾਸਤੇ ਹਨ (ਕਿ ਅਸੀਂ ਧਾਰਮਿਕ ਬਣ ਗਏ ਹਾਂ) ।4।12। 25।

ਭੈਰਉ ਮਹਲਾ ੫ ॥ ਨਮਸਕਾਰ ਤਾ ਕਉ ਲਖ ਬਾਰ ॥ ਇਹੁ ਮਨੁ ਦੀਜੈ ਤਾ ਕਉ ਵਾਰਿ ॥ ਸਿਮਰਨਿ ਤਾ ਕੈ ਮਿਟਹਿ ਸੰਤਾਪ ॥ ਹੋਇ ਅਨੰਦੁ ਨ ਵਿਆਪਹਿ ਤਾਪ ॥੧॥ ਐਸੋ ਹੀਰਾ ਨਿਰਮਲ ਨਾਮ ॥ ਜਾਸੁ ਜਪਤ ਪੂਰਨ ਸਭਿ ਕਾਮ ॥੧॥ ਰਹਾਉ ॥ ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥ ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥ ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥ ਸਗਲ ਮਨੋਰਥ ਪੂਰਨਹਾਰੀ ॥੨॥ ਖਿਨ ਮਹਿ ਊਣੇ ਸੁਭਰ ਭਰਿਆ ॥ ਖਿਨ ਮਹਿ ਸੂਕੇ ਕੀਨੇ ਹਰਿਆ ॥ ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥ ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥੩॥ ਸਭ ਮਹਿ ਏਕੁ ਰਹਿਆ ਭਰਪੂਰਾ ॥ ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥ ਹਰਿ ਕੀਰਤਨੁ ਤਾ ਕੋ ਆਧਾਰੁ ॥ ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥ {ਪੰਨਾ 1142}

ਪਦ ਅਰਥ: ਤਾ ਕਉ = ਉਸ (ਪਰਮਾਤਮਾ) ਨੂੰ। ਬਾਰ = ਵਾਰੀ। ਵਾਰਿ ਦੀਜੈ = ਸਦਕੇ ਕਰ ਦੇਈਏ। ਤਾ ਕੈ ਸਿਮਰਨਿ = ਉਸ (ਪ੍ਰਭੂ) ਦੇ ਸਿਮਰਨ ਦੀ ਬਰਕਤਿ ਨਾਲ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੰਤਾਪ = ਦੁੱਖ-ਕਲੇਸ਼। ਨ ਵਿਆਪਹਿ = ਆਪਣਾ ਜ਼ੋਰ ਨਹੀਂ ਪਾ ਸਕਦੇ।1।

ਹੀਰਾ = ਕੀਮਤੀ ਪਦਾਰਥ। ਨਿਰਮਲ = ਪਵਿੱਤਰ (ਕਰਨ ਵਾਲਾ) । ਜਾਸੁ ਜਪਤ = ਜਿਸ ਨੂੰ ਜਪਦਿਆਂ। ਸਭਿ = ਸਾਰੇ। ਕਾਮ = ਕੰਮ।1। ਰਹਾਉ।

ਜਾ ਕੀ ਦ੍ਰਿਸਟਿ = ਜਿਸ ਦੀ (ਮਿਹਰ ਦੀ) ਨਿਗਾਹ ਨਾਲ। ਢਹੈ– ਢਹਿ ਜਾਂਦਾ ਹੈ {ਇਕ-ਵਚਨ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸੀਤਲੁ = ਠੰਢਾ, ਸ਼ਾਂਤੀ ਦੇਣ ਵਾਲਾ। ਮਨਿ = ਮਨ ਵਿਚ। ਗਹੈ– ਫੜ ਰੱਖਦਾ ਹੈ। ਪੂਜਾਰੀ = ਪੂਜਾ ਕਰਨ ਵਾਲੇ। ਮਨੋਰਥ = ਮੰਗਾਂ, ਲੋੜਾਂ। ਪੂਰਨਹਾਰੀ = ਪੂਰੀਆਂ ਕਰਨ ਵਾਲਾ।2।

ਊਣੇ = ਖ਼ਾਲੀ। ਸੁਭਰ = ਨਕਾ-ਨਕ।3।

ਰਹਿਆ ਭਰਪੂਰਾ = ਪੂਰਨ ਤੌਰ ਤੇ ਵੱਸ ਰਿਹਾ ਹੈ। ਜਾਪੈ = ਜਪਦਾ ਹੈ। ਤਾ ਕੋ = ਉਸ ਦੇ ਹਿਰਦੇ ਵਿਚ। ਆਧਾਰੁ = ਆਸਰਾ। ਦਇਆਰੁ = ਦਇਆਵਾਨ।4।

ਅਰਥ: ਹੇ ਭਾਈ! (ਜੀਵਾਂ ਦੇ ਹਿਰਦੇ) ਪਵਿੱਤਰ ਕਰਨ ਵਾਲਾ ਹਰਿ-ਨਾਮ ਅਜਿਹਾ ਕੀਮਤੀ ਪਦਾਰਥ ਹੈ ਕਿ ਉਸ ਨੂੰ ਜਪਦਿਆਂ ਸਾਰੇ ਕੰਮ ਸਫਲ ਹੋ ਜਾਂਦੇ ਹਨ।1। ਰਹਾਉ।

ਹੇ ਭਾਈ! ਉਸ ਪਰਮਾਤਮਾ ਅੱਗੇ ਲੱਖਾਂ ਵਾਰੀ ਸਿਰ ਨਿਵਾਣਾ ਚਾਹੀਦਾ ਹੈ, ਆਪਣਾ ਇਹ ਮਨ ਉਸ ਪਰਮਾਤਮਾ ਦੇ ਅੱਗੇ ਭੇਟਾ ਕਰ ਦੇਣਾ ਚਾਹੀਦਾ ਹੈ। ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਨ ਦੀ ਬਰਕਤ ਨਾਲ (ਸਾਰੇ) ਦੁੱਖ-ਕਲੇਸ਼ ਮਿਟ ਜਾਂਦੇ ਹਨ, (ਮਨ ਵਿਚ) ਖ਼ੁਸ਼ੀ ਪੈਦਾ ਹੁੰਦੀ ਹੈ, ਕੋਈ ਭੀ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦੇ।1।

ਹੇ ਭਾਈ! ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ (ਮਨੁੱਖ ਦੇ ਅੰਦਰੋਂ) ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ, (ਜਿਹੜਾ ਮਨੁੱਖ ਉਸ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ (ਉਸ ਦਾ ਹਿਰਦਾ) ਠੰਢਾ-ਠਾਰ ਹੋ ਜਾਂਦਾ ਹੈ। ਹੇ ਭਾਈ! ਅਨੇਕਾਂ ਹੀ ਭਗਤ ਜਿਸ ਪਰਮਾਤਮਾ ਦੇ ਚਰਨ ਪੂਜ ਰਹੇ ਹਨ, ਉਹ ਪ੍ਰਭੂ (ਆਪਣੇ ਭਗਤਾਂ ਦੇ) ਸਾਰੇ ਮਨੋਰਥ ਪੂਰੇ ਕਰਨ ਵਾਲਾ ਹੈ।2।

ਹੇ ਭਾਈ! (ਉਸ ਪਰਮਾਤਮਾ ਦਾ ਨਾਮ) ਖ਼ਾਲੀ (ਹਿਰਦਿਆਂ) ਨੂੰ ਇਕ ਖਿਨ ਵਿਚ (ਗੁਣਾਂ ਨਾਲ) ਨਕਾ-ਨਕ ਭਰ ਦੇਂਦਾ ਹੈ, (ਆਤਮਕ ਜੀਵਨ ਵਲੋਂ) ਸੁੱਕੇ ਹੋਇਆਂ ਨੂੰ ਇਕ ਖਿਨ ਵਿਚ ਹਰੇ ਕਰ ਦੇਂਦਾ ਹੈ। ਜਿਸ ਮਨੁੱਖ ਨੂੰ ਕਿਤੇ ਆਸਰਾ ਨਹੀਂ ਮਿਲਦਾ, ਪਰਮਾਤਮਾ ਉਸ ਨੂੰ ਇਕ ਖਿਨ ਵਿਚ ਸਹਾਰਾ ਦੇ ਦੇਂਦਾ ਹੈ, ਜਿਸ ਨੂੰ ਕਿਤੇ ਕੋਈ ਆਦਰ-ਸਤਕਾਰ ਨਹੀਂ ਦੇਂਦਾ, ਉਹ ਪਰਮਾਤਮਾ ਉਸ ਨੂੰ ਇਕ ਖਿਨ ਵਿਚ ਮਾਣ-ਆਦਰ ਬਖ਼ਸ਼ ਦੇਂਦਾ ਹੈ।3।

ਹੇ ਭਾਈ! ਸਭ ਜੀਵਾਂ ਵਿਚ ਉਹ ਪਰਮਾਤਮਾ ਹੀ ਪੂਰਨ ਤੌਰ ਤੇ ਵੱਸ ਰਿਹਾ ਹੈ। (ਪਰ ਉਸ ਦਾ ਨਾਮ) ਉਹ ਮਨੁੱਖ (ਹੀ) ਜਪਦਾ ਹੈ, ਜਿਸ ਨੂੰ ਪੂਰਾ ਗੁਰੂ (ਪ੍ਰੇਰਨਾ ਕਰਦਾ ਹੈ) । ਹੇ ਨਾਨਕ! ਆਖ– ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਸਰਾ ਬਣ ਜਾਂਦੀ ਹੈ।4।13। 26।

TOP OF PAGE

Sri Guru Granth Darpan, by Professor Sahib Singh