ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1143 ਭੈਰਉ ਮਹਲਾ ੫ ॥ ਮੋਹਿ ਦੁਹਾਗਨਿ ਆਪਿ ਸੀਗਾਰੀ ॥ ਰੂਪ ਰੰਗ ਦੇ ਨਾਮਿ ਸਵਾਰੀ ॥ ਮਿਟਿਓ ਦੁਖੁ ਅਰੁ ਸਗਲ ਸੰਤਾਪ ॥ ਗੁਰ ਹੋਏ ਮੇਰੇ ਮਾਈ ਬਾਪ ॥੧॥ ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥ ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥ ਤਪਤਿ ਬੁਝੀ ਪੂਰਨ ਸਭ ਆਸਾ ॥ ਮਿਟੇ ਅੰਧੇਰ ਭਏ ਪਰਗਾਸਾ ॥ ਅਨਹਦ ਸਬਦ ਅਚਰਜ ਬਿਸਮਾਦ ॥ ਗੁਰੁ ਪੂਰਾ ਪੂਰਾ ਪਰਸਾਦ ॥੨॥ ਜਾ ਕਉ ਪ੍ਰਗਟ ਭਏ ਗੋਪਾਲ ॥ ਤਾ ਕੈ ਦਰਸਨਿ ਸਦਾ ਨਿਹਾਲ ॥ ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥ ਜਾ ਕਉ ਸਤਿਗੁਰਿ ਦੀਓ ਨਾਮੁ ॥੩॥ ਜਾ ਕਉ ਭੇਟਿਓ ਠਾਕੁਰੁ ਅਪਨਾ ॥ ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥ ਕਹੁ ਨਾਨਕ ਜੋ ਜਨ ਪ੍ਰਭ ਭਾਏ ॥ ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥ {ਪੰਨਾ 1143} ਪਦ ਅਰਥ: ਮੋਹਿ = ਮੈਨੂੰ। ਦੋਹਾਗਨਿ = {duBwLignI} ਮੰਦੇ ਭਾਗਾਂ ਵਾਲੀ ਨੂੰ। ਸੀਗਾਰੀ = ਸਿੰਗਾਰ ਲਿਆ, ਸਜਾ ਲਿਆ। ਦੇ = ਦੇ ਕੇ। ਨਾਮਿ = ਨਾਮ ਵਿਚ (ਜੋੜ ਕੇ) । ਸਵਾਰੀ = ਸੋਹਣੀ ਬਣਾ ਲਿਆ। ਅਰੁ = ਅਤੇ {ਅਰਿ = ਵੈਰੀ} ਸੰਤਾਪ = ਕਲੇਸ਼। ਮਾਈ = ਮਾਂ।1। ਸਖੀ = ਹੇ ਸਖੀਓ! ਸਹੇਰੀ = ਹੇ ਸਹੇਲੀਹੋ! ਮੇਰੈ ਗ੍ਰਸਤਿ = ਮੇਰੇ (ਹਿਰਦੇ-) ਘਰ ਵਿਚ। ਕਰਿ = ਕਰ ਕੇ। ਭੇਟੇ = ਮਿਲ ਪਏ ਹਨ। ਮੋਹਿ = ਮੈਨੂੰ। ਕੰਤ = ਖਸਮ (-ਪ੍ਰਭੂ) ਜੀ।1। ਰਹਾਉ। ਤਪਤਿ = (ਤ੍ਰਿਸ਼ਨਾ-ਅੱਗ ਦੀ) ਸੜਨ। ਪਰਗਾਸਾ = ਚਾਨਣ। ਅਨਹਦ ਸ਼ਬਦ = ਇਕ-ਰਸ ਸਾਰੇ ਸਾਜ਼ਾਂ ਦਾ ਰਾਗ। ਬਿਸਮਾਦ = ਹੈਰਾਨ ਕਰ ਦੇਣ ਵਾਲੀ ਅਵਸਥਾ। ਪਰਸਾਦ = ਕਿਰਪਾ।2। ਜਾ ਕਉ = ਜਿਸ ਨੂੰ, ਜਿਸ ਦੇ ਹਿਰਦੇ ਵਿਚ। ਤਾ ਕੈ ਦਰਸਨਿ = ਉਸ ਦੇ ਦਰਸਨ ਨਾਲ। ਨਿਹਾਲ = ਪ੍ਰਸੰਨ। ਤਾ ਕੈ = ਉਸ ਦੇ ਅੰਦਰ। ਨਿਧਾਨ = ਖ਼ਜ਼ਾਨਾ। ਸਤਿਗੁਰਿ = ਗੁਰੂ ਨੇ।3। ਭੇਟਿਓ = ਮਿਲ ਪਿਆ। ਸੀਤਲੁ = ਸ਼ਾਂਤ। ਜਪਨਾ = ਜਪਦਿਆਂ। ਭਾਏ = ਪਿਆਰੇ ਲੱਗੇ। ਤਾ ਕੀ = ਉਹਨਾਂ ਦੀ। ਰੇਨੁ = ਚਰਨ-ਧੂੜ। ਬਿਰਲਾ ਕੋ = ਕੋਈ ਵਿਰਲਾ ਮਨੁੱਖ।4। ਅਰਥ: ਹੇ ਮੇਰੀ ਸਖੀਓ! ਹੇ ਮੇਰੀ ਸਹੇਲੀਓ! ਮੇਰੇ (ਹਿਰਦੇ-) ਘਰ ਵਿਚ ਆਤਮਕ ਆਨੰਦ ਬਣ ਗਿਆ ਹੈ, (ਕਿਉਂਕਿ) ਮੇਰੇ ਖਸਮ (-ਪ੍ਰਭੂ) ਜੀ ਮਿਹਰ ਕਰ ਕੇ ਮੈਨੂੰ ਮਿਲ ਪਏ ਹਨ।1। ਰਹਾਉ। ਹੇ ਸਹੇਲੀਓ! (ਮੈਂ) ਮੰਦੇ ਭਾਗਾਂ ਵਾਲੀ (ਸਾਂ) ਮੈਨੂੰ (ਖਸਮ-ਪ੍ਰਭੂ ਨੇ) ਆਪ (ਆਤਮਕ ਜੀਵਨ ਦੇ ਗਹਿਣਿਆਂ ਨਾਲ) ਸਜਾ ਲਿਆ, (ਮੈਨੂੰ ਸੋਹਣਾ ਆਤਮਕ) ਰੂਪ ਦੇ ਕੇ (ਸੋਹਣਾ) ਪ੍ਰੇਮ ਬਖ਼ਸ਼ ਕੇ (ਆਪਣੇ) ਨਾਮ ਵਿਚ (ਜੋੜ ਕੇ ਉਸ ਨੇ ਮੈਨੂੰ) ਸੋਹਣੇ ਆਤਮਕ ਜੀਵਨ ਵਾਲੀ ਬਣਾ ਲਿਆ। ਹੇ ਸਹੇਲੀਓ! (ਮੇਰੇ ਅੰਦਰੋਂ) ਦੁੱਖ ਮਿਟ ਗਿਆ ਹੈ ਸਾਰੇ ਕਲੇਸ਼ ਮਿਟ ਗਏ ਹਨ (ਇਹ ਸਾਰੀ ਮਿਹਰ ਗੁਰੂ ਨੇ ਕਰਾਈ ਹੈ, ਗੁਰੂ ਨੇ ਹੀ ਕੰਤ-ਪ੍ਰਭੂ ਨਾਲ ਮਿਲਾਇਆ ਹੈ) ਸਤਿਗੁਰੂ ਹੀ (ਮੇਰੇ ਵਾਸਤੇ) ਮੇਰੀ ਮਾਂ ਮੇਰਾ ਪਿਉ ਬਣਿਆ ਹੈ।1। ਹੇ ਸਹੇਲੀਓ! (ਹੁਣ ਮੇਰੇ ਅੰਦਰੋਂ ਤ੍ਰਿਸ਼ਨਾ-ਅੱਗ ਦੀ) ਸੜਨ ਬੁੱਝ ਗਈ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ, (ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ) ਹਨੇਰੇ ਮਿਟ ਗਏ ਹਨ, (ਮੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ ਹੈ (ਹੁਣ ਇਉਂ ਹੋ ਗਿਆ ਹੈ ਜਿਵੇਂ) ਇਕ-ਰਸ ਸਾਰੇ ਸਾਜ਼ਾਂ ਦਾ ਰਾਗ (ਮੇਰੇ ਅੰਦਰ ਹੋ ਰਿਹਾ ਹੈ) (ਮੇਰੇ ਅੰਦਰ) ਅਚਰਜ ਤੇ ਹੈਰਾਨ ਕਰਨ ਵਾਲੀ (ਉੱਚੀ ਆਤਮਕ ਅਵਸਥਾ ਬਣ ਗਈ ਹੈ) । (ਹੇ ਸਹੇਲੀਓ! ਇਹ ਸਭ ਕੁਝ) ਪੂਰਾ ਗੁਰੂ ਹੀ (ਕਰਨ ਵਾਲਾ ਹੈ, ਇਹ) ਪੂਰੇ (ਗੁਰੂ ਦੀ ਹੀ) ਮਿਹਰ ਹੋਈ ਹੈ।2। ਹੇ ਸਹੇਲੀਓ! ਜਿਸ (ਸੁਭਾਗੀ) ਦੇ ਅੰਦਰ ਗੋਪਾਲ-ਪ੍ਰਭੂ ਪਰਗਟ ਹੋ ਜਾਂਦਾ ਹੈ, ਉਸ ਦੇ ਦਰਸਨ ਦੀ ਬਰਕਤਿ ਨਾਲ ਸਦਾ ਨਿਹਾਲ ਹੋ ਜਾਈਦਾ ਹੈ। ਹੇ ਸਹੇਲੀਓ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਦੇ ਦਿੱਤਾ, ਉਸ ਦੇ ਹਿਰਦੇ ਵਿਚ ਸਾਰੇ (ਆਤਮਕ) ਗੁਣ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰ (ਮਾਨੋ) ਭਾਰਾ ਖ਼ਜ਼ਾਨਾ ਇਕੱਠਾ ਹੋ ਜਾਂਦਾ ਹੈ।3। ਹੇ ਸਹੇਲੀਓ! ਜਿਸ ਮਨੁੱਖ ਨੂੰ ਆਪਣਾ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ। ਹੇ ਨਾਨਕ! ਆਖ– ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ, ਕੋਈ ਵਿਰਲਾ (ਵਡਭਾਗੀ) ਮਨੁੱਖ ਉਹਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਦਾ ਹੈ।4।14। 27। ਭੈਰਉ ਮਹਲਾ ੫ ॥ ਚਿਤਵਤ ਪਾਪ ਨ ਆਲਕੁ ਆਵੈ ॥ ਬੇਸੁਆ ਭਜਤ ਕਿਛੁ ਨਹ ਸਰਮਾਵੈ ॥ ਸਾਰੋ ਦਿਨਸੁ ਮਜੂਰੀ ਕਰੈ ॥ ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥ ਮਾਇਆ ਲਗਿ ਭੂਲੋ ਸੰਸਾਰੁ ॥ ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥ ਪੇਖਤ ਮਾਇਆ ਰੰਗ ਬਿਹਾਇ ॥ ਗੜਬੜ ਕਰੈ ਕਉਡੀ ਰੰਗੁ ਲਾਇ ॥ ਅੰਧ ਬਿਉਹਾਰ ਬੰਧ ਮਨੁ ਧਾਵੈ ॥ ਕਰਣੈਹਾਰੁ ਨ ਜੀਅ ਮਹਿ ਆਵੈ ॥੨॥ ਕਰਤ ਕਰਤ ਇਵ ਹੀ ਦੁਖੁ ਪਾਇਆ ॥ ਪੂਰਨ ਹੋਤ ਨ ਕਾਰਜ ਮਾਇਆ ॥ ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥ ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥ ਜਿਸ ਕੇ ਰਾਖੇ ਹੋਏ ਹਰਿ ਆਪਿ ॥ ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥ ਸਾਧਸੰਗਿ ਹਰਿ ਕੇ ਗੁਣ ਗਾਇਆ ॥ ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥ {ਪੰਨਾ 1143} ਪਦ ਅਰਥ: ਚਿਤਵਤ = ਚਿਤਵਦਿਆਂ, ਸੋਚਦਿਆਂ। ਆਲਕੁ = ਆਲਸ। ਭਜਤ = ਭੋਗਦਿਆਂ। ਬਜਰ = ਬਿਜਲੀ। ਸਿਰਿ = ਸਿਰ ਉਤੇ।1। ਲਗਿ = ਲੱਗ ਕੇ, ਪੈ ਕੇ। ਭੂਲੋ = ਕੁਰਾਹੇ ਪਿਆ ਹੋਇਆ ਹੈ। ਭੁਲਾਵਣਹਾਰੈ = ਕੁਰਾਹੇ ਪਾਣ ਦੀ ਸਮਰਥਾ ਵਾਲੇ ਹਰੀ ਨੇ। ਰਾਚਿ ਰਹਿਆ = ਮਗਨ ਹੋ ਰਿਹਾ ਹੈ। ਬਿਉਹਾਰ = ਵਿਹਾਰਾਂ ਵਿਚ।1। ਰਹਾਉ। ਮਾਇਆ ਰੰਗ = ਮਾਇਆ ਦੇ ਚੋਜ-ਤਮਾਸ਼ੇ। ਬਿਹਾਇ = (ਉਮਰ) ਬੀਤਦੀ ਹੈ। ਗੜਬੜ = (ਹਿਸਾਬ ਵਿਚ) ਹੇਰਾ ਫੇਰੀ। ਰੰਗੁ = ਪਿਆਰ। ਕਉਡੀ = ਤੁੱਛ ਮਾਇਆ ਵਿਚ। ਲਾਇ = ਲਾ ਕੇ। ਅੰਧ ਬਿਉਹਾਰ = (ਮਾਇਆ ਦੇ ਮੋਹ ਵਿਚ) ਅੰਨ੍ਹੇ ਕਰ ਦੇਣ ਵਾਲੇ ਕਾਰ-ਵਿਹਾਰ। ਬੰਧ = ਬੰਧਨ। ਧਾਵੈ = ਦੌੜਦਾ ਹੈ। ਜੀਅ ਮਹਿ = ਹਿਰਦੇ ਵਿਚ।2। ਕਰਤ ਕਰਤ = ਕਰਦਿਆਂ ਕਰਦਿਆਂ। ਇਵ ਹੀ = ਇਸੇ ਤਰ੍ਹਾਂ। ਕਾਰਜ = ਕੰਮ {ਬਹੁ-ਵਚਨ}। ਕਾਮਿ = ਕਾਮ-ਵਾਸਨਾ ਵਿਚ। ਤੜਫਿ ਮੂਆ = ਦੁਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਜਾਂਦਾ ਹੈ। ਮੀਨਾ = ਮੱਛੀ।3। ਜਾਪਿ = ਜਾਪੇ, ਜਪਦਾ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਨਾਨਕ = ਹੇ ਨਾਨਕ!।4। ਅਰਥ: ਹੇ ਭਾਈ! ਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ। (ਪਰ ਜਗਤ ਦੇ ਭੀ ਕੀਹ ਵੱਸ?) ਕੁਰਾਹੇ ਪਾ ਸਕਣ ਵਾਲੇ ਪਰਮਾਤਮਾ ਨੇ ਆਪ (ਹੀ ਜਗਤ ਨੂੰ) ਕੁਰਾਹੇ ਪਾਇਆ ਹੋਇਆ ਹੈ (ਇਸ ਵਾਸਤੇ ਜਗਤ) ਵਿਅਰਥ ਵਿਹਾਰਾਂ ਵਿਚ ਹੀ ਮਗਨ ਰਹਿੰਦਾ ਹੈ।1। ਰਹਾਉ। ਹੇ ਭਾਈ! (ਕੁਰਾਹੇ ਪਿਆ ਹੋਇਆ ਮਨੁੱਖ) ਪਾਪ ਸੋਚਦਿਆਂ (ਰਤਾ ਭੀ) ਢਿੱਲ ਨਹੀਂ ਕਰਦਾ, ਵੇਸੁਆ ਦੇ ਦੁਆਰੇ ਤੇ ਜਾਣੋਂ ਭੀ ਰਤਾ ਸ਼ਰਮ ਨਹੀਂ ਕਰਦਾ। (ਮਾਇਆ ਦੀ ਖ਼ਾਤਰ) ਸਾਰਾ ਹੀ ਦਿਨ ਮਜੂਰੀ ਕਰ ਸਕਦਾ ਹੈ, ਪਰ ਜਦੋਂ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾ ਹੈ (ਤਦੋਂ ਇਉਂ ਹੁੰਦਾ ਹੈ ਜਿਵੇਂ ਇਸ ਦੇ) ਸਿਰ ਉਤੇ ਬਿਜਲੀ ਪੈ ਜਾਂਦੀ ਹੈ।1। ਹੇ ਭਾਈ! ਮਾਇਆ ਦੇ ਚੋਜ-ਤਮਾਸ਼ੇ ਵੇਖਦਿਆਂ ਹੀ (ਕੁਰਾਹੇ ਪਏ ਮਨੁੱਖ ਦੀ ਉਮਰ) ਬੀਤ ਜਾਂਦੀ ਹੈ, ਤੁੱਛ ਜਿਹੀ ਮਾਇਆ ਵਿਚ ਪਿਆਰ ਪਾ ਕੇ (ਰੋਜ਼ਾਨਾ ਕਾਰ-ਵਿਹਾਰ ਵਿਚ ਭੀ) ਹੇਰਾ-ਵੇਰੀ ਕਰਦਾ ਰਹਿੰਦਾ ਹੈ। ਹੇ ਭਾਈ! ਮਾਇਆ ਦੇ ਮੋਹ ਵਿਚ ਅੰਨ੍ਹਾ ਕਰ ਦੇਣ ਵਾਲੇ ਕਾਰ-ਵਿਹਾਰ ਦੇ ਬੰਧਨਾਂ ਵਲ (ਕੁਰਾਹੇ ਪਏ ਮਨੁੱਖ ਦਾ) ਮਨ ਦੌੜਦਾ ਰਹਿੰਦਾ ਹੈ, ਪਰ ਪੈਦਾ ਕਰਨ ਵਾਲਾ ਪਰਮਾਤਮਾ ਇਸ ਦੇ ਹਿਰਦੇ ਵਿਚ ਨਹੀਂ ਯਾਦ ਆਉਂਦਾ।2। ਹੇ ਭਾਈ! (ਕੁਰਾਹੇ ਪਿਆ ਮਨੁੱਖ) ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦੁੱਖ ਭੋਗਦਾ ਹੈ, ਮਾਇਆ ਵਾਲੇ (ਇਸ ਦੇ) ਕੰਮ ਕਦੇ ਮੁੱਕਦੇ ਹੀ ਨਹੀਂ। ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਲੋਭ ਵਿਚ (ਇਸ ਦਾ) ਮਨ ਡੁੱਬਾ ਰਹਿੰਦਾ ਹੈ; ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਹੈ, ਤਿਵੇਂ ਨਾਮ ਤੋਂ ਬਿਨਾ ਵਿਕਾਰਾਂ ਵਿਚ ਲੁਛ ਲੁਛ ਕੇ ਇਹ ਆਤਮਕ ਮੌਤ ਸਹੇੜ ਲੈਂਦਾ ਹੈ।3। ਪਰ, ਹੇ ਭਾਈ! ਪ੍ਰਭੂ ਜੀ ਆਪ ਜਿਸ ਮਨੁੱਖ ਦੇ ਰਖਵਾਲੇ ਬਣ ਗਏ, ਉਹ ਮਨੁੱਖ ਸਦਾ ਹੀ ਪ੍ਰਭੂ ਦਾ ਨਾਮ ਜਪਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ (ਪ੍ਰਭੂ ਦੀ ਕਿਰਪਾ ਨਾਲ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ।4।15। 28। ਭੈਰਉ ਮਹਲਾ ੫ ॥ ਅਪਣੀ ਦਇਆ ਕਰੇ ਸੋ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਸਾਚ ਸਬਦੁ ਹਿਰਦੇ ਮਨ ਮਾਹਿ ॥ ਜਨਮ ਜਨਮ ਕੇ ਕਿਲਵਿਖ ਜਾਹਿ ॥੧॥ ਰਾਮ ਨਾਮੁ ਜੀਅ ਕੋ ਆਧਾਰੁ ॥ ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥ ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥ ਸੇ ਜਨ ਦਰਗਹ ਪਾਵਹਿ ਮਾਨੁ ॥ ਸੂਖ ਸਹਜ ਆਨੰਦ ਗੁਣ ਗਾਉ ॥ ਆਗੈ ਮਿਲੈ ਨਿਥਾਵੇ ਥਾਉ ॥੨॥ ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥ ਹਰਿ ਸਿਮਰਣੁ ਸਾਚਾ ਬੀਚਾਰੁ ॥ ਜਿਸੁ ਲੜਿ ਲਾਇ ਲਏ ਸੋ ਲਾਗੈ ॥ ਜਨਮ ਜਨਮ ਕਾ ਸੋਇਆ ਜਾਗੈ ॥੩॥ ਤੇਰੇ ਭਗਤ ਭਗਤਨ ਕਾ ਆਪਿ ॥ ਅਪਣੀ ਮਹਿਮਾ ਆਪੇ ਜਾਪਿ ॥ ਜੀਅ ਜੰਤ ਸਭਿ ਤੇਰੈ ਹਾਥਿ ॥ ਨਾਨਕ ਕੇ ਪ੍ਰਭ ਸਦ ਹੀ ਸਾਥਿ ॥੪॥੧੬॥੨੯॥ {ਪੰਨਾ 1143-1144} ਪਦ ਅਰਥ: ਕਰੇ = (ਪਰਮਾਤਮਾ) ਕਰਦਾ ਹੈ। ਸੋ ਪਾਏ = ਉਹ (ਮਨੁੱਖ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ। ਮੰਨਿ = ਮਨਿ, ਮਨ ਵਿਚ। ਸਾਚ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਕਿਲਵਿਖ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ {ਬਹੁ-ਵਚਨ}।1। ਜੀਅ ਕੋ = ਜਿੰਦ ਦਾ। ਆਧਾਰੁ = ਆਸਰਾ। ਪਰਸਾਦਿ = ਕਿਰਪਾ ਨਾਲ। ਭਾਈ = ਹੇ ਭਾਈ! ਸਾਗਰ = ਸਮੁੰਦਰ।1। ਰਹਾਉ। ਨਿਧਾਨੁ = ਖ਼ਜ਼ਾਨਾ। ਸੇ ਜਨ = ਉਹ ਬੰਦੇ {ਬਹੁ-ਵਚਨ}। ਮਾਨੁ = ਆਦਰ। ਸਹਜ = ਆਤਮਕ ਅਡੋਲਤਾ। ਆਗੈ = ਪਰਮਾਤਮਾ ਦੀ ਹਜ਼ੂਰੀ ਵਿਚ।2। ਜੁਗਹ ਜੁਗੰਤਰਿ = ਜੁਗਹ ਜੁਗ ਅੰਤਰਿ, ਹਰੇਕ ਜੁਗ ਵਿਚ। ਤਤੁ = ਅਸਲੀਅਤ। ਸਾਰੁ = ਤੱਤ, ਅਸਲੀਅਤ, ਨਿਚੋੜ। ਸਾਚਾ = ਸਦਾ ਕਾਇਮ ਰਹਿਣ ਵਾਲਾ। ਲੜਿ = ਪੱਲੇ ਨਾਲ। ਜਾਗੈ = ਜਾਗ ਪੈਂਦਾ ਹੈ।3। ਮਹਿਮਾ = ਵਡਿਆਈ, ਸੋਭਾ। ਆਪੇ = ਆਪ ਹੀ। ਜਾਪਿ = (ਤੂੰ) ਜਪਦਾ ਹੈਂ। ਸਭਿ = ਸਾਰੇ। ਹਾਥਿ = ਹੱਥ ਵਿਚ, ਵੱਸ ਵਿਚ। ਪ੍ਰਭ = ਹੇ ਪ੍ਰਭੂ! ਸਦ = ਸਦਾ। ਸਾਥਿ = ਨਾਲ।4। ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਮਨੁੱਖ ਦੀ) ਜਿੰਦ ਦਾ ਆਸਰਾ ਹੈ। (ਇਸ ਵਾਸਤੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਸਦਾ ਜਪਿਆ ਕਰੋ, (ਪ੍ਰਭੂ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।1। ਰਹਾਉ। ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਉਹ ਮਨੁੱਖ (ਹਰਿ-ਨਾਮ ਦਾ ਸਿਮਰਨ) ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾਈ ਰੱਖਦਾ ਹੈ (ਜਿਸ ਦੀ ਬਰਕਤਿ ਨਾਲ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।1। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਇਸ ਨਾਮ-ਖ਼ਜ਼ਾਨੇ ਦੀ ਪ੍ਰਾਪਤੀ ਲਿਖੀ ਹੁੰਦੀ ਹੈ, ਉਹ ਮਨੁੱਖ (ਨਾਮ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਹੇ ਭਾਈ! ਪਰਮਾਤਮਾ ਦੇ ਗੁਣ ਗਾਇਆ ਕਰੋ, (ਗੁਣ ਗਾਵਣ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ (ਪ੍ਰਾਪਤ ਹੁੰਦੇ ਹਨ) , (ਜਿਸ ਮਨੁੱਖ ਨੂੰ ਜਗਤ ਵਿਚ) ਕੋਈ ਜੀਵ ਭੀ ਸਹਾਰਾ ਨਹੀਂ ਦੇਂਦਾ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ।2। ਹੇ ਭਾਈ! (ਜੁਗ ਕੋਈ ਭੀ ਹੋਵੇ) ਹਰੇਕ ਜੁਗ ਵਿਚ ਪਰਮਾਤਮਾ ਦਾ ਸਿਮਰਨ ਹੀ (ਆਤਮਕ ਜੀਵਨ ਜੀਊਣ ਦੀ) ਸਹੀ ਵਿਚਾਰ ਹੈ (ਇਹ ਨਾਮ-ਸਿਮਰਨ ਹੀ ਜੀਵਨ-ਜੁਗਤਿ ਦਾ) ਤੱਤ ਹੈ ਨਿਚੋੜ ਹੈ। ਪਰ, ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਲੜ ਲਾ ਲੈਂਦਾ ਹੈ, ਉਹੀ ਲੱਗਦਾ ਹੈ, ਉਹੀ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਿਚ) ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ।3। ਹੇ ਪ੍ਰਭੂ! ਤੇਰੇ ਭਗਤ (ਤੇਰੇ ਸਹਾਰੇ ਹਨ) , ਤੂੰ ਆਪ ਆਪਣੇ ਭਗਤਾਂ ਦਾ (ਸਦਾ ਰਾਖਾ ਹੈਂ) । (ਭਗਤਾਂ ਵਿਚ ਬੈਠ ਕੇ) ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈਂ। ਹੇ ਨਾਨਕ ਦੇ ਪ੍ਰਭੂ! ਸਾਰੇ ਹੀ ਜੀਅ ਜੰਤ ਤੇਰੇ ਵੱਸ ਵਿਚ ਹਨ, ਤੂੰ ਸਭ ਜੀਵਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈਂ।4। 16। 29। |
Sri Guru Granth Darpan, by Professor Sahib Singh |