ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1144 ਭੈਰਉ ਮਹਲਾ ੫ ॥ ਨਾਮੁ ਹਮਾਰੈ ਅੰਤਰਜਾਮੀ ॥ ਨਾਮੁ ਹਮਾਰੈ ਆਵੈ ਕਾਮੀ ॥ ਰੋਮਿ ਰੋਮਿ ਰਵਿਆ ਹਰਿ ਨਾਮੁ ॥ ਸਤਿਗੁਰ ਪੂਰੈ ਕੀਨੋ ਦਾਨੁ ॥੧॥ ਨਾਮੁ ਰਤਨੁ ਮੇਰੈ ਭੰਡਾਰ ॥ ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ ॥ ਨਾਮੁ ਹਮਾਰੈ ਨਿਹਚਲ ਧਨੀ ॥ ਨਾਮ ਕੀ ਮਹਿਮਾ ਸਭ ਮਹਿ ਬਨੀ ॥ ਨਾਮੁ ਹਮਾਰੈ ਪੂਰਾ ਸਾਹੁ ॥ ਨਾਮੁ ਹਮਾਰੈ ਬੇਪਰਵਾਹੁ ॥੨॥ ਨਾਮੁ ਹਮਾਰੈ ਭੋਜਨ ਭਾਉ ॥ ਨਾਮੁ ਹਮਾਰੈ ਮਨ ਕਾ ਸੁਆਉ ॥ ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥ ਨਾਮੁ ਲੈਤ ਅਨਹਦ ਪੂਰੇ ਨਾਦ ॥੩॥ ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥ ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥ ਧਨਵੰਤੇ ਸੇਈ ਪਰਧਾਨ ॥ ਨਾਨਕ ਜਾ ਕੈ ਨਾਮੁ ਨਿਧਾਨ ॥੪॥੧੭॥੩੦॥ {ਪੰਨਾ 1144} ਪਦ ਅਰਥ: ਹਮਾਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਆਵੈ ਕਾਮੀ = ਕੰਮ ਆਉਂਦਾ ਹੈ, ਹਰੇਕ ਕੰਮ ਸਵਾਰਦਾ ਹੈ। ਰੋਮਿ ਰੋਮਿ = ਹਰੇਕ ਰੋਮ ਵਿਚ। ਰਵਿਆ = ਰਚ ਗਿਆ ਹੈ। ਸਤਿਗੁਰ ਪੂਰੈ = ਪੂਰੇ ਗੁਰੂ ਨੇ।1। ਮੇਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਰਤਨੁ = ਕੀਮਤੀ ਪਦਾਰਥ। ਭੰਡਾਰ = ਖ਼ਜ਼ਾਨੇ। ਅਗਮ = ਅਪਹੁੰਚ। ਅਮੋਲਾ = ਜੋ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਾਹ ਮਿਲ ਸਕੇ। ਅਪਰ ਅਪਾਰ = ਬੇਅੰਤ।1। ਰਹਾਉ। ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ। ਮਹਿਮਾ = ਵਡਿਆਈ। ਪੂਰਾ ਸਾਹੁ = ਉਹ ਸ਼ਾਹ ਜਿਸ ਦੇ ਘਰ ਵਿਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਾਹ ਹੋਵੇ। ਵੇਪਰਵਾਹੁ = ਬੇ-ਮੁਥਾਜ।2। ਭਾਉ = ਪਿਆਰ। ਸੁਆਉ = ਸੁਆਰਥ, ਮਨੋਰਥ, ਮੰਗ। ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਅਨਹਦ ਨਾਦ = ਇਕ-ਰਸ ਵੱਜ ਰਹੇ ਵਾਜੇ।3। ਤੇ = ਤੋਂ, ਨਾਲ। ਨਉਨਿਧਿ = ਧਰਤੀ ਦੇ ਸਾਰੇ ਨੌ ਹੀ ਖ਼ਜ਼ਾਨੇ। ਸਿਉ = ਨਾਲ। ਸੇਈ = ਉਹ ਬੰਦੇ। ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਿਧਾਨ = ਖ਼ਜ਼ਾਨਾ।4। ਅਰਥ: ਹੇ ਭਾਈ! (ਪੂਰੇ ਗੁਰੂ ਦੀ ਕਿਰਪਾ ਨਾਲ) ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਕੀਮਤੀ ਨਾਮ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਇਹ ਐਸਾ ਖ਼ਜ਼ਾਨਾ ਹੈ ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ।1। ਰਹਾਉ। ਹੇ ਭਾਈ! ਪੂਰੇ ਗੁਰੂ ਨੇ ਮੈਨੂੰ (ਹਰਿ-ਨਾਮ ਰਤਨ ਦਾ) ਦਾਨ ਦਿੱਤਾ ਹੈ, (ਹੁਣ) ਸਭ ਦੇ ਦਿਲ ਦੀ ਜਾਣਨ ਵਾਲੇ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਵੱਸ ਰਿਹਾ ਹੈ, ਹਰਿ-ਨਾਮ ਮੇਰੇ ਸਾਰੇ ਕੰਮ ਸਵਾਰ ਰਿਹਾ ਹੈ, (ਗੁਰੂ ਦੀ ਕਿਰਪਾ ਨਾਲ) ਹਰਿ-ਨਾਮ ਮੇਰੇ ਰੋਮ ਰੋਮ ਵਿਚ ਵੱਸ ਪਿਆ ਹੈ।1। ਹੇ ਭਾਈ! ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਸਿਰ ਉਤੇ) ਸਦਾ ਕਾਇਮ ਰਹਿਣ ਵਾਲਾ ਮਾਲਕ ਹੈ। ਹਰਿ-ਨਾਮ ਦੀ ਵਡਿਆਈ ਹੀ ਸਭ ਜੀਵਾਂ ਦੇ ਅੰਦਰ ਸੋਭ ਰਹੀ ਹੈ। ਹੇ ਭਾਈ! ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ ਉਹ) ਸ਼ਾਹ ਹੈ ਜਿਸ ਦੇ ਘਰ ਵਿਚ ਕੋਈ ਕਮੀ ਨਹੀਂ, ਹਰਿ-ਨਾਮ ਹੀ (ਮੇਰੇ ਸਿਰ ਉਤੇ ਉਹ) ਮਾਲਕ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।2। ਹੇ ਭਾਈ! (ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਮੇਰੀ ਆਤਮਕ ਖ਼ੁਰਾਕ ਬਣ ਗਈ ਹੈ। ਹਰਿ-ਨਾਮ ਮੇਰੇ ਮਨ ਦੀ ਹਰ ਵੇਲੇ ਦੀ ਮੰਗ ਹੋ ਗਈ ਹੈ। ਹੇ ਭਾਈ! ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਦਾ। ਹੇ ਭਾਈ! ਨਾਮ ਜਪਦਿਆਂ (ਅੰਤਰ ਆਤਮੇ ਇਉਂ ਪ੍ਰਤੀਤ ਹੁੰਦਾ ਹੈ ਕਿ) ਸਾਰੇ ਸੰਗੀਤਕ ਸਾਜ਼ ਇਕ-ਰਸ ਵੱਜਣ ਲੱਗ ਪਏ ਹਨ।3। ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ ਮੈਨੂੰ (ਉਸ ਦਾ) ਨਾਮ ਮਿਲ ਗਿਆ ਹੈ (ਜੋ ਮੇਰੇ ਲਈ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ ਹੈ। ਗੁਰੂ ਦੀ ਕਿਰਪਾ ਨਾਲ ਮੇਰਾ ਪਿਆਰ ਪਰਮਾਤਮਾ ਦੇ ਨਾਮ ਨਾਲ ਬਣ ਗਿਆ ਹੈ। ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ (ਆ ਵੱਸਦਾ ਹੈ) , ਉਹੀ (ਅਸਲ) ਧਨਾਢ ਹਨ, ਉਹੀ (ਲੋਕ ਪਰਲੋਕ ਵਿਚ) ਤੁਰਨੇ-ਸਿਰ ਮਨੁੱਖ ਹਨ।4। 17। 30। ਭੈਰਉ ਮਹਲਾ ੫ ॥ ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥ ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥੧॥ ਕਰਿ ਕਿਰਪਾ ਕਰਹੁ ਪ੍ਰਭ ਦਾਤਿ ॥ ਤੁਮ੍ਹ੍ਹਰੀ ਉਸਤਤਿ ਕਰਉ ਦਿਨ ਰਾਤਿ ॥੧॥ ਰਹਾਉ ॥ ਹਮ ਤੇਰੇ ਜੰਤ ਤੂ ਬਜਾਵਨਹਾਰਾ ॥ ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥ ਤਉ ਪਰਸਾਦਿ ਰੰਗ ਰਸ ਮਾਣੇ ॥ ਘਟ ਘਟ ਅੰਤਰਿ ਤੁਮਹਿ ਸਮਾਣੇ ॥੨॥ ਤੁਮ੍ਹ੍ਹਰੀ ਕ੍ਰਿਪਾ ਤੇ ਜਪੀਐ ਨਾਉ ॥ ਸਾਧਸੰਗਿ ਤੁਮਰੇ ਗੁਣ ਗਾਉ ॥ ਤੁਮ੍ਹ੍ਹਰੀ ਦਇਆ ਤੇ ਹੋਇ ਦਰਦ ਬਿਨਾਸੁ ॥ ਤੁਮਰੀ ਮਇਆ ਤੇ ਕਮਲ ਬਿਗਾਸੁ ॥੩॥ ਹਉ ਬਲਿਹਾਰਿ ਜਾਉ ਗੁਰਦੇਵ ॥ ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥ ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥ ਗੁਣ ਗਾਵੈ ਨਾਨਕੁ ਨਿਤ ਤੇਰੇ ॥੪॥੧੮॥੩੧॥ {ਪੰਨਾ 1144} ਪਦ ਅਰਥ: ਜੀਅ ਦਾਤਾ = ਜਿੰਦ ਦੇਣ ਵਾਲਾ। ਪ੍ਰਾਨ ਦਾਤਾ = ਪ੍ਰਾਣ ਦੇਣ ਵਾਲਾ। ਸੁਖ ਦਾਤਾ = ਸਾਰੇ ਸੁਖ ਦੇਣ ਵਾਲਾ। ਠਾਕੁਰੁ = ਮਾਲਕ। ਹਉ = ਮੈਂ। ਅਵਰੁ ਕੋ = ਕੋਈ ਹੋਰ।1। ਕਰਿ = ਕਰ ਕੇ। ਪ੍ਰਭ = ਹੇ ਪ੍ਰਭੂ! ਉਸਤਤਿ = ਸਿਫ਼ਤਿ-ਸਾਲਾਹ। ਕਰਉ = ਕਰਉਂ, ਮੈਂ ਕਰਦਾ ਰਹਾਂ।1। ਰਹਾਉ। ਜੰਤ = ਜੰਤ੍ਰ, ਸਾਜ਼। ਭਿਖਾਰੀ = ਮੰਗਤੇ। ਦੇਹਿ = ਦੇਹਿਂ, ਤੂੰ ਦੇਂਦਾ ਹੈਂ। ਤਉ ਪਰਸਾਦਿ = ਤੇਰੀ ਕਿਰਪਾ ਨਾਲ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਤੁਮਹਿ = ਤੂੰ ਹੀ।2। ਤੇ = ਤੋਂ, ਨਾਲ। ਜਪੀਐ = ਜਪਿਆ ਜਾ ਸਕਦਾ ਹੈ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਗਾਉ = ਗਾਉਂ, ਮੈਂ ਗਾਂਦਾ ਰਹਾਂ। ਦਰਦ ਬਿਨਾਸੁ = ਦਰਦ ਦਾ ਨਾਸ। ਮਇਆ = ਕਿਰਪਾ। ਬਿਗਾਸੁ = ਖੇੜਾ, ਖਿੜਾਉ।3। ਹਉ = ਮੈਂ। ਜਾਉ = ਜਾਉਂ, ਮੈਂ ਜਾਵਾਂ। ਸਫਲ = ਫਲ ਦੇਣ ਵਾਲਾ। ਨਿਰਮਲ = ਪਵਿੱਤਰ ਕਰਨ ਵਾਲੀ। ਪ੍ਰਭ = ਹੇ ਪ੍ਰਭੂ! ਗਾਵੈ = ਗਾਂਦਾ ਰਹੇ।4। ਅਰਥ: ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤਿ ਬਖ਼ਸ਼ (ਕਿ) ਮੈਂ ਦਿਨ ਰਾਤ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ। ਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ। ਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ। ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ। ਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ।1। ਹੇ ਪ੍ਰਭੂ! ਅਸੀਂ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ। ਹੇ ਦਾਤਾਰ! ਅਸੀਂ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ। ਤੇਰੀ ਮਿਹਰ ਨਾਲ ਹੀ ਅਸੀਂ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ। ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ।2। ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ, (ਮਿਹਰ ਕਰ ਕਿ) ਮੈਂ ਸਾਧ ਸੰਗਤਿ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ। ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ, ਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ।3। ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ। ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ, (ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ।4। 18। 31। ਭੈਰਉ ਮਹਲਾ ੫ ॥ ਸਭ ਤੇ ਊਚ ਜਾ ਕਾ ਦਰਬਾਰੁ ॥ ਸਦਾ ਸਦਾ ਤਾ ਕਉ ਜੋਹਾਰੁ ॥ ਊਚੇ ਤੇ ਊਚਾ ਜਾ ਕਾ ਥਾਨ ॥ ਕੋਟਿ ਅਘਾ ਮਿਟਹਿ ਹਰਿ ਨਾਮ ॥੧॥ ਤਿਸੁ ਸਰਣਾਈ ਸਦਾ ਸੁਖੁ ਹੋਇ ॥ ਕਰਿ ਕਿਰਪਾ ਜਾ ਕਉ ਮੇਲੈ ਸੋਇ ॥੧॥ ਰਹਾਉ ॥ ਜਾ ਕੇ ਕਰਤਬ ਲਖੇ ਨ ਜਾਹਿ ॥ ਜਾ ਕਾ ਭਰਵਾਸਾ ਸਭ ਘਟ ਮਾਹਿ ॥ ਪ੍ਰਗਟ ਭਇਆ ਸਾਧੂ ਕੈ ਸੰਗਿ ॥ ਭਗਤ ਅਰਾਧਹਿ ਅਨਦਿਨੁ ਰੰਗਿ ॥੨॥ ਦੇਦੇ ਤੋਟਿ ਨਹੀ ਭੰਡਾਰ ॥ ਖਿਨ ਮਹਿ ਥਾਪਿ ਉਥਾਪਨਹਾਰ ॥ ਜਾ ਕਾ ਹੁਕਮੁ ਨ ਮੇਟੈ ਕੋਇ ॥ ਸਿਰਿ ਪਾਤਿਸਾਹਾ ਸਾਚਾ ਸੋਇ ॥੩॥ ਜਿਸ ਕੀ ਓਟ ਤਿਸੈ ਕੀ ਆਸਾ ॥ ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ ਰਾਖਿ ਲੀਨੋ ਸਭੁ ਜਨ ਕਾ ਪੜਦਾ ॥ ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥ {ਪੰਨਾ 1144} ਪਦ ਅਰਥ: ਸਭ ਤੇ = ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਤੋਂ। ਜਾ ਕਾ = ਜਿਸ (ਪ੍ਰਭੂ-ਪਾਤਿਸ਼ਾਹ) ਦਾ। ਤਾ ਕਉ = ਉਸ ਨੂੰ। ਜੋਹਾਰੁ = ਨਮਸਕਾਰ। ਕੋਟਿ = ਕ੍ਰੋੜਾਂ। ਅਘਾ = ਅਘਾਂ, ਪਾਪ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸਰਣਾਈ = ਸਰਨ ਪਿਆਂ। ਜਾ ਕਉ = ਜਿਸ (ਮਨੁੱਖ) ਨੂੰ। ਸੋਇ = ਉਹ (ਪ੍ਰਭੂ ਆਪ) ਹੀ।1। ਰਹਾਉ। ਲਖੇ ਨ ਜਾਹਿ = ਸਮਝੇ ਨਹੀਂ ਜਾ ਸਕਦੇ। ਭਰਵਾਸਾ = ਸਹਾਰਾ। ਘਟ = ਹਿਰਦਾ। ਸਾਧੂ ਕੈ ਸੰਗਿ = ਗੁਰੂ ਦੀ ਸੰਗਤਿ ਵਿਚ। ਅਰਾਧਹਿ = ਆਰਾਧਦੇ ਹਨ, ਨਾਮ ਜਪਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ ਨਾਲ।2। ਦੇਦੇ = ਦੇਂਦੇ, ਦੇਂਦਿਆਂ। ਤੋਟਿ = ਘਾਟਾ, ਕਮੀ। ਥਾਪਿ = ਪੈਦਾ ਕਰ ਕੇ। ਉਥਾਪਨਹਾਰ = ਨਾਸ ਕਰ ਸਕਣ ਵਾਲਾ। ਨ ਮੇਟੈ = ਮੋੜ ਨਹੀਂ ਸਕਦਾ। ਸਿਰਿ ਪਾਤਿਸ਼ਾਹਾ = (ਸਾਰੇ) ਪਾਤਿਸ਼ਾਹਾਂ ਦੇ ਸਿਰ ਉੱਤੇ। ਸਾਚਾ = ਸਦਾ ਕਾਇਮ ਰਹਿਣ ਵਾਲਾ।3। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਸਭੁ = ਸਾਰਾ, ਹਰ ਥਾਂ।4। ਅਰਥ: ਹੇ ਭਾਈ! ਉਹ ਪ੍ਰਭੂ ਆਪ ਹੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ, ਉਸ (ਪ੍ਰਭੂ) ਦੀ ਸਰਨ ਵਿਚ (ਰਹਿ ਕੇ) ਉਸ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ।1। ਰਹਾਉ। ਹੇ ਭਾਈ! ਜਿਸ (ਪਰਮਾਤਮਾ) ਦਾ ਦਰਬਾਰ ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਨਾਲੋਂ ਉੱਚਾ ਹੈ, ਉਸ (ਪ੍ਰਭੂ-ਪਾਤਿਸ਼ਾਹ) ਨੂੰ ਸਦਾ ਹੀ ਸਦਾ ਨਮਸਕਾਰ ਕਰਨੀ ਚਾਹੀਦੀ ਹੈ। ਹੇ ਭਾਈ! ਜਿਸ ਪ੍ਰਭੂ-ਪਾਤਿਸ਼ਾਹ ਦਾ ਮਹੱਲ ਉੱਚੇ ਤੋਂ ਉੱਚਾ ਹੈ, ਉਸ ਹਰੀ-ਪਾਤਿਸ਼ਾਹ ਦੇ ਨਾਮ ਦੀ ਬਰਕਤਿ ਨਾਲ ਕ੍ਰੋੜਾਂ ਪਾਪ ਖ਼ਤਮ ਹੋ ਜਾਂਦੇ ਹਨ।1। ਹੇ ਭਾਈ! ਜਿਸ ਪ੍ਰਭੂ-ਪਾਤਿਸ਼ਾਹ ਦੇ ਚੋਜ-ਤਮਾਸ਼ੇ ਸਮਝੇ ਨਹੀਂ ਜਾ ਸਕਦੇ, ਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਵਿਚ ਹੈ, ਉਹ ਪ੍ਰਭੂ-ਪਾਤਿਸ਼ਾਹ ਗੁਰੂ ਦੀ ਸੰਗਤਿ ਵਿਚ ਰਿਹਾਂ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਉਸ ਦੇ ਭਗਤ ਹਰ ਵੇਲੇ ਪ੍ਰੇਮ ਨਾਲ ਉਸ ਦਾ ਨਾਮ ਜਪਦੇ ਰਹਿੰਦੇ ਹਨ।2। ਹੇ ਭਾਈ! (ਦੁਨੀਆ ਦੇ) ਪਾਤਿਸ਼ਾਹਾਂ ਦੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ (ਪਾਤਿਸ਼ਾਹ) ਉਹ (ਪਰਮਾਤਮਾ) ਹੀ ਹੈ, (ਜੀਵਾਂ ਨੂੰ ਬੇਅੰਤ ਦਾਤਾਂ) ਦੇਂਦਿਆਂ ਭੀ (ਉਸ ਦੇ) ਖ਼ਜ਼ਾਨਿਆਂ ਵਿਚ ਕਮੀ ਨਹੀਂ ਹੁੰਦੀ, ਉਹ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰਥਾ ਵਾਲਾ ਹੈ। ਹੇ ਭਾਈ! ਕੋਈ ਭੀ ਜੀਵ ਉਸ ਦਾ ਹੁਕਮ ਮੋੜ ਨਹੀਂ ਸਕਦਾ।3। ਹੇ ਭਾਈ! (ਦੁੱਖਾਂ ਤੋਂ ਬਚਣ ਲਈ ਅਸਾਂ ਜੀਵਾਂ ਨੂੰ) ਜਿਸ (ਪਰਮਾਤਮਾ) ਦਾ ਆਸਰਾ ਹੈ, (ਸੁਖਾਂ ਦੀ ਪ੍ਰਾਪਤੀ ਲਈ ਭੀ) ਉਸੇ ਦੀ (ਸਹਾਇਤਾ ਦੀ) ਆਸ ਹੈ। ਹੇ ਭਾਈ! ਦੁੱਖ (ਤੋਂ ਬਚਣ ਲਈ, ਤੇ) ਸੁਖ (ਦੀ ਪ੍ਰਾਪਤੀ ਲਈ) ਅਸਾਂ ਜੀਵਾਂ ਦੀ ਉਸ ਦੇ ਪਾਸ ਹੀ (ਸਦਾ ਅਰਦਾਸ) ਹੈ। ਹੇ ਭਾਈ! ਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖ ਲੈਂਦਾ ਹੈ, ਨਾਨਕ ਉਸ ਦੀ (ਹੀ ਸਦਾ) ਸਿਫ਼ਤਿ-ਸਾਲਾਹ ਕਰਦਾ ਹੈ।4। 19। 32। |
Sri Guru Granth Darpan, by Professor Sahib Singh |