ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1145 ਭੈਰਉ ਮਹਲਾ ੫ ॥ ਰੋਵਨਹਾਰੀ ਰੋਜੁ ਬਨਾਇਆ ॥ ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ ਬੂਝਿ ਬੈਰਾਗੁ ਕਰੇ ਜੇ ਕੋਇ ॥ ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ ਬਿਖਿਆ ਕਾ ਸਭੁ ਧੰਧੁ ਪਸਾਰੁ ॥ ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ ਤ੍ਰਿਬਿਧਿ ਮਾਇਆ ਰਹੀ ਬਿਆਪਿ ॥ ਜੋ ਲਪਟਾਨੋ ਤਿਸੁ ਦੂਖ ਸੰਤਾਪ ॥ ਸੁਖੁ ਨਾਹੀ ਬਿਨੁ ਨਾਮ ਧਿਆਏ ॥ ਨਾਮ ਨਿਧਾਨੁ ਬਡਭਾਗੀ ਪਾਏ ॥੨॥ ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥ ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥ ਮੇਘ ਕੀ ਛਾਇਆ ਜੈਸੇ ਬਰਤਨਹਾਰ ॥ ਤੈਸੋ ਪਰਪੰਚੁ ਮੋਹ ਬਿਕਾਰ ॥੩॥ ਏਕ ਵਸਤੁ ਜੇ ਪਾਵੈ ਕੋਇ ॥ ਪੂਰਨ ਕਾਜੁ ਤਾਹੀ ਕਾ ਹੋਇ ॥ ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥ ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥ {ਪੰਨਾ 1145} ਪਦ ਅਰਥ: ਰੋਜੁ = ਹਰ ਰੋਜ਼ ਦਾ ਨੇਮ। ਬਲਨ = ਵਲੇਵਾ। ਬਲਨ ਬਰਤਨ ਕਉ = ਵਰਤਣ-ਵਿਹਾਰ ਦੀ ਖ਼ਾਤਰ। ਚਿਤਿ = ਚਿੱਤ ਵਿਚ। ਬੂਝਿ = (ਜਗਤ ਦੇ ਸੰਬੰਧ ਨੂੰ) ਸਮਝ ਕੇ। ਕੋਇ = ਕੋਈ ਮਨੁੱਖ। ਬੈਰਾਗੁ = ਨਿਰਮੋਹਤਾ। ਸੋਗੁ = ਗ਼ਮ।1। ਬਿਖਿਆ = ਮਾਇਆ। ਧੰਧੁ = ਖਲਜਗਨ। ਅਧਾਰੁ = ਆਸਰਾ।1। ਰਹਾਉ। ਤ੍ਰਿਬਿਧਿ = ਤਿੰਨਾਂ ਗੁਣਾਂ ਵਾਲੀ। ਰਹੀ ਬਿਆਪਿ = (ਆਪਣਾ) ਜ਼ੋਰ ਪਾ ਰਹੀ ਹੈ। ਲਪਟਾਨੋ = ਚੰਬੜਦਾ ਹੈ। ਸੰਤਾਪ = (ਅਨੇਕਾਂ) ਕਲੇਸ਼। ਨਿਧਾਨੁ = ਖ਼ਜ਼ਾਨਾ।2। ਸਿਉ = ਨਾਲ। ਰੀਝਾਵੈ = ਪਰਚਾਂਦਾ ਹੈ। ਸ੍ਵਾਗਿ ਉਤਾਰਿਐ = ਜਦੋਂ ਸਾਂਗ ਲਾਹ ਦਿੱਤਾ ਜਾਂਦਾ ਹੈ। ਮੇਘ = ਬੱਦਲ। ਪਰਪੰਚੁ = ਜਗਤ-ਪਸਾਰਾ।3। ਵਸਤੁ = ਨਾਮ-ਪਦਾਰਥ। ਤਾਹੀ ਕਾ = ਉਸੇ ਦਾ। ਪ੍ਰਸਾਦਿ = ਕਿਰਪਾ ਨਾਲ। ਜਿਨਿ = ਜਿਸ (ਮਨੁੱਖ) ਨੇ। ਆਇਆ = ਜਗਤ ਵਿਚ ਜੰਮਿਆ।4। ਅਰਥ: ਹੇ ਭਾਈ! (ਜਗਤ ਵਿਚ) ਮਾਇਆ ਦਾ ਹੀ ਸਾਰਾ ਧੰਧਾ ਹੈ, ਮਾਇਆ ਦਾ ਹੀ ਸਾਰਾ ਖਿਲਾਰਾ ਹੈ। ਕਿਸੇ ਵਿਰਲੇ ਮਨੁੱਖ ਨੇ (ਮਾਇਆ ਦਾ ਆਸਰਾ ਛੱਡ ਕੇ) ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ।1। ਰਹਾਉ। ਹੇ ਭਾਈ! (ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ) ਰੋਣ ਵਾਲੀ ਇਸਤ੍ਰੀ (ਰੋਣ ਨੂੰ) ਹਰ ਰੋਜ਼ ਦਾ ਨੇਮ ਬਣਾਈ ਰੱਖਦੀ ਹੈ (ਕਿਉਂਕਿ ਉਸ ਨੂੰ ਵਿਛੁੜੇ ਸੰਬੰਧੀ ਦੇ ਨਾਲ) ਵਰਤਣ-ਵਿਹਾਰ ਦਾ ਸੰਬੰਧ ਚੇਤੇ ਆਉਂਦਾ ਰਹਿੰਦਾ ਹੈ। ਪਰ ਜੇ ਕੋਈ ਪ੍ਰਾਣੀ (ਇਹ) ਸਮਝ ਕੇ (ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ) ਨਿਰਮੋਹਤਾ ਪੈਦਾ ਕਰ ਲਏ, ਤਾਂ ਉਸ ਨੂੰ (ਕਿਸੇ ਦੇ) ਜਨਮ (ਦੀ ਖ਼ੁਸ਼ੀ, ਤੇ, ਕਿਸੇ ਦੇ) ਮਰਨ ਦਾ ਗ਼ਮ ਨਹੀਂ ਵਿਆਪਦਾ।1। ਹੇ ਭਾਈ! ਇਹ ਤ੍ਰਿਗੁਣੀ ਮਾਇਆ (ਸਾਰੇ ਜੀਵਾਂ ਉਤੇ ਆਪਣਾ) ਜ਼ੋਰ ਪਾ ਰਹੀ ਹੈ। ਜਿਹੜਾ ਮਨੁੱਖ (ਇਸ ਮਾਇਆ ਨੂੰ) ਚੰਬੜਿਆ ਰਹਿੰਦਾ ਹੈ, ਉਸ ਨੂੰ (ਅਨੇਕਾਂ) ਕਲੇਸ਼ ਵਿਆਪਦੇ ਰਹਿੰਦੇ ਹਨ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸੁਖ ਨਹੀਂ ਹੋ ਸਕਦਾ। ਕੋਈ ਵਿਰਲਾ ਕਿਸਮਤ ਵਾਲਾ ਮਨੁੱਖ ਹੀ ਨਾਮ-ਖ਼ਜ਼ਾਨਾ ਹਾਸਲ ਕਰਦਾ ਹੈ।2। ਹੇ ਭਾਈ! ਜਿਹੜਾ ਮਨੁੱਖ ਕਿਸੇ ਸਾਂਗ-ਧਾਰੀ ਨਾਲ ਪਿਆਰ ਪਾ ਲੈਂਦਾ ਹੈ, ਜਦੋਂ ਉਹ ਸਾਂਗ ਲਾਹ ਦਿੱਤਾ ਜਾਂਦਾ ਹੈ ਤਦੋਂ ਉਹ (ਪਿਆਰ ਪਾਣ ਵਾਲਾ ਅਸਲੀਅਤ ਵੇਖ ਕੇ) ਪਛੁਤਾਂਦਾ ਹੈ। ਹੇ ਭਾਈ! ਜਿਵੇਂ ਬੱਦਲਾਂ ਦੀ ਛਾਂ (ਨੂੰ ਟਿਕਵੀਂ ਛਾਂ ਸਮਝ ਕੇ ਉਸ) ਨਾਲ ਵਰਤਣ ਕਰਨਾ ਹੈ, ਤਿਵੇਂ ਹੀ ਇਹ ਜਗਤ-ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ।3। ਹੇ ਭਾਈ! ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲਏ, ਉਸੇ ਦਾ ਹੀ (ਜੀਵਨ ਦਾ ਅਸਲ) ਕੰਮ ਕਿਸੇ ਸਿਰੇ ਚੜ੍ਹਦਾ ਹੈ। ਹੇ ਨਾਨਕ! ਜਗਤ ਵਿਚ ਜੰਮਿਆ ਉਹੀ ਮਨੁੱਖ (ਲੋਕ ਪਰਲੋਕ ਵਿਚ) ਕਬੂਲ ਹੁੰਦਾ ਹੈ ਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ।4। 20। 33। ਭੈਰਉ ਮਹਲਾ ੫ ॥ ਸੰਤ ਕੀ ਨਿੰਦਾ ਜੋਨੀ ਭਵਨਾ ॥ ਸੰਤ ਕੀ ਨਿੰਦਾ ਰੋਗੀ ਕਰਨਾ ॥ ਸੰਤ ਕੀ ਨਿੰਦਾ ਦੂਖ ਸਹਾਮ ॥ ਡਾਨੁ ਦੈਤ ਨਿੰਦਕ ਕਉ ਜਾਮ ॥੧॥ ਸੰਤਸੰਗਿ ਕਰਹਿ ਜੋ ਬਾਦੁ ॥ ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥ ਭਗਤ ਕੀ ਨਿੰਦਾ ਕੰਧੁ ਛੇਦਾਵੈ ॥ ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ ਭਗਤ ਕੀ ਨਿੰਦਾ ਗਰਭ ਮਹਿ ਗਲੈ ॥ ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥ ਨਿੰਦਕ ਕੀ ਗਤਿ ਕਤਹੂ ਨਾਹਿ ॥ ਆਪਿ ਬੀਜਿ ਆਪੇ ਹੀ ਖਾਹਿ ॥ ਚੋਰ ਜਾਰ ਜੂਆਰ ਤੇ ਬੁਰਾ ॥ ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥ ਪਾਰਬ੍ਰਹਮ ਕੇ ਭਗਤ ਨਿਰਵੈਰ ॥ ਸੋ ਨਿਸਤਰੈ ਜੋ ਪੂਜੈ ਪੈਰ ॥ ਆਦਿ ਪੁਰਖਿ ਨਿੰਦਕੁ ਭੋਲਾਇਆ ॥ ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥ {ਪੰਨਾ 1145} ਪਦ ਅਰਥ: ਨਿੰਦਾ = ਆਚਰਨ ਉੱਤੇ ਦੂਸ਼ਣ ਲਾਣੇ। ਸਹਾਮ = ਸਹਾਰਨੇ ਪੈਂਦੇ ਹਨ। ਡਾਨੁ = ਡੰਨ, ਸਜ਼ਾ। ਜਾਮ = ਜਮਰਾਜ।1। ਸੰਗਿ = ਨਾਲ। ਕਰਹਿ = ਕਰਦੇ ਹਨ। {ਬਹੁ-ਵਚਨ}। ਬਾਦੁ = ਝਗੜਾ। ਸਾਦੁ = ਸੁਆਦ, ਆਨੰਦ।1। ਰਹਾਉ। ਕੰਧੁ = ਸਰੀਰ। ਛੇਦਾਵੈ = (ਵਿਕਾਰਾਂ ਨਾਲ) ਪ੍ਰੋ ਦੇਂਦੀ ਹੈ। ਭੁੰਚਾਵੈ = ਭੋਗਾਂਦੀ ਹੈ। ਗਰਭ ਮਹਿ = ਅਨੇਕਾਂ ਜੂਨਾਂ ਵਿਚ। ਰਾਜ ਤੇ = ਉੱਚੀ ਆਤਮਕ ਪਦਵੀ ਤੋਂ। ਟਲੈ = ਹੇਠਾਂ ਡਿੱਗ ਪੈਂਦਾ ਹੈ।2। ਗਤਿ = ਉੱਚੀ ਆਤਮਕ ਅਵਸਥਾ। ਖਾਇ = ਖਾਂਦਾ ਹੈ, ਫਲ ਪਾਂਦਾ ਹੈ। ਤੇ = ਤੋਂ। ਜਾਰ = ਵਿਭਚਾਰੀ। ਅਣਹੋਦਾ ਭਾਰੁ = ਉਹਨਾਂ ਵਿਕਾਰਾਂ ਦਾ ਭਾਰ ਜੋ ਪਹਿਲਾਂ ਉਸ ਦੇ ਆਪਣੇ ਅੰਦਰ ਨਹੀਂ ਸਨ। ਨਿੰਦਕਿ = ਨਿੰਦਕ ਨੇ। ਸਿਰਿ = ਸਿਰ ਉਤੇ।3। ਨਿਰਵੈਰ = ਕਿਸੇ ਨਾਲ ਭੀ ਵੈਰ ਨਾਹ ਕਰਨ ਵਾਲੇ। ਨਿਸਤਰੈ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ {ਇਕ-ਵਚਨ}। ਪੈਰ = (ਭਗਤਾਂ ਦੇ) ਪੈਰ। ਆਦਿ ਪੁਰਖਿ = ਆਦਿ ਪੁਰਖ ਨੇ। ਭੋਲਾਇਆ = ਕੁਰਾਹੇ ਪਾ ਦਿੱਤਾ ਹੈ। ਕਿਰਤੁ = ਕੀਤਾ ਹੋਇਆ ਕਰਮ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ।4। ਅਰਥ: ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ, ਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ।1। ਰਹਾਉ। ਹੇ ਭਾਈ! ਕਿਸੇ ਗੁਰਮੁਖ ਦੇ ਆਚਰਨ ਉਤੇ ਅਣਹੋਏ ਦੂਸ਼ਣ ਲਾਣ ਨਾਲ ਮਨੁੱਖ ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ, ਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ, (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ (ਤੇ ਅਗਾਂਹ ਪਰਲੋਕ ਵਿਚ ਭੀ) ਨਿੰਦਕ ਨੂੰ ਜਮਰਾਜ ਸਜ਼ਾ ਦੇਂਦਾ ਹੈ।1। ਹੇ ਭਾਈ! ਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ (ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ, ਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੂਨਾਂ ਵਿਚ ਗਲਦਾ ਫਿਰਦਾ ਹੈ, ਤੇ, ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ।2। ਹੇ ਭਾਈ! ਦੂਜਿਆਂ ਉੱਤੇ ਸਦਾ ਚਿੱਕੜ ਸੁੱਟਣ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਭੀ ਨਹੀਂ ਬਣਦੀ (ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ। ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ, ਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ।3। ਹੇ ਭਾਈ! ਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ। ਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਪਰ ਨਿੰਦਕ ਦੇ ਭੀ ਕੀਹ ਵੱਸ?) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ। ਹੇ ਨਾਨਕ! ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ।4। 21। 34। ਭੈਰਉ ਮਹਲਾ ੫ ॥ ਨਾਮੁ ਹਮਾਰੈ ਬੇਦ ਅਰੁ ਨਾਦ ॥ ਨਾਮੁ ਹਮਾਰੈ ਪੂਰੇ ਕਾਜ ॥ ਨਾਮੁ ਹਮਾਰੈ ਪੂਜਾ ਦੇਵ ॥ ਨਾਮੁ ਹਮਾਰੈ ਗੁਰ ਕੀ ਸੇਵ ॥੧॥ ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ ਨਾਮੁ ਹਮਾਰੈ ਮਜਨ ਇਸਨਾਨੁ ॥ ਨਾਮੁ ਹਮਾਰੈ ਪੂਰਨ ਦਾਨੁ ॥ ਨਾਮੁ ਲੈਤ ਤੇ ਸਗਲ ਪਵੀਤ ॥ ਨਾਮੁ ਜਪਤ ਮੇਰੇ ਭਾਈ ਮੀਤ ॥੨॥ ਨਾਮੁ ਹਮਾਰੈ ਸਉਣ ਸੰਜੋਗ ॥ ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ ਨਾਮੁ ਹਮਾਰੈ ਸਗਲ ਆਚਾਰ ॥ ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ ਸਗਲ ਜਨਾ ਕੀ ਹਰਿ ਹਰਿ ਟੇਕ ॥ ਮਨਿ ਤਨਿ ਨਾਨਕ ਹਰਿ ਗੁਣ ਗਾਉ ॥ ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥ {ਪੰਨਾ 1145} ਪਦ ਅਰਥ: ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਬੇਦ = ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ) । ਨਾਦ = (ਜੋਗੀਆਂ ਦੇ ਸਿੰਙੀ ਆਦਿਕ) ਵਜਾਣੇ। ਅਰੁ = ਅਤੇ {ਅਰਿ = ਵੈਰੀ}। ਪੂਜਾ ਦੇਵ = ਦੇਵ-ਪੂਜਾ।1। ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਿਓ = (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ। ਤੇ = ਤੋਂ।1। ਰਹਾਉ। ਮਜਨ = ਚੁੱਭੀ, ਇਸ਼ਨਾਨ। ਤੇ = ਉਹ ਬੰਦੇ {ਬਹੁ-ਵਚਨ}। ਸਗਲ = ਸਾਰੇ। ਪਵੀਤ = ਚੰਗੇ ਆਚਰਨ ਵਾਲੇ।2। ਸਉਣ = ਸਗਨ (ਵਿਚਾਰਨੇ) । ਸੰਜੋਗ = ਨਛੱਤ੍ਰਾਂ ਦਾ ਮੇਲ ਵਿਚਾਰਨਾ, ਮੁਹੂਰਤ ਵਿਚਾਰਨੇ। ਤ੍ਰਿਪਤਿ = ਰੱਜ। ਸੁਭੋਗ = ਸੁਆਦਲੇ ਭੋਗਾਂ ਦੀ। ਆਚਾਰ = ਕਰਮ-ਕਾਂਡ, ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਰਮ-ਕਰਮ। ਬਿਉਹਾਰੁ = ਕਾਰ-ਵਿਹਾਰ।3। ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ। ਟੇਕ = ਆਸਰਾ। ਮਨਿ = ਮਨ ਵਿਚ। ਤਨਿ = ਸਰੀਰ ਵਿਚ। ਗੁਣ ਗਾਉ = ਸਿਫ਼ਤਿ-ਸਾਲਾਹ, ਗੁਣਾਂ ਦਾ ਗਾਇਨ। ਸਾਧ ਸੰਗਿ = ਸਾਧ ਸੰਗਤਿ ਵਿਚ।4। ਅਰਥ: ਹੇ ਭਾਈ! ਪੂਰੇ ਗੁਰੂ ਨੇ (ਮੇਰੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ (ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਭਨਾਂ ਕੰਮਾਂ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਦਾ ਕੰਮ ਸ੍ਰੇਸ਼ਟ ਹੈ।1। ਰਹਾਉ। ਹੇ ਭਾਈ! (ਜਦੋਂ ਤੋਂ ਗੁਰੂ ਨੇ ਮੇਰੇ ਅੰਦਰ ਹਰਿ-ਨਾਮ ਦ੍ਰਿੜ੍ਹ ਕੀਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ ਹੈ) ਅਤੇ (ਜੋਗੀਆਂ ਦਾ ਸਿੰਙੀ ਆਦਿਕ) ਵਜਾਣਾ ਹੋ ਚੁਕਾ ਹੈ। ਪਰਮਾਤਮਾ ਦਾ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ, ਇਹ ਹਰਿ-ਨਾਮ ਹੀ ਮੇਰੇ ਵਾਸਤੇ ਦੇਵ-ਪੂਜਾ ਹੈ, ਹਰਿ ਨਾਮ ਸਿਮਰਨਾ ਹੀ ਮੇਰੇ ਵਾਸਤੇ ਗੁਰੂ ਦੀ ਸੇਵਾ-ਭਗਤੀ ਕਰਨੀ ਹੈ।1। ਹੇ ਭਾਈ! (ਗੁਰੂ ਨੇ ਮੇਰੇ ਹਿਰਦੇ ਵਿਚ ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਹੁਣ) ਹਰਿ-ਨਾਮ ਜਪਣਾ ਹੀ ਮੇਰੇ ਲਈ ਪੁਰਬਾਂ ਸਮੇ ਤੀਰਥ-ਇਸ਼ਨਾਨ ਹੈ, (ਤੀਰਥਾਂ ਤੇ ਜਾ ਕੇ) ਸਭ ਕੁਝ (ਬ੍ਰਾਹਮਣਾਂ ਨੂੰ) ਦਾਨ ਕਰ ਦੇਣਾ = ਇਹ ਭੀ ਮੇਰੇ ਵਾਸਤੇ ਨਾਮ-ਸਿਮਰਨ ਹੀ ਹੈ। ਹੇ ਭਾਈ! ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਸਾਰੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ, ਨਾਮ ਜਪਣ ਵਾਲੇ ਹੀ ਮੇਰੇ ਭਰਾ ਹਨ ਮੇਰੇ ਮਿੱਤਰ ਹਨ।2। ਹੇ ਭਾਈ! (ਕਾਰਾਂ-ਵਿਹਾਰਾਂ ਦੀ ਸਫਲਤਾ ਵਾਸਤੇ ਲੋਕ) ਸਗਨ (ਵਿਚਾਰਦੇ ਹਨ) ਮੁਹੂਰਤ (ਕਢਾਂਦੇ ਹਨ) ਪਰ ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਸਭ ਕੁਝ ਹੈ। ਦੁਨੀਆ ਦੇ ਸੁਆਦਲੇ ਪਦਾਰਥਾਂ ਨੂੰ ਖਾ ਖਾ ਕੇ ਰੱਜਣਾ = (ਇਹ ਸਾਰਾ ਸੁਆਦ) ਮੇਰੇ ਵਾਸਤੇ ਹਰਿ-ਨਾਮ ਦਾ ਸਿਮਰਨ ਹੈ। ਹੇ ਭਾਈ! (ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਸਾਰੇ ਧਰਮ-ਕਰਮ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਹੈ। ਇਹੀ ਹੈ ਮੇਰੇ ਲਈ ਪਵਿੱਤਰ ਕਾਰ-ਵਿਹਾਰ।3। ਹੇ ਭਾਈ! ਪਰਮਾਤਮਾ (ਦਾ ਨਾਮ) ਹੀ ਸਾਰੇ ਜੀਵਾਂ ਦਾ ਸਹਾਰਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਿਰਫ਼ ਪਰਮਾਤਮਾ ਆ ਵੱਸਿਆ ਹੈ ਜਿਹੜਾ ਮਨੁੱਖ ਮਨੋਂ ਤਨੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ (ਉਹ ਭਾਗਾਂ ਵਾਲਾ ਹੈ, ਪਰ ਇਹ ਕੰਮ ਉਹੀ ਮਨੁੱਖ ਕਰਦਾ ਹੈ) ਜਿਸ ਨੂੰ ਪਰਮਾਤਮਾ ਸਾਧ ਸੰਗਤਿ ਵਿਚ ਰੱਖ ਕੇ ਆਪਣੇ ਨਾਮ ਦੀ ਦਾਤਿ ਦੇਂਦਾ ਹੈ।4। 22। 35। |
Sri Guru Granth Darpan, by Professor Sahib Singh |