ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 1146

ਭੈਰਉ ਮਹਲਾ ੫ ॥ ਨਿਰਧਨ ਕਉ ਤੁਮ ਦੇਵਹੁ ਧਨਾ ॥ ਅਨਿਕ ਪਾਪ ਜਾਹਿ ਨਿਰਮਲ ਮਨਾ ॥ ਸਗਲ ਮਨੋਰਥ ਪੂਰਨ ਕਾਮ ॥ ਭਗਤ ਅਪੁਨੇ ਕਉ ਦੇਵਹੁ ਨਾਮ ॥੧॥ ਸਫਲ ਸੇਵਾ ਗੋਪਾਲ ਰਾਇ ॥ ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥ ਰੋਗੀ ਕਾ ਪ੍ਰਭ ਖੰਡਹੁ ਰੋਗੁ ॥ ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥ ਨਿਥਾਵੇ ਕਉ ਤੁਮ੍ਹ੍ਹ ਥਾਨਿ ਬੈਠਾਵਹੁ ॥ ਦਾਸ ਅਪਨੇ ਕਉ ਭਗਤੀ ਲਾਵਹੁ ॥੨॥ ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥ ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥ ਸਗਲ ਭਇਆਨ ਕਾ ਭਉ ਨਸੈ ॥ ਜਨ ਅਪਨੇ ਕੈ ਹਰਿ ਮਨਿ ਬਸੈ ॥੩॥ ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥ ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥ ਕਰਿ ਕਿਰਪਾ ਸੰਤ ਟਹਲੈ ਲਾਏ ॥ ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥ {ਪੰਨਾ 1146}

ਪਦ ਅਰਥ: ਨਿਰਧਨ ਕਉ = ਕੰਗਾਲ ਨੂੰ। ਦੇਵਹੁ = ਤੂੰ ਦੇਂਦਾ ਹੈਂ। ਧਨਾ = ਨਾਮ-ਧਨ। ਜਾਹਿ = ਦੂਰ ਹੋ ਜਾਂਦੇ ਹਨ। ਨਿਰਮਲ = ਪਵਿੱਤਰ। ਮਨੋਰਥ = ਲੋੜਾਂ।1।

ਸੇਵਾ = ਭਗਤੀ। ਸਫਲ = ਫਲ ਦੇਣ ਵਾਲੀ। ਕਰਾਵਨਹਾਰ = (ਜੀਵਾਂ ਪਾਸੋਂ) ਕਰਾ ਸਕਣ ਵਾਲਾ। ਤਾ ਤੇ = ਉਸ (ਪ੍ਰਭੂ ਦੇ ਦਰ) ਤੋਂ। ਬਿਰਥਾ = ਖ਼ਾਲੀ, ਬੇ-ਮੁਰਾਦ।1। ਰਹਾਉ।

ਪ੍ਰਭ = ਹੇ ਪ੍ਰਭੂ! ਖੰਡਹੁ = ਤੂੰ ਨਾਸ ਕਰਦਾ ਹੈਂ। ਸੋਗੁ = ਗ਼ਮ। ਥਾਨਿ = (ਇੱਜ਼ਤ ਵਾਲੀ) ਥਾਂ ਤੇ।2।

ਦੇਤੋ = ਤੂੰ ਦੇਂਦਾ ਹੈਂ। ਮਾਨੁ = ਆਦਰ। ਮੂੜ ਮੁਗਧੁ = ਮਹਾਂ ਮੂਰਖ। ਚਤੁਰ = ਸਿਆਣਾ। ਸੁਗਿਆਨੁ = ਗਿਆਨ-ਵਾਨ। ਭਇਆਨ = ਡਰ ਦੇਣ ਵਾਲੇ, ਡਰਾਣ ਵਾਲੇ। ਭਉ = ਡਰ। ਜਨ ਕੈ ਮਨਿ = ਜਨ ਦੇ ਮਨ ਵਿਚ।3।

ਨਿਧਾਨ = ਖ਼ਜ਼ਾਨਾ। ਗਿਆਨੁ = ਆਤਮਕ ਜੀਵਨ ਦੀ ਸੂਝ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਕਰਿ = ਕਰ ਕੇ। ਲਏ = ਲਾਂਦਾ ਹੈ। ਸੰਗਿ = ਸੰਗਤ ਵਿਚ। ਸਮਾਏ = ਲੀਨ ਰਹਿੰਦਾ ਹੈ।4।

ਅਰਥ: ਹੇ ਭਾਈ! ਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ। ਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ।1। ਰਹਾਉ।

ਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ, ਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ।1।

ਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ, ਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ, ਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ। ਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ।2।

ਹੇ ਪ੍ਰਭੂ! ਜਿਸ ਮਨੁੱਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤਿ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ, (ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ, (ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ। ਹੇ ਭਾਈ! ਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ।3।

ਹੇ ਨਾਨਕ! ਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ। ਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ, ਉਹ ਮਨੁੱਖ (ਸਦਾ) ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ।4। 23। 36।

ਭੈਰਉ ਮਹਲਾ ੫ ॥ ਸੰਤ ਮੰਡਲ ਮਹਿ ਹਰਿ ਮਨਿ ਵਸੈ ॥ ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥ ਸੰਤ ਮੰਡਲ ਮਹਿ ਨਿਰਮਲ ਰੀਤਿ ॥ ਸੰਤਸੰਗਿ ਹੋਇ ਏਕ ਪਰੀਤਿ ॥੧॥ ਸੰਤ ਮੰਡਲੁ ਤਹਾ ਕਾ ਨਾਉ ॥ ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥ ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥ ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥ ਸੰਤਸੰਗਿ ਹੋਇ ਨਿਰਮਲ ਬਾਣੀ ॥ ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥ ਸੰਤ ਮੰਡਲ ਕਾ ਨਿਹਚਲ ਆਸਨੁ ॥ ਸੰਤ ਮੰਡਲ ਮਹਿ ਪਾਪ ਬਿਨਾਸਨੁ ॥ ਸੰਤ ਮੰਡਲ ਮਹਿ ਨਿਰਮਲ ਕਥਾ ॥ ਸੰਤਸੰਗਿ ਹਉਮੈ ਦੁਖ ਨਸਾ ॥੩॥ ਸੰਤ ਮੰਡਲ ਕਾ ਨਹੀ ਬਿਨਾਸੁ ॥ ਸੰਤ ਮੰਡਲ ਮਹਿ ਹਰਿ ਗੁਣਤਾਸੁ ॥ ਸੰਤ ਮੰਡਲ ਠਾਕੁਰ ਬਿਸ੍ਰਾਮੁ ॥ ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥ {ਪੰਨਾ 1146}

ਪਦ ਅਰਥ: ਸੰਤ ਮੰਡਲ = ਸਾਧ ਸੰਗਤਿ। ਮਨਿ = ਮਨ ਵਿਚ। ਵਸੈ = ਆ ਵੱਸਦਾ ਹੈ। ਦੁਰਤੁ = {duirq} ਪਾਪ। ਰੀਤਿ = ਜੀਵਨ-ਮਰਯਾਦਾ, ਜੀਵਨ-ਜੁਗਤਿ। ਨਿਰਮਲ = ਵਿਕਾਰਾਂ ਦੀ ਮੈਲ ਤੋਂ ਸਾਫ਼ (ਰੱਖਣ ਵਾਲੀ) । ਸੰਤ ਸੰਗਿ = ਸਾਧ ਸੰਗਤਿ ਵਿਚ। ਏਕ ਪਰੀਤਿ = ਇਕ ਪਰਮਾਤਮਾ ਦਾ ਪਿਆਰ।1।

ਤਹਾ ਕਾ = ਉਸ (ਥਾਂ) ਦਾ। ਕੇਵਲ = ਸਿਰਫ਼। ਗੁਣ ਗਾਉ = ਗੁਣਾਂ ਦਾ ਗਾਇਨ, ਸਿਫ਼ਤਿ-ਸਾਲਾਹ।1। ਰਹਾਉ।

ਰਹੈ– ਮੁੱਕ ਜਾਂਦਾ ਹੈ। ਨਿਰਮਲ ਬਾਣੀ = ਪਵਿੱਤਰ ਕਰਨ ਵਾਲੀ ਬਾਣੀ (ਦਾ ਉਚਾਰ) । ਵਖਾਣੀ = ਉਚਾਰਿਆ ਜਾਂਦਾ ਹੈ।2।

ਨਿਹਚਲ = (ਵਿਕਾਰਾਂ ਵਲੋਂ) ਅਡੋਲ। ਆਸਨੁ = (ਹਿਰਦਾ-) ਆਸਣ। ਨਸਾ = ਨੱਠ ਜਾਂਦਾ ਹੈ, ਦੂਰ ਹੋ ਜਾਂਦਾ ਹੈ।3।

ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ। ਠਾਕੁਰ ਬਿਸ੍ਰਾਮੁ = ਮਾਲਕ-ਪ੍ਰਭੂ ਦਾ ਨਿਵਾਸ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਤਾਣੇ ਪੇਟੇ ਵਿਚ, ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ।4।

ਅਰਥ: ਹੇ ਭਾਈ! ਸਾਧ ਸੰਗਤਿ ਉਸ ਥਾਂ ਦਾ ਨਾਮ ਹੈ ਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ।1। ਰਹਾਉ।

ਹੇ ਭਾਈ! ਸਾਧ ਸੰਗਤਿ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ) । ਸਾਧ ਸੰਗਤਿ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ। ਸਾਧ ਸੰਗਤਿ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ, ਸਾਧ ਸੰਗਤਿ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ।1।

ਹੇ ਭਾਈ! ਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ, ਸਾਧ ਸੰਗਤਿ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ (ਕਿਉਂਕਿ) ਸਾਧ ਸੰਗਤਿ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ, (ਉਥੇ) ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ।2।

ਹੇ ਭਾਈ! ਸਾਧ ਸੰਗਤਿ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ) , ਸਾਧ ਸੰਗਤਿ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ। ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ। ਸਾਧ ਸੰਗਤਿ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ।3।

ਹੇ ਭਾਈ! ਸਾਧ ਸੰਗਤਿ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ, (ਇਸ ਵਾਸਤੇ) ਸਾਧ ਸੰਗਤਿ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ। ਹੇ ਨਾਨਕ! ਸਾਧ ਸੰਗਤਿ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ। ਭਗਵਾਨ-ਪ੍ਰਭੂ (ਸਾਧ ਸੰਗਤਿ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ।4। 24। 37।

ਭੈਰਉ ਮਹਲਾ ੫ ॥ ਰੋਗੁ ਕਵਨੁ ਜਾਂ ਰਾਖੈ ਆਪਿ ॥ ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥ ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥ ਤਿਸੁ ਊਪਰ ਤੇ ਕਾਲੁ ਪਰਹਰੈ ॥੧॥ ਸਦਾ ਸਖਾਈ ਹਰਿ ਹਰਿ ਨਾਮੁ ॥ ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥ ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥ ਕਵਨ ਮੂਲ ਤੇ ਕਿਆ ਪ੍ਰਗਟਾਇਆ ॥ ਆਪਹਿ ਮਾਰਿ ਆਪਿ ਜੀਵਾਲੈ ॥ ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥ ਸਭ ਕਿਛੁ ਜਾਣਹੁ ਤਿਸ ਕੈ ਹਾਥ ॥ ਪ੍ਰਭੁ ਮੇਰੋ ਅਨਾਥ ਕੋ ਨਾਥ ॥ ਦੁਖ ਭੰਜਨੁ ਤਾ ਕਾ ਹੈ ਨਾਉ ॥ ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥ ਸੁਣਿ ਸੁਆਮੀ ਸੰਤਨ ਅਰਦਾਸਿ ॥ ਜੀਉ ਪ੍ਰਾਨ ਧਨੁ ਤੁਮ੍ਹ੍ਹਰੈ ਪਾਸਿ ॥ ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥ ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥ {ਪੰਨਾ 1146}

ਪਦ ਅਰਥ: ਕਵਨੁ = ਕਿਹੜਾ? ਜਾਂ = ਜਦੋਂ। ਸੰਤਾਪੁ = ਕਲੇਸ਼। ਤਿਸੁ ਊਪਰ ਤੇ = ਉਸ ਦੇ ਸਿਰ ਉੱਤੋਂ। ਕਾਲੁ = ਮੌਤ, ਮੌਤ ਦਾ ਡਰ। ਪਰਹਰੈ = ਦੂਰ ਕਰ ਦੇਂਦਾ ਹੈ।1।

ਸਖਾਈ = ਸਾਥੀ, ਮਿੱਤਰ। ਚੀਤਿ = ਚਿੱਤ ਵਿਚ। ਤਾ ਕੈ ਨਿਕਟਿ = ਉਸ ਦੇ ਨੇੜੇ। ਜਾਮੁ = ਜਮੁ।1। ਰਹਾਉ।

ਇਹੁ = ਇਹ ਜੀਵ। ਨ ਸੋ = ਨਹੀਂ ਸੀ। ਕਿਨਹਿ = ਕਿਸਨੇ? ਮੂਲ ਤੇ = ਮੁੱਢ ਤੋਂ। ਕਿਆ = ਕੈਸਾ ਸੋਹਣਾ। ਆਪਹਿ = ਆਪ ਹੀ। ਮਾਰਿ = ਮਾਰੇ, ਮਾਰਦਾ ਹੈ। ਜੀਵਾਲੈ = ਜਿੰਦ ਪਾ ਦੇਂਦਾ ਹੈ। ਕਉ = ਨੂੰ। ਪ੍ਰਤਿਪਾਲੈ = ਰੱਖਿਆ ਕਰਦਾ ਹੈ।2।

ਸਭ ਕਿਛੁ = ਹਰੇਕ ਤਾਕਤ। ਅਨਾਥ ਕੋ ਨਾਥ = ਨਿਖਸਮਿਆਂ ਦਾ ਖਸਮ। ਦੁਖ ਭੰਜਨੁ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਕਾ = ਉਸ (ਪਰਮਾਤਮਾ) ਦਾ। ਪਾਵਹਿ = ਤੂੰ ਪ੍ਰਾਪਤ ਕਰੇਂਗਾ। ਤਿਸ ਕੇ = {ਸਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਗਾਉ = ਗਾਇਆ ਕਰ।3।

ਸੁਆਮੀ = ਹੇ ਮਾਲਕ-ਪ੍ਰਭੂ! ਜੀਉ = ਜਿੰਦ। ਪਾਸਿ = ਹਵਾਲੇ। ਸਭ = ਸਾਰੀ ਲੁਕਾਈ।4।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ। ਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ।1। ਰਹਾਉ।

ਹੇ ਭਾਈ! ਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ, ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ। ਹੇ ਭਾਈ! ਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ, ਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ।1।

ਹੇ ਭਾਈ! ਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ? (ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ। ਹੇ ਭਾਈ! ਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ। ਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ।2।

ਹੇ ਭਾਈ! ਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ। ਹੇ ਭਾਈ! ਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ। ਉਸ ਦਾ ਨਾਮ ਹੀ ਹੈ 'ਦੁਖ-ਭੰਜਨੁ' (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ) । ਹੇ ਭਾਈ! ਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ।3।

ਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ। ਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ। ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ। ਹੇ ਨਾਨਕ! (ਆਖ– ਹੇ ਪ੍ਰਭੂ!) ਮਿਹਰ ਕਰ ਕੇ (ਜਿਸ ਨੂੰ ਤੂੰ ਆਪਣਾ ਨਾਮ ਬਖ਼ਸ਼ਦਾ ਹੈਂ, ਉਹ ਮਨੁੱਖ) ਆਤਮਕ ਆਨੰਦ ਮਾਣਦਾ ਹੈ।4। 25। 38।

TOP OF PAGE

Sri Guru Granth Darpan, by Professor Sahib Singh