ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 1147 ਭੈਰਉ ਮਹਲਾ ੫ ॥ ਤੇਰੀ ਟੇਕ ਰਹਾ ਕਲਿ ਮਾਹਿ ॥ ਤੇਰੀ ਟੇਕ ਤੇਰੇ ਗੁਣ ਗਾਹਿ ॥ ਤੇਰੀ ਟੇਕ ਨ ਪੋਹੈ ਕਾਲੁ ॥ ਤੇਰੀ ਟੇਕ ਬਿਨਸੈ ਜੰਜਾਲੁ ॥੧॥ ਦੀਨ ਦੁਨੀਆ ਤੇਰੀ ਟੇਕ ॥ ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥ ਤੇਰੀ ਟੇਕ ਕਰਉ ਆਨੰਦ ॥ ਤੇਰੀ ਟੇਕ ਜਪਉ ਗੁਰ ਮੰਤ ॥ ਤੇਰੀ ਟੇਕ ਤਰੀਐ ਭਉ ਸਾਗਰੁ ॥ ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥ ਤੇਰੀ ਟੇਕ ਨਾਹੀ ਭਉ ਕੋਇ ॥ ਅੰਤਰਜਾਮੀ ਸਾਚਾ ਸੋਇ ॥ ਤੇਰੀ ਟੇਕ ਤੇਰਾ ਮਨਿ ਤਾਣੁ ॥ ਈਹਾਂ ਊਹਾਂ ਤੂ ਦੀਬਾਣੁ ॥੩॥ ਤੇਰੀ ਟੇਕ ਤੇਰਾ ਭਰਵਾਸਾ ॥ ਸਗਲ ਧਿਆਵਹਿ ਪ੍ਰਭ ਗੁਣਤਾਸਾ ॥ ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥ {ਪੰਨਾ 1147} ਪਦ ਅਰਥ: ਟੇਕ = ਆਸਰੇ। ਰਹਾ = ਰਹਾਂ, ਮੈਂ ਰਹਿੰਦਾ ਹਾਂ। ਕਲਿ ਮਾਹਿ = ਵਿਕਾਰਾਂ-ਭਰੇ ਜਗਤ ਵਿਚ {ਨੋਟ: ਕਿਸੇ ਖ਼ਾਸ 'ਜੁਗ' ਦਾ ਜ਼ਿਕਰ ਨਹੀਂ ਹੈ। ਸਾਧਾਰਨ ਤੌਰ ਤੇ ਉਸੇ ਸਮੇ ਦਾ ਨਾਮ ਲੈ ਦਿੱਤਾ ਹੈ ਜਿਸ ਦਾ ਨਾਮ 'ਕਲਿਜੁਗ' ਪਿਆ ਹੋਇਆ ਹੈ}। ਗਾਹਿ = (ਜਿਹੜੇ ਮਨੁੱਖ) ਗਾਂਦੇ ਹਨ। ਕਾਲੁ = ਮੌਤ, ਆਤਮਕ ਮੌਤ। ਜੰਜਾਲੁ = ਮਾਇਆ ਦੇ ਮੋਹ ਦੀ ਫਾਹੀ।1। ਦੀਨ ਦੁਨੀਆ = ਪਰਲੋਕ ਵਿਚ ਤੇ ਇਸ ਲੋਕ ਵਿਚ। ਸਭ ਮਹਿ = ਸਾਰੀ ਸ੍ਰਿਸ਼ਟੀ ਵਿਚ। ਰਵਿਆ = ਵਿਆਪਕ ਹੈ। ਸਾਹਿਬੁ = ਮਾਲਕ-ਪ੍ਰਭੂ।1। ਰਹਾਉ। ਕਰਉ = ਕਰਉਂ, ਮੈਂ ਕਰਦਾ ਹਾਂ, ਮੈਂ ਜਾਣਦਾ ਹਾਂ। ਜਪਉ = ਜਪਉਂ, ਮੈਂ ਜਪਦਾ ਹਾਂ। ਤਰੀਐ = ਪਾਰ ਲੰਘ ਜਾਈਦਾ ਹੈ। ਭਉ ਸਾਗਰੁ = ਸੰਸਾਰ-ਸਮੁੰਦਰ। ਰਾਖਣਹਾਰੁ = ਰੱਖਿਆ ਕਰ ਸਕਣ ਵਾਲਾ।2। ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਾਚਾ = ਸਦਾ-ਥਿਰ ਪ੍ਰਭੂ। ਸੋਇ = ਉਹ (ਪ੍ਰਭੂ) ਹੀ। ਮਨਿ = ਮਨ ਵਿਚ। ਤਾਣੁ = ਬਲ। ਈਹਾਂ ਊਹਾਂ = ਇਸ ਲੋਕ ਵਿਚ, ਤੇ, ਪਰਲੋਕ ਵਿਚ। ਦੀਬਾਣੁ = ਆਸਰਾ।3। ਭਰਵਾਸਾ = ਸਹਾਰਾ। ਧਿਆਵਹਿ = ਸਿਮਰਦੇ ਹਨ {ਬਹੁ-ਵਚਨ}। ਗੁਣਤਾਸਾ = ਗੁਣਾਂ ਦਾ ਖ਼ਜ਼ਾਨਾ। ਜਪਿ = ਜਪ ਕੇ। ਕਰਹਿ = ਕਰਦੇ ਹਨ।4। ਅਰਥ: ਹੇ ਪ੍ਰਭੂ! ਇਸ ਲੋਕ ਤੇ ਪਰਲੋਕ ਵਿਚ (ਅਸਾਂ ਜੀਵਾਂ ਨੂੰ) ਤੇਰਾ ਹੀ ਸਹਾਰਾ ਹੈ। ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ ਮਾਲਕ-ਪ੍ਰਭੂ ਹੀ ਵਿਆਪਕ ਹੈ।1। ਰਹਾਉ। ਹੇ ਪ੍ਰਭੂ! ਇਸ ਵਿਕਾਰ-ਭਰੇ ਜਗਤ ਵਿਚ ਮੈਂ ਤੇਰੇ ਆਸਰੇ ਹੀ ਜੀਊਂਦਾ ਹਾਂ। ਹੇ ਪ੍ਰਭੂ! (ਸਭ ਜੀਵ) ਤੇਰੇ ਹੀ ਸਹਾਰੇ ਹਨ, ਤੇਰੇ ਹੀ ਗੁਣ ਗਾਂਦੇ ਹਨ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੈ ਉਸ ਉਤੇ ਆਤਮਕ ਮੌਤ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਤੇਰੇ ਆਸਰੇ (ਮਨੁੱਖ ਦੀ) ਮਾਇਆ ਦੇ ਮੋਹ ਦੀ ਫਾਹੀ ਟੁੱਟ ਜਾਂਦੀ ਹੈ।1। ਹੇ ਪ੍ਰਭੂ! ਮੈਂ ਤੇਰੇ ਨਾਮ ਦਾ ਆਸਰਾ ਲੈ ਕੇ ਹੀ ਆਤਮਕ ਆਨੰਦ ਮਾਣਦਾ ਹਾਂ ਅਤੇ ਗੁਰੂ ਦਾ ਦਿੱਤਾ ਹੋਇਆ ਤੇਰਾ ਨਾਮ-ਮੰਤ੍ਰ ਜਪਦਾ ਰਹਿੰਦਾ ਹਾਂ। ਹੇ ਪ੍ਰਭੂ! ਤੇਰੇ (ਨਾਮ ਦੇ) ਸਹਾਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੂੰ ਸਭ ਦੀ ਰੱਖਿਆ ਕਰਨ ਦੇ ਸਮਰੱਥ ਹੈਂ, ਤੂੰ ਸਾਰੇ ਸੁਖਾਂ ਦਾ (ਮਾਨੋ) ਸਮੁੰਦਰ ਹੈਂ।2। ਹੇ ਪ੍ਰਭੂ! ਜਿਸ ਨੂੰ ਤੇਰੇ ਨਾਮ ਦਾ ਆਸਰਾ ਹੈ ਉਸ ਨੂੰ ਕੋਈ ਡਰ ਵਿਆਪ ਨਹੀਂ ਸਕਦਾ। ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈ। ਹੇ ਪ੍ਰਭੂ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ, ਸਭ ਦੇ ਮਨ ਵਿਚ ਤੇਰੇ ਨਾਮ ਦਾ ਹੀ ਸਹਾਰਾ ਹੈ। ਇਸ ਲੋਕ ਤੇ ਪਰਲੋਕ ਵਿਚ ਤੂੰ ਹੀ ਜੀਵਾਂ ਦਾ ਆਸਰਾ ਹੈਂ।3। ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰੀ ਹੀ ਟੇਕ ਹੈ ਤੇਰਾ ਹੀ ਆਸਰਾ ਹੈ, ਸਭ ਜੀਵ ਤੇਰਾ ਹੀ ਧਿਆਨ ਧਰਦੇ ਹਨ, ਤੇਰੇ ਦਾਸ ਤੇਰਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਹਨ। ਹੇ ਨਾਨਕ! (ਤੂੰ ਭੀ) ਸਦਾ ਕਾਇਮ ਰਹਿਣ ਵਾਲੇ ਅਤੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਸਿਮਰਿਆ ਕਰ।4। 26। 39। ਭੈਰਉ ਮਹਲਾ ੫ ॥ ਪ੍ਰਥਮੇ ਛੋਡੀ ਪਰਾਈ ਨਿੰਦਾ ॥ ਉਤਰਿ ਗਈ ਸਭ ਮਨ ਕੀ ਚਿੰਦਾ ॥ ਲੋਭੁ ਮੋਹੁ ਸਭੁ ਕੀਨੋ ਦੂਰਿ ॥ ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥ ਐਸੋ ਤਿਆਗੀ ਵਿਰਲਾ ਕੋਇ ॥ ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥ ਅਹੰਬੁਧਿ ਕਾ ਛੋਡਿਆ ਸੰਗੁ ॥ ਕਾਮ ਕ੍ਰੋਧ ਕਾ ਉਤਰਿਆ ਰੰਗੁ ॥ ਨਾਮ ਧਿਆਏ ਹਰਿ ਹਰਿ ਹਰੇ ॥ ਸਾਧ ਜਨਾ ਕੈ ਸੰਗਿ ਨਿਸਤਰੇ ॥੨॥ ਬੈਰੀ ਮੀਤ ਹੋਏ ਸੰਮਾਨ ॥ ਸਰਬ ਮਹਿ ਪੂਰਨ ਭਗਵਾਨ ॥ ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥ ਕਰਿ ਕਿਰਪਾ ਜਿਸੁ ਰਾਖੈ ਆਪਿ ॥ ਸੋਈ ਭਗਤੁ ਜਪੈ ਨਾਮ ਜਾਪ ॥ ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥ {ਪੰਨਾ 1147} ਪਦ ਅਰਥ: ਪ੍ਰਥਮੇ = ਸਭ ਤੋਂ ਪਹਿਲਾਂ। ਚਿੰਦਾ = ਚਿੰਤਾ। ਸਭੁ = ਸਾਰੇ ਦਾ ਸਾਰਾ। ਪਰਮ = ਸਭ ਤੋਂ ਉੱਚਾ। ਬੈਸਨੋ = ਵਿਸ਼ਨੂ ਦਾ ਭਗਤ, ਪਵਿੱਤਰ ਜੀਵਨ ਵਾਲਾ ਭਗਤ। ਪੇਖਿ = ਵੇਖ ਕੇ। ਹਜੂਰਿ = ਅੰਗ-ਸੰਗ।1। ਐਸੋ = ਇਹੋ ਜਿਹਾ। ਜਨੁ ਸੋਇ = ਉਹੀ ਮਨੁੱਖ।1। ਰਹਾਉ। ਅਹੰਬੁਧਿ = ਅਹੰਕਾਰ। ਸੰਗੁ = ਸਾਥ। ਰੰਗੁ = ਪ੍ਰਭਾਵ। ਧਿਆਵੇ = ਧਿਆਉਂਦਾ ਹੈ। ਸੰਗਿ = ਨਾਲ।2। ਸੰਮਾਨ = ਇੱਕੋ ਜਿਹੇ, ਮਿੱਤਰਾਂ ਵਰਗੇ ਹੀ। ਪੂਰਨ = ਵਿਆਪਕ। ਆਗਿਆ = ਰਜ਼ਾ। ਮਾਨਿ = ਮੰਨ ਕੇ, ਮਿੱਠੀ ਜਾਣ ਕੇ। ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।3। ਕਰਿ = ਕਰ ਕੇ। ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਤੇ = ਤੋਂ। ਮਤਿ = ਸਿੱਖਿਆ। ਤਾ ਕੀ = ਉਸ ਮਨੁੱਖ ਦੀ। ਪੂਰੀ ਪਈ = ਸਫਲਤਾ ਹੋ ਗਈ।4। ਅਰਥ: ਹੇ ਭਾਈ! ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ (ਮਨੁੱਖ) ਸਭ ਤੋਂ ਉੱਚਾ ਵੈਸ਼ਨਵ ਬਣ ਜਾਂਦਾ ਹੈ (ਉਹ ਮਨੁੱਖ ਬਾਹਰ ਦੀ ਸੁੱਚ ਦੇ ਥਾਂ ਅੰਦਰ ਦੀ ਪਵਿੱਤ੍ਰਤਾ ਕਾਇਮ ਰੱਖਣ ਵਾਸਤੇ) ਸਭ ਤੋਂ ਪਹਿਲਾਂ ਦੂਜਿਆਂ ਦੇ ਐਬ ਲੱਭਣੇ ਛੱਡ ਦੇਂਦਾ ਹੈ (ਇਸ ਤਰ੍ਹਾਂ ਉਸ ਦੇ ਆਪਣੇ) ਮਨ ਦੀ ਸਾਰੀ ਚਿੰਤਾ ਲਹਿ ਜਾਂਦੀ ਹੈ (ਮਨ ਤੋਂ ਵਿਕਾਰਾਂ ਦਾ ਚਿੰਤਨ ਲਹਿ ਜਾਂਦਾ ਹੈ) , ਉਹ ਮਨੁੱਖ (ਆਪਣੇ ਅੰਦਰੋਂ) ਲੋਭ ਅਤੇ ਮੋਹ ਸਾਰੇ ਦਾ ਸਾਰਾ ਦੂਰ ਕਰ ਦੇਂਦਾ ਹੈ।1। ਹੇ ਭਾਈ! (ਇਹੋ ਜਿਹਾ ਵੈਸ਼ਨਵ ਹੀ ਅਸਲ ਤਿਆਗੀ ਹੈ, ਪਰ) ਇਹੋ ਜਿਹਾ ਤਿਆਗੀ (ਜਗਤ ਵਿਚ) ਕੋਈ ਵਿਰਲਾ ਮਨੁੱਖ ਹੀ ਹੁੰਦਾ ਹੈ, ਉਹੀ ਮਨੁੱਖ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਨਾਮ ਜਪਦਾ ਹੈ।1। ਰਹਾਉ। ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਵੇਖ ਕੇ ਅਸਲ ਵੈਸ਼ਨਵ ਬਣ ਜਾਂਦਾ ਹੈ, ਉਹ) ਅਹੰਕਾਰ ਦਾ ਸਾਥ ਛੱਡ ਦੇਂਦਾ ਹੈ, (ਉਸ ਦੇ ਮਨ ਤੋਂ) ਕਾਮ ਅਤੇ ਕ੍ਰੋਧ ਦਾ ਅਸਰ ਦੂਰ ਹੋ ਜਾਂਦਾ ਹੈ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ। ਹੇ ਭਾਈ! ਅਜਿਹੇ ਮਨੁੱਖ ਸਾਧ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।2। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੇ ਤੌਰ ਤੇ ਟਿਕਾ ਦਿੱਤਾ, ਉਸ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਜਾਣ ਕੇ ਸਦਾ ਆਤਮਕ ਆਨੰਦ ਮਾਣਿਆ ਹੈ, ਉਸ ਨੂੰ ਭਗਵਾਨ ਸਭ ਜੀਵਾਂ ਵਿਚ ਵਿਆਪਕ ਦਿੱਸਦਾ ਹੈ, ਇਸ ਵਾਸਤੇ ਉਸ ਨੂੰ ਵੈਰੀ ਅਤੇ ਮਿੱਤਰ ਇੱਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ।3। ਹੇ ਭਾਈ! ਪਰਮਾਤਮਾ ਆਪਣੀ ਮਿਹਰ ਕਰ ਕੇ ਜਿਸ ਮਨੁੱਖ ਦੀ ਆਪ ਰੱਖਿਆ ਕਰਦਾ ਹੈ, ਉਹੀ ਹੈ ਅਸਲ ਭਗਤ, ਉਹੀ ਉਸ ਦੇ ਨਾਮ ਦਾ ਜਾਪ ਜਪਦਾ ਹੈ। ਹੇ ਭਾਈ! ਜਿਸ ਮਨੁੱਖ ਨੇ ਗੁਰੂ ਪਾਸੋਂ (ਜੀਵਨ-ਜੁਗਤਿ ਦੀ) ਸਿੱਖਿਆ ਲੈ ਲਈ ਉਸ ਦੇ ਮਨ ਵਿਚ (ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ। ਹੇ ਨਾਨਕ! ਆਖ– ਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ।4। 27। 40। ਭੈਰਉ ਮਹਲਾ ੫ ॥ ਸੁਖੁ ਨਾਹੀ ਬਹੁਤੈ ਧਨਿ ਖਾਟੇ ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ ਬਹੁ ਦੇਸ ਕਮਾਏ ॥ ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ ਸੂਖ ਸਹਜ ਆਨੰਦ ਲਹਹੁ ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥ ਬੰਧਨ ਮਾਤ ਪਿਤਾ ਸੁਤ ਬਨਿਤਾ ॥ ਬੰਧਨ ਕਰਮ ਧਰਮ ਹਉ ਕਰਤਾ ॥ ਬੰਧਨ ਕਾਟਨਹਾਰੁ ਮਨਿ ਵਸੈ ॥ ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥ ਸਭਿ ਜਾਚਿਕ ਪ੍ਰਭ ਦੇਵਨਹਾਰ ॥ ਗੁਣ ਨਿਧਾਨ ਬੇਅੰਤ ਅਪਾਰ ॥ ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ ਗੁਰ ਅਪਨੇ ਆਗੈ ਅਰਦਾਸਿ ॥ ਕਰਿ ਕਿਰਪਾ ਪੁਰਖ ਗੁਣਤਾਸਿ ॥ ਕਹੁ ਨਾਨਕ ਤੁਮਰੀ ਸਰਣਾਈ ॥ ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥ {ਪੰਨਾ 1147} ਪਦ ਅਰਥ: ਧਨਿ ਖਾਟੇ = ਜੇ ਧਨ ਖੱਟਿਆ ਜਾਏ। ਬਹੁਤੈ ਧਨਿ ਖਾਟੇ = ਬਹੁਤਾ ਧਨ ਖੱਟਣ ਨਾਲ। ਪੇਖੇ = ਵੇਖਿਆਂ। ਨਿਰਤਿ = ਨਾਚ। ਨਾਟੇ = ਨਾਟਕ। ਕਮਾਏ = ਮੱਲਣ ਨਾਲ। ਸਰਬ = ਸਾਰੇ। ਗਾਏ = ਗਾਇਆਂ।1। ਸਹਜ = ਆਤਮਕ ਅਡੋਲਤਾ। ਪਾਈਐ = ਪਾ ਸਕੀਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।1। ਰਹਾਉ। ਮਾਤ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਬੰਧਨ = ਮਾਇਆ ਦੇ ਮੋਹ ਦੀਆਂ ਫਾਹੀਆਂ। ਕਰਮ ਧਰਮ = ਮਿਥੇ ਹੋਏ ਧਾਰਮਿਕ ਕੰਮ (ਤੀਰਥ ਜਾਤ੍ਰਾ ਆਦਿਕ) । ਹਉ = ਹਉਂ, ਮੈਂ, ਹਉਮੈ, ਅਹੰਕਾਰ। ਕਾਟਨਹਾਰੁ = ਕੱਟ ਸਕਣ ਵਾਲਾ ਪ੍ਰਭੂ। ਮਨਿ = ਮਨ ਵਿਚ। ਤਉ = ਤਦੋਂ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ।2। ਸਭਿ = ਸਾਰੇ। ਜਾਚਿਕ = ਮੰਗਤੇ {ਬਹੁ-ਵਚਨ}। ਦੇਵਨਹਾਰ = ਸਭ ਕੁਝ ਦੇ ਸਕਣ ਵਾਲਾ। ਨਿਧਾਨੁ = ਖ਼ਜ਼ਾਨਾ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}। ਕਰਮੁ = ਮਿਹਰ, ਬਖ਼ਸ਼ਸ਼। ਤਿਨੈ ਜਨਿ = ਉਸੇ ਜਨ ਨੇ, ਉਸੇ ਮਨੁੱਖ ਨੇ।3। ਪੁਰਖ ਗੁਣਤਾਸਿ = ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ! ਨਾਨਕ = ਹੇ ਨਾਨਕ! ਗੁਸਾਈ = ਹੇ ਸ੍ਰਿਸ਼ਟੀ ਦੇ ਮਾਲਕ!।4। ਅਰਥ: ਹੇ ਭਾਈ! (ਸਾਧ ਸੰਗਤਿ ਵਿਚ) ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ ਜਪੋ, (ਤੇ, ਇਸ ਤਰ੍ਹਾਂ) ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੋ। ਪਰ ਹੇ ਭਾਈ! ਵੱਡੀ ਕਿਸਮਤ ਨਾਲ ਹੀ ਸਾਧ ਸੰਗਤਿ ਮਿਲਦੀ ਹੈ।1। ਰਹਾਉ। ਹੇ ਭਾਈ! ਬਹੁਤਾ ਧਨ ਖੱਟਣ ਨਾਲ (ਆਤਮਕ) ਆਨੰਦ ਨਹੀਂ ਮਿਲਦਾ, ਨਾਟਕਾਂ ਦੇ ਨਾਚ ਵੇਖਿਆਂ ਭੀ ਆਤਮਕ ਆਨੰਦ ਨਹੀਂ ਪ੍ਰਾਪਤ ਹੁੰਦਾ। ਹੇ ਭਾਈ! ਬਹੁਤੇ ਦੇਸ ਜਿੱਤ ਲੈਣ ਨਾਲ ਭੀ ਸੁਖ ਨਹੀਂ ਮਿਲਦਾ। ਪਰ, ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।1। ਹੇ ਭਾਈ! ਮਾਂ, ਪਿਉ, ਪੁੱਤਰ, ਇਸਤ੍ਰੀ (ਆਦਿਕ ਸੰਬੰਧੀ) ਮਾਇਆ ਦੇ ਮੋਹ ਦੀਆਂ ਫਾਹੀਆਂ ਪਾਂਦੇ ਹਨ। (ਤੀਰਥ ਆਦਿਕ ਮਿਥੇ ਹੋਏ) ਧਾਰਮਿਕ ਕਰਮ ਭੀ ਫਾਹੀਆਂ ਪੈਦਾ ਕਰਦੇ ਹਨ (ਕਿਉਂਕਿ ਇਹਨਾਂ ਦੇ ਕਾਰਨ ਮਨੁੱਖ) ਅਹੰਕਾਰ ਕਰਦਾ ਹੈ (ਕਿ ਮੈਂ ਤੀਰਥ-ਜਾਤ੍ਰਾ ਆਦਿਕ ਕਰਮ ਕੀਤੇ ਹਨ) । ਪਰ ਜਦੋਂ ਇਹ ਫਾਹੀਆਂ ਕੱਟ ਸਕਣ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ਤਦੋਂ (ਮਾਂ ਪਿਉ ਪੁੱਤਰ ਇਸਤ੍ਰੀ ਆਦਿਕ ਸੰਬੰਧੀਆਂ ਵਿਚ ਰਹਿੰਦਾ ਹੋਇਆ ਹੀ) ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਤਦੋਂ ਮਨੁੱਖ) ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।2। ਹੇ ਭਾਈ! ਸਾਰੇ ਜੀਵ ਸਭ ਕੁਝ ਦੇ ਸਕਣ ਵਾਲੇ ਪ੍ਰਭੂ (ਦੇ ਦਰ) ਦੇ (ਹੀ) ਮੰਗਤੇ ਹਨ, ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਹੇ ਭਾਈ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਬਖ਼ਸ਼ਸ਼ ਕਰਦਾ ਹੈ, ਉਸੇ ਹੀ ਮਨੁੱਖ ਨੇ ਸਦਾ ਪਰਮਾਤਮਾ ਦਾ ਨਾਮ ਜਪਿਆ ਹੈ।3। ਹੇ ਨਾਨਕ! ਆਪਣੇ ਗੁਰੂ ਦੇ ਦਰ ਤੇ (ਸਦਾ) ਅਰਜ਼ੋਈ ਕਰਿਆ ਕਰ, ਤੇ, ਆਖਦਾ ਰਹੁ = ਹੇ ਸ੍ਰਿਸ਼ਟੀ ਦੇ ਮਾਲਕ! ਹੇ ਗੁਣਾਂ ਦੇ ਖ਼ਜ਼ਾਨੇ ਅਕਾਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ।4। 28। 41। |
Sri Guru Granth Darpan, by Professor Sahib Singh |